Site icon Sikh Siyasat News

ਅਮਰਿੰਦਰ ਸਿੰਘ ਸਾਕਾ ਨਕੋਦਰ 1986 ਬਾਰੇ ਆਪਣੇ ਵਾਅਦੇ ਪੂਰੇ ਕਰੇ: ਡਾ. ਪ੍ਰਿਤਪਾਲ ਸਿੰਘ

ਮਿਲਪੀਟਸ, ਕੈਲੀਫੋਰਨੀਆ: ਸਾਕਾ ਨਕੋਦਰ 1986 ਦੇ ਸ਼ਹੀਦਾਂ ਦੀ 34ਵੀਂ ਸ਼ਹੀਦੀ ਵਰ੍ਹੇਗੰਢ ਗੁਰਦੁਆਰਾ ਸਿੰਘ ਸਭਾ ਬੇਅ ਏਰੀਆ ਮਿਲਪੀਟਸ, ਕੈਲੀਫੋਰਨੀਆ ਵਿਖੇ 16 ਫਰਵਰੀ 2020 ਨੂੰ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ।

ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਵਿੱਚ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਸੂਰਬੀਰਾਂ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਬਲਧੀਰ ਸਿੰਘ ਰਾਮਗੜ੍ਹ, ਭਾਈ ਝਲਮਣ ਸਿੰਘ ਗੋਰਸੀਆਂ ਅਤੇ ਭਾਈ ਹਰਮਿੰਦਰ ਸਿੰਘ ਚਲੂਪਰ ਨੂੰ ਸਿਜਦਾ ਕਰਦੇ ਹੋਏ ਬੀਬੀ ਨਵਕਿਰਨ ਕੌਰ ਖਾਲੜਾ ਸਪੁੱਤਰੀ ਭਾਈ ਜਸਵੰਤ ਸਿੰਘ ਜੀ ਖਾਲੜਾ ਨੇ ਅਮਰੀਕਾ ਦੀਆਂ ਸਿੱਖ ਸੰਗਤਾਂ ਤੇ ਵਿਦਿਆਰਥੀ ਜਥੇਬੰਦੀਆਂ ਤੋਂ ਅਮਰੀਕਨ ਕਾਂਗਰਸ ਮੈਂਬਰਾਂ ਨੂੰ ਮਿਲਕੇ ਸਾਕਾ ਨਕੋਦਰ ਦੀ ਬੇਇਨਸਾਫੀ ਬਾਰੇ ਯਾਦ ਪੱਤਰ ਦਿੱਤੇ ਜਾਣ ਦੀ ਮੁਹਿੰਮ ਉਲੀਕਣ ਦਾ ਸੰਕਲਪ ਲਿਆ।

ਡਾ. ਪ੍ਰਿਤਪਾਲ ਸਿੰਘ ਸਿੰਘ, ਕੋਆਰਡੀਨੇਟਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਅਦਾ ਕੀਤਾ ਗਿਆ ਕਿ ਸਿੱਖ ਕਾਕਸ ਵੱਲੋਂ ਅਮਰੀਕਨ ਕਾਂਗਰਸ ਦੇ ਅਗਲੇ ਇਜਲਾਸ ਵਿੱਚ ਸਾਕਾ ਨਕੋਦਰ ਦੀ ਬੇਇਨਸਾਫੀ ਦੀ ਕਹਾਣੀ ਬਾਰੇ ਵੇਰਵੇ ਪੇਸ਼ ਕੀਤੇ ਜਾਣਗੇ।

ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣਾ ਵਾਅਦਾ ਨਿਭਾ ਕਿ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਦਾ ਦੂਸਰਾ ਭਾਗ ਜਨਤਕ ਕਰਨ ਅਤੇ ਰਿਪੋਰਟ ਨੂੰ ਆਉਂਦੇ ਵਿਧਾਨ ਸਭਾ ਸੈਸ਼ਨ ਵਿਚ ਪੇਸ਼ ਕਰਕੇ ਬਹਿਸ ਕਰਵਾਉਣ ਅਤੇ ਇਸ ਉੱਤੇ ਕਾਰਵਾਈ ਰਿਪੋਰਟ ਵਿਧਾਨ ਸਭਾ ਵਿਚ ਰੱਖਣ ਲਈ ਕਿਹਾ। ਉਹਨਾਂ ਕਿਹਾ ਕਿ ਸਰਕਾਰ ਸਾਕੇ ਦੇ ਦੋਸ਼ੀਆਂ ਵਿਰੁਧ ਕਾਨੂੰਨੀ ਕਾਰਵਾਈ ਸ਼ੁਰੂ ਕਰੇ।

ਸ਼ਹੀਦ ਭਾਈ ਰਵਿੰਦਰ ਸਿੰਘ ਦੇ ਭਰਾ ਡਾਕਟਰ ਹਰਿੰਦਰ ਸਿੰਘ (ਸਟੈਨਫੋਰਡ ਯੂਨੀਵਰਸਿਟੀ) ਵਲੋਂ ਸੰਗਤਾਂ ਨਾਲ ਸਾਕਾ ਨਕੋਦਰ ਦੇ ਪਿਛਲੇ 34 ਸਾਲ ਦੇ ਇਤਿਹਾਸ ਦੀ ਸੰਗਤਾਂ ਨਾਲ ਸਾਂਝ ਪਾਈ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version