ਸਿੱਖ ਖਬਰਾਂ

ਕਿਸਾਨੀ ਸੰਘਰਸ਼ ਦੀ ਚੜ੍ਹਦੀਕਲਾ ਲਈ ਸਿੰਘੂ ਬਾਰਡਰ ਉੱਤੇ ਸਮਾਗਮ 7 ਮਾਰਚ ਨੂੰ ਹੋਵੇਗਾ

By ਸਿੱਖ ਸਿਆਸਤ ਬਿਊਰੋ

March 04, 2021

ਸਿੰਘੂ/ਕੁੰਡਲੀ: ਬੀਤੇ ਤਿੰਨ ਮਹੀਨੇ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਉੱਤੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਜਿਸ ਵਿੱਚ ਲੱਖਾਂ ਲੋਕ ਸ਼ਮੂਲੀਅਤ ਕਰ ਚੁੱਕੇ ਹਨ। ਕਈ ਉਤਰਾਵਾਂ ਚੜ੍ਹਾਵਾਂ ਵਿਚੋਂ ਲੰਘਦਾ ਹੋਇਆ ਇਹ ਸੰਘਰਸ਼ ਲੋਕਾਂ ਦੀ ਸਗਰਮ ਸ਼ਮੂਲੀਅਤ ਸਦਕਾ ਲਗਾਤਾਰ ਜਾਰੀ ਹੈ। ਇਸ ਸੰਘਰਸ਼ ਦੌਰਾਨ ਢਾਈ ਸੌ ਤੋਂ ਵੱਧ ਜਾਨਾਂ ਨਿਸ਼ਾਵਰ ਹੋ ਚੁੱਕੀਆਂ ਹਨ ਤੇ ਅਜੇ ਵੀ ਕਈ ਕਿਸਾਨ ਅਤੇ ਨੌਜਵਾਨ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਹਨ।

ਕਿਸਾਨੀ ਸੰਘਰਸ਼ ਤਹਿਤ ਜਾਨਾਂ ਨਿਸ਼ਾਵਰ ਕਰਨ ਵਾਲੇ ਯੋਧਿਆਂ ਦੀ ਯਾਦ ਵਿੱਚ, ਅਤੇ ਮੋਰਚੇ ਦੀ ਚ੍ਹੜਦੀਕਲਾ, ਏਕਤਾ ਇਤਫਾਕ ਤੇ ਸਮੂਹ ਨਜ਼ਰਬੰਦ ਸਖਸ਼ੀਅਤਾਂ ਦੀ ਰਿਹਾਈ ਲਈ ਸਿੰਘੂ ਬਾਰਡਰ ਵਿਖੇ ਇੱਕ ਅਰਦਾਸ ਸਮਾਗਮ ਕਰਵਾਇਆ ਜਾ ਗਿਆ ਹੈ। ਇਹ ਅਰਦਾਸ ਸਮਾਗਮ 7 ਮਾਰਚ ਨੂੰ ਸਿੰਘੂ ਬਾਰਡਰ ਵਿਖੇ ਟੀ.ਡੀ.ਆਈ. ਮਾਲ ਸਥਿਤ ਨਿਹੰਗ ਸਿੰਘਾਂ ਦੀ ਛਾਉਣੀ ਵਿਖੇ ਹੋਵੇਗਾ।

26 ਜਨਵਰੀ ਦੀ ਕਿਸਾਨ ਪਰੇਡ ਵਿੱਚ ਸ਼ਹੀਦ ਹੋਣ ਵਾਲੇ ਨੌਜਵਾਨ ਨਵਰੀਤ ਸਿੰਘ ਦੇ ਦਾਦਾ ਜੀ ਭਾਈ ਹਰਦੀਪ ਸਿੰਘ ਵੱਲੋਂ ਸਮੂਹ ਸੰਗਤਾਂ ਤੇ ਕਿਸਾਨੀ ਸੰਘਰਸ਼ ਨਾਲ ਜੁੜੀਆਂ ਸਖਸ਼ੀਅਤਾਂ ਅਤੇ ਇਸ ਸੰਘਰਸ਼ ਦੇ ਹਮਦਰਦਾਂ ਨੂੰ ਇਸ ਸਮਾਗਮ ਵਿੱਚ ਸ਼ਮੂਲੀਅਤ ਦੀ ਬੇਨਤੀ ਕੀਤੀ ਹੈ।

ਐਤਵਾਰ ਵਾਲੇ ਦਿਨ ਹੋਣ ਵਾਲਾ ਇਹ ਸਮਾਗਮ ਸਵੇਰੇ 9 ਵਜੇ ਤੋਂ 11 ਵਜੇ ਤੱਕ ਹੋਵੇਗਾ। ਇਸ ਮੌਕੇ ਕਿਸਾਨੀ ਸੰਘਰਸ਼ ਨਾਲ ਜੁੜੀਆਂ ਅਤੇ ਇਸ ਮੋਰਚੇ ਦੀਆਂ ਹਮਦਰਦ ਸਖਸ਼ੀਅਤਾਂ ਸ਼ਮੂਲੀਅਤ ਕਰਨਗੀਆਂ ਤੇ ਮੋਰਚੇ ਦੀ ਚੜ੍ਹਦੀਕਲਾ ਲਈ ਅਰਦਾਸ ਅਤੇ ਵਿਚਾਰਾਂ ਹੋਣਗੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: