ਖਾਸ ਖਬਰਾਂ » ਸਿੱਖ ਖਬਰਾਂ

ਗੁਰੂ ਸਾਹਿਬ ਬਾਰੇ ਅਪ-ਸ਼ਬਦ ਬੋਲਣ ਵਾਲੀ ਇਸਾਈ ਪ੍ਰਚਾਰਕ ਵਿਰੁਧ ਕਾਰਵਾਈ ਕੀਤੀ ਜਾਵੇ: ਸਿੱਖ ਜਥੇਬੰਦੀਆਂ

June 30, 2017 | By

ਚੰਡੀਗੜ: (ਨਰਿੰਦਰ ਪਾਲ ਸਿੰਘ) ਸਿੱਖ ਗੁਰੂ ਸਾਹਿਬਾਨ ਪ੍ਰਤੀ ਅਪਸ਼ਬਦ ਬੋਲਣ ਅਤੇ ਗੁਰਬਾਣੀ ਦੇ ਅਰਥਾਂ ਦੀ ਗਲਤ ਵਿਆਖਿਆ ਕਰਨ ਵਾਲੀ ਈਸਾਈ ਔਰਤ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਣ ਦੇ ਦੋਸ਼ ਤਹਿਤ ਪਰਚਾ ਦਰਜ ਕੀਤੇ ਜਾਣ ਦੀ ਮੰਗ ਨੂੰ ਲੈਕੇ ਵੱਖ ਵੱਖ ਪੰਥਕ ਜਥੇਬੰਦੀਆਂ ਨੇ ਅੱਜ ਕਮਿਸ਼ਨਰ ਪੁਲਿਸ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਦਿੱਤਾ।

ਦਮਦਮੀ ਟਕਸਾਲ ਅਜਨਾਲਾ ਦੇ ਵਿਿਦਆਰਥੀ ਭਾਈ ਮੇਜਰ ,ਭਾਈ ਦਿਲਬਾਗ ਸਿੰਘ ਦਮਦਮੀ ਟਕਸਾਲ ,ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਗਗੋਬੂਹਾ ਦੇ ਭਾਈ ਤਰਲੋਚਨ ਸਿੰਘ ਸੋਹਲ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਭਿਖੀਵਿੰਡ ਦੇ ਰਣਜੀਤ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਧੂਲਕਾ ਦੇ ਨਿਸ਼ਾਨ ਸਿੰਘ ਸਿਆਲਕਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਟਾਰੀ ਦੇ ਕੁਲਦੀਪ ਸਿੰਘ ਮੋਦੇ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸ੍ਰ:ਗੁਰਸ਼ਰਨ ਸਿੰਘ ਸੋਹਲ,ਪ੍ਰਿਤਪਾਲ ਸਿੰਘ ,ਸ੍ਰ:ਗੁਰਮੇਲ ਸਿੰਘ ਸ਼ੇਰਗਿੱਲਦੀ ਅਗਵਾਈ ਵਿੱਚ ਸੈਂਕੜੇ ਸਿੰਘਾਂ ਨੇ ਏ.ਡੀ.ਸੀ.ਪੀ. ਸਿਟੀ ਸ੍ਰ:ਚਰਨਜੀਤ ਸਿੰਘ ਅਤੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸ੍ਰੀ ਸਲਵਾਨ ਨੂੰ ਕਮਿਸ਼ਨਰ ਪੁਲਿਸ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਸੌਪਿਆ।

ਪੁਲੀਸ ਅਧਿਕਾਰੀਆਂ ਨੂੰ ਮੰਗ ਪੱਤਰ ਸੌਪਦੇ ਹੋਏ ਸਿੱਖ ਜਥੇਬੰਦੀਆਂ ਦੇ ਆਗੂ

ਪੁਲੀਸ ਅਧਿਕਾਰੀਆਂ ਨੂੰ ਮੰਗ ਪੱਤਰ ਸੌਪਦੇ ਹੋਏ ਸਿੱਖ ਜਥੇਬੰਦੀਆਂ ਦੇ ਆਗੂ

ਮੰਗ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਈਸਾਈ ਮੱਤ ਦੀ ਇੱਕ ਔਰਤ ਵਲੋਂ ਈਸਾ ਮਸੀਹ ਨੂੰ ਦਸਮੇਸ਼ ਪਿਤਾ ਦਾ ਗੁਰੂ ਦੱਸਿਆ ਗਿਆ ਹੈ ਤੇ ਦਸਮੇਸ਼ ਪਿਤਾ ਪ੍ਰਤੀ ਅਪ ਸ਼ਬਦ ਵਰਤਣ ਦੀ ਕੁਤਾਹੀ ਕੀਤੀ ਗਈ ਹੈ ।ਮੰਗ ਪੱਤਰ ਵਿੱਚ ਜਿਥੇ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਪਾਸੋਂ ਅਜੇਹੀ ਔਰਤ ਖਿਲਾਫ ਕੌਮੀ ਭਾਵਨਾਵਾਂ ਭੜਕਾਣ ਦੇ ਦੋਸ਼ ਤਹਿਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਉਥੇ ਤਾੜਨਾ ਵੀ ਕੀਤੀ ਗਈ ਹੈ ਕਿ ਕਾਰਵਾਈ ਨਾ ਹੋਣ ਦੀ ਸੁਰਤ ਵਿੱਚ ਵਿਰੋਧ ਵਜੋਂ ਈਸਾਈ ਮੱਤ ਵਲੋਂ ਚਲਾਏ ਜਾ ਰਹੇ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹ ਰਹੇ ਸਿੱਖ ਬੱਚਿਆਂ ਨੂੰ ਹਟਾ ਲਏ ਜਾਣ ਦੀ ਕਾਰਵਾਈ ਕੀਤੀ ਜਾਏਗੀ ਜਿਸਦੀ ਜਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ।

ਇਸਤੋਂ ਪਹਿਲਾਂ ਸਥਾਨਕ ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ ਵਿਖੇ ਦਰਪੇਸ਼ ਇਸ ਮਸਲੇ ਤੇ ਵਿਚਾਰ ਕਰਨ ਲਈ ਇੱਕਤਰ ਹੋਈਆਂ ਸਿੱਖ ਜਥੇਬੰਦੀਆਂ ਦੇ ਸੈਂਕੜੇ ਸਿੰਘਾਂ ਨੂੰ ਸੰਬੋਧਨ ਹੁੰਦਿਆਂ ਸਰਬੱਤ ਖਾਲਸਾ ਦੁਆਰਾ ਥਾਪੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਸਮੁੱਚੀਆਂ ਸਿੱਖ ਜਥੇਬੰਦੀਆਂ ਤੇ ਵਿਸ਼ੇਸ਼ ਕਰਕੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਸਿੱਖ ਦੁਸ਼ਮਣ ਵਲੋਂ ਸਿੱਖ ਧਰਮ ਇਤਿਹਾਸ ਜਾਂ ਗੁਰੂ ਸਾਹਿਬ ਪ੍ਰਤੀ ਕੀਤੀਆਂ ਗਈਆਂ ਟਿੱਪਣੀਆਂ ਦਾ ਸ਼ੋਸ਼ਲ ਮੀਡੀਆ ਤੇ ਗਾਹਲਾਂ ਕੱਢ ਕੇ ਜਵਾਬ ਨਾ ਦਿਆ ਕਰਨ ਇਸ ਨਾਲ ਕੌਮ ਦਾ ਸਿਰ ਨੀਵਾਂ ਹੁੰਦਾ ਹੈ ਬਲਕਿ ਤਰਕ ਨਾਲ ਜਵਾਬ ਦੇਣ ,ਕਾਨੂੰਨੀ ਰਾਹ ਅਖਤਿਆਰ ਕਰਨ ।

ਉਨ੍ਹਾਂ ਕਿਹਾ ਕਿ ਜੇ ਫਿਰ ਵੀ ਕੋਈ ਬਾਜ ਨਹੀ ਆਉਂਦਾ ਤਾਂ ਮਿਲ ਬੈਠ ਕੇ ਵਿਚਾਰਾਂ ਨਾਲ ਹੱਲ ਲਭਿਆ ਤੇ ਸੁਝਾਇਆ ਕਰੋ।ਉਨ੍ਹਾਂ ਕਿਹਾ ਅਸੀਂ ਹਰ ਧਰਮ ਤੇ ਧਰਮ ਗ੍ਰੰਥ ਦਾ ਸਤਿਕਾਰ ਕਰਦੇ ਹਾਂ ਪ੍ਰੰਤੂ ਦੂਸਰੇ ਧਰਮਾਂ ਦੇ ਪ੍ਰਚਾਰਕ ਵੀ ਧਿਆਨ ਦੇਣ ਕਿ ਆਪਣੇ ਧਰਮ ਦੀ ਗਲ ਕਰਦਿਆਂ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਨਾ ਦੇਣ।ਉਨ੍ਹਾਂ ਕਿਹਾ ਕਿ ਗੁਰਬਾਣੀ ਸਿੱਖ ਲਈ ਇਲਾਹੀ ਬਚਨ ਹਨ ,ਇਨ੍ਹਾਂ ਦੇ ਅਰਥਾਂ ਦਾ ਅਨਰਥ ਕੋਈ ਵੀ ਜਿੰਦਾ ਜ਼ਮੀਰ ਸਿੱਖ ਬਰਦਾਸ਼ਤ ਨਹੀ ਕਰ ਸਕਦਾ।

ਜਥੇਦਾਰ ਅਜਨਾਲਾ ਨੇ ਕਿਹਾ ਕਿ ਈਸਾਈ ਪਰਚਾਰਕਾਂ ਨਾਲ ਸਾਡੇ ਪਹਿਲਾਂ ਵੀ ਮੱਤਭੇਦ ਰਹੇ ਹਨ ।ਅਕਸਰ ਇਹ ਲੋਕ ਆਪਣੇ ਧਰਮ ਨੂੰ ਉਚਾ ਵਿਖਾਣ ਲਈ ਦੂਸਰੇ ਧਰਮਾਂ ਤੇ ਉਨਹਾਂ ਦੀਆਂ ਪ੍ਰੰੰਪਰਾਵਾਂ ਨੂੰ ਨੀਵਾਂ ਵਿਖਾਉਂਦੇ ਹਨ ਪ੍ਰੰਤੂ ਗੁਰੂ ਕਾ ਸਿੱਖ ਆਪਣੀ ਤੌਹੀਨ ਬਰਦਾਸ਼ਤ ਕਰ ਸਕਦਾ ਆਪਣੇ ਗੁਰੂ ਤੇ ਗੁਰਬਾਣੀ ਦੀ ਨਹੀ ਇਹ ਅਪ ਸ਼ਬਦ ਬੋਲਣ ਵਾਲੇ ਚੰਗੀ ਤਰ੍ਹਾਂ ਸਮਝ ਲੈਣ।

ਇਸ ਮੌਕੇ ਭਾਈ ਤਰਸੇਮ ਸਿੰਘ ਸੈਕਟਰੀ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਮਿਸਲ ਦਲ ਪੰਥ ,ਭਾਈ ਸੁਖਦੇਵ ਸਿੰਘ ਨਾਗੋਕੇ ,ਭਾਈ ਪਰਤਾਪ ਸਿੰਘ ਫੌਜੀ,ਭਾਈ ਸਰੂਪ ਸਿੰਘ ਭੁੱਚਰ,ਭਾਈ ਹਰਪਾਲ ,ਭਾਈ ਅਵਤਾਰ ਸਿੰਘ ਧਾਰੀਵਾਲ ਸਤਿਕਾਰ ਕਮੇਟੀ ਪੱਟੀ ਆਦਿ ਪ੍ਰਮੁਖ ਤੌਰ ਤੇ ਹਾਜਰ ਸਨ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,