ਪ੍ਰਤੀਕਾਤਮਕ ਤਸਵੀਰ

ਸਿਆਸੀ ਖਬਰਾਂ

ਅਖੰਡ ਕੀਰਤਨੀ ਜਥੇ ਵਲੋਂ ਸਿਆਸੀ ਆਗੂਆਂ ਨੂੰ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਤੋਂ ਚਿਤਾਵਨੀ

By ਸਿੱਖ ਸਿਆਸਤ ਬਿਊਰੋ

January 25, 2017

ਮੋਹਾਲੀ/ਚੰਡੀਗੜ੍ਹ: ਅਖੰਡ ਕੀਰਤਨੀ ਜਥੇ ਨੇ ਸਿਆਸੀ ਆਗੂਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੀਆਂ ਬਿਆਨਬਾਜ਼ੀਆਂ ਵਿਚ ਜਾਂ ਸਿਆਸੀ ਮੁਫ਼ਾਦਾਂ ਲਈ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਪਰੰਪਰਾਵਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਤੋਂ ਬਾਜ਼ ਆਉਣ।

ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਬਖ਼ਸ਼ੀਸ਼ ਸਿੰਘ ਫਗਵਾੜਾ ਅਤੇ ਮੁੱਖ ਬੁਲਾਰੇ ਭਾਈ ਆਰ.ਪੀ. ਸਿੰਘ ਨੇ ਆਖਿਆ ਕਿ ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਖੁਸ਼ਾਮਦ ਕਰਦਿਆਂ ਇਕ ਕਾਂਗਰਸੀ ਆਗੂ ਵਲੋਂ ਕੈਪਟਨ ਅਮਰਿੰਦਰ ਨੂੰ ‘ਮਰਦ ਅਗੰਮੜਾ’ ਆਖਣਾ ਅਤੇ ਉਸ ਤੋਂ ਬਾਅਦ ਕਾਂਗਰਸ ਦੇ ਆਗੂ ਨਵਜੋਤ ਸਿੱਧੂ ਵਲੋਂ ਦਸਮ ਪਾਤਿਸ਼ਾਹ ਦੇ ਪਾਵਨ ਕਥਨ ‘ਚਿੜੀਓਂ ਸੇ ਮੈਂ ਬਾਜ਼ ਤੁੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ’ ਨੂੰ ਤੋੜ-ਮਰੋੜ ਕੇ ‘ਕਾਂਗਰਸ ਕੋ ਪੰਜਾਬ ਮੇਂ ਲਾਊਂ, ਤਬੀ ਨਵਜੋਤ ਸਿੱਧੂ ਨਾਮ ਕਹਾਊਂ’ ਆਖ ਕੇ ਸਿੱਖ ਭਾਵਨਾਵਾਂ ਨੂੰ ਬੁਰੀ ਤਰ੍ਹਾਂ ਵਲੂੰਧਰ ਕੇ ਰੱਖ ਦਿੱਤਾ ਹੈ।

ਉਨ੍ਹਾਂ ਆਖਿਆ ਕਿ ‘ਮਰਦ ਅਗੰਮੜਾ’ ਭਾਈ ਗੁਰਦਾਸ ਜੀ ਨੇ ਸਿਰਫ਼ ਤੇ ਸਿਰਫ਼ ਦਸਮ ਪਾਤਿਸ਼ਾਹ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਈ ਵਰਤਿਆ ਹੈ। ਕਿਸੇ ਸਿਆਸੀ ਆਗੂ ਦੀ ਦਸਮ ਪਾਤਿਸ਼ਾਹ ਨਾਲ ਤੁਲਨਾ ਘੋਰ-ਪਾਪ ਹੈ। ਉਨ੍ਹਾਂ ਕਿਹਾ ਕਿ ਸਿਆਸੀ ਆਗੂ ਗੁਰਮਤਿ, ਗੁਰੂ ਇਤਿਹਾਸ ਅਤੇ ਗੁਰਬਾਣੀ ਤੋਂ ਬਿਲਕੁਲ ਕੋਰੇ ਅਨਜਾਣ ਹਨ ਅਤੇ ਉਹ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਗੁਰਬਾਣੀ ਜਾਂ ਗੁਰੂ ਇਤਿਹਾਸ ਨੂੰ ਤੋੜ-ਮਰੋੜ ਕੇ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾ ਰਹੇ ਹਨ। ਉਨ੍ਹਾਂ ਆਖਿਆ ਕਿ ਜੇਕਰ ਸਿਆਸੀ ਆਗੂ ਭਵਿੱਖ ਵਿਚ ਅਜਿਹਾ ਕਰਨ ਤੋਂ ਬਾਜ਼ ਨਾ ਆਏ ਤਾਂ ਅਖੰਡ ਕੀਰਤਨੀ ਜਥਾ ਸ੍ਰੀ ਗੁਰੂ ਗ੍ਰੰਥ ਸਾਹਿਬ, ਖ਼ਾਲਸਾ ਪੰਥ ਅਤੇ ਇਸ ਦੀ ਪਵਿੱਤਰ ਮਾਣ-ਮਰਿਯਾਦਾ ਲਈ ਅਜਿਹੇ ਸਿਆਸੀ ਆਗੂਆਂ ਦੇ ਖਿਲਾਫ਼ ਹਰ ਢੁੱਕਵੀਂ ਕਾਰਵਾਈ ਅਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: