ਲੇਖ » ਸਿੱਖ ਖਬਰਾਂ

ਅੰਮ੍ਰਿਤਸਰ ਬੰਬ ਧਮਾਕਾ: ਸਮੁੱਚੇ ਸਿੱਖ ਸਮਾਜ ਨੂੰ ਲਪੇਟਣ ਦੀ ਬਿਰਤੀ ਤੋਂ ਵੀ ਬਚਣ ਦੀ ਲੋੜ

November 20, 2018 | By

ਮੇਜਰ ਸਿੰਘ*

ਪ੍ਰੈੱਸ ਦਾ ਵੱਡਾ ਹਿੱਸਾ ਅੰਮਿ੍ਤਸਰ ਵਿਖੇ ਹੋਏ ਬੰਬ ਧਮਾਕੇ ਪ੍ਰਤੀ ਵੱਡੀ ਚਿੰਤਾ ਜ਼ਾਹਰ ਕਰਦਾ ਹੋਇਆ ਵੱਧ-ਘੱਟ ਰੂਪ ‘ਚ 1978 ਦੇ ਮੁੜ ਦੁਹਰਾਏ ਜਾਣ ਦੀ ਗੱਲ ‘ਤੇ ਉਲਾਰ ਹੋਇਆ ਨਜ਼ਰ ਆ ਰਿਹਾ ਹੈ, ਪਰ ਜੇਕਰ ਕਿਸੇ ਨੂੰ ਪੰਜਾਬੀਆਂ ਖ਼ਾਸ ਕਰ ਸਿੱਖਾਂ ਪ੍ਰਤੀ ਕੋਈ ਫ਼ਿਕਰਮੰਦੀ ਹੈ ਤਾਂ ਅਸਲ ਗੱਲ ਇਹ ਹੈ ਕਿ ਸਾਰੇ ਸਿੱਖ ਭਾਈਚਾਰੇ ਨੂੰ ਹਰ ਮਾੜੀ-ਚੰਗੀ ਘਟਨਾ ‘ਚ ਲਿਪੇਟਣ ਵਾਲੀ ਉਲਾਰ ਬਿਰਤੀ ਦੁਹਰਾਉਣ ਤੋਂ ਬਚਣ ਦੀ ਲੋੜ ਹੈ ।

ਦੋ ਦਹਾਕੇ ਦੇ ਕਰੀਬ ਸਮਾਂ ਪੰਜਾਬੀਆਂ ਖ਼ਾਸ ਕਰ ਸਿੱਖਾਂ ਨੇ ਵੱਡਾ ਸੰਤਾਪ ਭੋਗਿਆ ਤੇ ਸਿੱਖਾਂ ਦੇ ਵੱਡੇ ਹਿੱਸੇ ਨੂੰ ਪ੍ਰੈੱਸ ਤੇ ਰਾਜਸੀ ਖ਼ੇਤਰ ਦੀ ਵੱਡੀ ਗਿਣਤੀ ਲੋਕਾਂ ‘ਤੇ ਗਿਲਾ ਤੇ ਰੋਸ ਇਹ ਰਿਹਾ ਹੈ ਕਿ ਹਰ ਘਟਨਾ ਲਈ ਪੂਰੇ ਸਿੱਖ ਸਮਾਜ ਨੂੰ ਲਪੇਟ ਕੇ ਬਦਨਾਮ ਕਰਨ ਦੀ ਲੀਹ ਉੱਪਰ ਹੀ ਚਲਿਆ ਜਾਂਦਾ ਰਿਹਾ ਹੈ । ਅੰਮਿ੍ਤਸਰ ਲਾਗੇ ਨਿਰੰਕਾਰੀ ਭਵਨ ਵਿਚ ਸਤਿਸੰਗ ‘ਤੇ ਸੁੱਟੇ ਗਰਨੇਡ ਨਾਲ ਤਿੰਨ ਵਿਅਕਤੀਆਂ ਦੇ ਮਾਰੇ ਜਾਣ ਤੇ 10 ਹੋਰਾਂ ਦੇ ਜ਼ਖ਼ਮੀ ਹੋਣ ਦੀ ਵਾਪਰੀ ਮੰਦਭਾਗੀ ਤੇ ਨਿੰਦਾਜਨਕ ਘਟਨਾ ਤੋਂ ਬਾਅਦ ਇਕ ਵਾਰ ਫਿਰ ਜਿਹੋ-ਜਿਹਾ ਵਤੀਰਾ ਸਾਹਮਣੇ ਆਇਆ ਹੈ, ਉਸ ਨਾਲ ਇਸ ਗੱਲ ਦੀ ਝਲਕ ਪੈਣੀ ਸ਼ੁਰੂ ਹੋ ਗਈ ਹੈ ਕਿ ਇਕ ਘਟਨਾ ਦੇ ਆਧਾਰ ‘ਤੇ ਮੁੜ 1978 ਦੁਹਰਾਏ ਜਾਣ ‘ਤੇ ‘ਅੱਤਵਾਦ’ ਦੇ ਉੱਭਰ ਆਉਣ ਦੀਆਂ ਹੀ ਪੇਸ਼ੀਨਗੋਈਆਂ ਹੀ ਨਹੀਂ ਸ਼ੁਰੂ ਹੋ ਗਈਆਂ, ਸਗੋਂ ਪੂਰੇ ਸਿੱਖ ਸਮਾਜ ਨੂੰ ਹੀ ਲਪੇਟ ਵਿਚ ਲੈਣ ਦੀ ਬਿਰਤੀ ਮੁੜ ਦੁਹਰਾਏ ਜਾਣ ਦੇ ਸੰਕੇਤ ਆਉਣੇ ਸ਼ੁਰੂ ਹੋ ਗਏ ਹਨ।

ਸੰਨ 1978 ਵਿਚ ਨਿਰੰਕਾਰੀ ਮਿਸ਼ਨ ਵਲੋਂ ਅੰਮਿ੍ਤਸਰ ਵਿਖੇ ਕਰਵਾਏ ਗਏ ਸਮਾਗਮ ਵਿਰੁੱਧ ਰੋਸ ਪ੍ਰਗਟ ਕਰਨ ਲਈ ਦਮਦਮੀ ਟਕਸਾਲ ਤੇ ਅਖੰਡ ਕੀਰਤਨੀ ਜਥੇ ਦੇ ਸਿੰਘ ਜਦ ਸਮਾਗਮ ਵਾਲੀ ਥਾਂ ਪੁੱਜੇ ਤਾਂ ਉਥੇ ਪਹਿਲਾਂ ਤੋਂ ਹੀ ਤਿਆਰ ਬੈਠੇ ਮਿਸ਼ਨ ਦੇ ਸਮਰਥਕਾਂ ਵਲੋਂ ਕੀਤੇ ਹਮਲੇ ‘ਚ 13 ਸਿੱਖ ਮਾਰੇ ਗਏ ਸਨ । ਸਿੱਖ-ਨਿਰੰਕਾਰੀ ਟਕਰਾਅ ਦਾ ਮੁੱਖ ਮੁੱਦਾ ਮਿਸ਼ਨ ਵਲੋਂ ਤਿਆਰ ਕੀਤੀ ‘ਅਵਤਾਰ ਬਾਣੀ’ ਵਿਚ ਦਰਜ ਕੁਝ ਤੱਥਾਂ ਨੂੰ ਲੈ ਕੇ ਸੀ। ਇਸ ਗੱਲ ਨੂੰ ਲੈ ਕੇ ਸਿੱਖ ਸੰਗਠਨਾਂ ਵਿਚ ਹਮੇਸ਼ਾ ਰੋਸ ਤੇ ਗਿਲਾ ਰਿਹਾ ਕਿ ਇਸ ਮਾਮਲੇ ‘ਚ ਪ੍ਰਸ਼ਾਸਨ ਤੇ ਸਰਕਾਰ ਨੇ ਉਨ੍ਹਾਂ ਨੂੰ ਇਨਸਾਫ਼ ਨਹੀਂ ਦਿੱਤਾ ।

ਉਸ ਸਮੇਂ ਸ: ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ । ਇਸ ਤੋਂ ਬਾਅਦ ਕਾਨਪੁਰ ਵਿਖੇ ਇਕ ਨਿਰੰਕਾਰੀ ਸਮਾਗਮ ਖਿਲਾਫ਼ ਰੋਸ ਪ੍ਰਗਟ ਕਰਨ ਸਮੇਂ ਵੀ ਇਕ ਵਿਅਕਤੀ ਦੀ ਮੌਤ ਹੋ ਗਈ । ਫਿਰ 5 ਨਵੰਬਰ, 1978 ਨੂੰ ਜਦ ਇੰਡੀਆ ਗੇਟ ਲਾਗੇ ਨਿਰੰਕਾਰੀ ਸਮਾਗਮ ਵਿਰੁੱਧ ਜਥੇਦਾਰ ਸੰਤੋਖ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਮਾਸਟਰ ਤਾਰਾ ਸਿੰਘ ਨੇ ਰੋਸ ਮਾਰਚ ਕੀਤਾ ਤਾਂ ਦਲ ਦੇ ਦਿੱਲੀ ਦੇ ਪ੍ਰਧਾਨ ਅਵਤਾਰ ਸਿੰਘ ਕੋਹਲੀ ਤੇ ਦੋ ਹੋਰ ਸਿੰਘ ਮਾਰੇ ਗਏ ਸਨ।

ਬਾਅਦ ਵਿਚ 1981 ‘ਚ ਪਹਿਲਾਂ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਲੈ ਕੇ ਕਪੂਰੀ ਮੋਰਚਾ ਲੱਗਾ ਤੇ ਫਿਰ ਇਹ ਮੋਰਚਾ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਾਉਣ ਤੇ ਰਾਜਾਂ ਨੂੰ ਵੱਧ ਅਧਿਕਾਰ ਦਿਵਾਉਣ ਦੇ ਮਾਮਲੇ ‘ਤੇ ਧਰਮ ਯੁੱਧ ਦੇ ਮੋਰਚੇ ਵਿਚ ਪਲਟ ਗਿਆ ਤੇ ਇਸ ਦਾ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਬਣਾਇਆ ਗਿਆ। ਧਰਮ ਯੁੱਧ ਮੋਰਚਾ ਅਨੇਕ ਮਾਮਲਿਆਂ ‘ਤੇ ਪੰਜਾਬ ਨਾਲ ਕੀਤੀ ਤੇ ਹੋ ਰਹੀ ਬੇਇਨਸਾਫ਼ੀ ਨੂੰ ਦੂਰ ਕਰਵਾਉਣ ਤੇ ਭਾਰਤ ਅੰਦਰ ਹਕੀਕੀ ਫੈਡਰਲ ਢਾਂਚਾ ਤੇ ਸਾਰੇ ਰਾਜਾਂ ਨੂੰ ਵਧੇਰੇ ਅਧਿਕਾਰ ਦੁਆਉਣ ਦੁਆਲੇ ਕੇਂਦਰਤ ਸੀ। ਇਸ ਮੋਰਚੇ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਜੇਲ੍ਹਾਂ ‘ਚ ਗਏ, ਸੜਕਾਂ ‘ਤੇ ਧਰਨੇ ਮਾਰ ਕੇ ਬੈਠੇ ਜਾਂ ਫਿਰ ਹੋਰ ਅਨੇਕਾਂ ਰੂਪਾਂ ਵਿਚ ਅਰਦਾਸਾਂ ਕਰਕੇ ਆਪਣੀਆਂ ਭਾਵਨਾਵਾਂ ਪ੍ਰਗਟਾਉਂਦੇ ਰਹੇ, ਪਰ ਭਾਰਤ ਸਰਕਾਰ ਨੇ ਸ਼ਾਂਤਮਈ ਤੇ ਪੂਰੀ ਸੁਹਿਰਦਤਾ ਨਾਲ ਮੋਰਚੇ ‘ਚ ਸ਼ਾਮਿਲ ਹੋ ਰਹੇ ਵਿਆਪਕ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਤੇ ਉਨ੍ਹਾਂ ਦੇ ਹਕੀਕੀ ਮਸਲੇ ਗੱਲਬਾਤ ਰਾਹੀਂ ਹੱਲ ਕਰਕੇ ਬੇਇਨਸਾਫ਼ੀ ਦੂਰ ਕਰਨ ਦੀ ਬਜਾਏ ਅਜਿਹਾ ਫਿਰਕੂ ਪੱਤਾ ਖੇਡਣਾ ਸ਼ੁਰੂ ਕਰ ਦਿੱਤਾ ਕਿ ਮੋਰਚੇ ਨੂੰ ‘ਸਿੱਖਾਂ ਦੀ ਭਾਰਤ ਨਾਲ ਲੜਾਈ’ ਦਾ ਰੂਪ ਦੇ ਦਿੱਤਾ । ਪੰਜਾਬ ਵਿਚ ਖਾੜਕੂ ਲਹਿਰ ਦੇ ਉੱਠਣ ਵੱਲ ਤੁਰਨ ਦਾ ਰੁਝਾਨ ਇਥੋਂ ਹੀ ਬੱਝਾ | ਉਸ ਸਮੇਂ ਹੀ ਹਰ ਘਟਨਾ ਲਈ ਸਿੱਖ ਸਮਾਜ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਉਲਾਰ ਬਿਰਤੀ ਅਪਣਾ ਲਈ | ਹੁਣ ਟੀ. ਵੀ. ਚੈਨਲਾਂ ਤੇ ਅਖ਼ਬਾਰਾਂ ਨੇ ਧੜਾਧੜ ਵਾਪਰੀ ਮੌਜੂਦਾ ਘਟਨਾ ਨੂੰ ਲੈ ਕੇ ਵਿਦੇਸ਼ਾਂ ਵਿਚ ਚੰਗੀ ਰੋਟੀ ਰੋਜ਼ੀ ਕਮਾ ਰਹੇ ਸਿੱਖਾਂ ਨੂੰ ਵੀ ਲਿਆ ਧਰਿਆ ਹੈ। ਇਥੋਂ ਤੱਕ ਕਿ ਸਿੱਖਾਂ ਪ੍ਰਤੀ ਨਰਮ ਤੇ ਸਹਿਯੋਗੀ ਵਤੀਰਾ ਰੱਖਣ ਵਾਲੀ ਕੈਨੇਡਾ ਦੀ ਟਰੂਡੋ ਸਰਕਾਰ ਵੀ ਉਨ੍ਹਾਂ ਦੇ ਰਾਡਾਰ ‘ਤੇ ਹੈ। ਕੁਝ ਚੈਨਲਾਂ ਨੇ ਤਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਣਾਈ ‘ਸ਼ਹੀਦੀ ਯਾਦਗਾਰ’ ਨੂੰ ਹੀ ਪੁਆੜੇ ਦੀ ਜੜ੍ਹ ਕਰਾਰ ਦੇਣਾ ਸ਼ੁਰੂ ਕਰ ਦਿੱਤਾ ਹੈ । ਬਹਿਸ ‘ਚ ਕਿਹਾ ਜਾ ਰਿਹਾ ਹੈ ਕਿ ਸ਼ਹੀਦੀ ਯਾਦਗਾਰ ਤਾਂ ‘ਅੱਤਵਾਦ’ ਦੇ ਉਭਾਰ ਲਈ ਜਿਊਾਦੀ ਜਾਗਦੀ ਮਿਸਾਲ ਹੈ । ਕੱਲ੍ਹ ਨੂੰ ਇਹ ਲੋਕ ਸਿੱਖਾਂ ਦੀਆਂ ਹੋਰ ਸ਼ਹੀਦੀ ਯਾਦਗਾਰਾਂ ਤੇ ਸ਼ਹੀਦੀ ਜੋੜ ਮੇਲਿਆਂ ਬਾਰੇ ਵੀ ਸਵਾਲ ਉਠਾਉਣਗੇ ਕਿ ਇਹ ਗੱਲਾਂ ‘ਅੱਤਵਾਦ’ ਵਿਕਸਤ ਕਰਨ ‘ਚ ਸਹਾਈ ਹੋਣ ਵਾਲੀਆਂ ਹਨ ।

ਬੰਬ ਧਮਾਕਾ ਕਰਨ ਵਾਲੇ ਸ਼ੱਕੀ ਵਿਅਕਤੀਆਂ ਦੇ ਸਿੱਖੀ ਸਰੂਪ ਵਾਲੇ ਚਿੱਤਰ ਪੂਰੇ ਦੇਸ਼ ਦੇ ਮੀਡੀਆ ਵਿਚ ਖ਼ੂਬ ਪ੍ਰਚਾਰੇ ਜਾ ਰਹੇ ਹਨ । ਪ੍ਰਚਾਰ ਮਾਧਿਅਮਾਂ ਦੀ ਅਜਿਹੇ ਵਤੀਰੇ ਦਾ ਸਿੱਧਮ-ਸਿੱਧਾ ਨਤੀਜਾ ਸਿੱਖਾਂ ਵਿਚ ਅਲਹਿਦਗੀ ਦੀ ਭਾਵਨਾ ਤੇ ਆਮ ਭਾਰਤੀ ਸਮਾਜ ਵਿਚ ਸਿੱਖਾਂ ਪ੍ਰਤੀ ਸ਼ੱਕੀ ਤੇ ਨਫ਼ਰਤੀ ਭਾਵਨਾ ਪੈਦਾ ਕਰਨ ਵਿਚ ਹੀ ਨਿਕਲੇਗਾ ।

ਸਵਾਲ ਇਹ ਵੀ ਉੱਠ ਰਿਹਾ ਹੈ ਕਿ ਫਰਵਰੀ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌੜ ਵਿਖੇ ਹੋਏ ਬੰਬ ਧਮਾਕੇ ‘ਚ 7 ਬੇਦੋਸ਼ੇ ਲੋਕ ਮਾਰੇ ਗਏ ਸਨ ਤੇ ਧਮਾਕੇ ਦੇ ਇਕਦਮ ਬਾਅਦ ਇਸ ਘਟਨਾ ਨੂੰ ਵੀ ਵਿਦੇਸ਼ੀ ਸ਼ਹਿ ‘ਤੇ ਹੋਈ ਅੱਤਵਾਦੀ ਘਟਨਾ ਕਰਾਰ ਦਿੱਤਾ ਗਿਆ ਸੀ, ਪਰ ਬਾਅਦ ‘ਚ ਪੁਲਿਸ ਜਾਂਚ ਅੰਦਰ ਤੱਥ ਇਹ ਸਾਹਮਣੇ ਆਇਆ ਕਿ ਇਹ ਕਾਰਾ ਤਾਂ ਸਿਰਸਾ ਡੇਰੇ ਨਾਲ ਜੁੜੇ ਲੋਕਾਂ ਵਲੋਂ ਕੀਤਾ ਗਿਆ ਸੀ । ਹੈਰਾਨੀ ਇਸ ਗੱਲ ਦੀ ਹੈ ਕਿ ਏਨਾ ਵੱਡਾ ਤੱਥ ਸਾਹਮਣੇ ਆਉਣ ਦੇ ਬਾਵਜੂਦ ਪ੍ਰਸ਼ਾਸਨ ਸਰਕਾਰਾਂ ਤੇ ਮੀਡੀਏ ਨੇ ਸਾਜਿਸ਼ੀ ਚੁੱਪ ਧਾਰੀ ਰੱਖੀ ਹੈ ।ਸਵਾਲ ਇਹ ਉੱਠ ਰਿਹਾ ਹੈ ਕਿ ਵਾਪਰੇ ਕਾਂਡ ਵਿਚ ਕਿਸ ਦਾ ਹੱਥ ਹੈ ਜਾਂ ਕੌਣ ਤਾਕਤਾਂ ਇਸ ਪਿੱਛੇ ਕੰਮ ਕਰ ਰਹੀਆਂ ਹਨ, ਇਸ ਬਾਰੇ ਅਜੇ ਤੱਕ ਅਧਿਕਾਰਤ ਤੌਰ ‘ਤੇ ਕੋਈ ਵੀ ਤੱਥ ਸਾਹਮਣੇ ਨਹੀਂ ਆਇਆ, ਪਰ ਮੀਡੀਆ ਦੇ ਵੱਡੇ ਹਿੱਸੇ ਨੇ ਆਪਣਾ ਹੋ-ਹੱਲਾ ਬੋਲ ਦਿੱਤਾ ਹੈ ਤੇ ਇਸ ਦੇ ਪ੍ਰਭਾਵ ਨੂੰ ਕਿਆਸਣਾ ਹਾਲ ਦੀ ਘੜੀ ਮੁਸ਼ਕਿਲ ਹੈ ।

ਇਹ ਲਿਖਤ 20 ਨਵੰਬਰ ਦੇ ਅਜੀਤ ਅਖਬਾਰ ਦੇ ਪੰਨਾ ਨੰਬਰ- 5 ਤੇ “ਅੰਮ੍ਰਿਤਸਰ ਬੰਬ ਧਮਾਕਾ: ਸਮੁੱਚੇ ਸਿੱਖ ਸਮਾਜ ਨੂੰ ਲਪੇਟਣ ਦੀ ਬਿਰਤੀ ਤੋਂ ਵੀ ਬਚਣ ਦੀ ਲੋੜ” ਸਿਰਲੇਖ ਹੇਂਠ ਛਪੀ ਸੀ।

ਅਸੀਂ ਏਸ ਲਿਖਤ ਨੂੰ ਧੰਨਵਾਦ ਸਹਿਤ ਸਿੱਖ ਸਿਆਸਤ ਦੇ ਪਾਠਕਾਂ ਲਈ ਇੰਨ-ਬਿੰਨ ਸਾਂਝਾ ਕਰ ਰਹੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,