ਲੇਖ » ਸਿੱਖ ਖਬਰਾਂ

‘ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ – ਡਾ. ਅਮਰਜੀਤ ਸਿੰਘ

May 6, 2015 | By

ਵਾਸ਼ਿੰਗਟਨ (ਡੀ. ਸੀ.) 3 ਮਈ, 2015 ਦਾ ਦਿਨ ਇੱਕ ਇਤਿਹਾਸਕ ਦਿਨ ਹੋ ਨਿੱਬੜਿਆ ਜਦੋਂ ਕਿ ਖਾਲਿਸਤਾਨੀ ਸੰਘਰਸ਼ ਦੀਆਂ ਦੋ ਪ੍ਰਮੁੱਖ ਸ਼ਖਸੀਅਤਾਂ ਡਾ. ਗੁਰਮੀਤ ਸਿੰਘ ਔਲਖ ਅਤੇ ਡਾ. ਅਮਰਜੀਤ ਸਿੰਘ ਨਾ-ਸਿਰਫ ਸ਼ਲਾਘਾ ਭਰਪੂਰ ਅੰਦਾਜ਼ ਵਿੱਚ ਇੱਕ ਮੰਚ ’ਤੇ ਇੱਕਠੇ ਹੋਏ ਬਲਕਿ ਵਾਸ਼ਿੰਗਟਨ ਡੀ. ਸੀ. ਦੀਆਂ ਸਿੱਖ ਸੰਗਤਾਂ ਵਲੋਂ ਡਾਕਟਰ ਅਮਰਜੀਤ ਸਿੰਘ ਨੇ ਡਾਕਟਰ ਔਲਖ ਨੂੰ ਉਨ੍ਹਾਂ ਦੀਆਂ ਪੰਥਕ ਸੇਵਾਵਾਂ ਬਦਲੇ ਇੱਕ ਤਿੰਨ ਫੁੱਟੀ ਸਿਰੀ ਸਾਹਿਬ ਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ। ਖਾਲਿਸਤਾਨ ਦੇ ਸੰਘਰਸ਼ ਵਿੱਚ ਦੋ ਦਹਾਕਿਆਂ ਤੋਂ ਵੱਧ ਸਮਾਂ ਯੋਗਦਾਨ ਪਾਉਣ ਵਾਲੇ ਅਤੇ ਲਗਭਗ ਦੋ

ਡਾ. ਅਮਰਜੀਤ ਸਿੰਘ

ਡਾ. ਅਮਰਜੀਤ ਸਿੰਘ

ਵਰ੍ਹੇ ਪਹਿਲਾਂ ਰੱਬ ਨੂੰ ਪਿਆਰੇ ਹੋ ਚੁੱਕੇ, ਮਿ. ਏ. ਸ਼ੇਖ ਦੀ ਯਾਦ ਵਿੱਚ ਸਥਾਪਤ ‘ਸਿੱਖ-ਮੁਸਲਿਮ ਫਰੈਂਡਸ਼ਿਪ ਐਵਾਰਡ’ ਨਾਲ ਵੀ ਡਾਕਟਰ ਔਲਖ ਨੂੰ ਨਿਵਾਜਿਆ ਗਿਆ। ਗੁਰਦੁਆਰਾ ਸਿੱਖ ਸੈਂਟਰ ਆਫ ਵਰਜੀਨੀਆ, ਮੈਨੇਸਸ ਵਿੱਚ ਹੋਏ ਇੱਕ ਵਿਸ਼ੇਸ਼ ਸਮਾਗਮ ਵਿੱਚ, ਵਾਸ਼ਿੰਗਟਨ ਮੈਟਰੋ ਦੀਆਂ ਪ੍ਰਮੁੱਖ ਸਿੱਖ ਸ਼ਖਸੀਅਤਾਂ ਅਤੇ ਸਿੱਖ ਸੰਗਤਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਡਾਕਟਰ ਔਲਖ ਨੂੰ ਇੱਕ ਸਨਮਾਨ ਪੱਤਰ ਭੇਟ ਕੀਤਾ ਗਿਆ।

ਗੁਰਬਾਣੀ ਕੀਰਤਨ ਤੋਂ ਬਾਅਦ ਸਟੇਜ ਸਕੱਤਰ ਸ. ਹਰਭਜਨ ਸਿੰਘ ਚਾਹਲ ਨੇ ਡਾਕਟਰ ਔਲਖ ਅਤੇ ਡਾ. ਅਮਰਜੀਤ ਸਿੰਘ ਨੂੰ ਜੀ ਆਇਆਂ ਆਖਦਿਆਂ, ਬਾਦਲਾਂ ਵਲੋਂ ਪੰਜਾਬ ਦੀ ਕੀਤੀ ਗਈ ਦੁਰਦਸ਼ਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕੌਮੀ ਘਰ ਦੀ ਕਾਇਮੀ ਲਈ ਸਾਨੂੰ ਕਦਮ ਨਾਲ ਕਦਮ ਮਿਲਾ ਕੇ ਚੱਲਣ ਦੀ ਲੋੜ ਹੈ। ਡਾਕਟਰ ਅਮਰਜੀਤ ਸਿੰਘ ਨੇ ਬੜੇ ਭਾਵੁਕ ਅੰਦਾਜ਼ ਵਿੱਚ ਸੰਗਤਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਅੱਜ ਅਸੀਂ 29 ਅਪ੍ਰੈਲ, 1986 ਦੇ ਖਾਲਿਸਤਾਨ ਦੇ ਐਲਾਨਨਾਮੇ ਦੀ 29ਵੀਂ ਵਰ੍ਹੇਗੰਢ ਮਨਾਉਂਦਿਆਂ ਖਾਲਿਸਤਾਨ ਦੇ ਡੇਢ ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ-ਸਿੰਘਣੀਆਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਉਨ੍ਹਾਂ ਨੇ ਮਿਸਟਰ ਏ. ਸ਼ੇਖ ਵਲੋਂ ਖਾਲਿਸਤਾਨੀ ਸੰਘਰਸ਼ ਵਿੱਚ ਪਾਏ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਯਾਦ ਵਿੱਚ ‘ਸਿੱਖ-ਮੁਸਲਿਮ ਫਰੈਂਡਸ਼ਿਪ ਐਵਾਰਡ’ ਸਥਾਪਤ ਕਰਨ ਦਾ ਐਲਾਨ ਕੀਤਾ। ਐਰਵਾਡ ਕਮੇਟੀ ਵਲੋਂ ਲਏ ਗਏ ਫੈਸਲੇ ਅਨੁਸਾਰ, ਪਲੇਠਾ ਐਵਾਰ²ਡ ਕੌਂਸਲ ਆਫ ਖਾਲਿਸਤਾਨ ਦੇ ਪ੍ਰਧਾਨ ਡਾ. ਗੁਰਮੀਤ ਸਿੰਘ ਔਲਖ ਨੂੰ ਦਿੱਤਾ ਗਿਆ। ਡਾਕਟਰ ਅਮਰਜੀਤ ਸਿੰਘ ਨੇ ਕਿਹਾ, ‘ਭਾਵੇਂ ਬੀਤੇ ਵਿੱਚ ਸਾਡੇ ਮੱਤਭੇਦ ਵੀ ਰਹੇ ਹਨ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਡਾਕਟਰ ਔਲਖ ਕਦੀ ਖਾਲਿਸਤਾਨ ਦੇ ਸਟੈਂਡ ਤੋਂ ਟੱਸ ਤੋਂ ਮੱਸ ਨਹੀਂ ਹੋਏ! ਉਨ੍ਹਾਂ ਨੇ ਅਮਰੀਕਨ ਕਾਂਗਰਸ ਵਿੱਚ ਖਾਲਿਸਤਾਨ ਦੇ ਹੱਕ ਵਿੱਚ ਜ਼ੋਰਦਾਰ ਲਾਮਬੰਦੀ ਕੀਤੀ। ਇੱਕ ਮੰਜ਼ਿਲ ਦੇ ਸ਼ਾਹ-ਸਵਾਰ ਅੱਡ-ਅੱਡ ਰਸਤਿਆਂ ਤੇ ਤੁਰਦਿਆਂ ਵੀ ਹਮ-ਸਫਰ ਹੀ ਹੁੰਦੇ ਹਨ।’

ਡਾ. ਔਲਖ ਨੇ ਸਿੱਖ ਸੰਗਤਾਂ ਵਲੋਂ ਦਿੱਤੇ ਗਏ ਸਨਮਾਨ ਲਈ ਸ਼ੁਕਰਗੁਜ਼ਾਰੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਆਪਣੀ ਖਰਾਬ ਸਿਹਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਭ ਕੁਝ ਗੁਰੂ ਦੇ ਭਾਣੇ ਵਿੱਚ ਹੈ। ਉਨ੍ਹਾਂ ਨੇ ਖਾਲਿਸਤਾਨ ਦੇ ਸੰਘਰਸ਼ ਵਿੱਚ ਸਿੱਖ ਸੰਗਤਾਂ ਨੂੰ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਇਸ ਦੌਰਾਨ ਦੀਵਾਨ ਹਾਲ ਵਿੱਚ ਜੈਕਾਰੇ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਗੂੰਜਦੇ ਰਹੇ। ਦੀਵਾਨ ਹਾਲ ਵਿੱਚ ਡਾਕਟਰ ਔਲਖ ਦੇ ਵੱਡੇ ਭਰਾਤਾ 94 ਸਾਲਾ ਡਾ. ਹਰੀ ਸਿੰਘ ਔਲਖ ਵੀ ਮੌਜੂਦ ਸਨ, ਜਿਹੜੇ ਕਿ ਆਪ ਵੀ ਸਿੱਕੇ ਬੰਦ ਖਾਲਿਸਤਾਨੀ ਐਕਟੀਵਿਸਟ ਹਨ। ਦੀਵਾਨ ਦੀ ਸਮਾਪਤੀ ਤੇ ਡਾਕਟਰ ਔਲਖ ਦੀ ਸਿਹਤਯਾਬੀ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ।

ਇਸ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸਿੱਖ ਸੰਗਤਾਂ ਵਲੋਂ ਬੜਾ ਜਜ਼ਬਾਤੀ ਹੁੰਗਾਰਾ ਮਿਲਿਆ। ਇਹ ਮਹਿਸੂਸ ਕੀਤਾ ਗਿਆ ਕਿ ਆਪਸੀ ਮੱਤਭੇਦਾਂ ਨੂੰ ਫਰਾਖ-ਦਿਲੀ ਦੇ ਪ੍ਰਗਟਾਵੇ ਨਾਲ ਸੌਖਿਆਂ ਹੀ ਮਿਟਾਇਆ ਜਾ ਸਕਦਾ ਹੈ। ਇਸ ਸਮਾਗਮ ਨੂੰ ਸਫਲ ਬਣਾਉਣ ਲਈ ਭਾਈ ਨਰਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਚੱਠਾ ਆਦਿ ਪਰਿਵਾਰਾਂ ਨੇ ਵਡਮੁੱਲਾ ਯੋਗਦਾਨ ਪਾਇਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,