ਚੋਣਵੀਆਂ ਲਿਖਤਾਂ

ਜ਼ਖਮ ਨੂੰ ਚੇਤਨਤਾ ਬਣਾਉਣ ਦੀ ਲੋੜ… (ਲੇਖਕ: ਡਾ. ਗੁਰਭਗਤ ਸਿੰਘ)

By ਸਿੱਖ ਸਿਆਸਤ ਬਿਊਰੋ

June 03, 2022

– ਡਾ. ਗੁਰਭਗਤ ਸਿੰਘ

ਘੱਲੂਘਾਰਾ ਜੂਨ 1984 (ਜਿਸ ਨੂੰ ਸਰਕਾਰ ਨੇ ਬਲਿਊ ਸਟਾਰ ਉਪਰੇਸ਼ਨ ਦਾ ਨਾਂ ਦਿੱਤਾ ਸੀ) ਨੂੰ ਹਰ ਸਾਲ ਯਾਦ ਕਰਨਾ ਠੀਕ ਹੈ, ਪਰ ਕੇਵਲ ਜ਼ਖਮ ਵਜੋਂ ਨਹੀਂ। ਇਹੋ ਜਿਹਾ ਜ਼ਖਮ ਕੋਈ ਕੌਮ ਭੁੱਲ ਨਹੀਂ ਸਕਦੀ। ਇਹ ਉਸ ਦੀ ਸਿਮਰਤੀ ਵਿਚ ਕਾਇਮ ਰਹਿੰਦਾ ਹੈ, ਜੇ ਉਹ ਜਿਉਂਦੀ ਕੌਮ ਹੈ ਅਤੇ ਆਪਣੇ ਭਵਿੱਖ ਵਿਚ ਵਿਸ਼ਵਾਸ ਰੱਖਦੀ ਹੈ। ਕੌਮ ਵਜੋਂ ਜਿਉਂਦੇ ਰਹਿਣ ਦੀ ਨਿਸ਼ਾਨੀ ਹਰ ਡੰੂਘੇ ਘਾਉ ਨੂੰ ਚੇਤਨਤਾ ਵਿਚ ਬਦਲਣ ਦੀ ਸ਼ਕਤੀ ਹੈ। ਇਸ ਸਥਿਤੀ ਵਿਚ ਜ਼ਖਮ ਸਰੀਰਕ ਜਾਂ ਭੂਗੋਲਿਕ ਨਹੀਂ ਰਹਿੰਦਾ ਸਗੋਂ ਇਕ ਪਰਿਪੇਖ ਬਣ ਜਾਂਦਾ ਹੈ ਜਿਸ ਨਾਲ ਆਪਣੇ ਵਾਤਾਵਰਣ ਵਿੱਚ ਮੌਜੂਦ ਦਰਸ਼ਨ, ਰਾਜਨੀਤੀ ਅਤੇ ਅਮਲ ਦੀ ਨਵੀਂ ਵਿਆਖਿਆ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ।

ਸਾਡੇ ਸਮਕਾਲੀ ਇਤਿਹਾਸ ਵਿੱਚ ਸਭ ਤੋਂ ਵੱਡਾ ਕੌਮੀ ਜ਼ਖਮ ਹਿਟਲਰ ਵਲੋਂ ਯੋਜਨਾਬੱਧ ਢੰਗ ਨਾਲ ਕੀਤਾ “ਮਹਾਂਨਾਸ” ਸੀ (ਜਿਸ ਨੂੰ ਯਹੂਦੀ ਹੌਲੋਕੌਸਟ ਕਹਿੰਦੇ ਹਨ)। ਇਸ ਨੇ ਯਹੂਦੀ ਕੌਮ ਨੂੰ ਤਹਿਸ ਨਹਿਸ ਕੀਤਾ। ਪਰ ਉਸ ਤੋਂ ਪਿਛੋਂ ਯਹੂਦੀ ਚਿੰਤਕਾਂ ਨੇ ਪੱਛਮ ਦੇ ਸਮੁੱਚੇ ਦਰਸ਼ਨ, ਰਾਜਨੀਤੀ ਅਤੇ ਹੋ ਰਹੇ ਅਭਿਆਸਾਂ ਨੂੰ ਫਰੋਲਿਆ। ਮਹਾਂਨਾਸ ਦੇ ਕਾਰਣ ਲੱਭੇ। ਯੂਨਾਨੀ ਦਾਰਸ਼ਨਿਕਾਂ ਤੋਂ ਸ਼ੁਰੂ ਹੋ ਰਹੇ ਉਸ ਦਰਸ਼ਨ ਦਾ ਵਿਸ਼ਲੇਸ਼ਣ ਕੀਤਾ ਜਿਸ ਨੇ ਗਿਆਨਵਾਦ (enlightenment), ਤਰਕਵਾਦ ਆਦਿ ਬਣਕੇ ਆਧੁਨਿਕ ਰੂਪ ਵਿਚ ਉਸ ਇਕਾਂਗੀ ਅਤੇ ਫਾਸ਼ੀਵਾਦੀ ਪਹੁੰਚ ਨੂੰ ਜਨਮ ਦਿੱਤਾ ਸੀ ਜਿਸ ਅਨੁਸਾਰ ਮਹਾਂਨਾਸ ਵਾਪਰਿਆ। ਜਿਸ ਉੱਤਰ- ਆਧੁਨਿਕ ਵਾਦ ਨੇ ਅੱਜ ਵੱਖ-ਵੱਖ ਪੱਧਰਾਂ ਉੱਤੇ ਵੱਡਾ ਪ੍ਰਭਾਵ ਪਾਇਆ ਹੈ ਉਹ ਮਹਾਂਨਾਸ ਵਿਰੁੱਧ ਪ੍ਰਤੀਕਰਮ ਅਤੇ ਪੁਣ ਛਾਣ ਦਾ ਨਤੀਜਾ ਹੈ। ਇਕ ਨਵੀਂ ਚੇਤਨਤਾ, ਇਕ ਨਵੀਂ ਸਿਮਰਤੀ ਸਾਜੀ ਜਾ ਰਹੀ ਹੈ ਤਾਂ ਜੋ ਕਦੇ “ਮਹਾਂਨਾਸ” ਵਰਗੀ ਘਟਨਾ ਨੂੰ ਵਾਪਰਨ ਲਈ ਮਾਹੌਲ ਹੀ ਨਾ ਬਣੇ ।

ਵੀਹਵੀਂ ਸਦੀ ਦੇ ਪਹਿਲੇ “ਮਹਾਂਨਾਸ” ਤੋਂ ਪਿੱਛੋਂ ਦੂਜਾ ਵੱਡਾ “ਮਹਾਂਨਾਸ”, ਵੱਡਾ ਕੌਮੀ ਜ਼ਖਮ, ਬਲਿਊ ਸਟਾਰ ਉਪਰੇਸ਼ਨ ਸੀ। ਪਰ ਸਿੱਖ ਚਿੰਤਕਾਂ/ਵਿਦਵਾਨਾਂ ਨੇ ਜਿਵੇਂ ਇਸ ਨੂੰ ਅਜੇ ਤਕ ਇੱਕ ਕੌਮੀ ਪਰਿਪੇਖ ਬਣਾਉਣ ਵਿੱਚ ਅਸਮਰੱਥਾ ਦਿਖਾਈ ਹੈ। ਉਥੋਂ ਜ਼ਾਹਿਰ ਹੁੰਦਾ ਹੈ ਕਿ ਸ੍ਰ: ਕਪੂਰ ਸਿੰਘ ਤੋਂ ਪਿੱਛੋਂ ਅਜੇ ਸਿੱਖਾਂ ਕੋਲ ਕੋਈ ਕੌਮੀ ਵਿਦਵਾਨ ਜਾਂ ਚਿੰਤਕ ਨਹੀਂ।

ਇਤਿਹਾਸ ਵਿੱਚ ਕੋਈ ਘਟਨਾ ਬਿਨਾਂ ਤਰਕ ਤੋਂ ਨਹੀਂ ਵਾਪਰਦੀ। ਜਦੋਂ ਸ਼ਾਇਰ ਜਾਂ ਪੈਗੰਬਰ ਦੀ ਚੇਤਨਤਾ ਜਾਂ ਅਨੁਭੂਤੀ ਲਾਵੇ ਵਾਂਗ ਫਟਦੀ ਹੈ ਤਾਂ ਉਸ ਪਿੱਛੇ ਵੀ ਕੁਝ ਕਾਰਨ ਹੁੰਦੇ ਹਨ, ਭਾਵੇਂ ਕੇਵਲ ਕਾਰਨ ਉਸ ਦੀ ਪ੍ਰਾਪਤੀ ਅਤੇ ਰੌਸ਼ਨੀ ਦੀ ਵਿਆਖਿਆ ਨਹੀਂ ਕਰ ਸਕਦੇ। ਘੱਲੂਘਾਰਾ ਜੂਨ 1984 ਵੀ ਬਿਨਾਂ ਤਰਕ ਤੋਂ ਵਾਪਰਿਆ “ਮਹਾਂਨਾਸ” ਨਹੀਂ।

ਸਮਝਣ ਵਾਲੀ ਗੱਲ ਇਹ ਹੈ ਕਿ ਭਾਵੇਂ ਭਾਰਤੀ ਉਪਮਹਾਂਦੀਪ ਭੂਗੋਲਕ, ਭਾਸ਼ਾਈ ਅਤੇ ਸਭਿਆਚਾਰਕ ਵਿਲੱਖਣਤਾ ਵਿਕਸਿਤ ਕਰਨ ਵਾਲਾ ਉਪਮਹਾਂਦੀਪ ਰਿਹਾ ਹੈ, ਪਰ ਇਸ ਵਿਚ ਜੋ ਦੋ ਪ੍ਰਧਾਨ ਦਰਸ਼ਨ, ਧਰਮ ਜਾਂ ਪਰਿਪੇਖ ਕ੍ਰਿਆਵੰਤ ਰਹੇ ਹਨ, ਉਹ ਹਨ: ਬ੍ਰਾਹਮਣਵਾਦ ਅਤੇ ਇਸਲਾਮ। ਬ੍ਰਾਹਮਣਵਾਦ ਦੀ ਸਿਖਰ ਵੇਦਾਂਤ ਹੈ ਜਿਸ ਦਾ ਪਰਮਾਣਿਕ ਗੰ੍ਰਥ ਸ਼ੰਕਰਾਚਾਰੀਆ ਦਾ “ਬ੍ਰਹਮਸੂਤਰ ਭਾਸ਼ਯ” ਹੈ। ਇਸ ਵਿੱਚ ਸਪਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਬ੍ਰਹਮ ਦਾ ਅਭਿਿਵਅੰਜਕ ਬਹੁਪੱਧਤਾ ਜਾਂ ਵਿਲੱਖਣਤਾ ਵਿੱਚ ਨਹੀਂ ਹੋ ਸਕਦਾ। ਜੇ ਕੋਈ ਕਰਦਾ ਹੈ ਤਾਂ ਉਹ ਅਗਿਆਨੀ ਹੈ। ਇਸਲਾਮ ਦਾ ਆਧਾਰ “ਕੁਰਾਨ” ਉੱਤੇ ਹੈ। ਇਸ ਵਿੱਚ ਵੀ ਵੱਡਾ ਬਲ, ਰੱਬ ਦੀ ਏਕਤਾ ਉੱਤੇ ਹੈ। ਅਨਿਕ ਪੱਖਤਾ ਉੱਤੇ ਨਹੀਂ।

ਬ੍ਰਾਹਮਣਵਾਦ ਇੱਕ ਪਰਿਪੇਖੀ ਹੈ, ਇਕਾਂਗੀ ਹੈ। ਇਸੇ ਇਕਾਂਗਿਤਾ ਵਿੱਚੋਂ ਹੀ ਬ੍ਰਾਹਮਣਵਾਦ ਦਾ ਬੁੱਧਵਾਦ ਨਾਲ ਵਿਰੋਧ ਪੈਦਾ ਹੋਇਆ। ਨਤੀਜੇ ਵਜੋਂ ਬੋਧੀ ਭਿੱਖੂ ਅਤੇ ਬੋਧੀ ਵਿਸ਼ਵ ਵਿਿਦਆਲਿਆਂ ਨੂੰ ਸਾੜ ਦਿੱਤਾ ਗਿਆ, ਇਤਿਹਾਸ ਇਸ ਗੱਲ ਦਾ ਗਵਾਹ ਹੈ।

ਇੰਦਰਾ ਗਾਂਧੀ ਦੀ ਕਾਂਗਰਸ ਅਤੇ ਹਿੰਦੂਤਵੀ ਬੀ.ਜੇ.ਪੀ. ਦਾ ਕੌਮਵਾਦ ਵੀ ਇਕਾਂਗੀ ਹੈ। ਬੀ.ਜੇ.ਪੀ. ਨੇ ਆਪਣੇ ਅਭਿਆਸ ਵਿੱਚ, ਭਾਵੇਂ ਵਕਤ ਅਤੇ ਉਪਯੋਗਵਾਦੀ ਦ੍ਰਿਸ਼ਟੀ ਤੋਂ ਹੀ ਸੀ, ਕੁਝ ਲਚਕ ਦਿਖਾਈ ਹੈ। ਇਸਨੇ ਹੋਰਾਂ ਖੇਤਰੀ ਪਾਰਟੀਆਂ ਨਾਲ ਰਲ ਕੇ ਸਰਕਾਰ ਬਣਾਈ ਹੋਈ ਹੈ। ਕਾਂਗਰਸ ਨੇ ਅਜਿਹੀ ਲਚਕ ਵੀ ਅਜੇ ਸਵੀਕਾਰ ਨਹੀਂ ਕੀਤੀ। ਭਾਰਤ ਨੂੰ ਆਧੁਨਿਕ ਬਣਾਉਣ ਦੇ ਪਰਦੇ ਪਿੱਛੇ ਕਾਂਗਰਸ ਦੇ ਕੌਮਵਾਦ ਅਤੇ ਇਕਾਂਗੀ ਬ੍ਰਾਹਮਣਵਾਦ ਵਿੱਚ ਕੋਈ ਫਰਕ ਨਹੀਂ। ਜੇ ਕਾਂਗਰਸ ਨੇ ਭਾਸ਼ਾਈ ਸੂਬੇ ਬਣਾਏ ਤਾਂ ਉਨ੍ਹਾਂ ਨੂੰ ਵਿਲੱਖਣ ਸੱਭਿਆਚਾਰਾਂ ਦੇ ਘਰ ਨਹੀਂ ਮੰਨਿਆ ਗਿਆ। ਨਾ ਹੀ ਸੰਵਿਧਾਨ ਵਿੱਚ ਜਾਂ ਹੋਰ ਕਿਧਰੇ ਕਿਸੇ ਖੇਤਰੀ ਕੌਮ ਜਾਂ ਸੱਭਿਆਚਾਰ ਨੂੰ ਸਮੂਹਕ ਤੌਰ ’ਤੇ ਕੋਈ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਹੈ। ਪਾਰਲੀਮੈਂਟ ਵਿੱਚ ਵੀ ਆਧਾਰ ਵੋਟਾਂ ਦੀ ਗਿਣਤੀ ਦਾ ਹੈ, ਨਾ ਕਿ ਸੱਭਿਆਚਾਰਾਂ ਦੀ ਵਿਸ਼ੇਸ਼ਤਾ।

ਭਾਰਤੀ ਸ਼ਾਸਕਾਂ ਦੀ ਚਿੰਤਨ, ਸੰਸਥਾ ਅਤੇ ਅਭਿਆਸ ਦੀ ਪੱਧਰ ਉੱਤੇ ਇੱਕਵਾਦੀ ਹੈ। ਬਹੁ-ਕੌਮੀ, ਬਹੁ-ਸਭਿਆਚਾਰਕ ਸੰਸਥਾਵਾਂ, ਮੁਹਾਵਰਾ, ਅਭਿਆਸ ਹੋਂਦ ਵਿਚ ਨਹੀਂ ਲਿਆਂਦੇ ਜਾ ਸਕੇ ਜਿਵੇਂ ਸਵਿਟਜ਼ਰਲੈਂਡ ਜਾਂ ਅੱਜ ਦੇ ਰੂਸ ਵਿੱਚ ਯਤਨ ਹੋ ਰਹੇ ਹਨ। ਕੈਨੇਡਾ ਅਤੇ ਅਮਰੀਕਾ ਨੇ ਵੀ ਅਜਿਹੀਆਂ ਭਵਿੱਖਮੁਖੀ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹੋਈਆਂ ਹਨ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਿੱਛੋਂ, ਪਹਿਲੀ ਵਾਰ ਸਿੱਖ ਆਪਣੀਆਂ ਕੌਮੀ ਅਤੇ ਸੱਭਿਆਚਾਰਕ ਵਿਸ਼ੇਸ਼ਤਾਵਾਂ ਪ੍ਰਤੀ ਸੁਚੇਤ ਹੋਏ ਹਨ। ਨੌਜਵਾਨਾਂ ਦੀ ਗਰਮ ਲਹਿਰ ਭਾਵੇਂ ਪ੍ਰਮਾਣਿਕ ਦਰਸ਼ਨ ਅਤੇ ਪਰਿਪੇਖ ਤੋਂ ਵਿਹੂਣੀ ਸੀ, ਇਸ ਵਿਚ ਬਹੁਤ ਗਲਤੀਆਂ ਹੋਈਆਂ, ਪਰ ਇਹ ਕੌਮੀ ਵਿਸ਼ੇਸ਼ਤਾ ਪ੍ਰਤੀ ਸੁਚੇਤ ਸੀ। ਜੂਨ 1984 ਦਾ ਘੱਲੂਘਾਰਾ, ਇਕਵਾਦੀ, ਇਕਾਂਗੀ, ਪਰਿਪੇਖ ਦਾ ਅਭਿਆਸ ਕਰਨ ਵਾਲੇ ਸ਼ਾਸਕਾਂ ਦਾ ‘ਉਪਰੇਸ਼ਨ’ ਸੀ ਜਿਸ ਨੇ ਇੱਕ ਸੱਭਿਆਚਾਰਕ ਅਤੇ ਕੌਮੀ ਵਿਸ਼ੇਸ਼ਤਾ ਨੂੰ ਸਥਾਪਿਤ ਕਰਨ ਲਈ ਉੱਠੀ ਲਹਿਰ ਨੂੰ ਹਿੰਸਾਤਮਕ ਢੰਗ ਨਾਲ ਦਬਾਇਆ। ਇਹ ਕਿਸੇ ਵੀ ਲੋਕਤੰਤਰੀ ਨਿਯਮਾਂ ਦੇ ਉਲਟ ਸੀ।

“ਬਲਿਊ ਸਟਾਰ ਉਪਰੇਸ਼ਨ”, ਇਕਾਂਗੀ ਬ੍ਰਾਹਮਣਵਾਦ ਅਤੇ ਇਕਾਰਥਕ ਤਰਕ ਵਾਲੇ ਆਧੁਨਿਕਵਾਦੀ ਪਰਿਪੇਖ ਦਾ ਜੋੜ ਸੀ। ਇਸ ਦੀ ਪਹੁੰਚ ਅਣਲੋਕਤੰਤਰੀ ਅਤੇ ਫਾਸ਼ੀਵਾਦੀ ਸੀ। ਇਸ ਨੂੰ ਦਿੱਤੀ ਗਈ ਪ੍ਰਬੰਧਵਾਦੀ ਅਤੇ ਕੌਮਵਾਦੀ ਪੁੱਠ ਕੇਵਲ ਭੁਲੇਖਾ ਪਾਉਣ ਲਈ ਸੀ।

ਸਿੱਖ ਪਹੁੰਚ ਬੁਨਿਆਦੀ ਤੌਰ ’ਤੇ ਬਹੁ-ਪਰਿਪੇਖੀ ਹੈ, ਵਿਲੱਖਣਤਾ ਨੂੰ ਸਵੀਕਾਰ ਕਰਨ ਵਾਲੀ ਹੈ। ਸਿੱਖ ਗੰ੍ਰਥਾਂ/ਪਾਠਾਂ ਦਾ ਦਰਸ਼ਨ, ਅਨੁਭਵ, ਅਭਿਆਸ, ਬਹੁ-ਭਾਵੀ, ਬਹੁ-ਪਰਿਪੇਖੀ ਅਤੇ ਬਹੁ-ਕੋਣੀ ਹੈ। ਹਰ ਸਤਰ ਇਸ ਗੱਲ ਦੀ ਗਵਾਹ ਹੈ। ਵਰਤੀ ਗਈ ਭਾਸ਼ਾ, ਰੂਪਕ ਆਦਿ ਇਹ ਦ੍ਰਿਸ਼ਟੀ ਅਭਿਆਸ ਵਿਚ ਲਿਆਉਣ ਦਾ ਚੇਤੰਨ ਯਤਨ ਹੈ।

ਬਲਿਊ ਸਟਾਰ ਉਪਰੇਸ਼ਨ ਇਕਾਂਗੀ ਅਤੇ ਬਹੁ-ਕੋਣੀ ਅਭਿਆਸਾਂ ਦੀ ਟੱਕਰ ਹੈ। ਇਹ ਟੱਕਰ ਇਸ ਘਟਨਾ ਰਾਹੀਂ ਨਾ ਹੁੰਦੀ, ਹੋਰ ਢੰਗ ਨਾਲ ਹੋ ਸਕਦੀ ਸੀ। ਭਵਿੱਖ ਵਿੱਚ ਇਸ ਟੱਕਰ ਤੋਂ ਬਚਣ ਲਈ ਅਤੇ ਹੋਰ ਕੌਮਾਂ ਦੇ ਹਿਤਾਂ ਦੀ ਰੱਖਿਆ ਵਿੱਚ ਆਉਣ ਲਈ, ਭਾਰਤੀ ਉਪਮਹਾਂਦੀਪ ਦੇ ਇਤਿਹਾਸ, ਦਰਸ਼ਨ ਅਤੇ ਅਭਿਆਸਾਂ ਨੂੰ ਨਵੇਂ ਸਿਿਰਉਂ ਪੜ੍ਹਨ ਅਤੇ ਪੇਸ਼ ਕਰਨ ਦੀ ਲੋੜ ਹੈ। ਇਨ੍ਹਾਂ ਵਿਚ ਲੁਕੀ ਇਕਾਂਗਿਤਾ ਅਤੇ ਇਸ ਦੀਆਂ ਫਾਸ਼ੀ ਸੰਭਾਵਨਾਵਾਂ ਨੂੰ ਸਾਹਮਣੇ ਲਿਆਉਣਾ ਲੋਕਤੰਤਰ ਨੂੰ ਵੱਡੀ ਦੇਣ ਹੋਵੇਗੀ। ਇਹੀ ਸਿੱਖੀ ਦੇ ਸੱਭਿਆਚਾਰ ਅਤੇ ਕੌਮ ਵਜੋਂ ਵਧਣ ਫੁੱਲਣ ਲਈ ਇਕ ਅਹਿਮ ਕਦਮ ਹੋਵੇਗਾ।

‐0‐

ਉਪਰੋਕਤ ਲਿਖਤ ਪਹਿਲਾਂ 3 ਜੂਨ 2016 ਨੂੰ ਛਪੀ ਸੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: