ਚੋਣਵੀਆਂ ਲਿਖਤਾਂ » ਲੇਖ

ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀਆਂ ਰਚਨਾਵਾਂ ਦੀ ਦ੍ਰਿਸ਼ਟੀ ਤੋਂ “ਮਜ੍ਹਬਾਂ ਦੇ ਚੜ੍ਹਤਲ ਅਤੇ ਪਤਨ ਵਿਚ ਜਾਣ ਦੇ ਕਾਰਨ”

October 1, 2021 | By

ਕਵੀ ਦਾ ਆਪਣੀ ਧਰਤੀ ਅਤੇ ਮਜ੍ਹਬ ਨਾਲ ਪਿਆਰ ਕਿਸੇ ਦਰਦ ਵਿਚ ਪਲਟ, ‘ਕਵੀ ਦੇ ਦਿਲ’ ਥਾਣੀ ਹੁੰਦਿਆਂ, ਰਚਨਾਵਾਂ ਦੇ ਰੂਪ ਵਿਚ ਪ੍ਰਗਟ ਹੋਇਆ, ਜਿਵੇਂ ਪੂਰਬੀ ਅਤੇ ਪੱਛਮੀ ਪੰਜਾਬ ਦੇ ਬਟਵਾਰੇ ਦਾ ਦਰਦ ‘ਕੁਰਲਾਉਂਦੇ ਕਾਫਲਿਆਂ’ ਵਿਚ ਪ੍ਰਗਟ ਹੋਇਆ, ਆਉਣ ਵਾਲੀ ਔਖੀ ਘੜੀ ਦੀ ਪੂਰਬ ਕਨਸੋਅ ਵਿਚੋਂ ‘ਸ਼ਹੀਦ ਦੀ ਅਰਦਾਸ’ ਦਾ ਜਨਮ ਲੈਣਾ ਅਤੇ ਧਰਮਾਂ ਦੇ ਜੀਵਨ ਵਿਚੋਂ ‘ਪਹਿਲ-ਤਾਜਗੀ’ ਦਾ ਸੁਕ ਜਾਣਾ ਅਤੇ ਰਸਾਤਲ ਦਾ ਛਾ ਜਾਣਾ, ਜੋ ‘ਸਹਿਜੇ ਰਚਿਓ ਖਾਲਸਾ ‘ ਦੀਆਂ ਅੱਠ ਲੰਬੀਆਂ ਪੁਸਤਕਾਂ ਦੇ ਰੂਪ ਵਿਚ ਪ੍ਰਗਟ ਹੋਇਆ। ਸੋ ਸਮੁੱਚੀਆਂ ਲਿਖਤਾਂ ਇਕ ਸੁਆਲ ਦੇ ਉੱਤਰ ਭਾਲਣ ਦਾ ਯਤਨ ਕਰਦੀਆਂ ਹਨ ਕਿ ਮਜ੍ਹਬਾਂ ਦਾ ਉੱਚੇ ਧਰਾਤਲਾ ਤੋਂ ਹੇਠਾਂ ਡਿਗਣਾ ਕਿਨ੍ਹਾਂ ਕਾਰਨਾਂ ਕਰਕੇ ਵਾਪਰਦਾ ਹੈ ਅਤੇ ਮਜ੍ਹਬ ਮੁੜ ਆਪਣੀ ‘ਪਹਿਲ-ਤਾਜਗੀ’ (ਚੜ੍ਹਤਲ ਦੇ ਦੌਰ) ਨੂੰ ਕਿਵੇਂ ਹਾਸਿਲ ਕਰ ਸਕਦੇ ਹਨ? ਇਸ ਵਿਸ਼ੇਸ਼ ਪ੍ਰਸ਼ਨ ਅਧੀਨ ਹੀ ਉਹ ਸਤਿਗੁਰ ਨਾਨਕ ਸਾਹਿਬ ਤੋਂ ਪਹਿਲਾਂ ਹੋ ਚੁਕੇ ਮਜ੍ਹਬਾਂ-ਧਰਮਾਂ ਦੇ ਇਤਿਹਾਸ, ਪੈਗੰਬਰੀ ਅਮਲ, ਦਰਸ਼ਨ, ਕਲਾ, ਨੈਤਿਕ ਸਦਾਚਾਰ ਆਦਿ ਨੂੰ ਸਮੁੱਚੇ ਰੂਪ ਵਿਚ ਆਪਣੇ ਅਧਿਐਨ ਦਾ ਵਿਸ਼ਾ ਬਣਾਉਦੇ ਹਨ, ਜੋ ਕਿ ਉਨ੍ਹਾਂ ਦੇ ਸਮੁੱਚੇ ਸਾਹਿਤਕ ਚਿਤਰਪਟ ‘ਤੇ ਫੈਲਿਆ ਹੋਇਆ ਹੈ।

ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀਆਂ ਸਮੁੱਚੀਆਂ ਰਚਨਾਵਾਂ ਬਹੁ-ਦਿਸ਼ਾਵੀ ਹੁੰਦੀਆਂ ਹੋਈਆਂ ਵੀ ਪਾਠਕ ਦੀ ਇਕਾਗਰਤਾ ਨੂੰ ਕਿਸੇ ਖਾਸ ਨੁਕਤੇ ‘ਤੇ ਕੇਂਦਰਿਤ ਕਰਦੀਆਂ ਹਨ। ‘ਸਹਿਜੇ ਰਚਿਓ ਖਾਲਸਾ’ ਵਿਚ ਕਵੀ ਆਪਣੇ ਮਨੋਰਥ ਬਾਰੇ ਲਿਖਦਾ ਹੈ ਕਿ “ਮੈਂ ਸਿੱਖ ਪੰਥ ਨੂੰ ਉਸਦੀ ‘ਪਹਿਲ-ਤਾਜਗੀ’ ਦਾ ਕੁੱਝ ਅਹਿਸਾਸ ਦੇਣਾ ਚਾਹੁੰਦਾ ਸਾਂ, ਮੈਂ ਉਸ ਪਵਿੱਤਰ ਅਤੇ ਬਲਵਾਨ ਜਜਬੇ ਨੂੰ ਸਿੱਖ ਕੌਮ ਦੇ ਅਨੁਭਵ ਨਾਲ ਜੋੜਨਾ ਚਾਹੁੰਦਾ ਸਾਂ, ਜਿਹੜਾ ਸਿੱਖ ਪੰਥ ਵਿਚ ਕਲਗੀਧਰ ਦੇ ਪੰਜ ਸੀਸ ਮੰਗਣ ਸਮੇਂ ਪੈਦਾ ਹੋਇਆ” (ਪੰਨਾ-੧੫, ਸਹਿਜੇ ਰਚਿਓ ਖ਼ਾਲਸਾ)। ਪਹਿਲ-ਤਾਜਗੀ ਦੇ ਅਮਲ ਨਾਲੋਂ ਟੁੱਟਣ ਕਾਰਨ ਖਾਲਸਾ ਪੰਥ ਦਾ ਤੇਜ ਇਕ ਸਮਾਨ ਬਰਕਰਾਰ ਨਹੀਂ ਰਹਿ ਪਾ ਰਿਹਾ ਹੈ ਅਤੇ ਇਸਦੀ ਸਮੂਹਿਕ-ਚੇਤਨਾ ਅੰਦਰੋਂ ਗੁਰੂ-ਸੁਹਜ ਕੁਮਲਾ ਰਿਹਾ ਹੈ। ਜਿਸਦੇ ਕਾਰਨ ਖਾਲਸਾ ਪੰਥ ਦਾ ਬੋਲਬਾਲਾ ਕਮਜੋਰ ਪੈ ਆਪਣੇ ਦੇਸ਼ ‘ਪੁਰੀ ਅਨੰਦ’ ਦੇ ਸੁਪਨੇ ਨੂੰ ਤਿਆਗ, ਗੁਮਰਾਹੀ ਦੇ ਪੈਂਡੇ ਤੈਅ ਕਰ ਰਿਹਾ ਹੈ। ਇਸ ਤੇਜ ਨੂੰ ਮੁੜ ਬਖਸ਼ਿਸ਼ ਰੂਪ ਵਿਚ ਹਾਸਿਲ ਕਰਨ ਲਈ ਕਵੀ ਕਲਗੀਆਂ ਵਾਲੇ ਨੂੰ ਪੁਕਾਰ ਰਿਹਾ ਹੈ। –

“ਤੂੰ ਆਵੀ ਕਲਗੀ ਵਾਲਿਆਂ, ਕੋਈ ਦੇਸ਼ ਨਾ ਸਾਡਾ
ਸੁਪਨਾ ਪੁਰੀ ਅਨੰਦ ਦਾ ਬੇ-ਨੂਰ ਦੁਰਾਡਾ”
(ਆਖਰੀ ਸ਼ਾਮ, ਪੰਨਾ- ੪੧੬)

ਸੋ, ਹੁਣ ਆਪਾਂ ਵੇਖਾਂਗੇ ਕਿ ‘ਪ੍ਰੋ. ਹਰਿੰਦਰ ਸਿੰਘ ਮਹਿਬੂਬ’ ਦੀਆਂ ਰਚਨਾਵਾਂ ਦੀ ਅੰਤਰ-ਦ੍ਰਿਸ਼ਟੀ ਅਨੁਸਾਰ ਖਾਲਸਾ ਪੰਥ ਦੀ ਤਵਾਰੀਖ ਵਿਚ ਚੜ੍ਹਤਲ (ਪਹਿਲ-ਤਾਜਗੀ) ਕਿਵੇਂ ਹੋਈ ਅਤੇ ਉਤਰਾਅ ਦੇ ਦੌਰ ਕਿਨ੍ਹਾਂ ਕਾਰਨਾਂ ਕਰਕੇ ਆਇਆ। ਸਭ ਤੋਂ ਪਹਿਲਾਂ ਖਾਲਸਾ ਪੰਥ ਵਿਚ ‘ਪਹਿਲ-ਤਾਜਗੀ’ ਦੇ ਪਲ ਨੂੰ ਉਹ ਦੋ ਤਰ੍ਹਾਂ ਸਮਝਾਉਂਦੇ ਹਨ। ਪਹਿਲਾ, ਜਦੋਂ ਸਤਿਗੁਰ ਦੇਹ ਰੂਪ ਵਿਚ ਪਿਤਾ ਰੂਪੀ ਧਰਵਾਸ ਹੋ ਗੁਰ-ਸੰਗਤ ਨੂੰ ਵਿਸ਼ੇਸ਼ ਨੁਹਾਰ ਵਿਚ ਢਾਲ ਰਹੇ ਹੁੰਦੇ ਹਨ ਉਦੋਂ ਖਾਲਸਾ ਪੰਥ ਸਤਿਗੁਰ ਦੇ ਨਾਲ ਤੀਬਰ ਗਤੀ ਵਿਚ ਪਹਿਲ-ਤਾਜਗੀ ਵੱਲ ਸਫਰ ਕਰ ਰਿਹਾ ਹੁੰਦਾ ਹੈ। ਜਿਵੇਂ ਕਵੀ ਦਾ ਕਹਿਣਾ ਹੈ ਕਿ, “ਜਦੋਂ ਕੌਮਾਂ ਆਪਣੇ ਜਨਮਦਾਤਾ ਪੈਗੰਬਰਾਂ ਦੇ ਨੇੜੇ ਹੁੰਦੀਆਂ ਹਨ ਤਾਂ ਉਹਨਾਂ ਦੀ ਫਿਤਰਤ ਵਿਚ ਆਪਣੇ ਮਜ੍ਹਬ ਦੀਆਂ ਬਹੁਤ ਤਾਜਾ ਅਤੇ ਮੌਲਿਕ ਰਮਜਾਂ ਹੁੰਦੀਆ ਹਨ। ਉਹਨਾਂ ਦੇ ਸੁਪਨਿਆਂ, ਆਸਾਂ ਅਤੇ ਚੜ੍ਹਦੀ ਕਲਾ ਦੀ ਚੇਤਨਾ ਵਿਚ ਉਹਨਾਂ ਦੇ ਜਨਮਦਾਤਿਆਂ ਦੇ ਇਸ਼ਾਰੇ ਭਰਪੂਰ ਮਾਤਰਾ ਵਿਚ ਹੁੰਦੇ ਹਨ। ਉਹਨਾਂ ਦੀ ਕਹਿਣੀ ਅਤੇ ਕਰਨੀ ਵਿਚ ਗੁਰੂ-ਪੈਗੰਬਰ ਦੀ ਅਤਿ ਨੇੜੇ ਦੀ ਛੋਹ ਹੁੰਦੀ ਹੈ। ਅਜਿਹੇ ਹਾਲਾਤ ਵਿਚ ਕੌਮਾਂ ਦੀ ਸਮੂਹਿਕ ਚੇਤਨਾ ਜਰਖੇਜ, ਚਮਤਕਾਰੀ ਅਤੇ ਬਰੀਕ ਹੁੰਦੀ ਹੈ। ਉਦੋਂ ਇਹ ਚੇਤਨਾ ਕਿਸੇ ਪ੍ਰਕਾਰ ਦੇ ਵਿਰੋਧ-ਵਿਕਾਸ ਦੇ ਅਸੂਲ ਦੀ ਸਰਦਾਰੀ ਕਬੂਲ ਨਹੀਂ ਕਰਦੀ ਅਤੇ ਇਹ ਹਰ ਕਿਸਮ ਦੇ ਆਰਥਕ ਪ੍ਰਭਾਵ ਤੋਂ ਅਜਾਦ ਹੁੰਦੀ ਹੈ। ਉਦੋਂ ਇਸ ਦੀ ਗਤੀ ਆਮ ਇਤਿਹਾਸ ਨਾਲੋਂ ਤਾਕਤਵਰ ਅਤੇ ਤੀਬਰ ਹੁੰਦੀ ਹੈ, ਕਿਉਂਕਿ ਉਦੋਂ ਇਤਿਹਾਸ ਇਸ ਵਿਚੋਂ ਜਨਮ ਲੈਂਦੇ ਹਨ। ਇਸੇ ਸਮੇਂ ਨੂੰ ਮਜ੍ਹਬਾਂ ਦੀ ਪਹਿਲ-ਤਾਜਗੀ ਦੀ ਅਵਸਥਾ ਕਿਹਾ ਜਾਂਦਾ ਹੈ।” (ਪੰਨਾ-੧੬, ਸਹਿਜੇ ਰਚਿਓ ਖਾਲਸਾ)।

ਦੂਜਾ, ਜਦੋਂ ਸਤਿਗੁਰ ਖਾਲਸਾ-ਪੰਥ ਨੂੰ ਆਪਣੇ ਅਕਾਲੀ ਸੱਚ ਦਾ ਪੱਲਾ ਫੜਾਅ ਕੇ ਸਰੀਰ ਤੋਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਵਿਚ ਕਾਇਆ ਪਲਟਾਉਂਦੇ ਹਨ ਤਾਂ ਖਾਲਸਾ-ਪੰਥ ‘ਪਰਖ ਦੀ ਘੜੀ’ (ਦਰਮਿਆਨ) ਵਿਚ ਸਤਿਗੁਰਾਂ ਦੀ ਅਦ੍ਰਿਸ਼ਟ ਅਗਵਾਈ ਲੈਂਦਿਆਂ ਕਿਵੇਂ ਆਪਣਾ ਸਫਰ ਕਰਦਾ ਹੈ ਅਤੇ ਕਦੋਂ ਤੱਕ ਆਪਣੀ ਸਮੂਹਿਕ ਚੇਤਨਾ ਅੰਦਰ ‘ਪਹਿਲ-ਤਾਜਗੀ’ ਨੂੰ ਸੰਭਾਲ ਕੇ ਰੱਖਦਾ ਹੈ, ਇਸਦੇ ਇਤਿਹਾਸਕ ਵਹਿਣ ਦਾ ਦੌਰ ਸ਼ੁਰੂ ਹੁੰਦਾ ਹੈ। ਸੋ ਅਗਲੇ ਪੜਾਅ ਵਿਚ ਗੁਰੂ ਖਾਲਸਾ ਪੰਥ ਪਰਖ ਦੀ ਘੜੀ ਵਿਚੋਂ ਲੰਘਦਾ ਹੈ। ਜੋ ਕਿ ਉਹਨਾਂ ਆਪਣੀ ਅੱਠਵੀਂ ਕਿਤਾਬ ‘ਸ਼ਮਸ਼ੀਰਾਂ ਦਾ ਵਜਦ’ ਵਿਚ ਦਰਸਾਇਆ ਹੈ ਕਿ ਕਿਵੇਂ ਨਿਆਰੇ ਖਾਲਸਾ ਆਦਰਸ਼ (ਜੋ ਨਾਮ ਅਤੇ ਸ਼ਬਦ ਦੀ ਅਗਵਾਈ ਹੇਠ ਘੜਿਆ ਗਿਆ) ਨੂੰ ਸਮੇਂ ਦੀਆਂ ਹਿਰਸਾਂ (ਲਾਲਸਾਵਾਂ) ਨਾਲ ਲੜਦਿਆਂ ਅਤੇ ਡੋਲਦਿਆਂ ਵਿਖਾਇਆ ਹੈ। ਸਿੱਖ ਕਿਵੇਂ ਤੇ ਕਿਸ ਮੋੜ ਤੇ ‘ਪਹਿਲ-ਤਾਜਗੀ’ ਨੂੰ ਕਮਜੋਰ ਪੈਣ ਦਿੰਦੇ ਹਨ ਅਤੇ ਕਿਵੇਂ ਸਿੱਖ ਸੁਰਤ ਦੇ ‘ਪਹਿਲੇ ਕੌਲ’ (ਭਾਵ ਗੁਰੂ ਦੀ ਯਾਦ ਨੂੰ ਸਲਾਮਤ ਨਾ ਰੱਖ ਸਕਣ ਦੇ ਪ੍ਰਣ) ਨੂੰ ਲਗਾਤਾਰ ਪਾਲਣ ਵਿਚ ਕਾਮਯਾਬ ਨਾ ਰਹੇ ਅਤੇ ਫੇਰ ਕਿਵੇਂ ਦੁਨਿਆਵੀ ਗਰਜਾਂ ਉਨ੍ਹਾਂ ਦੀ ਪਹਿਲ-ਤਾਜਗੀ ਨੂੰ ਕਮਜੋਰ ਕਰਨ ਲੱਗੀਆਂ। ਜਿਵੇ :-

“ਕੌਮਾਂ ਸੱਚੇ ਸੁਖ਼ਨ ਨੂੰ, ਜਦੋਂ ਜਾਂਦੀਆਂ ਟਾਲ,
ਰੂਹ ਦੇ ਪਹਿਲੇ ਕੌਲ ਨੂੰ, ਜਦੋਂ ਸਕਣ ਨ ਪਾਲ,
ਰਾਜਿ ਰੰਗ ਤੇ ਮਾਲਿ ਰੰਗ, ਜਦ ਦਿਲ ਲੈਂਦੇ ਠੱਗ”
(ਪੰਨਾ ੬੫੮, ਇਲਾਹੀ ਨਦਰ ਦੇ ਪੈਂਡੇ)

ਜੇਕਰ ਸੱਚੇ ਸੁਖਨ ਭਾਵ ਨਾਮ-ਬਾਣੀ ਨੂੰ ਭੁਲਾਉਣ ਤੋਂ ਬਾਅਦ ਅਤੇ ਸਿੰਘ ਨਿਆਰੇ ਖਾਲਸਾ ਆਦਰਸ਼ ਦੀ ਪ੍ਰਪੱਕਤਾ ਦੇ ਸਿਦਕ ਨੂੰ ਬਰਕਰਾਰ ਨਾ ਰੱਖ ਸਕੇ ਤਾਂ ਫਿਰ ਖਾਲਸਾ ਪੰਥ ਬਿਪਰ ਸੰਸਕਾਰ ਦੀ ਸਰਕਦੀ ਸਰਾਲ਼ ਦੇ ਘੇਰਿਆਂ ਵਿਚ ਫਸ ਜਾਏਗਾ । ਜਿਸ ਤੋਂ ਦਸਮ ਪਾਤਿਸ਼ਾਹ ਨੇ ਪਹਿਲਾਂ ਹੀ ਆਗਾਹ ਕੀਤਾ ਸੀ, “ਜਬ ਲਗ ਖਾਲਸਾ ਰਹੇ ਨਿਆਰਾ।। ਤਬ ਲਗ ਤੇਜ ਦੀਉ ਮੈਂ ਸਾਰਾ।। ਜਬ ਇਹ ਗਹੈ ਬਿਪਰਨ ਕੀ ਰੀਤ।। ਮੈਂ ਨ ਕਰੋਉਂ ਇਨ ਕੀ ਪ੍ਰਤੀਤ।।”(ਸਰਬਲੋਹ ਗ੍ਰੰਥ) ਦਸਮ ਪਾਤਿਸ਼ਾਹ ਦੇ ਹੁਕਮ ਤੋਂ ਬਾਹਰ ਜਾਣ ਕਾਰਨ ਬਿਪਰ ਸੰਸਕਾਰ ਖਾਲਸੇ ਦੇ ਕੱਚੇ ਕੋਠੇ ਨੂੰ ਦੀਮਕ ਦੀ ਨਿਆਈ ਭੋਰ-ਭੋਰ ਸੁਟ ਦੇਵੇਗਾ। ਜਿਸ ਬਾਰੇ ਮਹਿਬੂਬ ਸਾਹਿਬ ਆਪਣੇ ਮਹਾਕਾਵਿ ਵਿਚ ਲਿਖਦੇ ਹਨ:-

“ਕੱਚਾ ਕੋਠਾ ਖਾਲਸਾ, ਭੁਰ-ਭੁਰ ਗਿਰੇਗਾ ਹੰਭ,
ਦੀਮਕ ਕੀੜੇ ਸੱਪ ਦਾ, ਜੇ ਇਹ ਕਰੇਗਾ ਸੰਗ।
(ਜਿਲਦ-੪, ੩੮੪- ਪੰਨਾ)

ਸੋ, ਮਜ੍ਹਬ ਸਦਾ ਆਪਣੇ ਖੁੱਸੇ ਅਧਿਆਤਮਕ ਤੇਜ ਨੂੰ ਪ੍ਰਚੰਡ ਕਰ ਅਤੇ ਮੁੜ ਪਹਿਲ-ਤਾਜਗੀ ਦੇ ਛਿਣਾ ਨੂੰ ਹਾਸਲ ਕਰ, ਸਮੇਂ ਅਤੇ ਸਥਾਨ ਵਿਚ ਸੂਖਸ਼ਮ ਅਤੇ ਸਥੂਲ ਹਰ ਕਿਸਮ ਦੀਆਂ ਬੰਦਸ਼ਾਂ ਦੇ ਤੰਗ ਘੇਰਿਆ ਤੋਂ ਪਾਰ ਜਾ ‘ਸਦਾ-ਵਿਗਾਸ’ ਦੇ ‘ਵਿਦੇਹੀ-ਜਿਸਮ’ ਵਿਚ ਟਿਕਣਾਂ ਲੋਚਦੇ ਹਨ। ਪਰ ‘ਬਿਪਰ-ਸੰਸਕਾਰ ਦੀ ਨਾਂਹਮੁਖੀ ਪ੍ਰਕਿਰਿਆ’, ਜਿਸਨੂੰ ਮਹਿਬੂਬ ਸਾਹਿਬ ਮਜ੍ਹਬਾਂ ਨੂੰ ਪਤਨ ਵਿਚ ਲਿਆਉਣ ਦਾ ਸਭ ਤੋ ਪਹਿਲਾ ਅਤੇ ਵੱਡਾ ਕਾਰਨ ਮੰਨਦੇ ਹਨ, ਕੌਮ ਦੀ ਧਾਰਮਿਕ ਚੜ੍ਹਤਲ ਨੂੰ ਸਾਮੂਹਿਕ-ਚੇਤਨਾ ਵਿਚੋਂ ਲਗਾਤਾਰ ਆਪਣੇ ਤਲਿਸਮੀ ਵਾਰਾਂ ਨਾਲ ਗੰਦਲਾ ਕਰ ‘ਸ਼ਬਦ-ਸੁਰਤਿ’ ਦੀ ਨਿਰਾਕਾਰਤਾ ਵੱਲ ਵਿਗਸ ਰਹੀ ਉਡਾਰੀ ਨੂੰ ਕਈ ਕਿਸਮ ਦੇ ਸੂਖਸ਼ਮ ਅਤੇ ਸਥੂਲ ਬੁੱਤਾਂ ਵਿਚ ਅਟਕਾਉਣ ਉਪਰੰਤ ਉਸਦੀ ਸ਼ਾਹੀ ਪਰਵਾਜ ਨੂੰ ਦੁਨਿਆਵੀ ਤਰਕ ਅਧੀਨ ਲਿਆ ਖੜਾ ਕਰਦੀ ਹੈ। ਕਵੀ ਦੇ ਆਪਣੇ ਸ਼ਬਦਾਂ ‘ਚ “ਬਿਪਰ-ਸੰਸਕਾਰ ਮਨੁੱਖ ਦੀ ਧਰਮ ਅਨਭੂਤੀ ਦੇ ਨਿਰਾਕਾਰ ਅਤੇ ਸਥੂਲ ਖੇਤਰਾਂ ਥੀਂ ਵਿਚਰਦੀ ਅਜਿਹੀ ਨਿਸ਼ੇਧ ਪ੍ਰਕਿਰਿਆ ਹੈ, ਜਿਹੜੀ ਇਕੋ ਸਮੇਂ ਵਿਅਕਤੀ ਅਤੇ ਜਾਤੀ ਦੀ ਲਿਵ ਨਿਰੰਤਰਤਾ ਨੂੰ ਰੱਬੀ ਮਿਹਰ ਅਤੇ ਹੁਕਮ ਦੀ ਵਿਸ਼ਾਲਤਾ ਨਾਲੋਂ ਤੋੜਦੀ ਹੋਈ ਕੇਵਲ ਮਨੁੱਖ ਦੀ ਇੰਦ੍ਰਿਆਵੀ ਅਨੁਭਵ ਵਿਚੋਂ ਉਪਜਣ ਵਾਲੀ ਗਿਆਨ-ਹਉਮੈ ਦੇ ਅਧੀਨ ਕਰ ਦਿੰਦੀ ਹੈ।” ਪ੍ਰੋ. ਹਰਿੰਦਰ ਸਿੰਘ ਮਹਿਬੂਬ ਅਨੁਸਾਰ, ਖਾਲਸਾ-ਚੇਤਨਾ ਨੂੰ ਰਸਾਤਲ ਵਿਚ ਲਿਆਉਣ ਲਈ ਮੁੱਖ ਰੂਪ ਵਿਚ ਬਿਪਰ-ਸੰਸਕਾਰ ਨੇ ਤਿੰਨ ਹਮਲੇ ਕੀਤੇ ਹਨ, ਅੱਗੇ ਜਾ ਕੇ ਜਿਨ੍ਹਾਂ ਦੀਆਂ ਅਨੇਕਾਂ ਦਿਸ਼ਾਵਾਂ ਬਣਦੀਆਂ ਹਨ। ਪਹਿਲਾਂ ਹਮਲਾ – ਬਿਪਰ-ਸੰਸਕਾਰ ਦਾ ਪਹਿਲਾ ਵਾਰ ਅਕਾਲਪੁਰਖ ਦੇ ਹੁਕਮ ਅਤੇ ਮਿਹਰ ਦੀ ਮਹਾਨਤਾ ਨੂੰ ਹਰਾਉਣ ਦੇ ਯਤਨ ਕਰਨਾ ਹੈ। (ਵਿਸਥਾਰ- ਪੰਨਾ- ੪੪੩, ਸਹਿਜੇ ਰਚਿਓ ਖਾਲਸਾ)। ਦੂਜਾ ਹਮਲਾ – ਬਿਪਰ-ਸੰਸਕਾਰ ਦਾ ਦੂਜਾ ਵਾਰ ਗੁਰਗੱਦੀ ਨੂੰ ਦੁਨਿਆਵੀ ਤਰਕ ਅਧੀਨ ਲਿਆਉਣਾ ਹੈ (ਵਿਸਥਾਰ- ਪੰਨਾ-੪੪੬, ਓਹੀ)। ਤੀਜਾ ਹਮਲਾ – ਬਿਪਰ-ਸੰਸਕਾਰ ਦਾ ਤੀਜਾ ਹਮਲਾ ਸਿੱਖ-ਚੇਤਨਾ ਨੂੰ ਗੰਦਲਾ ਕਰਨ ਦੇ ਰੂਪ ਵਿਚ ਹੋਇਆ (ਵਿਸਥਾਰ-੬੫੮, ਓਹੀ)। ਬਿਪਰ ਸੰਸਕਾਰ ਅਜਿਹੇ ਬਦ-ਅਮਲ ਨੂੰ ਅੰਜਾਮ ਦੇਣ ਲਈ ਈਰਖਾ, ਫਰੇਬ, ਦਗੇ, ਚਲਾਕੀਆਂ, ਮਕਾਰੀਆਂ, ਅਸਲ ਦੀ ਜਗ੍ਹਾ ਨਕਲ ਨੂੰ ਸਥਾਪਿਤ ਕਰਨਾ, ਝੂਠੇ ਬਿਰਤਾਂਤ ਸਿਰਜਣੇ, ਅਨੇਕਾਂ ਤਰ੍ਹਾਂ ਦੇ ਬੁੱਤ ਸਥਾਪਤ ਕਰਨੇ ਆਦਿ ਹਰੇਕ ਤਰ੍ਹਾਂ ਦੇ ਕੁਕਰਮ ਦਾ ਸਹਾਰਾ ਲੈਂਦਾ ਹੈ। ਸੋ ਗੁਰੂ ਖਾਲਸਾ ਪੰਥ ਅਜਿਹੀ ਪ੍ਰਸਥਿਤੀ ਵਿਚ ਅਟਕਣ ਤੋ ਬਾਅਦ ਆਪਣੀ ਪਹਿਲ-ਤਾਜਗੀ ਦੇ ਪਾਕ ਜਜਬੇ ਤੋਂ ਬੇਰੁਖੀ ਅਖਤਿਆਰ ਕਰ ਲੈਂਦਾ ਹੈ ਅਤੇ ਨਾਲ ਹੀ ਅਕਾਲ ਦੇ ਤਖਤ ਤੋਂ ਆ ਰਹੀ ਅਗਵਾਈ ਨੂੰ ਵੇਖਣ ਅਤੇ ਧਾਰਨ ਕਰਨ ਦਾ ਹੱਕ (ਅੰਤਰ ਦ੍ਰਿਸ਼ਟੀ) ਵੀ ਗੁਆ ਲੈਦਾ ਹੈ। ਉਪਰੰਤ ਧਰਮ-ਯੁੱਧ ਲੜ ਰਹੇ ਯੋਧਿਆਂ ਸੰਗ ਦੁਨਿਆਵੀ ਲਾਲਸਾਵਾਂ ਸਫਰ ਕਰਨ ਲੱਗ ਪੈਂਦੀਆਂ ਹਨ, “ਹਿਰਸਾ ਨਾਲ ਤੁਰਨ ਅਸਵਾਰਾ, ਜਗਤ-ਰਣਾ ਦੀ ਵਾਟੇ”। ਜਿਸਦੇ ਨਤੀਜੇ ਵਜੋਂ ਸਿੱਖ ਬੇਪਤੀ ਦੇ ਦਰ ਢੁੱਕਦਾ ਹੈ। ਮਾਹੀ ਦਾ ਲੜ ਛੱਡਣਾ ਹੀ ਬੇਪਤੀ ਦੇ (ਆਲਮ) ਰਾਹ ਪੈਣਾ ਹੈ, ਜਿਸਨੂੰ ਮੁਹੰਮਦ ਇਕਬਾਲ “ਕੌਮੋਂ ਕੇ ਲਿਯੇ ਮੌਤ ਹੈ ਮਰਕਜ ਸੇ ਜੁਦਾਈ” ਕਹਿੰਦਿਆਂ ਸਮੁੱਚੀ ਇਸਲਾਮਿਕ ਤ੍ਰਾਸਦੀ ਦੇ ਸੰਤਾਪ ਦਾ ਰਾਜ ਬਿਆਨ ਕਰਦਾ ਹੈ ਅਤੇ ਕਵੀ ਸਿੱਖਾਂ ਦੀ ਤ੍ਰਾਸਦੀ ਦਾ ਹੱਲ ਮਾਹੀ ਦੇ ਲੜ ਫੜਨ ਵਿਚ ਦੱਸਦਾ ਹੈ :-

“ਮੂੰਹ-ਜ਼ੋਰ ਸਮਾਂ ਨ ਕੌਮੇ! ਨਿਗਲ ਸਕੇਗਾ ਤੈਨੂੰ;
ਅੱਪਣੀ ਪੱਤ ਪਛਾਣ ਲਵੇਂ ਜੇ, ਲੜ ਮਾਹੀ ਦਾ ਫੜ ਕੇ।”
(ਝਨਾਂ ਦੀ ਰਾਤ, ਸ਼ਹੀਦ ਦੀ ਅਰਦਾਸ, ਖ਼ੂਨੀ ਸਾਕਿਆਂ ਪਿੱਛੋਂ)

ਉਂਝ ਨਹੀਂ ਤਾਂ ਇਤਿਹਾਸਕ ਤੌਰ ‘ਤੇ ‘ਖਾਲਸਾ-ਜਿਸਮ’ ਅਨੇਕਾਂ ਦਫਾ ਸਮੇਂ ਦੀਆਂ ਸਖਤ ਮੁਸ਼ਕਿਲਾਂ ਵਿਚੋਂ ਲੰਘਿਆ, ਦੁਨਿਆਵੀ ਤੌਰ ‘ਤੇ ਹਾਰਾਂ ਵੀ ਹੋਈਆਂ ਪਰ ਇਹਦੇ ਦਰਮਿਆਨ ਵੀ ਕਦੀ ਬੇਪਤੀ ਦਾ ਛਿਣ ਪਰਤੀਤ ਨਹੀਂ ਹੋਇਆ, ਸਗੋਂ ਜਦੋਂ-ਜਦੋਂ ‘ਖਾਲਸਾ-ਜਿਸਮ’ ਸਮੇਂ ਦੀ ਤ੍ਰਿਖਾ ਦੇ ਸਖਤ ਅਤੇ ਕਰੂਪ ਨਿਯਮਾਂ ਅਧੀਨ ਆਇਆ ਹੈ ਉਸਦਾ ਜਮਾਲ ਹੋਰ ਵੀ ਵਧੇਰੇ ਨਿਖਰ ਕੇ ਪਹਿਲ-ਤਾਜਗੀ ਦੇ ਘਰ ਪਹੁੰਚਿਆ ਹੈ। ਜਿਸ ਵਿਚ ਸਦਾ ਹੀ ਖਾਲਸਾ ਚੇਤਨਾ ਨੂੰ ਮਹਾਂ ਪ੍ਰਵਾਜ ਦਾ ਛਿਣ ਨਸੀਬ ਹੋਇਆ।

ਮਜ੍ਹਬ ਪਤਨ ਦੇ ਦੌਰ ਦਾ ਸ਼ਿਕਾਰ ਕਿਨ੍ਹਾਂ ਕਾਰਨਾਂ ਕਰਕੇ ਹੁੰਦੇ ਹਨ ਅਤੇ ਮਜ੍ਹਬ ਮੁੜ ਪਹਿਲ-ਤਾਜਗੀ ਦੇ ਮਰਤਬੇ ਨੂੰ ਕਿਵੇਂ ਹਾਸਿਲ ਕਰ ਸਕਦੇ ਹਨ? ਅਜਿਹੇ ਅਨੇਕਾਂ ਪ੍ਰਸ਼ਨਾਂ ਦੇ ਉੱਤਰ ਪ੍ਰੋ. ਹਰਿੰਦਰ ਸਿੰਘ ਮਹਿਬੂਬ ਆਪਣੀ ਸ਼ਾਹਕਾਰ ਰਚਨਾ (Magnum Opus) ‘ਇਲਾਹੀ ਨਦਰ ਦੇ ਪੈਂਡੇ’ ਮਹਾਂਕਾਵਿ ਵਿਚ ਅਨੇਕਾਂ ਇਤਿਹਾਸਕ ਦ੍ਰਿਸ਼ਾਟਾਤਾਂ ਦੀ ਮਦਦ ਨਾਲ ਦਿੰਦੇ ਹਨ। ਮਹਾਂਕਾਵਿ ਦੇ ਸਰਗ ਪਹਿਲੇ ਵਿਚ ਕਵੀ ਸਤਿਗੁਰ ਨਾਨਕ ਸਾਹਿਬ ਦੇ ਆਗਮਨ ਤੋਂ ਪੂਰਬ ਹੋ ਚੁੱਕੇ ਧਰਮਾਂ ਦੀ ਗੱਲ ਕਰਦਿਆਂ, ਇਤਿਹਾਸ ਨੂੰ ਕਾਵਿ ਜਾਮਾ ਪਹਿਨਾਉਂਦਾ ਹੈ। ਜਿਸ ਸਾਹਿਤਕ ਵਿਧਾ ਬਾਰੇ ਕਵੀ ਦਾ ਖਿਆਲ ਹੈ ਕਿ ਇਤਿਹਾਸ ਦੀ ਤਾਜਗੀ ਅਤੇ ਰਵਾਨਗੀ ਸਿਰਫ ਕਾਵਿ ਵਿਚ ਹੀ ਤਾਜਾ ਰਹਿ ਸਕਦੀ ਹੈ, ਨਸਰ (ਵਾਰਤਕ) ਇਸਨੂੰ ਸੀਮਤ ਅਤੇ ਬੇਹਾ ਬਣਾ ਦਿੰਦੀ ਹੈ। ਸਤਿਗੁਰ ਨਾਨਕ ਸਾਹਿਬ ਤੋਂ ਪੂਰਬ ਹੋ ਚੁੱਕੇ ਮਜ੍ਹਬਾਂ ਤੇ ਧਰਮਾਂ ਦੇ ਚੜ੍ਹਤਲ ਅਤੇ ਰਸਾਤਲ ਵਿਚ ਜਾਣ ਦੇ ਹਾਲ ਦੀ ਪੜਤਾਲ ਕਰਨ ਲਈ ਉਹ ਮੁੱਖ ਤੌਰ ਤੇ ਇਸਲਾਮ ਦੇ ਇਤਿਹਾਸਕ ਗਤੀਸ਼ੀਲਤਾ ਵਿਚ ਉਚਾਈ ‘ਤੇ ਜਿਊਣ ਤੋਂ ਨਿਸ਼ੇਦ ਪ੍ਰਕਿਰਿਆ ਦਾ ਸ਼ਿਕਾਰ ਹੋਣ ਤੱਕ ਦੀ ਗੱਲ ਕਰਦਾ ਹੈ। ਕਵੀ ਇਸਲਾਮ ਦੇ ਇਤਿਹਾਸ ਦੀ ਪਾਠਕਾਂ ਨਾਲ ਸਾਂਝ ਦੋ ਇਤਿਹਾਸਕ ਪਾਤਰਾਂ ਬੀਬੀ ਰਾਬਿਆ ਬਸਰਾ (ਜਿਨ੍ਹਾਂ ਨੇ ਇਸਲਾਮੀ ਸੂਫੀਵਾਦ ਨੂੰ ਇਕ ਨਵੀਂ ਸ਼ਾਨ ਬਖਸ਼ੀ) ਅਤੇ ਇਸਮਾਇਲ (ਹਜਰਤ ਇਬਰਾਹਿਮ ਦੇ ਪੁੱਤਰ) ਦੀ ਮਦਦ ਨਾਲ ਇਕ ਪ੍ਰਤੀਕਾਤਮਕ ਵਾਰਤਾਲਾਪ ਦਾ ਬਿਰਤਾਂਤ ਸਿਰਜ ਕੇ ਪਵਾਉਂਦਾ ਹੈ।

ਸੋ, ‘ਥਲ ਦੀ ਤਲਖ ਵੀਰਾਨੀ ਤੋਂ ਜਾਗ’ ਰਾਬਿਆ ਦੀ ਰੂਹ, ਪੁਰਾਣੇ ਪੈਗੰਬਰ ਇਸਮਾਇਲ ਨੂੰ ਪੁਕਾਰ ਇਸਲਾਮ ਦੇ ਸਿਖਰ ਜਲੋਅ ਤੋਂ ਪਤਨ ਦੇ ਦੌਰ ਦਾ ਸ਼ਿਕਾਰ ਹੋਣ ਦਾ ਕਾਰਨ ਪੁਛਦੀ ਹੈ ਕਿ “ਕਿਉਂ ਨ ਮਿਲਣ ਕੁਰਾਨ ਤੋਂ ਪਾਣੀ”? ਰਾਬਿਆ ਇਸਮਾਇਲ ਨੂੰ ਪੁਛਦੀ ਹੈ ਕਿ ਸਮੂਹਿਕ-ਚੇਤਨਾ ਤੋਂ ਇਲਾਹੀ ਸੋਮੇਂ ਕਿਉਂ ਸੁਕ ਗਏ ਹਨ ਅਤੇ ਪੈਗੰਬਰ ਦੇ ਰਾਹ ਤੇ ਚੱਲਣ ਵਾਲਿਆਂ ਨੂੰ ਮੁੜ ਕੁਰਾਨ ਤੋਂ ਜਮਜਮ ਦੇ ਜਲ ਜਿਹਾ ਅਧਿਆਤਮਿਕ-ਬਲ ਕਿਉਂ ਨਸੀਬ ਨਹੀਂ ਹੋ ਰਿਹਾ। ਮੁਹੰਮਦ ਇਕਬਾਲ ਵੀ ਆਪਣੇ ‘ਸਾਕੀ ਨਾਮਹ’ ਵਿਚ ‘ਸਾਕੀ’ ਭਾਵ ਅੱਲ੍ਹਾ ਕੋਲੋਂ ਰਾਬਿਆ ਦੀ ਤਰ੍ਹਾਂ ਹੀ ‘ਸ਼ਰਾਬ-ਏ-ਕੁਹਨ’ ਭਾਵ ਅਧਿਆਤਮਿਕ-ਬਲ ਮੰਗਦੇ ਹਨ, ਜੋ ਮੁਸਲਮਾਨਾਂ ਨੂੰ ਕਿਸੇ ਸਮੇ ਪਹਿਲ-ਤਾਜਗੀ ਦੇ ਛਿਣਾਂ ਵਿਚ ਪ੍ਰਾਪਤ ਸੀ, ਅਤੇ ਸਮੇਂ ਦੀ ਬੇਵਫਾ ਗਰਦ ‘ਸ਼ਰਾਬ-ਏ-ਕੁਹਨ’ ਦਾ ਨਸ਼ਾ ਉਤਾਰਨ ਵਿਚ ਕਾਮਯਾਬ ਹੋਈ ਜਿਵੇ:-

ਬੁਝੀ ਇਸ਼ਕ ਕੀ ਆਗ, ਅੰਧੇਰ ਹੈ,
ਮੁਸਲਮਾ ਨਹੀਂ, ਰਾਖ ਕਾ ਢੇਰ ਹੈ,
ਸ਼ਰਾਬ-ਏ-ਕੁਹਨ (ਪੁਰਾਣੀ ਸ਼ਰਾਬ)
ਫਿਰ ਪਿਲਾ ਸਾਕਿਯਾ,
ਵੁਹੀ ਜਾਮ ਗਰਦਿਸ਼ ਮੇ ਲਾ ਸਾਕਿਯਾ
(ਸਾਕੀ ਨਾਮਹ, ਬਾਲ-ਏ-ਜਿਬਰੀਲ)

ਰਾਬਿਆ ਦੇ ਜਵਾਬ ਵਿਚ ਇਸਮਾਇਲ ਇਸਲਾਮ ਦੇ ਪਤਨ ਵੱਲ ਜਾਣ ਦੇ ਕਾਰਨ ਦੱਸਦੇ ਕਹਿਦੇ ਹਨ ਕਿ ਮਜ੍ਹਬ ਜਦੋਂ ਵਲੀ ਪੈਗੰਬਰ ਦੇ ਹੁਕਮ-ਅਦੇਸ਼ਾ ਨੂੰ ਭੁੱਲ ਦੁਨਿਆਵੀ ਚੁਸਤ ਚਲਾਕੀਆਂ ਦਾ ਸਹਾਰਾ ਲੈਂਦੇ ਹੋਏ ਆਪਣੇ ਆਪ ਨੂੰ ਸਿਆਣੇ ਹੋਣ ਦਾ ਭਰਮ ਪਾਲਦੇ ਹਨ, ਅਜਿਹੇ ਪਲ, ਪੁਰਾਣੇ ਪੈਗੰਬਰ ਇਸਮਾਇਲ ਦੇ ਕਹਿਣ ਅਨੁਸਾਰ ਉਨ੍ਹਾਂ ਦੀ ਖਾਲਸ-ਚੇਤਨਾ ਅੰਦਰ ਪ੍ਰਵਿਰਤ ਜ਼ਮਜ਼ਮ (ਪਵਿੱਤਰ ਚਸ਼ਮਾ) ਇਲਾਹੀ ਸੋਮਿਆਂ ਨੂੰ ਸ਼ੈਤਾਨ ਪੀ ਜਾਂਦੇ ਹਨ। ਜਿਵੇਂ :-

ਪੈੜ ਵਲੀ ਦੀ ਭੁਲ ਜਾਂਦੇ ਨੇ
ਜਦ ਹੋ ਮਜ਼੍ਹਬ ਸਿਆਣੇ
ਜ਼ਮਜ਼ਮ ਨੂੰ ਤਦ ਪੀ ਜਾਂਦੇ ਨੇ
ਅਜ਼ਾਜ਼ੀਲ ਧਿੰਙਾਣੇ।
(ਇਲਾਹੀ ਨਦਰ ਦੇ ਪੈਂਡੇ-ਭਾਗ ਪਹਿਲਾ,ਪੰਨਾ-੪੬, [ਅਜ਼ਾਜ਼ੀਲ ਭਾਵ ਸ਼ੈਤਾਨ])

ਅਗਲੇ ਨੁਕਤਿਆਂ ਵਿਚ ਇਸਮਾਇਲ ਮਜ੍ਹਬ ਦੇ ਵਾਰਸ ਬਣ ਜਗਤ-ਰਣਾ ਵਿਚ ਜੂਝ ਰਹੇ ਹਨ, ਅਤੇ ਜਿਨ੍ਹਾਂ ਦੇ ਅਮਲ ਨੂੰ ਮਜ੍ਹਬ ਦਾ ਅਮਲ ਮੰਨਿਆ ਜਾਂਦਾ ਹੈ, ਇਸਮਾਇਲ ਦੇ ਕਹਿਣ ਅਨੁਸਾਰ ਅਜਿਹੇ ਵੇਲੇ ਜਦੋਂ ਮਜ੍ਹਬਾਂ ਦੀ ਸਮੂਹਿਕ ਚੇਤਨਾ ਅਕਾਲੀ ਹੁਕਮ ਤੇ ਮਿਹਰ ਨਾਲੋਂ ਟੁੱਟ ਜਾਂਦੀ ਹੈ ਅਤੇ ਮੁਜਾਹਿਦ ਮਨ ਦੇ ਵਿਕਾਰੀ ਪ੍ਰਭਾਵਾਂ ਅਧੀਨ ਆ ਜਾਂਦੇ ਹਨ, ਤਾਂ ਬਾਕੀ ਜੋ ਕੁਝ ਵੀ ਬਚਦਾ ਹੈ, ਉਸ ਨਾਲ ਸਿਦਕ ਘਾਟੇ ਵਿਚ ਰਹਿੰਦਾ ਹੈ ਅਤੇ ਫਿਰ ਦੁਨਿਆਵੀ ਜੰਗ ਵਿਚ ਜੂਝਣ ਵਾਲੇ ਧਰਮੀ ਯੋਧਿਆਂ ਨਾਲ ਹਿਰਸਾਂ (ਤ੍ਰਿਸ਼ਨਾਵਾਂ) ਸਫਰ ਕਰਦੀਆਂ ਹਨ। ਮੁਹੰਮਦ ਸਾਹਿਬ ਨੇ ਇਕ ਦਫਾ ਜਿਹਾਦ ਲੜ ਰਹੇ ਮੁਜਾਹਿਦਾਂ ਨੂੰ ਮਹਾਨ-ਜੰਗ ਅਤੇ ਛੋਟੀ-ਜੰਗ ਵਿਚਲਾ ਫਰਕ ਸਮਝਾਉਂਦਿਆਂ ਆਖਿਆ, “We are finished with the lesser war (jihad); now we are starting the greater holy war (holy jihad).” He explained to his followers that fighting against an outer enemy is the lesser war and fighting against one’s self is greater holy war. ਪੈਗੰਬਰ ਮੁਹੰਮਦ ਸਾਹਿਬ ਸਮਝਾਉਂਦੇ ਹਨ ਕਿ ਬਾਹਰੀ ਦੁਸ਼ਮਣ ਤੇ ਜਿੱਤ ਪ੍ਰਾਪਤ ਕਰਨਾ ਛੋਟੀ-ਜੰਗ ਹੈ ਸਗੋਂ ਆਪਣੇ ਮਨ ਦੇ ਵਿਕਾਰੀ ਪ੍ਰਭਾਵਾਂ ਨਾਲ ਲੜਦਿਆਂ ਉਨ੍ਹਾਂ ਤੇ ਜਿੱਤ ਪ੍ਰਾਪਤ ਕਰਨੀ ਮਹਾਨ-ਜੰਗ ਹੈ। ਜਦੋਂ ਕੋਈ ਯੋਧਾ ਇਸ ਵੱਡੀ ਜੰਗ ਵਿਚ ਸਤਿਗੁਰਾਂ ਦੀ ਦੱਸੀ ਜੁਗਤ ਨੂੰ ਪਾਲ ਨਾ ਸਕੇ, ਉਦੋਂ ਯੋਧਿਆਂ ਦੀਆਂ ਦੁਨਿਆਵੀ ਜੰਗਾਂ ਦੀਆਂ ਇਤਿਹਾਸਕ ਜਿੱਤਾਂ ਵੀ ਰਾਜ ਰੰਗ ਅਤੇ ਮਾਲ ਰੰਗ ਦੀਆ ਤੁਛ ਪ੍ਰਾਪਤੀਆਂ ਵਿਚ ਪਲਟ ਕੇ ਰਹਿ ਜਾਂਦੀਆਂ ਹਨ। ਸੋ ਅਕਾਲੀ ਨਾਮ ਦੇ ਰੰਗ ਤੋਂ ਵਾਂਝੇ, ਯੋਧੇ ਲੋੜੀਂਦੇ ਸਿਦਕ ਦੀ ਘਾਟ ਕਾਰਕੇ ਖਾਲਸਾ ਪੰਥ ਨੂੰ ਪਤਨ ਵੱਲ ਸਫਰ ਕਰਵਾਉਂਦੇ ਹਨ। ਜਿਵੇ :-

“ਜਦ ਇਲਹਾਮ ਬਿਨਾਂ ਕੁਝ ਬਾਕੀ
ਸਿਦਕ ਰਹਿਣ ਵਿਚ ਘਾਟੇ
ਹਿਰਸਾਂ ਤੁਰਨ ਨਾਲ ਅਸਵਾਰਾਂ
ਜਗਤ-ਰਣਾਂ ਦੀ ਵਾਟੇ।
(ਇਲਾਹੀ ਨਦਰ ਦੇ ਪੈਂਡੇ, ਪੰਨਾ-੪੭)

ਅਗਲੀਆਂ ਸਤਰਾਂ ਵਿਚ ਕਵੀ ਦੁਨਿਆਵੀ ਜੰਗਾਂ ਵਿਚ ਜੂਝ ਰਹੇ ਯੋਧਿਆਂ ਦਾ ਫਕੀਰਾਂ (ਅਕਾਲੀ ਹੁਕਮ ਨਾਲ ਇਕਸੁਰ ਸਖਸ਼ੀਅਤਾਂ) ਨਾਲ ਰਾਬਤਾ ਰੱਖਣਾ ਜਰੂਰੀ ਦੱਸਦੇ ਹਨ ਜਿਸ ਕਾਰਨ ਉਹ ਅਕਾਲੀ ਹੁਕਮ ਦੀ ਰੌਸ਼ਨੀ ਵਿਚ ਧਰਮ-ਯੁੱਧ ਦੀ ਸਹੀ ਦ੍ਰਿਸ਼ਟੀ ਲੈ ਸਕਣਗੇ। ਇਸ ਲਈ ਲਸ਼ਕਰਾਂ ਨੂੰ ਫਕੀਰਾਂ ਨਾਲ ਸੁਖਨ (ਵਚਨ, ਵਿਚਾਰ) ਕਰਨੇ ਜਰੂਰੀ ਹਨ। ਨਹੀ ਤਾਂ ਦੁਨਿਆਵੀ ਜੰਗ ਵਿਚ ਯੋਧਿਆਂ ਦੇ ਮਨ ਅੰਦਰ ਉਠ ਰਹੀਆਂ ਲਾਲਸਾਵਾਂ ਕਾਰਨ ਉਹਨਾਂ ਦੀਆਂ ਸ਼ਮਸ਼ੀਰਾ ਨਿਰਭੈਅ ਦਿਲਾਂ ਨੂੰ ਨਹੀਂ ਭਾਲ ਸਕਣਗੀਆਂ। ਜਿਵੇ:-

“ਨਾ ਨਿਰਭੈਅ ਦਿਲਾਂ ਦੇ ਗੋਸ਼ੇ
ਢੂੰਡ ਸਕਣ ਸ਼ਮਸ਼ੀਰਾਂ
ਜੇ ਨਾ ਸੁਖ਼ਨ ਲਸ਼ਕਰਾਂ ਕੀਤੇ
ਨਾਲ ਮਾਸੂਮ ਫ਼ਕੀਰਾਂ।
(ਇਲਾਹੀ ਨਦਰ ਦੇ ਪੈਂਡੇ, ਪੰਨਾ-੪੭)

ਅਗਲੇ ਨੁਕਤੇ ਵਿਚ ਕਵੀ ‘ਸੀਸੀਪਸ ਦੀ ਮਿੱਥ’ ਨੂੰ ਪ੍ਰਤੀਕ ਦੇ ਤੌਰ ‘ਤੇ ਵਰਤੋਂ ਵਿਚ ਲਿਆ ਮਜ੍ਹਬਾਂ ਦੇ ਆਪਣੀ ਪਹਿਲੀ ਉਚਾਈ ‘ਤੇ ਜਾਣਾ ਅਤੇ ਸੀਸੀਪਸ ਦੇ ਭਾਰੀ ਪੱਥਰ ਦੀ ਤਰ੍ਹਾਂ ਫਿਰ ਥੱਲੇ ਡਿਗਣ ਦੀ ਲਗਾਤਾਰ ਚਲ ਰਹੀ ਕਸ਼ਮਕਸ਼ ਨੂੰ ਬਿਆਨ ਕਰਦਾ ਹੈ। ਸੋ, ਮਜ੍ਹਬ ਆਪਣੇ ਉਚਾਈ ‘ਤੇ ਜਾਣ ਦਾ ਯਤਨ ਕਰਦੀਆਂ ਹਨ ਪਰ ਹਿਰਸਾਂ (ਤ੍ਰਿਸ਼ਨਾਵਾਂ) ਦੇ ਭਾਰੀ ਪੱਥਰ ਮਜ਼੍ਹਬ ਨੂੰ ਕਮਜੋਰ ਕਰ ਫਿਰ ਹੇਠਾਂ ਲਿਆ ਪਟਕਦੇ ਹਨ। ਜਿਵੇ :-

“ਕੌਮਾਂ ਚੜ੍ਹਣ ਪਹਾੜੀਂ,
ਡਿੱਗਣ ਹਿਰਸ ਦੇ ਪੱਥਰ ਭਾਰੀ
ਰਗੀਂ ਕਹਿਰ ਸਰਾਪ ਦੇ ਮੱਚਣ
ਡਿੱਗ ਚੜ੍ਹਾਂ ਕਿਸ ਵਾਰੀ!
(ਇਲਾਹੀ ਨਦਰ ਦੇ ਪੈਂਡੇ, ਪੰਨਾ-੪੮)

ਫਿਰ ਇਸਮਾਇਲ ਰਾਬਿਆ ਨੂੰ ਮਜ੍ਹਬ ਦੇ ਹੱਥ-ਪੈਰ, ਉਸਦੀਆਂ ਸੰਸਥਾਵਾਂ ਵਿਚ ਆਏ ਵਿਰਾਟ ਸੰਕਟ ਬਾਰੇ ਦੱਸਦਾ ਹੈ, ਕਿ ਕਿਵੇਂ “ਜਬਰਾਈਲੀ ਪਰਵਾਜ਼ਾਂ ਤੋਂ ਨੇ ਪਾਕ ਮਿਨਾਰ ਜਾਂ ਖ਼ਾਲੀ” ਧਾਰਮਿਕ ਕੇਂਦਰ ਮਸਜਿਦ ਦੀਆਂ ਇਮਾਰਤਾਂ ਆਦਿ ਇਲਾਹੀ ਪੈਗਾਮ ਉਤਾਰਨ ਤੋਂ ਵਿਰਵਾ ਹੋ ਗਈਆਂ ਹਨ, ਅਤੇ ਇਨ੍ਹਾਂ ਵਿਚ ਸੁਰਤਿ ਨੂੰ ਪਰਵਾਜ਼ ਕਰਵਾਉਣ ਦਾ ਤਾਣ ਨਹੀਂ ਰਿਹਾ। ਇਸ ਸੰਕਟ ਕਾਰਨ “ਦਿਲਦੇ ਅਰਸ਼ ਤੇ ਫਿਰ ਨ ਆਵੇ ਜੋ ਤੁਰ ਜਾਂਦੀ ਲਾਲੀ” ਸਾਧਕ ਇਲਾਹੀ ਯਾਦ ਵਿਚ ਜੁੜਨਾ ਭੁੱਲ ਬੈਠੇ ਹਨ, ਜਿਸਦੇ ਕਾਰਨ ਯਾਦ ਦਾ ਪ੍ਰਤਾਪ ਭਾਵ ਲਾਲੀ ਵੀ ਇਨ੍ਹਾਂ ਦੇ ਹਿੱਸੇ ਨਾ ਰਹੀ। ਜਿਸ ਤੋਂ ਬਿਨਾਂ ਮਿਨਾਰਾਂ ਖਾਲੀ ਸ਼ੋਰ ਨਾਲ ਗੂੰਜ ਰਹੀਆਂ ਹਨ ਅਤੇ ਅਜਿਹੇ ਸੰਕਟ ਵਿਚ ਜਦੋ “ਸਮੇਂ ਦੇ ਜਦ ਖਿਆਲ ਚੋਂ ਸੁਕਦੇ ਇਲਹਾਮਾ ਦੇ ਪਾਣੀ” ਜਦੋ ਇਲਾਹੀ ਪੈਗਾਮ ਦਿਲਾਂ ‘ਤੇ ਉਤਰਨੇ ਬੰਦ ਹੋ ਜਾਂਦੇ ਹਨ ਤਾਂ ਕਾਫਲਿਆਂ ਵਿਚ ਪਾਸ਼ਵੀ ਰੂਹਾਂ ਟੱਕਰਦੀਆਂ ਹਨ।

ਮਜ੍ਹਬ ਦੀ ਚੜ੍ਹਤਲ ਦਾ ਭੇਤ ਦੱਸਦਿਆਂ ਇਸਮਾਇਲ ਕਹਿੰਦੇ ਹਨ ਕਿ ਮਜ੍ਹਬ ਆਪਣੀ ਸਵੇਰ ਨੂੰ ਉਦੋਂ ਹਾਸਿਲ ਕਰਦੀਆਂ ਹਨ, ਜਦੋਂ ‘ਤੇਗਾਂ ਦੇ ਵਾਲੀ’ ਮੁਸ਼ਕਿਲ ਤੋਂ ਮੁਸ਼ਕਿਲ ਸਮੇਂ ਵਿਚ ਵੀ ਪੈਗੰਬਰ ਦਾ ਪਾਕ ਦਾਮਨ ਨਾ ਛੱਡਣ ਅਤੇ ਜੰਗ ਦੇ ਮੈਦਾਨ ਵਿਚ ਯੋਧੇ ਨਮਾਜ਼ ਪੜ੍ਹਨ। ਉਦੋਂ ਘਰ-ਘਰ ਵਿਚ ਸਵੇਰ ਦੇ ਸਮੇ ਵਾਂਗ ਕੁਰਾਨ ਦੀ ਲਾਲੀ ਆਵੇਗੀ। ਜਿਵੇ :-

“ਘੋੜਾਂ ਉੱਤੇ ਪੜ੍ਹਣ ਨਮਾਜ਼ਾਂ
ਜਦ ਤੇਗ਼ਾਂ ਦੇ ਵਾਲੀ
ਘਰ ਘਰ ਵਿਚ ਫ਼ਜਰ ਜਿਉਂ ਆਏ
ਤਦੋਂ ਕ਼ੁਰਾਨ ਦੀ ਲਾਲੀ।
(ਇਲਾਹੀ ਨਦਰ ਦੇ ਪੈਂਡੇ, ਪੰਨਾ-੪੯)

ਅਗਲਾ ਨੁਕਤਾ, ਇਸਮਾਇਲ “ਪਰ ਪੈਗੰਬਰ ਦੇ ਪੈਂਡੇ ਵਿਚ ਦਾਵੇਦਾਰ ਕਰਾਰੇ” ਹਿਰਸਾਂ ਵਿਚ ਮਦਮਸਤ ਜੋ ਕਿ ਪੈਗੰਬਰ ਦੇ ਪੈਂਡੇ ਦੇ ਦਾਵੇਦਾਰ ਅਖਵਾਉਂਦੇ ਹਨ, ਅਜਿਹੇ ਫਰੇਬੀ ਨਾ-ਪਾਕ ਇਰਾਦਿਆਂ ਵਾਲ਼ੇ, ਨੇਕਦਿਲ ਮੁਰੀਦਾਂ ਦੀਆ ਕਤਾਰਾਂ ਵਿਚ ਬੈਠ ਫਰੇਬੀ ਸਿਜਦੇ ਕਰਦੇ ਹਨ, ਭਾਵ ਧਾਰਮਿਕ ਹੋਣ ਦਾ ਵਿਖਾਵਾ ਕਰਦੇ ਹਨ ਅਤੇ ਆਪਣੀਆ ਗਰਜਾਂ ਨੂੰ ਸ਼ਹੀਦਾਂ ਦਾ ਪਵਿੱਤਰ ਭੇਖ ਬਣਾ ਲਕਾਉਂਦੇ ਹਨ।ਜਿਵੇ :-

“ਕਰੇ ਫ਼ਰੇਬ ਸਜਦਿਆਂ ਮਿੱਠੇ
ਬਹਿ ਵਿਚ ਨੇਕ ਮੁਰੀਦਾਂ
ਗ਼ਰਜ਼ਾ ਛਲ ਗਈਆਂ ਰਣ ਭਾਰੇ
ਧਾਰ ਕੇ ਭੇਖ ਸ਼ਹੀਦਾਂ।
(ਇਲਾਹੀ ਨਦਰ ਦੇ ਪੈਂਡੇ, ਪੰਨਾ-੫੦)

ਫਿਰ ਇਸਮਾਇਲ ਮਜ੍ਹਬ ਦੀ ਚੜ੍ਹਤਲ ਦੇ ਸਫਰ ਵਿਚ ਰੱਬੀ ਮਿਹਰ (ਬਖਸ਼ਿਸ਼) ਕਿਵੇਂ ਸਹਾਈ ਹੁੰਦੀ ਹੈ, ਦੀ ਗੱਲ ਕਰਦੇ ਹਨ ਕਿ ਕਿਸੇ ਸਮੇਂ ਰੱਬੀ ਹਰਫ (ਦੈਵੀ ਮਿਹਰ) ਹਿਰਸਾਂ ਨੂੰ ਦੂਰ ਕਰ, ਮਜ੍ਹਬਾਂ ਨੂੰ ਅੰਦਰੋਂ ਯਾਦ ਨਾਲ ਆਪ ਸਹਾਈ ਹੋ ਨਿਵਾਜਦੀ ਹੈ। ਸੋ ਇਹ ਪਾਕ, ਪਵਿੱਤਰ ਯਾਦ ਉਸਨੂੰ ਪਹਿਲਾਂ ਨੂਰ ਬਖਸ਼ਦੀ ਹੈ ਅਤੇ ਫਿਰ ਸਾਬਤ-ਯਾਦ ਦੇ ਜਲਾਲ ਅੰਦਰੋਂ ਇਲਾਹੀ ਤੇਗ ਦਾ ਜਨਮ ਹੁੰਦਾ ਹੈ, ਅਤੇ ਫੇਰ ਜੇਕਰ ਚੱਲਦੀ ਜੰਗ ਵਿਚ ਕੂੜ ਵਿਆਪਦਾ ਹੈ ਤਾਂ, ਆਮ ਜਿੰਦਗੀਆਂ (ਅਨਾਮ, ਰਾਹੀ) ‘ਚੋ ਸਾਧਕ ਮੈਦਾਨ-ਏ-ਜੰਗ ਵਿਚ ਇਲਾਹੀ ਤੇਗਾਂ ਲੈ ਉਤਰਦੇ ਹਨ ਅਤੇ ਰਹਿਮ ਦਾ ਗਜ਼ਬ ਪੈਦਾ ਕਰ ਵਿਖਾਉਂਦੇ ਹਨ। ਜੋ ਕਿ ਕਿਸੇ ਦੈਵੀ ਪ੍ਰੇਰਣਾ ਅਧੀਨ ਵਿਚਰ ਰਹੇ ਹੁੰਦੇ ਹਨ। ਜਿਵੇ:-

“ਸਾਬਤ ਯਾਦ ਦੇ ਅੰਦਰ ਪਲਦੀ
ਸਾਬਤ ਤੇਗ਼ ਇਲਾਹੀ
ਰਣ ਵਿਚ ਕੂੜ ਪਲੇ ਤਾਂ ਉੱਠੇ
ਸਫ਼ਰਾਂ ਚੋਂ ਰਣ-ਰਾਹੀ।
(ਇਲਾਹੀ ਨਦਰ ਦੇ ਪੈਂਡੇ, ਪੰਨਾ-੫੩)

ਕਵੀ ਮਜ੍ਹਬ ਦੀ ਬੇਬਸੀ ਦੇ ਸਮੇਂ ਖੁੱਸੇ ਤੇਜ ਨੂੰ ਮੁੜ ਅਪੜਨ ਲਈ ਅਰਦਾਸ ਨੂੰ ਵੱਡੀ ਬਖਸ਼ਿਸ਼ ਮੰਨਦਾ ਹੈ। ਅਰਦਾਸ ਦੇ ਬੇਨਜ਼ੀਰ ਪਲ ਦਾ ਵਿਸਥਾਰ ਉਨ੍ਹਾਂ ਆਪਣੀ ਪੁਸਤਕ ‘ਸ਼ਹੀਦ ਦੀ ਅਰਦਾਸ’ ਵਿਚ ‘ਕੂੰਜ ਅਤੇ ਜਖਮੀ ਬਾਜ’ ਦੀ ਵਾਰਤਾਲਾਪ ਵਿਚ ਸਮਝਾਉਂਦੇ ਹਨ ਕਿ ਬਾਜ ਕੂੰਜ ਨੂੰ ਅੰਤਿਮ ਧਰਵਾਸ ਦਾ ਯਕੀਨ ਦੁਆ ਆਖਦਾ ਹੈ ਕਿ “ਛੱਡ ਨ ਭੈਣੇ ਅਜੇ ਤੂੰ, ਬ੍ਰਿਛ ਹਰੇ ਦੇ ਮੋਹ”। “ਮਿਲਸਨ ਤੈਂ ਅਰਦਾਸ ਦੇ, ਸਾਹਮੇ ਜਾਣ ਜੇ ਹੋ”, ਪਰ ਸ਼ਰਤ ਇਹ ਹੈ ਕਿ ਅਰਦਾਸਾਂ ਵਿਚੋਂ ਅਮਲ ਦੇ ਪਾਣੀ ਸੁਕੇ ਹੋਏ ਨਹੀਂ ਹੋਣੇ ਚਾਹੀਦੇ ਜਿਵੇਂ “ਨੂਰ ਬਿਨਾ ਅਰਦਾਸ ਦਾ ਦਾਮਨ ਕੌਣ ਫੜੇ?” ਜਿਵੇ ਸ਼ੈਕਸਪੀਅਰ ਹੈਮਲਿਟ ਵਿਚ ਕਹਿੰਦਾ ਹੈ” ਮੇਰੇ ਕੇਵਲ ਲਫਜ ਹੀ ਅਸਮਾਨ ਵੱਲ ਜਾਂਦੇ ਹਨ, ਦੁਆ ਲਫਜਾਂ ਨਾਲ ਨਹੀਂ ਉੱਡਦੀ”।

ਅਖੀਰ ਵਿਚ ਕਵੀ ਬਖਸ਼ਿਸ਼ ਨੂੰ ਆਖਰੀ ਧਰਵਾਸ ਬਣਾ, ਪ੍ਰਬਲ ਭਰੋਸਾ ਅਤੇ ਸਿਦਕ ਅਕਾਲ ਪੁਰਖ ਅਤੇ ਸਤਿਗੁਰਾਂ ‘ਤੇ ਲਿਆਉੰਦਿਆਂ, ਕਿਸੇ ਅਟੱਲ ਯਕੀਨ ਨੂੰ ਧਾਰਨ ਕਰ, ਗੁਰੂ ਖਾਲਸਾ-ਪੰਥ ਦੇ ਰਾਹ ਖਲੋਤੀਆਂ ਸਭ ਤਸਵੀਰਾਂ, ਨਕਲਾਂ, ਬੁੱਤਾਂ, ਕਪਟਾਂ ਦੇ ਭਸਮ ਹੋਣ ਨੂੰ ਆਪਣੀ ਸੁਰਤਿ ਵਿਚ ਵੇਖਦਿਆਂ ਕਹਿੰਦਾ ਹੈ ਕਿ ਖਾਲਸਾ ਹੀ ਅਖੀਰ ਅਸਲ ਬਚੇਗਾ।

ਖ਼ਾਲਸ ਅਸਲ ਰਹੇਗਾ ਬਾਕੀ,
ਭਸਮ ਹੋਣ ਤਸਵੀਰਾਂ,
ਸਭ ਤੋਂ ਵੱਡੇ ਪਾਤਸ਼ਾਹ ਦੇ
ਰਣ ਵੇਖਣ ਸ਼ਮਸ਼ੀਰਾਂ।
(ਇਲਾਹੀ ਨਦਰ ਦੇ ਪੈਂਡੇ, ਪੰਨਾ-੫੫)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: