ਚੰਡੀਗੜ੍ਹ- “ਜਿਸ ਕਿਸਾਨ-ਮਜਦੂਰ ਮੋਰਚੇ ਦੀ ਸਫ਼ਲਤਾ ਲਈ ਸਮੁੱਚੇ ਭਾਰਤ ਅਤੇ ਬਾਹਰਲੇ ਮੁਲਕਾਂ ਵਿਚ ਵਿਚਰ ਰਹੇ ਕਿਸਾਨ-ਮਜਦੂਰ ਅਤੇ ਹਰ ਵਰਗ ਦੇ ਨਿਵਾਸੀ ਅਰਦਾਸਾਂ ਕਰ ਰਹੇ ਹਨ, ਉਨ੍ਹਾਂ ਦੀਆਂ ਭਾਵਨਾਵਾਂ ਦੀ ਪੂਰਤੀ ਕਰਨ ਅਤੇ ਆਪਣੀ ਆਨ-ਸ਼ਾਨ ਦੀ ਕਾਇਮੀ ਲਈ ਇਹ ਜ਼ਰੂਰੀ ਹੈ ਕਿ ਸਭ ਕਿਸਾਨ ਜਥੇਬੰਦੀਆਂ, ਆਗੂ ਅਤੇ ਨੌਜ਼ਵਾਨੀ ਕਿਸੇ ਤਰ੍ਹਾਂ ਦੇ ਵੀ ਆਪਸੀ ਵਿਵਾਦ ਵਿਚ ਬਿਲਕੁਲ ਵੀ ਨਾ ਪੈਣ, ਸਗੋਂ ਜਿਥੇ ਕਿਤੇ ਵੀ ਵਿਚਾਰਾਂ ਦਾ ਵਖਰੇਵਾਂ ਪੈਦਾ ਹੋਇਆ ਹੈ, ਉਨ੍ਹਾਂ ਨੂੰ ਤੁਰੰਤ ਆਪਸੀ ਸਹਿਮਤੀ ਨਾਲ ਖ਼ਤਮ ਕਰਕੇ ਏਕਤਾ ਨੂੰ ਕਾਇਮ ਕਰਨ।
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) ਨੇ ਦਿੱਲੀ ਵਿਖੇ ਚੱਲ ਰਹੇ ਕਿਸਾਨ ਮੋਰਚੇ ਦੇ ਆਗੂਆਂ ਵਿਚ ਪਹਿਲੇ ਨਾਲੋ ਵੀ ਵਧੇਰੇ ਮਜ਼ਬੂਤੀ ਕਰਨ ਅਤੇ ਛੋਟੇ-ਮੋਟੇ ਪੈਦਾ ਹੋਏ ਵਖਰੇਵਿਆ ਨੂੰ ਤੁਰੰਤ ਆਪਸੀ ਸਹਿਮਤੀ ਨਾਲ ਦੂਰ ਕਰਨ ਤੇ ਅੱਗੇ ਵੱਧਣ ਉਤੇ ਜੋਰ ਦਿੰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਹੁਕਮਰਾਨਾਂ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਸ੍ਰੀ ਮੋਦੀ ਅਤੇ ਸ਼ਾਹ ਵੱਲੋਂ ਮਨੁੱਖਤਾ ਵਿਰੋਧੀ ਅਪਣਾਈ ਜਾ ਰਹੀ ਅੜੀ ਨੂੰ ਛੱਡਕੇ ਤੁਰੰਤ ਖੇਤੀ ਸੰਬੰਧੀ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰਨ।