ਖਾਸ ਖਬਰਾਂ

ਕਿਸਾਨਾਂ ਦੇ ਸੰਘਰਸ਼ ਦੀ ਅਵਾਜ਼ ਬੁਲੰਦ ਕਰਦਿਆਂ 26 ਜਨਵਰੀ ਨੂੰ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਜਾਵੇਗਾ

By ਸਿੱਖ ਸਿਆਸਤ ਬਿਊਰੋ

January 05, 2021

ਲੰਡਨ – ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਐਲਾਨ ਕੀਤਾ ਗਿਆ ਕਿ ਭਾਰਤ ਦੇ ਗਣਤੰਤਰ ਦਿਵਸ ਤੇ ਲੰਡਨ ਵਿੱਚ ਸਥਿਤ ਭਾਰਤੀ ਅੰਬੈਸੀ ਮੂਹਰੇ ਭਾਰੀ ਰੋਸ ਮੁਜਾਹਰਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਹਰ ਸਾਲ ਹੀ 26 ਜਨਵਰੀ ਅਤੇ 15 ਅਗਸਤ ਵਾਲੇ ਦਿਨ ਭਾਰਤੀ ਅੰਬੈਸੀ ਮੂਹਰੇ ਰੋਸ ਮੁਜ਼ਾਹਰੇ ਕੀਤੇ ਜਾਂਦੇ ਹਨ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਜਾਰੀ ਪ੍ਰੈੱਸ ਬਿਆਨ ਵਿੱਚ ਆਖਿਆ ਕਿ ਸਿੱਖਾਂ ਦੀਆਂ 90 ਫੀਸਦੀ ਤੋਂ ਵੱਧ ਕੁਰਬਾਨੀਆਂ ਨਾਲ ਅਜ਼ਾਦ ਹੋਏ ਭਾਰਤ ਵਿੱਚ ਸਿੱਖਾਂ ਸਮੇਤ ਘੱਟ ਗਿਣਤੀਆਂ ਨਾਲ ਧੱਕਾ ਅਤੇ ਵਿਤਕਰਾ ਲਗਾਤਾਰ ਜਾਰੀ ਹੈ।

ਭਾਰਤੀ ਫੌਜ ਵਲੋਂ ਜੂਨ 1984 ਦਾ ਖੂਨੀ ਘੱਲੂਘਾਰਾ, ਨਵੰਬਰ ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਅਤੇ ਸਿੱਖ ਨੌਜਵਾਨਾਂ ਦੀਆਂ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਅਣਗਿਣਤ ਸ਼ਹਾਦਤਾਂ ਇਸ ਦਾ ਪ੍ਰਤੱਖ ਪ੍ਰਮਾਣ ਹੈ ਕਿ ਸਿੱਖ ਭਾਰਤ ਵਿੱਚ ਗੁਲਾਮ ਹਨ । ਇਸ ਸਾਲ 26 ਜਨਵਰੀ ਨੂੰ ਕੀਤੇ ਜਾਣ ਵਾਲੇ ਰੋਸ ਮੁਜਾਹਰੇ ਵਿੱਚ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ ਜਾਵੇਗੀ । ਇਹ ਰੋਸ ਮੁਜਾਹਰਾ ਦੁਪਹਿਰ ਇੱਕ ਵਜੇ ਤੋਂ ਤਿੰਨ ਵਜੇ ਤੱਕ ਹੋਵੇਗਾ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਅਤੇ ਕਿਸਾਨ ਹਿਮਾਇਤੀਆਂ ਨੂੰ ਸੱਦਾ ਦਿੱਤਾ ਗਿਆ ਕਿ ਇਸ ਦਿਨ ਦੁਨੀਆਂ ਭਰ ਵਿੱਚ ਭਾਰਤੀ ਅੰਬੈਸੀਆਂ ਮੂਹਰੇ ਰੋਸ ਪ੍ਰਦਸ਼ਨ ਕੀਤੇ ਜਾਣ ।

ਹਿੰਦੂਤਵੀ ਕੇਂਦਰ ਸਰਕਾਰ ਕੋਆਪਰੇਟਿਵ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਹਰ ਹੀਲਾ ਵਰਤ ਰਹੀ ਹੈ ਜਦਕਿ ਸਾਡੇ ਬਜੁਰਗ ,ਬੱਚੇ ,ਮਾਤਾਵਾਂ ਠੰਡ ਅਤੇ ਝੱਖੜ ਦੇ ਮੌਸਮ ਵਿੱਚ ਖੁੱਲੇ ਅਸਮਾਨ ਹੇਠ 40 ਦਿਨਾਂ ਤੋਂ ਧਰਨੇ ਲਗਾ ਕੇ ਬੈਠੇ ਹਨ । ਭਾਰਤ ਵਿੱਚ ਸਿੱਖਾਂ ਤੇ ਕੀਤੇ ਜਾ ਰਹੇ ਸਰਕਾਰੀ ਜ਼ੁਲਮਾਂ ਦੇ ਮੁਕਾਬਲੇ ਅਬਦਾਲੀ,ਮੀਰ ਮੰਨੂ,ਜ਼ਕਰੀਏ ,ਹਿਟਲਰ ਵਰਗਿਆਂ ਦੇ ਜ਼ੁਲਮ ਵੀ ਬੌਣੇ ਨਜ਼ਰ ਆ ਰਹੇ ਹਨ । ਇਹਨਾਂ ਸਾਲਾਂ ਦੌਰਾਨ ਸਿੱਖਾਂ ਤੇ ਜਿੱਥੇ ਸਰੀਰਕ ਤੌਰ ਜੁਲਮਾਂ ਦਾ ਸਰਕਾਰੀ ਕਹਿਰ ਵਾਪਰਿਆ ਹੈ ਉੱਥੇ ਸਿੱਖਾਂ ਨੂੰ ਸਿਧਾਂਤਕ ਤੌਰ ਤੇ ਤਰਾਂ ਤਰਾਂ ਦੀਆਂ ਮੁਸ਼ਕਲਾਂ ਦਰਪੇਸ਼ ਕੀਤੀਆਂ ਗਈਆਂ ਹਨ । ਹਿੰਦੂਤਵੀਆਂ ਦੀ ਨੀਤੀ ਅੰਗਰੇਜਾਂ ਵਲੋਂ ਇਹਨਾਂ ਤੇ ਵਰਤੀ ਗਈ ” ਪਾੜੋ ਅਤੇ ਰਾਜ ਕਰੋ” ਦੀ ਨੀਤੀ ਦਾ ਰੂਪ ਹੈ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: