ਸਾਕਾ ਨਕੋਦਰ 'ਚ ਸ਼ਹੀਦ ਹੋਏ ਚਾਰ ਸਿੱਖ ਨੌਜਵਾਨਾਂ ਦੀ ਤਸਵੀਰ ਨਾਲ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਜੀ ਬਾਪੂ ਬਲਦੇਵ ਸਿੰਘ (ਖੱਬੇ); ਇਜ਼ਹਾਰ ਆਲਮ ਨਾਲ ਪਰਕਾਸ਼ ਸਿੰਘ ਬਾਦਲ (ਸੱਜੇ) (ਪੁਰਾਣੀਆਂ ਤਸਵੀਰਾਂ)

ਸਿੱਖ ਖਬਰਾਂ

ਬਾਦਲ ਦਾ ਸਾਕਾ ਨਕੋਦਰ 1986 ਤੇ ਬਿਆਨ ਵੀ “ਹੂਆ ਤੋ ਹੂਆ” ਕਹਿਣ ਵਾਲਾ

By ਸਿੱਖ ਸਿਆਸਤ ਬਿਊਰੋ

May 13, 2019

ਫਗਵਾੜਾ: ਤੀਹ ਸਿੱਖ ਜਥੇਬੰਦੀਆਂ ਦੇ ਗਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਕੋਦਰ ਗੋਲੀ ਕਾਂਡ ਬਾਰੇ ਇਹ ਕਹਿਣਾ ਕਿ ਇਦਾਂ ਦੇ ਕਾਂਡ ਤਾਂ ਹੁੰਦੇ ਰਹਿੰਦੇ ਨੇ ਤੇ ਇਹ ਕਹਿਣਾ ਕਿ ਬੇਅਦਬੀ ਹੁਣ ਕੋਈ ਮੁੱਦਾ ਨਹੀਂ ਹੈ, ਕਾਂਗਰਸੀ ਆਗੂ ਸੈਮ ਪਿਟਰੋਦਾ ਦੇ 1984 ਕਤਲੇਆਮ ਬਾਰੇ “ਹੂਆ ਤੋ ਹੂਆ” ਵਰਗਾ ਹੀ ਹੈ। ਪਿਟਰੋਦਾ ਤਾਂ ਇਕ ਗੈਰ ਸਿੱਖ ਪਾਰਟੀ ਦਾ ਆਗੂ ਹੈ ਪਰ ਬਾਦਲ ਤਾਂ ਪੰਜਾਬ ਦਾ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕਾ ਹੈ ਤੇ ਅਕਾਲੀ ਦਲ ਦਾ ਸਰਪ੍ਰਸਤ ਹੈ।

ਬਾਦਲ ਦਾ ਲਹਿਜਾ ਵੀ ਸਪਸ਼ਟ ਹੈ ਕੇ ਉਹ ਨਕੋਦਰ ਗੋਲੀ ਕਾਂਡ, ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੀਆਂ ਪੰਜ ਬੀੜਾਂ ਸੜਨ ਤੋਂ ਬਾਅਦ ਸ਼ਾਂਤਮਈ ਰੋਸ ਪ੍ਰਗਟਾ ਰਹੇ ਚਾਰ ਸਿੱਖ ਨੌਜਵਾਨ ਪੁਲਿਸ ਗੋਲੀ ਨਾਲ ਮਾਰੇ ਗਏ ਸਨ, ਲਈ ਇਹ ਹੀ ਕਹਿ ਰਿਹਾ ਹੈ ਕਿ ‘ਹੂਆ ਤੋ ਹੂਆ” ਹੁਣ ਉਸਦੇ ਇਨਸਾਫ ਦੇ ਗੱਲ ਨਾ ਕਰੋ।

ਪਹਿਲਾਂ ਸੁਖਬੀਰ ਬਾਦਲ ਵੀ ਇਹੀ ਕਹਿ ਚੁੱਕਾ ਹੈ ਕਿ ਉਸ ਨੂੰ ਕੇਸ ਦਾ ਹੀ ਨਹੀਂ ਪਤਾ ਹਾਲਾਂਕਿ ਇਹ ਮੁੱਦਾ ਲਗਾਤਾਰ ਉਠ ਰਿਹਾ ਹੈ ਤੇ ਪੰਜਾਬ ਵਿਧਾਨ ਸਭਾ ਵਿਚ ਵੀ ਗੂੰਜ ਚੁੱਕਾ ਹੈ ।

ਬਰਗਾੜੀ ਬੇਅਦਬੀ ਕਾਂਡ ਬਾਰੇ ਬਾਦਲ ਦਾ ਇਹ ਕਹਿਣਾ ਕਿ ਹੁਣ ਇਹ ਕੋਈ ਮੁੱਦਾ ਨਹੀਂ ਹੈ (ਸਗੋਂ ਬਾਲਕੋਟ ਵੱਡਾ ਮੁੱਦਾ ਹੈ) ਵੀ ਸਿੱਖਾਂ ਨੂੰ ਚਿੜਾਉਣ ਲਈ “ਹੂਆ ਤੋਂ ਹੂਆ” ਕਹਿਣ ਵਾਲਾ ਹੀ ਹੈ।

ਸਪਸ਼ੱਟ ਹੈ ਕਿ ਬਾਦਲਾਂ ਨੂੰ ਇਨਸਾਫ ਜਾਂ ਆਮ ਮੁੱਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਸਗੋਂ ਇਸ ਤੋਂ ਵੀ ਅੱਗੇ ਉਹ ਸਿਖਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਣ ਵਾਲਾ ਕੋਈ ਵੀ ਮੌਕਾ ਨਹੀਂ ਛੱਡਦੇ । ਸਾਡੀ ਸਿੱਖ ਸੰਗਤ ਤੇ ਅਕਾਲੀ ਦਲ ਦੇ ਵਰਕਰਾਂ ਤੇ ਸਮਰਥਕਾਂ ਨੂੰ ਅਪੀਲ ਹੈ ਕਿ ਬਾਦਲ ਤੇ ਹੋਰ ਅਕਾਲੀ ਲੀਡਰ ਜਿਥੇ ਵੇ ਜਾਣ ਉਂਨ੍ਹਾਂ ਨੂੰ ਪੁੱਛਿਆ ਜਾਵੇ ਕਿ ਬਾਦਲ ਤੇ ਸੈਮ ਪਿਟਰੋਦਾ ਦੇ ਬਿਆਨ ਵਿਚ ਕੀ ਫਰਕ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: