ਸਿਆਸੀ ਖਬਰਾਂ

ਮੱਕੜ ਦੇ ਪ੍ਰਧਾਨਗੀ ਕਾਲ ‘ਚ ਇਕੋ ਦਿਨ ਖਰੀਦੀ 61 ਏਕੜ ਜ਼ਮੀਨ ਦੀ ਨਿਰਪੱਖ ਜਾਂਚ ਹੋਵੇ: ਬਲਦੇਵ ਸਿੰਘ ਸਿਰਸਾ

By ਸਿੱਖ ਸਿਆਸਤ ਬਿਊਰੋ

May 11, 2017

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸ਼੍ਰੋਮਣੀ ਕਮੇਟੀ ਵਲੋਂ ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਕਾਰਜਕਾਲ ਦੌਰਾਨ ਅਨੰਦਪੁਰ ਸਾਹਿਬ ਵਿਖੇ ਮਹਿਜ਼ 70 ਲਖ ਰੁਪਏ ਦੀ ਕੀਮਤ ਵਾਲੀ ਕੋਠੀ ਨੂੰ 2 ਕਰੋੜ ਸੱਤਰ ਲੱਖ ਰੁਪਏ ਵਿੱਚ ਖਰੀਦਣ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਕਿ ਮੱਕੜ ਦੇ ਕਾਰਜਕਾਲ ਦੌਰਾਨ ਹੀ ਇੱਕੋ ਦਿਨ ਵਿੱਚ ਤਿੰਨ ਵੱਖ-ਵੱਖ ਨਾਵਾਂ ਹੇਠ 61 ਏਕੜ ਜ਼ਮੀਨ ਖਰੀਦੇ ਜਾਣ ਦਾ ਮਾਮਲਾ ਸਾਹਮਣੇ ਆ ਗਿਆ ਹੈ। ਕਰੋੜਾਂ ਰੁਪਏ ਦੀ ਲਾਗਤ ਵਾਲੀ ਇਹ ਜ਼ਮੀਨ ਖਰੀਦਣ ਵਾਲਿਆਂ ਵਿੱਚ ਅਵਤਾਰ ਸਿੰਘ ਮੱਕੜ ਦੇ ਪੁੱਤਰ, ਅਨੰਦਪੁਰ ਸਾਹਿਬ ਦੇ ੳੇੁਸ ਵੇਲੇ ਦੇ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ ਅਤੇ ਇਕ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਸ਼ਾਮਿਲ ਹਨ।

ਅਵਤਾਰ ਸਿੰਘ ਮੱਕੜ ਦੇ ਕਾਰਜਕਾਲ ਦੌਰਾਨ ਰੋਪੜ ਜ਼ਿਲ੍ਹੇ ਵਿੱਚ ਹੀ ਖਰੀਦ ਕੀਤੀ ਗਈ 61 ਏਕੜ ਜ਼ਮੀਨ ਦੇ ਦਸਤਾਵੇਜ਼ ਜਨਤਕ ਕਰਦਿਆਂ ਲੋਕ ਭਲਾਈ ਇਨਸਾਫ ਪਾਰਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ, ਇੰਨਫੋਰਸਮੈਂਟ ਡਾਇਰੈਕਟਰ (ਈ.ਡੀ), ਡਾਇਰੈਕਟਰ ਵਿਜੀਲੈਂਸ, ਚੀਫ ਸੈਕਟਰੀ ਪੰਜਾਬ ਅਤੇ ਚੀਫ ਜਸਟਿਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਭੇਜ ਕੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਏ ਕਿ ਆਖਿਰ ਐਨੀ ਮੋਟੀ ਰਕਮ ਇਨ੍ਹਾਂ ਲੋਕਾਂ ਦੀ ਨਿੱਜੀ ਹੈ ਜਾਂ ਗੁਰੂ ਦੀ ਗੋਲਕ ਨੂੰ ਚੂਨਾ ਲਾਇਆ ਗਿਆ ਹੈ।

ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਅਵਤਾਰ ਸਿੰਘ ਮੱਕੜ ਦੇ ਪ੍ਰਧਾਨਗੀ ਕਾਲ ਦੌਰਾਨ ਰੋਪੜ ਜ਼ਿਲ੍ਹੇ ਦੀ ਤਹਿਸੀਲ ਨੂਰਪੁਰ ਬੇਦੀ ਦੇ ਪਿੰਡ ਕਰੂਰਾ ਵਿਖੇ ਖਰੀਦੀ ਗਈ ਇਸ ਜ਼ਮੀਨ ਦੀ ਖਰੀਦ ਵੀ ਇੱਕੋ ਦਿਨ ਹੋਈ ਤੇ ਖਰੀਦਦਾਰਾਂ ਵਲੋਂ ਹਾਜ਼ਰੀ ਵੀ ਸਿਰਫ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਦੀ ਹੈ। ਉਨ੍ਹਾਂ ਦੱਸਿਆ ਕਿ ਬਣਦੀ 61 ਏਕੜ ਜ਼ਮੀਨ ਵਿੱਚੋਂ 21 ਏਕੜ ਜਮੀਨ ਅਵਤਾਰ ਸਿੰਘ ਮੱਕੜ ਦੇ ਪੁੱਤਰਾਂ ਦੇ ਨਾਮ, 15 ਏਕੜ ਅਨੰਦਪੁਰ ਸਾਹਿਬ ਦੇ ਉਸ ਵੇਲੇ ਦੇ ਮੈਨੇਜਰ ਤੇ ਹੁਣ ਮੀਤ ਸਕੱਤਰ ਸੁਖਵਿੰਦਰ ਸਿੰਘ ਗਰੇਵਾਲ ਦੇ ਨਾਮ ਅਤੇ 25 ਏਕੜ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਦੇ ਨਾਮ ਖਰੀਦੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਦੇ ਦਸਤਾਵੇਜ਼ਾਂ ਅਨੁਸਾਰ ਸਬੰਧਤ ਜ਼ਮੀਨ ਕੂਲੈਕਟਰ ਰੇਟ, 1ਲੱਖ ਰੁਪਏ ਏਕੜ ਦੇ ਹਿਸਾਬ ਖਰੀਦੀ ਗਈ ਹੈ ਜਦੋਂ ਕਿ ਇਸ ਖੇਤਰ ਵਿੱਚ ਜ਼ਮੀਨ ਦਾ ਬਾਜ਼ਾਰੀ ਮੁੱਲ 8-10 ਲੱਖ ਰੁਪਏ ਪ੍ਰਤੀ ਏਕੜ ਹੈ। ਖਰੀਦੀ ਗਈ ਜ਼ਮੀਨ ਬਾਰੇ ਰਾਸ਼ਟਰਪਤੀ ਸਮੇਤ ਬਾਕੀ ਅਧਿਕਾਰੀਆਂ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੁਖ ਜਸਟਿਸ ਨੂੰ ਦਸਤਾਵੇਜ਼ੀ ਸਬੂਤਾਂ ਸਹਿਤ ਲਿਖੇ ਪੱਤਰ ਵਿੱਚ ਸ. ਸਿਰਸਾ ਨੇ ਮੰਗ ਕੀਤੀ ਹੈ ਕਿ ਆਖਿਰ ਐਨੀ ਮੋਟੀ ਰਕਮ, ਇੱਕ “ਸੇਵਾ” ਕਰਨ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ, ਮੈਂਬਰ ਤੇ ਮੈਨੇਜਰ ਪਾਸ ਕਿਥੋਂ ਆਈ? ਕੀ ਇਹ ਲੋਕ ਵਾਕਿਆ ਹੀ ਸਰਕਾਰ ਨੂੰ ਆਪਣੀ ਅਸਲ ਆਮਦਨ ਵਿਖਾਕੇ ਟੈਕਸ ਭਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੱਕੜ ਦੇ ਕਾਰਜਕਾਲ ਦੌਰਾਨ ਕਮੇਟੀ ਅਧਿਕਾਰੀਆਂ ਨੁੰ ਸ਼ਰੇਆਮ ਗੁਰੂ ਦੀ ਗੋਲਕ ਲੁੱਟਣ ਦੀ ਖੁੱਲ ਦਿੱਤੀ ਗਈ ਜਿਸ ਨਾਲ ਕਮੇਟੀ ਪ੍ਰਧਾਨ ਅਤੇ ਅਧਿਕਾਰੀ ਕਰੋੜਪਤੀ ਬਣੇ।

