ਖਾਸ ਖਬਰਾਂ » ਲੜੀਵਾਰ ਕਿਤਾਬਾਂ » ਸਿੱਖ ਖਬਰਾਂ

ਅਜ਼ਾਦਨਾਮਾ ਕਿਤਾਬ ਜਰਨਮੀ ਦੇ ਸ਼ਹਿਰ ਕੋਲਨ ਵਿਚ ਜਾਰੀ ਕੀਤੀ; ਸ਼ਹੀਦਾਂ ਦੇ ਜੀਵਨ ਪ੍ਰੇਰਨਾ ਸ੍ਰੋਤ ਹਨ: ਸਿੱਖ ਆਗੂ

November 21, 2023 | By

ਕੋਲਨ, ਜਰਮਨੀ: ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀਆਂ ਜੇਲ੍ਹ ਚਿੱਠੀਆਂ ਉੱਤੇ ਅਧਾਰਤ ਕਿਤਾਬ “ਅਜ਼ਾਦਨਾਮਾ ” ਨੂੰ ਸਿੱਖ ਸੰਗਤਾਂ ਤੇ ਪਾਠਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਆਸਟ੍ਰੇਲੀਆ ਦੇ ਸ਼ਹਿਰ ਪਰਥ ਤੋਂ ਬਾਅਦ ਹੁਣ ਇਹ ਕਿਤਾਬ ਜਰਮਨੀ ਦੇ ਸ਼ਹਿਰ ਕੋਲਨ ਵਿਚ ਵੀ ਜਾਰੀ ਕੀਤੀ ਗਈ ਹੈ।

ਸਿੱਖ ਸਿਆਸਤ ਨੂੰ ਜਰਮਨੀ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੇ ਐਤਵਾਰ (19 ਨਵੰਬਰ) ਨੂੰ ਜਰਮਨੀ ਦੇ ਸ਼ਹਿਰ ਕੋਲਨ ਸਥਿਤੀ ਦਸ਼ਮੇਸ਼ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਅਜ਼ਾਦਨਾਮਾ ਕਿਤਾਬ ਹਫਤਾਵਾਰੀ ਪੰਥਕ ਦੀਵਾਨ ਦੌਰਾਨ ਭਾਈ ਰੇਸਮ ਸਿੰਘ ਬੱਬਰ, ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਸਤਨਾਮ ਸਿੰਘ ਬੱਬਰ, ਭਾਈ ਬਹਾਦਰ ਸਿੰਘ ਹੀਰਾ, ਭਾਈ ਵਿਧੀ ਸਿੰਘ, ਭਾਈ ਜਸਵੰਤ ਸਿੰਘ ਕੰਗ, ਭਾਈ ਰਜਿੰਦਰ ਸਿੱਘ ਬੱਬਰ, ਭਾਈ ਗੁਰਚਰਨ ਸਿੰਘ ਗਰਾਇਆ ਅਤੇ ਭਾਈ ਅਮਰਜੀਤ ਸਿੰਘ ਨੇ ਸੰਗਤਾਂ ਦੇ ਰੂ-ਬ-ਰੂ ਕੀਤਾ।

ਇਸ ਮੌਕੇ ਪੰਥ ਸੇਵਾ ਵਿਚ ਸਰਗਰਮ ਇਹਨਾ ਆਗੂਆਂ ਨੇ ਕਿਹਾ ਕਿ ਤੀਜੇ ਘੱਲੂਘਾਰੇ ਮੌਕੇ ਜੂਨ 1984 ਵਿਚ ਦਿੱਲੀ ਦੀ ਬਿਪਰਵਾਦੀ ਹਕੂਮਤ ਵੱਲੋਂ ਦਰਬਾਰ ਸਾਹਿਬ ਉੱਤੇ ਕੀਤੇ ਹਮਲੇ ਨਾਲ ਸਿੱਖਾਂ ਨੇ ਗਲਾਮੀ ਦਾ ਅਹਿਸਾਸ ਤਾਂ ਕੀਤਾ ਹੀ ਪਰ ਕਈ ਸਹਿਰਦ ਰੂਹਾਂ ਨੇ ਸਰਕਾਰ ਦੀ ਖੋਟੀ ਨੀਅਤ ਨੂੰ ਪਛਾਣ ਪਹਿਲਾਂ ਹੀ ਸੰਘਰਸ਼ ਸ਼ੁਰੂ ਕਰ ਦਿੱਤਾ ਸੀ। ਇਹਨਾਂ ਯੋਧਿਆ ’ਚ ਭਾਈ ਹਰਜਿੰਦਰ ਸਿੰਘ ਜਿੰਦਾ ਦਰਬਾਰ ਸਾਹਿਬ ਦੇ ਹਮਲੇ ਤੋਂ ਪਹਿਲਾਂ ਹੀ ਸੰਤ ਜਰਨੈਲ਼ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ’ਚ ਹਾਜ਼ਰ ਹੋ ਸੇਵਾਵਾ ਕਰ ਰਹੇ ਸਨ।

ਉਹਨਾ ਕਿਹਾ ਕਿ ਜੂਨ ’84 ਵਿਚ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸਿਰਾਂ ਤੇ ਕੱਫਣ ਬੰਨ ਸਿੱਖ ਨੌਜਵਾਨੀ ਨੇ ਅਪਣਾ ਫਰਜ਼ ਨਿਭਾਉਂਦੇ ਹੋਏ ਦੁਸ਼ਟਾਂ ਨੂੰ ਸੋਧਾ ਲਇਆ ਤੇ ਫਾਂਸੀਆਂ ਦੇ ਰੱਸਿਆਂ ਨੂੰ ਹੱਸ-ਹੱਸ ਅਪਣੇ ਗਲਾ ’ਚ ਪਾਅ ਸ਼ਹਾਦਤਾਂ ਦੇ ਜਾਮ ਪੀਤੇ।

ਆਗੂਆਂ ਨੇ ਕਿਹਾ ਕਿ ਭਾਈ ਜਿੰਦਾ-ਸੁੱਖਾ ਨੇ ਗ੍ਰਿਫਤਾਰੀ ਤੋਂ ਬਾਅਦ ਸ਼ਹਾਦਤ ਤੱਕ ਬਹਤੁ ਚੜ੍ਹਦੀਕਲਾ ਵਾਲਾ ਜੇਲ੍ਹ ਜੀਵਨ ਬਤੀਤ ਕੀਤਾ। ਇਸ ਸਮੇਂ ਦੌਰਾਨ ਉਹਨਾਂ ਨੇ ਬਹੁਤ ਸੰਘਰਸ਼ੀਲ ਯੋਧਿਆ ਨਾਲ ਅਪਣਾ ਚਿੱਠੀਆਂ ਰਾਂਹੀ ਰਾਬਤਾ ਬਣਾਈ ਰੱਖਿਆ। ਜੋ ਵੀ ਸੁਨੇਹਾ ਜਾਂ ਵਿਚਾਰ ਹੁੰਦਾ ਉਹ ਚਿੱਠੀ ਰਾਹੀ ਉਹਨਾਂ ਤੱਕ ਪਹੁੰਚਦਾ ਕਰਦੇ। ਭਾਈ ਜਿੰਦਾ ਸੁੱਖਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੀਆਂ ਜੇਲ ਚਿੱਠੀਆਂ ਚ ਲਿੱਖੇ ਸ਼ਬਦ ਸਾਡੇ ਲਈ ਪ੍ਰੇਰਨਾ ਸਰੋਤ ਹਨ। ਸ਼ਹੀਦ ਦੇ ਜੀਵਨ ਤਾਂ ਹਮੇਸ਼ਾ ਕੌਮਾ ਲਈ ਪ੍ਰੇਰਨਾਸ੍ਰੋਤ ਹੋਇਆ ਕਰਦੇ ਹਨ।

ਜ਼ਿਕਰਯੋਗ ਹੈ ਕਿ ਭਾਵੇਂ ਸ਼ਹੀਦ ਭਾਈ ਸੁੱਖਾ-ਜਿੰਦਾ ਦੀਆਂ ਜੇਲ੍ਹ ਚਿੱਠੀਆਂ ਪਹਿਲਾਂ ਵੀ ਕਿਤਾਬ ਰੂਪ ਵਿਚ ਛਪੀਆਂ ਹਨ ਪਰ “ਅਜ਼ਾਦਨਾਮਾ” ਕਿਤਾਬ ਪਹਿਲਾਂ ਨਾਲੋਂ ਵਧੇਰੇ ਗਿਣਤੀ ਚਿੱਠੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਤੇ ਇਸ ਕਿਤਾਬ ਵਿਚ ਛਪੀਆਂ ਬਹੁਤਾਤ ਚਿੱਠੀਆਂ ਪਹਿਲੀ ਵਾਰ ਹੀ ਸੰਗਤਾਂ ਦੇ ਸਨਮੁਖ ਹੋ ਰਹੀਆਂ ਹਨ।

ਕਿਤਾਬ ਦੇ ਸੰਪਾਦਕਾਂ ਸ. ਪਰਮਜੀਤ ਸਿੰਘ ਗਾਜ਼ੀ ਅਤੇ ਸ. ਰਣਜੀਤ ਸਿੰਘ ਨੇ ਸਿੱਖ ਸਿਆਸਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ‘ਭਾਈ ਸਾਹਿਬਾਨ ਦੀਆਂ ਚਿੱਠੀਆ ਦਾ ਮਜਮੂਨ ਅਜ਼ਾਦ ਜੀਵਨ ਦਾ ਝਲਕਾਰਾ ਦਿੰਦਾ ਹੈ। ਉਹਨਾ ਦੀਆਂ ਕੀਤੀਆਂ ਆਮ ਗੱਲਾਂ ਤੇ ਹਾਸਾ-ਮਖੌਲ ਵੀ ਉਹਨਾ ਦੀ ਸ਼ਹਾਦਤ ਦੇ ਪਰਸੰਗ ਵਿਚ ਵੇਖਿਆਂ ਵੱਡੇ ਅਰਥ ਦਿੰਦਾ ਹੈ। ਇਹਨਾ ਚਿੱਠੀਆਂ ਵਿਚ ਭਾਈ ਸਾਹਿਬਾਨ ਨੇ ਗੁਰਬਾਣੀ ਪ੍ਰੇਮ, ਗੁਰਮਤਿ ਦੀ ਮਾਰਗ ਸੇਧ, ਨਾਮ ਸਿਮਰਨ ਦੀ ਮਹਿਮਾ, ਗੁਰਬਾਣੀ ਪੜ੍ਹਨ, ਨਾਮ ਸਿਮਰਨ ਕਰਨ ਤੇ ਖਾਲਸਾਈ ਜੀਵਨ ਤੇ ਰਹਿਤ ਧਾਰਨ ਕਰਨ ਦੀ ਪ੍ਰੇਰਣਾ, ਖਾਲਿਸਤਾਨ ਬਾਰੇ ਸਿਧਾਂਤਕ ਸਪਸ਼ਟਤਾ ਆਦਿ ਬਹੁਤ ਸਾਰੇ ਵਿਸ਼ਿਆਂ ਬਾਰੇ ਲਿਖਿਆ ਹੈ’।

ਉਹਨਾ ਕਿਹਾ ਕਿ “ਖਾਲਿਸਤਾਨ ਅਤੇ ਸੰਘਰਸ਼ ਬਾਰੇ ਭਾਈ ਸਾਹਿਬਾਨ ਦੀਆਂ ਜੇਲ੍ਹ ਚਿੱਠੀਆਂ ਵਿਚ ਦਰਜ਼ ਸਪਸ਼ਟ ਬਿਆਨੀਆਂ ਅੱਜ ਦੇ ਸਮੇਂ ਹੋਰ ਵੀ ਵੱਧ ਅਹਿਮੀਅਤ ਅਖਤਿਆਰ ਕਰਦੀਆਂ ਹਨ। 1992 ਵਿਚ ਭਾਈ ਹਰਜਿੰਦਰ ਸਿੰਘ ਜਿੰਦਾ ਵੱਲੋਂ ਆਪਣੇ ਮਾਤਾ ਗੁਰਨਾਮ ਕੌਰ ਜੀ ਨੂੰ ਲਿਖੀ ਚਿੱਠੀ ਵਿਚ ਦਰਜ਼ ‘ਖਾਲਿਸਤਾਨ ਦੇ ਪਵਿੱਤਰ ਸੰਕਲਪ ’, ‘ਜੰਗ-ਏ-ਖਾਲਿਸਤਾਨ ’, ‘ਸਾਡਾ ਉਦੇਸ਼ ’, ‘ਸਾਡਾ ਕੇਂਦਰੀ ਨੁਕਤਾ ’, ‘ਸਾਡੇ ਦੁਸ਼ਮਣ ਤੇ ਮਿੱਤਰ ’ ਆਦਿ ਨੁਕਤੇ ਅੱਜ ਦੇ ਨੌਜਵਾਨਾਂ ਲਈ, ਅੱਜ ਦੇ ਸਮੇਂ ਵਿਚਾਰਨੇ ਹੋਰ ਵੀ ਵਧੇਰੇ ਅਹਿਮ ਹਨ”।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,