ਪੁਲਿਸ ਵਾਲਿਆਂ ਨੇ ਸੀ.ਬੀ.ਆਈ. ਦੇ ਪੰਜ ਅਫਸਰਾਂ ਨੂੰ ਹਿਰਾਸਤ ਵਿਚ ਲੈ ਲਿਆ ਜਿਨ੍ਹਾਂ ਨੂੰ 3 ਘੰਟੇ ਬਾਅਦ ਛੱਡਿਆ ਗਿਆ

ਸਿਆਸੀ ਖਬਰਾਂ

“ਡੋਵਾਲ ਦੀ ਸੀ.ਬੀ.ਆਈ.” ਨੂੰ “ਮਮਤਾ ਦੀ ਪੁਲਿਸ” ਨੇ ਗ੍ਰਿਫਤਾਰ ਕਰਕੇ 3 ਘੰਟੇ ਬਾਅਦ ਛੱਡਿਆ

By ਸਿੱਖ ਸਿਆਸਤ ਬਿਊਰੋ

February 04, 2019

ਕਲਕੱਤਾ: ਲੰਘੇ ਕੱਲ ਭਾਰਤ ਸਰਕਾਰ ਦੀ ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ.) ਤੇ ਪੱਛਮੀ ਬੰਗਾਲ ਸੂਬੇ ਦੀ ਪੁਲਿਸ ਦਰਮਿਆਨ ਉਸ ਵੇਲੇ ਟਕਰਾਅ ਹੋ ਗਿਆ ਜਦੋਂ ਸੀ.ਬੀ.ਆਈ. ਦੀ ਇਕ 40 ਜਾਣਿਆਂ ਦੀ ਵੱਡੀ ਟੋਲੀ ਨੇ ਕਲਕੱਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਘਰ ਛਾਪਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਓਥੇ ਤਾਇਨਾਲ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਘਰ ਵਿਚ ਦਾਖਲ ਹੀ ਨਾ ਹੋਣ ਦਿੱਤਾ। ਇਸ ਮੌਕੇ ਪੁਲਿਸ ਵਾਲਿਆਂ ਤੇ ਸੀ.ਬੀ.ਆਈ. ਵਾਲਿਆਂ ਦਰਮਿਆਨ ਧੱਕਾ ਮੁੱਕੀ ਵੀ ਹੋਈ ਤੇ ਪੁਲਿਸ ਵਾਲਿਆਂ ਨੇ ਸੀ.ਬੀ.ਆਈ. ਦੇ ਪੰਜ ਅਫਸਰਾਂ ਨੂੰ ਹਿਰਾਸਤ ਵਿਚ ਲੈ ਲਿਆ ਜਿਨ੍ਹਾਂ ਨੂੰ 3 ਘੰਟੇ ਬਾਅਦ ਛੱਡਿਆ ਗਿਆ।

ਖਬਰਾਂ ਮੁਤਾਬਕ ਪੁਲਿਸ ਨੇ ਸੀ.ਬੀ.ਆਈ. ਦਾ ਸਥਾਨਕ ਦਫਤਰ ਵੀ ਕਬਜੇ ਵਿਚ ਲੈ ਲਿਆ ਸੀ ਪਰ ਨੀਮ ਫੌਜੀ ਦਸਤਿਆਂ ਦੀ ਤਇਨਾਤੀ ਤੋਂ ਬਾਅਦ ਪੁਲਿਸ ਇਥੋਂ ਪਿੱਛੇ ਹਟ ਗਈ।

ਸੀ.ਬੀ.ਆਈ. ਦਾ ਕਹਿਣਾ ਹੈ ਕਿ ਇਕ ਚਿੱਟ-ਫੰਡ ਘੋਟਾਲੇ ਦੀ ਜਾਂਚ ਦੌਰਾਨ ਸਥਾਨਕ ਪੁਲਿਸ ਵਲੋਂ (ਕਥਿਤ ਤੌਰ ਤੇ) ਗਾਇਬ ਕੀਤੀਆਂ ਮਿਸਲਾਂ (ਫਾਈਲਾਂ) ਹਾਸਲ ਕਰਨ ਲਈ ਰਾਜੀਵ ਕੁਮਾਰ ਨੂੰ ਸੰਮਨ ਭੇਜੇ ਗਏ ਸਨ ਤੇ ਉਸ ਵਲੋਂ ਸੀ.ਬੀ.ਆਈ. ਅੱਗੇ ਪੇਸ਼ ਨਾ ਹੋਣ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਸੀ। ਦੂਜੇ ਬੰਨੇ ਰਾਜੀਵ ਕੁਮਾਰ ਦਾ ਕਹਿਣਾ ਹੈ ਕਿ ਉਸ ਨੂੰ ਕੋਈ ਸੰਮਨ ਤਾਮੀਲ ਹੀ ਨਹੀਂ ਸਨ ਹੋਏ ਤੇ ਸੀ.ਬੀ.ਆਈ. ਧੱਕੇਸ਼ਾਹੀ ਕਰਨਾ ਚਾਹੁੰਦੀ ਸੀ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਹੈ ਕਿ ਸੀ.ਬੀ.ਆਈ. ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ “ਸੁਰੱਖਿਆ ਸਲਾਹਕਾਰ” ਅਜੀਤ ਡੋਵਾਲ ਦੀ ਸ਼ਹਿ ਉੱਤੇ ਇਹ ਸਾਰੀ ਕਾਰਵਾਈ ਪੱਛਮੀ ਬੰਗਾਲ ਦੀ ਸਰਕਾਰ ਨੂੰ ਨਿਸ਼ਾਨਾ ਬਣਾਉਣ ਲਈ ਕਰ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: