ਸਿੱਖ ਖਬਰਾਂ

13 ਦਿਨ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਪੁਲਿਸ ਨੇ ਦਰਸ਼ਨ ਸਿੰਘ ਦੀ ਗ੍ਰਿਫਤਾਰੀ 25 ਤਰੀਕ ਨੂੰ ਦਿਖਾਈ

By ਸਿੱਖ ਸਿਆਸਤ ਬਿਊਰੋ

February 27, 2010

ਨਾਭਾ (27 ਫਰਵਰੀ, 2010): ਪੰਜਾਬੀ ਦੇ ਰੋਜਾਨਾ ਅਖਬਾਰ ਅਜੀਤ ਵਿੱਚ ਬੀਤੇ ਦਿਨ (26 ਫਰਵਰੀ) ਨੂੰ ਛਪੀ ਇੱਕ ਖਬਰ ਅਨੁਸਾਰ ਨਾਭਾ ਪੁਲਿਸ ਨੇ 25 ਫਰਵਰੀ ਨੂੰ ਮਾਣਕੀ ਨਿਵਾਸੀ ਦਰਸ਼ਨ ਸਿੰਘ ਦੀ ਗ੍ਰਿਫਤਾਰੀ ਨਾਭਾ ਨੇੜਿਓ ਦਿਖਾਈ ਹੈ। ਪੁਲਿਸ ਅਨੁਸਾਰ ਜਦੋਂ ਪੁਲਿਸ ਮੁਲਾਜਮਾਂ ਨੂੰ ਇੱਕ ਰਾਹਗੀਰ, ਜੋ ਮਾਣਕੀ ਨਿਵਾਸੀ ਦਰਸ਼ਨ ਸਿੰਘ ਪੁੱਤਰ ਗੱਜਣ ਸਿੰਘ ਹੈ, ਉੱਤੇ ਛੱਕ ਪਿਆ ਤਾਂ ਉਨ੍ਹਾਂ ਨੇ ਉਸ ਨੂੰ ਰੋਕ ਕੇ ਤਲਾਸ਼ੀ ਲਈ। ਤਲਾਸ਼ੀ ਵਿੱਚ ਉਸ ਕੋਲੋਂ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਹੋਇਆ। ਇਸ ਉਪਰੰਤ ਪੁਲਿਸ ਨੇ ਹਥਿਆਰ ਆਦਿ ਕਬਜੇ ਵਿੱਚ ਲੈ ਕੇ ਦਰਸ਼ਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਉਸ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਵੀ ਹਾਸਿਲ ਕਰ ਲਿਆ ਸੀ।

ਜਿਵੇਂ ਕਿ ‘ਪੰਜਾਬ ਨਿਊਜ਼ ਨੈਟਵਰਕ’ ਇਸ ਸਬੰਧੀ ਪਹਿਲਾਂ ਵੀ ਕਈ ਖਬਰਾਂ ਨਸ਼ਰ ਕਰ ਚੁਕਾ ਹੈ ਕਿ ਦਰਸ਼ਨ ਸਿੰਘ ਤੇ ਉਸਦੇ ਵੱਡੇ ਭਰਾ ਜਸਬੀਰ ਸਿੰਘ ਦੇ ਤਾਏ ਦੇ ਪੁੱਤਰ ਬਲਬੀਰ ਸਿੰਘ ਅਤੇ ਜਸਬੀਰ ਸਿੰਘ ਦੀ ਪਤਨੀ ਕਰਮਜੀਤ ਕੌਰ ਲਗਾਤਾਰ ਇਹ ਕਹਿ ਰਹੇ ਸਨ ਕਿ ਦਰਸ਼ਨ ਅਤੇ ਜਸਬੀਰ ਨੂੰ ਪੁਲਿਸ 13 ਫਰਵਰੀ ਨੂੰ ਸ਼ਾਮ 6 ਵਜੇ ਉਨ੍ਹਾਂ ਦੇ ਪਿੰਡ ਮਾਣਕੀ ਸਥਿੱਤ ਘਰ ਤੋਂ ਚੁੱਕ ਕੇ ਲੈ ਗਈ ਸੀ ਅਤੇ ਉਹ ਦੋਵੇਂ ਪੁਲਿਸ ਦੀ ਗੈਰ-ਕਾਨੂੰਨੀ ਹਿਰਾਸਤ ਵਿੱਚ ਹਨ ਤੇ ਪੁਲਿਸ ਤਸ਼ੱਦਦ ਕਰਕੇ ਉਨ੍ਹਾਂ ਉੱਤੇ ਕੇਸ ਪਾ ਸਕਦੀ ਹੈ।

ਪੰਜਾਬ ਪੁਲਿਸ ਨੇ ਜਸਬੀਰ ਸਿੰਘ ਜੱਸਾ ਦੀ ਗ੍ਰਿਫਤਾਰੀ ਵੀ ਨਾਭਾ ਨੇੜਿਓਂ 20-21 ਫਰਵਰੀ ਦਰਮਿਆਨੀ ਰਾਤ ਨੂੰ ਦਿਖਾਈ ਸੀ ਤੇ ਉਸ ਕੋਲੋਂ ਵਿਸਫੋਟਕ ਆਦਿ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ ਤੇ ਹੁਣ ਦਰਸ਼ਨ ਦੀ ਗ੍ਰਿਫਤਾਰੀ 25 ਫਰਵਰੀ ਨੂੰ ਦਿਖਾਈ ਹੈ।

ਸਿੱਖਸ ਫਾਰ ਹਿਊਮਨ ਰਾਈਟਸ ਦੇ ਸਕੱਤਰ ਐਡਵੋਕੇਟ ਲਖਵਿੰਦਰ ਸਿੰਘ ਨੇ ਪੁਲਿਸ ਦੀ ਇਸ ਗੈਰ-ਕਾਨੂੰਨੀ ਪਿਰਤ ਦੀ ਨਿਖੇਧੀ ਕੀਤੀ ਹੈ, ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦੇ ਮਨੁੱਖੀ ਹੱਕਾਂ ਦੀ ਹੋਈ ਉਲੰਘਣਾ ਸਬੰਧੀ ਉਹ ਹਰ ਕਾਨੂੰਨੀ ਸਹਾਇਤਾ ਮੁਹੱਈਆ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: