Site icon Sikh Siyasat News

ਮੁਤਵਾਜ਼ੀ ਜਥੇਦਾਰਾਂ ਵਲੋਂ ਲੰਗਾਹ ਅਤੇ ਗੁ: ਛੋਟਾ ਘਲੂਘਾਰਾ ਦੇ ਟਰੱਸਟੀ ਨੂੰ ਪੰਥ ‘ਚੋਂ ਛੇਕਣ ਦਾ ਐਲਾਨ

ਅੰਮ੍ਰਿਤਸਰ (ਨਰਿੰਦਰਪਾਲ ਸਿੰਘ): ਪਿੰਡ ਚੱਬਾ ਵਿਖੇ 2015 ਵਿਚ ਹੋਏ ਪੰਥਕ ਇਕੱਠ ਦੌਰਾਨ ਪ੍ਰਬੰਧਕਾਂ ਵੱਲੋਂ ਐਲਾਨੇ ਗਏ ਕਾਰਜਕਾਰੀ ਜਥੇਦਾਰਾਂ, ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਬਕਾ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਪਰ ਔਰਤ-ਗਮਨ ਦੇ ਦੋਸ਼ ਤਹਿਤ ਸਿੱਖੀ ਵਿੱਚੋਂ ਖਾਰਜ ਕਰਨ ਦਾ ਐਲਾਨ ਕੀਤਾ ਹੈ।

ਮੁਤਵਾਜ਼ੀ ਜਥੇਦਾਰ ਮੀਡੀਆ ਨਾਲ ਗੱਲ ਕਰਦੇ ਹੋਏ

ਇਕ ਹੋਰ ਫੈਸਲੇ ਰਾਹੀਂ ਗੁਰਦੁਆਰਾ ਘਲ਼ੂਘਾਰਾ ਸਾਹਿਬ ਛੰਭ ਕਾਹਨੂੰਵਾਨ ਟਰੱਸਟ ਦੇ ਸਕੱਤਰ ਬੂਟਾ ਸਿੰਘ ਨੁੰ ਵੀ ਔਰਤ ਨਾਲ ਕੁਕਰਮ ਦੇ ਦੋਸ਼ ਤਹਿਤ ਸਿੱਖੀ ਵਿੱਚੋਂ ਖਾਰਜ ਕਰ ਦਿੱਤਾ ਹੈ। ਗੁਰਦੁਆਰਾ ਪ੍ਰਬੰਧ ਵਿੱਚ ਪਾਈਆਂ ਗਈਆਂ ਗੁਰਮਤਿ ਵਿਰੋਧੀ ਖਾਮੀਆਂ ਲਈ ਟਰੱਸਟ ਦੇ ਪਰਧਾਨ ਮਾਸਟਰ ਜ਼ੋਹਰ ਸਿੰਘ ਨੂੰ 12 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕੀਤਾ ਗਿਆ ਹੈ।

ਕਾਰਜਕਾਰੀ ਜਥੇਦਾਰਾਂ ਦੀ ਅੱਜ ਇਥੇ ਕੋਈ ਇੱਕ ਘੰਟਾ ਚਲੀ ਇਕਤਰਤਾ ਦੇ ਫੈਸਲਿਆਂ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਾਈ ਧਿਆਨ ਸਿੰਘ ਮੰਡ ਨੇ ਦੱਸਿਆ ਕਿ ਬਾਦਲ ਦਲ ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਵਲੋਂ ਸਿਆਸੀ ਤਾਕਤ ਦੀ ਦੁਰਵਰਤੋਂ ਕਰਦਿਆਂ ਸਿੱਖ ਰਹਿਤ ਮਰਿਆਦਾ ਦੇ ਉਲਟ ਜਾਕੇ ਕੁਕਰਮ (ਬੱਜ਼ਰ ਕੁਰਹਿਤ) ਕੀਤੀ ਗਈ ਹੈ ਜਿਸ ਨਾਲ ਦੁਨੀਆਂ ਭਰ ਵਿੱਚ ਸਿੱਖ ਕਿਰਦਾਰ ਉਪਰ ਦਾਗ ਲੱਗਾ ਹੈ। ਇਸ ਲਈ ਸੁੱਚਾ ਸਿੰਘ ਲੰਗਾਹ ਨੂੰ ਸਿੱਖੀ ਵਿੱਚੋਂ ਖਾਰਜ ਕਰਨ ਦਾ ਹੁਕਮ ਜਾਰੀ ਕੀਤਾ ਜਾਂਦਾ ਹੈ। ਕੋਈ ਵੀ ਸਿੱਖ ਉਸ ਨਾਲ ਸਬੰਧ ਨਾ ਰੱਖੇ, ਸਬੰਧ ਰੱਖਣ ਵਾਲਾ ਵੀ ਗੁਰੂ ਦਾ ਗੁਨਾਹਗਾਰ ਹੋਵੇਗਾ।

ਭਾਈ ਮੰਡ ਨੇ ਦੱਸਿਆ ਕਿ ਗੁਰਦੁਆਰਾ ਘੱਲੂਘਾਰਾ ਸਾਹਿਬ ਛੰਭ ਕਾਹਨੂੰਵਾਨ ਵਿਖੇ ਪ੍ਰਬੰਧ ਚਲਾ ਰਹੇ ਟਰੱਸਟ ਦੇ ਸਕੱਤਰ ਬੂਟਾ ਸਿੰਘ ਵਲੋਂ ਇੱਕ ਗੈਰ ਔਰਤ ਨਾਲ ਕੁਕਰਮ(ਬੱਜ਼ਰ ਕੁਰਹਿਤ) ਕਰਨ ਦੀ ਘਟਨਾ ਵਾਪਰੀ ਸੀ ਜਿਸਨੂੰ ਮੌਕੇ ‘ਤੇ ਸੰਗਤਾਂ ਵਲੋਂ ਕਾਬੂ ਕੀਤਾ ਗਿਆ ਸੀ ਤੇ ਜਿਸਦੀ ਮੁਕੰਮਲ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਾਂਚ ਕਮੇਟੀ ਨੇ ਬੂਟਾ ਸਿੰਘ ਨੂੰ ਦੋਸ਼ੀ ਠਹਿਰਾਇਆ ਹੈ। ਜਾਂਚ ਕਮੇਟੀ ਦੀ ਰਿਪੋਰਟਾਂ ‘ਤੇ ਵਿਚਾਰਾਂ ਉਪਰੰਤ ਬੂਟਾ ਸਿੰਘ ਨੂੰ ਵੀ ਸਿੱਖੀ ਵਿੱਚੋਂ ਖਾਰਜ ਕੀਤਾ ਗਿਆ ਹੈ। ਕੋਈ ਵੀ ਸਿੱਖ ਇਸ ਨਾਲ ਸਬੰਧ ਨਾ ਰੱਖੇ, ਸਬੰਧ ਰੱਖਣ ਵਾਲਾ ਗੁਰੂ ਦਾ ਗੁਨਾਹਗਾਰ ਹੋਵੇਗਾ। ਕਾਰਜਕਾਰੀ ਜਥੇਦਾਰਾਂ ਨੇ ਮੀਡੀਆ ਨੂੰ ਦੱਸਿਆ ਕਿ ਸਬੰਧਤ ਟੱਰਸਟ ਦੇ ਪ੍ਰਧਾਨ ਮਾਸਟਰ ਜ਼ੋਹਰ ਸਿੰਘ ਨੂੰ ਵੀ ਜਾਂਚ ਕਮੇਟੀ ਵਲੋਂ ਗੁਰਦੁਆਰਾ ਪ੍ਰਬੰਧ ਵਿੱਚ ਮਰਿਆਦਾ ਦੇ ਉਲਟ ਕਾਰਵਾਈਆਂ ਦਾ ਦੋਸ਼ੀ ਪਾਇਆ ਗਿਆ ਹੈ। ਮਾਸਟਰ ਜ਼ੋਹਰ ਸਿੰਘ ਨੂੰ 12 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕੀਤਾ ਗਿਆ ਹੈ। ਇੱਕ ਸਵਾਲ ਦੇ ਜਵਾਬ ਵਿੱਚ ਭਾਈ ਮੰਡ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਬਣਿਆ ਕਮਿਸ਼ਨ ਵੀ ਸਿਰਫ ਗੋਂਗਲੂਆਂ ਤੋਂ ਮਿੱਟੀ ਹੀ ਝਾੜ ਰਹੇ ਹਨ, ਕੌਮ ਨੂੰ ਕਮਿਸ਼ਨਾਂ ਤੋਂ ਪਹਿਲਾਂ ਵੀ ਇਨਸਾਫ ਨਹੀਂ ਮਿਲਿਆ ਤੇ ਅੱਗੋਂ ਵੀ ਉਮੀਦ ਨਹੀ ਹੈ। ਇਸ ਮੌਕੇ ਜਰਨੈਲ ਸਿੰਘ ਸਖੀਰਾ ਤੇ ਹਰਬੀਰ ਸਿੰਘ ਸੰਧੂ ਵੀ ਮੌਜੂਦ ਸਨ।

ਮੁਤਵਾਜ਼ੀ ਜਥੇਦਾਰਾਂ ਵਲੋਂ ਜਾਰੀ ਹੁਕਮਨਾਮੇ ਦੀ ਕਾਪੀ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version