ਇਕ ਸਵਾਲ ਦੇ ਜਵਾਬ ਵਿੱਚ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੱਕੜ ਤੇ ਉਸਦੇ ਚਹੇਤੇ ਕਮੇਟੀ ਮੁਲਾਜਮਾਂ ਵਲੋਂ ਇਕ ਸਾਜਿਸ਼ ਤਹਿਤ ਅਨੰਦਪੁਰ ਸਹਿਬ ਵਿਖੇ 13 ਮਰਲੇ ਦਾ ਇਕ ਪਲਾਟ (ਕੋਠੀ) 70,00,000/- (ਸੱਤਰ ਲੱਖ) ‘ਚ ਪਹਿਲਾਂ ਸ਼੍ਰੋ:ਗੁ:ਪ੍ਰ: ਕਮੇਟੀ ਦੇ ਮੁਲਾਜ਼ਮ ਕਰਮਜੀਤ ਸਿੰਘ ਆਦਿ ਦੇ ਨਾਮ ਰਜਿਸਟਰੀ ਕਰਵਾ ਕੇ ਫਿਰ ਕੁੱਝ ਸਮੇਂ ਬਾਅਦ ਉਹੀ ਪਲਾਟ 2,70,00,000/- (ਦੋ ਕਰੋੜ ਸੱਤਰ ਲੱਖ) ‘ਚ ਸ਼੍ਰੋਮਣੀ ਕਮੇਟੀ ਦੇ ਨਾਮ ਰਜਿਸਟਰੀ ਕਰਵਾਕੇ ਕੇਵਲ ਇਕ ਹੀ ਸੌਦੇ ਵਿਚੋਂ 2 ਕਰੋੜ ਰੁਪਏ ਹੜੱਪਣ ਦਾ ਮਾਮਲਾ ਮੌਜੂਦਾ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਧਿਆਨ ਹਿੱਤ ਲਿਆਦਾਂ ਸੀ ਪ੍ਰਤੂੰ ਅਜੇ ਤੀਕ ਕੋਈ ਜਵਾਬ ਨਹੀਂ ਪ੍ਰਾਪਤ ਹੋਇਆ ਜਿਸਦਾ ਮਤਲਬ ਸਾਫ ਹੈ।

ਸਬੰਧਤ ਖ਼ਬਰ: ਸ. ਮਾਨ ਵਲੋਂ ਲਿਖੇ ਪੱਤਰ ਮੁਤਾਬਕ ਦੋਹਰੀ ਤਨਖਾਹ ਲੈਣ ਵਾਲਿਆਂ ਦੀ ਜਾਂਚ ਕਰਵਾਈ ਜਾਵੇਗੀ: ਪ੍ਰੋ. ਬਡੂੰਗਰ …

ਭੇਜੀ ਗਈ ਸ਼ਿਕਾਇਤ ਵਿੱਚ ਸ. ਸਿਰਸਾ ਨੇ ਇਹ ਵੀ ਮੰਗ ਕੀਤੀ ਹੈ ਕਿ ਇਨ੍ਹਾਂ ਖਰੀਦਦਾਰਾਂ ਵਿੱਚ ਸ਼ਾਮਿਲ ਸਾਰੇ ਹੀ ਕਮੇਟੀ ਅਹੁਦੇਦਾਰਾਂ ਤੇ ਅਧਿਕਾਰੀਆਂ ਦੀ ਇਹ ਵੀ ਪੜਤਾਲ ਕਰਾਈ ਜਾਵੇ ਕਿ ਜਿਸ ਸਮੇਂ ਮੱਕੜ ਕਮੇਟੀ ਪ੍ਰਧਾਨ ਬਣੇ, ਭਿੰਡਰ ਮੈਂਬਰ ਬਣੇ ਅਤੇ ਸਬੰਧਤ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਕਮੇਟੀ ‘ਚ ਭਰਤੀ ਹੋਣ ਸਮੇਂ ਕਿੰਨੀ-ਕਿੰਨੀ ਜਾਇਦਾਦ ਸੀ ਅਤੇ ਅੱਜ ਇਹਨਾਂ ਦੀ ਨਾਮੀ-ਬੇਨਾਮੀ, ਚਲ ਤੇ ਅਚੱਲ ਕਿੰਨੀ-ਕਿੰਨੀ ਜਾਇਦਾਦ ਹੈ? ਪੜਤਾਲ ਕਰਵਾਕੇ ਦੋਸ਼ੀਆਂ ਖਿਲਾਫ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਗੋਲਕ ਦੀ ਲੁੱਟੀ ਮਾਇਆ ਗੋਲਕ ‘ਚ ਜਮ੍ਹਾਂ ਕਰਾਈ ਜਾਵੇ।

ਸਬੰਧਤ ਖ਼ਬਰ: ਸ਼੍ਰੋਮਣੀ ਕਮੇਟੀ ਵਲੋਂ ਬਣਾਏ ਜਾ ਰਹੇ ਟਰੱਸਟ ਸਿਆਸਤਦਾਨਾਂ ਨੂੰ ਫਾਇਦੇ ਪਹੁੰਚਾਉਣ ਲਈ: ਮਾਨ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: