July 12, 2024 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਲੰਘੇ ਮੰਗਲਵਾਰ (9 ਜੁਲਾਈ ਨੂੰ) ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੂਤਿਨ ਨਾਲ ਮਾਸਕੋ ਵਿਚ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਇਹ ਮੁਲਾਕਾਤ ਉਸੇ ਦਿਨ ਹੋਈ ਜਿਸ ਦਿਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਨਾਟੋ ਮੁਲਕਾਂ ਦੀ ਬੈਠਕ ਦਾ ਆਗਾਜ਼ ਕੀਤਾ ਗਿਆ। ਨਾਟੋ ਗਠਜੋੜ ਦੀ 75ਵੀਂ ਵਰ੍ਹੇਗੰਢ ਮੌਕੇ ਇਹ ਅਹਿਮ ਬੈਠਕ ਵਾਸ਼ਿੰਗਟਨ ਵਿਚ 9 ਜੁਲਾਈ ਤੋਂ 11 ਜੁਲਾਈ ਤੱਕ ਹੋਈ ਹੈ।
ਧਿਆਨ ਦੇਣ ਵਾਲੀ ਗੱਲ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਇੰਡੀਆ ਨੂੰ ਮੋਦੀ ਦੀ ਪੂਤਿਨ ਨਾਲ ਮੁਲਾਕਾਤ ਨਾਟੋ ਬੈਠਕ ਵਾਲੇ ਦਿਨਾਂ ਵਿਚ ਨਾ ਰੱਖਣ ਲਈ ਕਿਹਾ ਸੀ ਪਰ ਇੰਡੀਆ ਵੱਲੋਂ ਅਮਰੀਕਾ ਦੀ ਇਸ ਸਲਾਹ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਯੁਕਰੇਨ-ਰੂਸ ਜੰਗ ਵਿਚ ਅਮਰੀਕਾ ਰੂਸ ਦੇ ਵਿਰੁਧ ਯੁਕਰੇਨ ਦਾ ਸਾਥ ਦੇ ਰਿਹਾ ਹੈ।
ਡਿਪਟੀ ਸੈਕਟਰੀ ਆਫ ਸਟੇਟ ਨੇ ਆਪ ਗੱਲ ਕੀਤੀ ਸੀ
ਵਾਸ਼ਿੰਗਟਨ ਪੋਸਟ ਅਨੁਸਾਰ ਅਮਰੀਕੀ ਪ੍ਰਸ਼ਾਸਨ ਵੱਲੋਂ ਇੰਡੀਆ ਨਾਲ ਇਸ ਮਸਲੇ ਉੱਤੇ ਗੱਲਬਾਤ ਕਰਨ ਵਾਲੇ ਅਧਿਕਾਰੀਆਂ ਵਿਚ ਡਿਪਟੀ ਸੈਕਟਰੀ ਆਫ ਸਟੇਟ ਕੁਰਤ ਕੈਂਪਬੈਲ ਵੀ ਸ਼ਾਮਿਲ ਸੀ ਜਿਸ ਨੇ ਇੰਡੀਆ ਦੇ ਵਿਦੇਸ਼ ਸਕੱਤਰ ਵਿਨੇ ਕਵੱਤਰਾ ਨਾਲ ਜੁਲਾਈ ਦੇ ਸ਼ੁਰੂ ਵਿਚ ਇਸ ਆਸ ਨਾਲ ਗੱਲਬਾਤ ਕੀਤੀ ਸੀ ਕਿ ਮੋਦੀ-ਪੂਤਿਨ ਮੁਲਾਕਾਤ ਦੀ ਤਰੀਕ ਨਾਟੋ ਮੁਲਕਾਂ ਦੀ ਬੈਠਕ ਵਾਲੇ ਦਿਨਾਂ ਤੋਂ ਬਦਲ ਦਿੱਤੀ ਜਾਵੇਗੀ। ਪਰ ਅਜਿਹਾ ਨਹੀਂ ਹੋਇਆ।
ਇਸ ਵੇਲੇ ਅਮਰੀਕਾ ਇੰਡੀਆ ਨਾਲ ਰਣਨੀਤੀ ਸਾਂਝ ਵਧਾਉਣ ਦੇ ਯਤਨਾਂ ਵਿਚ ਹੈ ਤਾਂ ਕਿ ਏਸ਼ੀਆ ਵਿਚੋਂ ਅਮਰੀਕਾ ਦੇ ਮੁਕਾਬਲੇ ਉੱਤੇ ਉੱਭਰ ਰਹੀ ਤਾਕਤ ਚੀਨ ਦਾ ਟਾਕਰਾ ਕੀਤਾ ਜਾ ਸਕੇ। ਪਰ ਇੰਡੀਆ ਅਮਰੀਕਾ ਤੋਂ ਇਲਹਿਦਾ ਤੌਰ ਉੱਤੇ ਰੂਸ ਨਾਲ ਨੇੜਤਾ ਦੇ ਸੰਬੰਧ ਰੱਖ ਰਿਹਾ ਹੈ। ਇਸ ਤੋਂ ਇਲਾਵਾ ਇੰਡੀਆ ਖੁਦ ਨੂੰ ‘ਆਲਮੀ ਦੱਖਣ’ ਮੁਲਕਾਂ ਦੇ ਆਗੂ ਵਜੋਂ ਵੀ ਪੇਸ਼ ਕਰ ਰਿਹਾ ਹੈ।
ਵਾਸ਼ਿੰਗਟਨ ਪੋਸਟ ਅਨੁਸਾਰ ਇੰਡੀਆ ਵੱਲੋਂ ਰੂਸ ਨਾਲ ਨੇੜਤਾ ਕਾਇਮ ਰੱਖਣ ਦਾ ਅਮਰੀਕਾ ਨੂੰ ਇਹ ਤਰਕ ਦਿੱਤਾ ਜਾਂਦਾ ਹੈ ਕਿ ਰੂਸ ਅਤੇ ਚੀਨ ਵਿਚ ਨੇੜਤਾ ਵਧ ਰਹੀ ਹੈ ਅਤੇ ਭਾਰਤ ਰੂਸ ਨਾਲ ਆਪਣੀ ਨੇੜਤਾ ਕਾਇਮ ਰੱਖ ਕੇ ਰੂਸ ਦੀ ਚੀਨ ਵਧ ਰਹੀ ਨੇੜਤਾ ਰੋਕਣ ਦਾ ਯਤਨ ਕਰ ਰਿਹਾ ਹੈ।
ਇੰਡੀਆ ਦਾ ਕਹਿਣਾ ਹੈ ਕਿ ਚੀਨ-ਰੂਸ ਨੇੜਤਾ ਕਾਰਨ ਉਸ ਕੋਲ ਰੂਸ ਤੇ ਅਮਰੀਕਾ ਦੋਵਾਂ ਨਾਲ ਨੇੜਲੇ ਸੰਬੰਧ ਬਣਾਈ ਰੱਖਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਹੈ।
ਇੰਡੀਆ ਰੂਸ ਦੇ ਹਥਿਆਰਾਂ ਦਾ ਖਰੀਦਦਾਰ ਹੈ ਤੇ ਜੰਗੀ ਜਹਾਜ਼ਾਂ ਸਮੇਤ ਇੰਡੀਆ ਜੰਗੀ ਹਥਿਆਰਾਂ ਤੇ ਉਹਨਾ ਦੀ ਮੁਰੰਮਤ ਲਈ ਲੋੜੀਂਦੇ ਸੰਦਾਂ (ਸਪੇਅਰਪਾਰਟਸ) ਵਾਸਤੇ ਰੂਸ ਉੱਤੇ ਨਿਰਭਰ ਹੈ। ਇਸ ਤੋਂ ਇਲਾਵਾ ਰੂਸ-ਯੁਕਰੇਨ ਜੰਗ ਦੇ ਚੱਲਦਿਆਂ ਇੰਡੀਆ ਰੂਸ ਦੇ ਸਸਤੇ ਕੱਚੇ ਤੇਲ ਲਾਹਾ ਲੈ ਰਿਹਾ ਹੈ।
ਨਵੀਂ ਦਿੱਲੀ ਵਿਚ ਅਮਰੀਕਾ ਦੇ ਸਫੀਰ (ਐਂਬੈਸੇਡਰ) ਐਰਿਕ ਗਾਰਸੇਟੀ ਨੇ ਮਾਸਕੋ ਮੁਲਾਕਾਤ ਦੀ ਅਸਿੱਧੇ ਤੌਰ ਉੱਤੇ ਅਲੋਚਨਾ ਕਰਦਿਆਂ ਇੰਡੀਆ ਨੂੰ ਚੇਤਾਨਵੀ ਦਿੱਤੀ ਹੈ ਕਿ ਅਮਰੀਕਾ ਦੀ ਦੋਸਤੀ ਨੂੰ “ਫਾਰ ਗਰਾਂਟਿਡ” ਨਹੀਂ ਲੈਣਾ ਚਾਹੀਦਾ।
“ਮੈਨੂੰ ਇਹਨਾ (ਅਮਰੀਕਾ-ਇੰਡੀਆ) ਸੰਬੰਧਾਂ ਨੂੰ ਅਗਾਂਹ ਲਿਜਾਣ ਲਈ ਕਈ ਸਫਾਈਆਂ ਦੇਣੀਆਂ ਪੈਣਗੀਆਂ” ਐਰਿਕ ਗਾਰਸੇਟੀ ਨੇ ਕਿਹਾ।
“ਮੈਂ ਇਸ ਗੱਲ ਦਾ ਸਤਿਕਾਰ ਕਰਦਾ ਹੈ ਕਿ ਇੰਡੀਆ ਨੂੰ ਆਪਣੀ ਰਣਨੀਤਕ ਖੁਦਮੁਖਤਿਆਰੀ ਪਸੰਦ ਹੈ ਪਰ ਟਕਰਾਅ ਦੇ ਸਮਿਆਂ ਵਿਚ ਰਣਨੀਤਕ ਖੁਦਮੁਖਤਿਆਰੀ ਵਰਗੀ ਕੋਈ ਚੀਜ ਨਹੀਂ ਹੁੰਦੀ”, ਐਰਿਕ ਗਾਰਸੇਟੀ ਨੇ ਕਿਹਾ।
Related Topics: Narendara Modi, Putin