ਆਮ ਖਬਰਾਂ

ਕੋਟਬਖਤੂ ਤੋਂ ਹਰਿਆਣਾ ਨੂੰ ਜਾ ਰਿਹੈ 100 ਕਿਊਸਿਕ ਪਾਣੀ

By ਸਿੱਖ ਸਿਆਸਤ ਬਿਊਰੋ

November 25, 2016

ਬਠਿੰਡਾ: ਪੰਜਾਬ ਦਾ 100 ਕਿਊਸਿਕ ਪਾਣੀ ਹਰਿਆਣਾ ਨੂੰ ਜਾ ਰਿਹਾ ਹੈ ਅਤੇ 17 ਨਵੰਬਰ ਤੋਂ ਇਹ ਸ਼ੁਰੂਆਤ 40 ਕਿਊਸਿਕ ਪਾਣੀ ਨਾਲ ਹੋਈ ਸੀ। ਕੋਟਲਾ ਬਰਾਂਚ ਦੀ ਟੇਲ ਬਠਿੰਡਾ ਦੇ ਪਿੰਡ ਕੋਟਬਖਤੂ ਵਿੱਚ ਬਣਦੀ ਹੈ ਜਿਥੋਂ ਪੰਜ ਰਜਵਾਹੇ ਪੱਕਾ ਰਜਵਾਹਾ, ਰੱਘੂ, ਬੰਗੀ ਰਜਵਾਹਾ, ਮਾਈਨਰ ਮੀਲ 83, ਰਿਫਾਈਨਰੀ ਰਜਵਾਹਾ ਨਿਕਲਦੇ ਹਨ। ਕੋਟਬਖਤੂ ਤੋਂ ਹੀ ਇਹ ਨਹਿਰ ਨਿਕਲਦੀ ਹੈ ਜੋ ਕਿ ਅੱਗੇ ਜਾ ਕੇ ਹਰਿਆਣਾ ਦੇ ਡਬਵਾਲੀ ਮਾਈਨਰ ਤੱਕ ਜਾਂਦੀ ਹੈ। ਨਹਿਰ ਮਹਿਕਮਾ ਰੋਜ਼ਾਨਾ ਇਸ ਰੱਦ ਨਹਿਰ ਵਿੱਚ ਪਾਣੀ ਪਾ ਰਿਹਾ ਹੈ ਜੋ ਅੱਗਿਓਂ ਹਰਿਆਣਾ ਨੂੰ ਜਾ ਰਿਹਾ ਹੈ। ਹਰਿਆਣਾ ਦੇ ਪਿੰਡ ਦੇਸੂ ਅਤੇ ਪੰਨੀਵਾਲਾ ਆਦਿ ਨੂੰ ਇਹ ਪਾਣੀ ਮਿਲਦਾ ਹੈ। ਕੋਟਲਾ ਬਰਾਂਚ ਦੀ ਅੱਜ ਦੀ ਮੰਗ 250 ਕਿਊਸਿਕ ਹੈ ਜਦੋਂ ਕਿ ਇਸ ਬਰਾਂਚ ਨੂੰ ਪਾਣੀ 436 ਕਿਊਸਿਕ ਮਿਲ ਰਿਹਾ ਹੈ। ਜੋ ਵਾਧੂ ਪਾਣੀ ਮਿਲਦਾ ਹੈ, ਉਹ ਰੱਦ ਨਹਿਰ ਵਿਚ ਚਲਾ ਜਾਂਦਾ ਹੈ।

ਅੰਕੜਿਆਂ ਅਨੁਸਾਰ ਪੰਜਾਬ ਨੇ ਰੱਦ ਨਹਿਰ ਰਾਹੀਂ 18 ਨਵੰਬਰ ਨੂੰ 80 ਕਿਊਸਿਕ, 19 ਨਵੰਬਰ ਨੂੰ 60 ਕਿਊਸਿਕ ਅਤੇ 22 ਨਵੰਬਰ ਨੂੰ 100 ਕਿਊਸਿਕ ਪਾਣੀ ਦਿੱਤਾ ਸੀ।

ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੀਨੀਅਰ ਮੀਤ ਪ੍ਰਧਾਨ ਕਾਕਾ ਸਿੰਘ ਕੋਟੜਾ ਦਾ ਪ੍ਰਤੀਕਰਮ ਸੀ ਕਿ ਪੰਜਾਬ ਸਰਕਾਰ ਦੀ ਬਦ-ਇੰਤਜ਼ਾਮੀ ਹੈ ਕਿ ਪੰਜਾਬ ਦੇ ਕਿਸਾਨਾਂ ਦਾ ਪਾਣੀ ਹਰਿਆਣਾ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਹਿਣੀ ਅਤੇ ਕਰਨੀ ਨੂੰ ਇੱਕ ਕਰੇ।

(ਸਰੋਤ: ਪੰਜਾਬੀ ਟ੍ਰਿਬਿਊਨ)

ਪੰਜਾਬ ਦੇ ਪਾਣੀਆਂ ਦੇ ਸਬੰਧਤ ‘ਚ ਹੋਰ ਜਾਣਕਾਰੀ ਲਈ ਦੇਖੋ ਵੀਡੀਓ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: