ਲੇਖ

ਕੋਈ ਤਾਂ ਛੇੜੇ ਅੱਜ ਨਗਮਾ-ਪੁਰ-ਏ-ਦਰਦ

By ਸਿੱਖ ਸਿਆਸਤ ਬਿਊਰੋ

December 24, 2019

ਲੇਖਕ-ਕਰਮਜੀਤ ਸਿੰਘ ਚੰਡੀਗੜ੍ਹ

ਇਨ੍ਹਾਂ ਹੀ ਦਿਨਾਂ ਵਿਚ ਜਦੋਂ ਤੁਸੀਂ ਸਿਆਲ ਦੀਆਂ ਠੰਢੀਆਂ ਠਾਰ ਰਾਤਾਂ ਨੂੰ ਘਰਾਂ ਦੇ ਅੰਦਰ ਰਜ਼ਾਈਆਂ ਦੇ ਨਿੱਘ ਵਿਚ ਘੂਕ ਸੁੱਤੇ ਹੁੰਦੇ ਹੋ ਤਾਂ ਇਨ੍ਹਾਂ ਹੀ ਦਿਨਾਂ ਵਿਚ ਇਸੇ ਹੀ ਧਰਤੀ ਉਤੇ ਘਰਾਂ ਤੋਂ ਬਾਹਰ ਕੁਝ ਜਾਗਦੇ ਲੋਕ ਇਕ ਨਵੇਂ ਇਤਿਹਾਸ ਦੀ ਸਿਰਜਣਾ ਕਰ ਰਹੇ ਹਨ।

ਭੁੱਲ ਜਾਣ ਵਾਲਿਓ! ਦਸੰਬਰ ਦੇ ਮਹੀਨੇ ਕੁਝ ਲੋਕ ਸਿਦਕ ਦੇ ਇਮਤਿਹਾਨ ਵਿਚੋਂ ਖਰੇ ਹੋ ਕੇ ਨਿਕਲੇ ਸਨ, ਉਨ੍ਹਾਂ ਨੂੰ ਹੀ ਇਹ ਪਤਾ ਸੀ ਕਿ ਜ਼ੁਲਮ ਦਾ ਸਹਿਣਾ ਜ਼ੁਲਮ ਵਿਚ ਹਿੱਸੇਦਾਰ ਹੋਣਾ ਹੀ ਹੁੰਦਾ ਹੈ। ਉਨ੍ਹਾਂ ਹਨ੍ਹੇਰੀਆਂ ਰਾਤਾਂ ਵਿਚ ਉਨ੍ਹਾਂ ਦੀਆਂ ਅੱਖਾਂ ਵਿਚ ਹੀ ਸ਼ੇਰ ਦੀਆਂ ਅੱਖਾਂ ਵਰਗੀ ਚਮਕ ਸੀ। ਦਸੰਬਰ ਦੇ ਮਹੀਨੇ ਉਨ੍ਹਾਂ ਨੇ ਤੂਫਾਨ ਦੀ ਗੋਦ ਵਿਚ ਸੋਜ਼ੇ–ਜਿਗਰ (ਜਿਗਰ ਦੇ ਦਰਦ) ਦਾ ਇਤਿਹਾਸ ਲਿਖਿਆ ਸੀ ਜਿਸ ਨੂੰ ਸੋਜ਼ੇ–ਦਿਮਾਗ ਸ਼ਾਇਦ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ। ਜਿਹੜੇ ਜ਼ਖਮ ਉਨ੍ਹਾਂ ਨੇ ਦਸਮੇਸ਼ ਦੇ ਨਾਲ ਰਲ ਕੇ ਉਦੋਂ ਖਾਧੇ, ਉਹ ਉਨ੍ਹਾਂ ਦੇ ਰਹਿਬਰ ਬਣ ਗਏ, ਰਹਿਨੁਮਾ ਬਣ ਗਏ, ਜਿਹੜੇ ਕੰਡੇ ਉਨ੍ਹਾਂ ਨੂੰ ਚੁੱਭੇ, ਉਨ੍ਹਾਂ ਨੂੰ ਉਨ੍ਹਾਂ ਨੇ ਰੱਬ ਦੇ ਤੋਹਫੇ ਆਖਿਆ, ਜਿਹੜੇ ਪੱਥਰ ਉਨ੍ਹਾਂ ਦੇ ਰਾਹਾਂ ਵਿਚ ਆਏ, ਉਨ੍ਹਾਂ ਨੂੰ ਉਨ੍ਹਾਂ ਨੇ ਇਨਾਮ ਸਮਝਿਆ ਤੇ ਜਿਹੜਾ ‘ਜਥੇਦਾਰ’ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ ਉਸ ਨੇ ਹੀ ਸਦਾ ਲਈ ਸਾਡੇ ਵਾਸਤੇ ਇਹ ਹੁਕਮਨਾਮਾ ਜਾਰੀ ਕੀਤਾ ਕਿ ਖੇੜਿਆਂ ਦੇ ਘਰੀਂ ਵੱਸਣਾ, ਭੱਠ ਝੋਕਣ ਦੇ ਬਰਾਬਰ ਹੈ। ਸਾਡੇ ਸਿਰਾਂ ਉਤੇ ਜੋ ਪੱਗਾਂ ਬੰਨ੍ਹੀਆਂ ਹੋਈਆਂ ਨੇ, ਇਸ ਦੀ ਲਾਜ ਰੱਖਣ ਵਾਲੇ ਵੀ ਉਹੋ ਸਨ। ਯਾਦਾਂ ਦੀਆਂ ਤੰਦਾਂ ਉਥੇ ਜਾ ਪਹੁੰਚੀਆਂ ਹਨ ਜਿਸ ਦਾ ਆਖਰੀ ਸਿਰਾ ਤਿੰਨ ਸਦੀਆਂ ਪਹਿਲਾਂ ਦੀਆਂ ਕਹਾਣੀਆਂ ਨਾਲ ਜਾ ਲੱਗਿਆ ਹੈ। ਇਹੋ ਜਿਹੀਆਂ ਬਾਬਾਣੀਆਂ ਕਹਾਣੀਆਂ ਉਨ੍ਹਾਂ ਦੇ ਪੁੱਤ ਪੋਤਰਿਆਂ ਨੂੰ ਕਰਦੇ ਰਹਿਣਾ ਚਾਹੀਦਾ ਹੈ। ਇਹੋ ਜਿਹੀਆਂ ਕਹਾਣੀਆਂ ਯਾਦ ਕਰਕੇ ਹੰਝੂ ਡਿੱਗ ਪੈਣੇ ਚਾਹੀਦੇ ਹਨ ਤਾਂ ਜੋ ਇਤਿਹਾਸ ਦੀ ਰੌਸ਼ਨੀ ਵਿਚ ਅਸੀਂ ਆਪਣੀ ਬੁੱਕਲ ਵਿਚ ਲੁਕੇ ਆਪਣੇ ਅੱਜ ਵੀ ਲੱਭ ਸਕੀਏ।

ਬੇਦਾਵੇ ਦੀ ਘਟਨਾ ਤੁਹਾਡੇ ਦਿਲ ਵਿਚ ਕਿਹੋ ਜਿਹੇ ਦਰਦ ਜਗਾਉਂਦੀ ਹੈ? ਇਤਿਹਾਸ ਨੇ ਬੇਦਾਵੇ ਦਾ ਜ਼ਿਕਰ ਤਾਂ ਕੀਤਾ ਹੈ ਪਰ ਜਿਨ੍ਹਾਂ ਸਿੰਘਾਂ ਨੇ ਇਹ ਬੇਦਾਵਾ ਲਿਖਿਆ ਹੋਏਗਾ ਕੀ ਉਨ੍ਹਾਂ ਦੇ ਹੱਥ ਕੰਬੇ ਨਹੀਂ ਹੋਣਗੇ? ਫਿਰ ਉਨ੍ਹਾਂ ਨੇ ਗੁਰੂ ਦੇ ਸਾਹਮਣੇ ਹੋ ਕੇ ਇਹ ਬੇਦਾਵਾ ਕਿਸ ਹਿੰਮਤ ਤੇ ਹੌਸਲੇ ਨਾਲ ਫੜਾਇਆ ਹੋਏਗਾ? ਜੇ ਵਕਤ ਦੀ ਰੀਲ ਪਿਛਾਂਹ ਵੱਲ ਘੁੰਮੇ ਤਾਂ ਕੰਬਦੇ ਹੱਥ, ਸ਼ਰਮਿੰਦਗੀ ਦਾ ਅਹਿਸਾਸ ਤੇ ਉਨ੍ਹਾਂ ਦੀਆਂ ਨੀਵੀਆਂ ਧੌਣਾਂ ਅਤੇ ਗੁਰੂ ਦੇ ਚਿਹਰੇ ਉਤੇ ਚੜ੍ਹਦੇ ਉਤਰਦੇ ਨੂਰ ਦੇ ਪਰਛਾਵੇਂ ਵੇਖਣ ਨੂੰ ਦਿਲ ਕਰ ਆਇਆ ਹੈ ਕਿਉਂਕਿ ਇਤਿਹਾਸ ਇਹ ਕੀਮਤੀ ਪਲ ਨਹੀਂ ਫੜ ਸਕਿਆ।

ਕੀ ਤੁਸੀਂ ਉਹ ਫੁਰਮਾਨ ਜਾਰੀ ਹੁੰਦਾ ਵੇਖਣਾ ਚਾਹੋਂਗੇ ਜੋ ਖਾਲਸੇ ਨੇ ਗੁਰੂ ਗੋਬਿੰਦ ਸਿੰਘ ਨੂੰ ਗੜ੍ਹੀ ਛੱਡਣ ਲਈ ਜਾਰੀ ਕੀਤਾ ਜਾਂ ਉਹ ਝਾਕੀ ਦੇਖਣ ਨੂੰ ਦਿਲ ਕਰਦੈ ਜਦੋਂ ਗੁਰੂ ਉਸ ਫੁਰਮਾਨ ਅੱਗੇ ਸਿਰ ਝੁਕਾਈ ਖੜ੍ਹੇ ਸਨ? ਕੁਝ ਲੋਕ ਸਾਹਿਬਜ਼ਾਦਿਆਂ ਨੂੰ ਜੰਗ ਵੱਲ ਤੋਰਨ ਦੇ ਸਮੇਂ ਗੁਰੂ ਦੇ ਚਿਹਰੇ ਨੂੰ ਪੜ੍ਹਨਾ ਚਾਹੁੰਦੇ ਹੋਣਗੇ ਤੇ ਕੁਝ ਰਣਤੱਤੇ ਵਿਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੇ ਅੰਤਮ ਨਜ਼ਾਰੇ ਨੂੰ ਦੇਖਣ ਦੀ ਤਮੰਨਾ ਰੱਖਦੇ ਹੋਣਗੇ? ਕੁਝ ਲੋਕਾਂ ਨੂੰ ਸੰਗਤ ਸਿੰਘ ਦੇ ਸਿਰ ਉਤੇ ਕਲਗੀ ਸਜਾਉਣ ਦਾ ਦ੍ਰਿਸ਼ ਵੇਖਣ ਦਾ ਸ਼ੌਕ ਹੋਏਗਾ। ਉਹ ਦ੍ਰਿਸ਼ ਵੀ ਇਤਿਹਾਸਕ ਹੋਏਗਾ ਜਦੋਂ ਗੁਰੂ ਸਾਹਿਬ ਤੇ ਸਿੰਘਾਂ ਦਰਮਿਆਨ ਗੜ੍ਹੀ ਨੂੰ ਛੱਡਣ ਬਾਰੇ ਬਹਿਸ ਹੋਈ ਹੋਵੇਗੀ। ਇਹ ਦੁਨੀਆਂ ਦੀਆਂ ਮਹਾਨ ਬਹਿਸਾਂ ਵਿਚੋਂ ਇਕ ਬਹਿਸ ਹੋਵੇਗੀ। ਪਰ ਇਤਿਹਾਸ ਕੋਲ ਇਹੋ ਜਿਹੇ ਵੇਰਵੇ ਦੱਸਣ ਦੀ ਵਿਹਲ ਕਿਥੇ?

ਮਾਛੀਵਾੜੇ ਦੇ ਜੰਗਲ ਵੱਲ ਜਾ ਰਹੇ ਗੁਰੂ ਗੋਬਿੰਦ ਸਿੰਘ ਜੀ ਦੀ ਹਾਲਤ ਦਾ ਦ੍ਰਿਸ਼ ਵੀ ਇਹੋ ਜਿਹਾ ਹੈ ਜਿਥੇ ਦੁਨੀਆ ਦੀਆਂ ਕੌਮਾਂ ਦੇ ਤਮਾਮ ਇਤਿਹਾਸ ਸ਼ਰਮਿੰਦੇ ਹੋ ਕੇ ਰਹਿ ਜਾਂਦੇ ਹਨ। ਪਰ ਬਹੁਤੇ ਲੋਕ ਇੱਟਾਂ ਦਾ ਸਰ੍ਹਾਣਾ ਰੱਖ ਕੇ ਸੁੱਤੇ ਹੋਏ ਜਾਗਦੇ ਗੁਰੂ ਨੂੰ ਵੇਖਣਾ ਚਾਹੁੰਦੇ ਹਨ। ਕੁਝ ਲੋਕ ਰਾਤ ਦੀ ਭਿਆਨਕ ਖਾਮੋਸ਼ੀ ਵਿਚ ਮਿੱਤਰ ਪਿਆਰੇ ਵਾਲਾ ਰੱਬੀ ਗੀਤ ਸੁਣਨਾ ਚਾਹੁੰਦੇ ਹੋਣਗੇ। ਕੁਝ ਲੋਕਾਂ ਦਾ ਜੀਅ ਕਰਦੈ ਕਿ ‘ਉਚ ਦੇ ਪੀਰ’ ਬਣਨ ਦੇ ਰੱਬੀ ਡਰਾਮੇ ਦੀ ਖੂਬਸੂਰਤੀ ਇਤਿਹਾਸ ਦੀ ਇਕ ਅਤਿ ਪਿਆਰੀ ਤੇ ਅਭੁੱਲ ਯਾਦ ਹੈ।

ਕੁਝ ਸਨਕੀ, ਨੁਕਤਾਚੀਨੀ ਤੇ ਸੁੱਘੜ ਸਿਆਣੇ ਉਹ ਦ੍ਰਿਸ਼ ਵੀ ਦੇਖਣਾ ਚਾਹੁੰਦੇ ਹੋਣਗੇ ਜਦੋਂ ਕਹਿੰਦੇ ਕਹਾਉਂਦੇ ਲੋਕ ਮੁਗ਼ਲ ਹਕੂਮਤ ਦੇ ਡਰੋਂ ਗੁਰੂ ਲਈ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਰਹੇ ਹੋਣਗੇ। ਕੁਝ ਲੋਕ ਉਸ ਸਮੇਂ ਘਰਾਂ ਵਿਚ ਹੋ ਰਹੀਆਂ ਉਹ ਗੱਲਾਂ ਸੁਣਨਾ ਚਾਹੁਣਗੇ ਜਦੋਂ ਉਹ ਲੋਕ ਇਹ ਸੋਚ ਰਹੇ ਹੋਣਗੇ ਕਿ ਜੇ ਗੁਰੂ ਜੀ ਨੇ ਸ਼ਰਨ ਲੈਣ ਲਈ ਸਾਡੇ ਘਰ ਦਾ ਦਰਵਾਜ਼ਾ ਖੜਕਾ ਦਿੱਤਾ ਤਾਂ ਉਨ੍ਹਾਂ ਨੂੰ ਕਿਸ ਤਰ੍ਹਾਂ ਨਾਂਹ ਕਰਾਂਗੇ ਕਿਸ ਮੂੰਹ ਨਾਲ ਹਾਂ ਕਰਾਂਗੇ। ਦੋਸਤੋ, ਗੁਰੂ ਦੇ ਚਿਹਰੇ ’ਤੇ ਆਇਆ ਉਹ ਮਹਾਨ ਹਾਸਾ ਸ਼ਾਇਦ ਕਦੇ ਬਿਆਨ ਨਾ ਹੋ ਸਕੇ ਜਦੋਂ ਕਿਸੇ ਘਰ ਵਲੋਂ ਸ਼ਰਨ ਦੇਣ ਤੋਂ ਨਾਂਹ ਕਰਨ ਪਿਛੋਂ ਗੁਰੂ ਦੇ ਚਿਹਰੇ ਉਤੇ ਆਇਆ ਹੋਏਗਾ।

ਕੁਝ ਰੋਂਦੀਆਂ ਅੱਖਾਂ 9 ਤੇ 7 ਸਾਲ ਦੇ ਬੱਚਿਆਂ ਨੂੰ ਨੀਹਾਂ ਵਿਚ ਚਿਣੇ ਜਾਣ ਦਾ ਦ੍ਰਿਸ਼ ਵੇਖਣਾ ਚਾਹੁਣਗੀਆਂ। ਜਦਕਿ ਕੁਝ ਕਚਹਿਰੀ ਵਿਚ ਉਠੇ ਉਨ੍ਹਾਂ ਸਵਾਲਾਂ ਜਵਾਬਾਂ ’ਤੇ ਬਹਿਸ ਨੂੰ ਸੁਣਨਾ ਚਾਹੁਣਗੇ ਜੋ ਸਾਹਿਬਜ਼ਾਦਿਆਂ ਉਤੇ ਚਲਾਏ ਮੁਕਦਮੇ ਸਮੇਂ ਹੋਈ। ਕੁਝ ਪੋਤਰਿਆਂ ਨੂੰ ਸ਼ਹਾਦਤ ਵੱਲ ਜਾਂਦੇ ਅੰਤਮ ਸਫਰ ’ਤੇ ਤੋਰਨ ਸਮੇਂ ਦਾਦੀ ਮਾਂ ਦੀਆਂ ਅੱਖਾਂ ਵੱਲ ਵੇਖਣਾ ਚਾਹੁਣਗੇ ਜਿਸ ਨੇ ਪਤੀ ਦੀ ਸ਼ਹਾਦਤ ਵੇਖੀ, ਹੁਣ ਪੋਤਰਿਆਂ ਦੀ ਤੇ ਜਿਸ ਨੂੰ ਪੁੱਤਰ ਦਾ ਆਉਣ ਵਾਲਾ ਕਲ੍ਹ ਵੀ ਨਜ਼ਰ ਆਉਂਦਾ ਹੈ। ਇਤਿਹਾਸ ਦੀ ਏਨੀ ਵਿਸ਼ਾਲ ਬੁੱਕਲ ਅਤੇ ਤਕਦੀਰ ਕਿਥੇ ਕਿ ਉਹ ਇੰਨਾ ਅਨਮੋਲ ਘੜੀਆਂ ਨੂੰ ਸਾਂਭ ਸਕੇ? ਕੀ ਅੱਜ ਦਾ ਖਾਲਸਾ ਵੀ ਤਾਂ ਉਨ੍ਹਾਂ ਘੜੀਆਂ ਨੂੰ ਯਾਦ ਕਰਨ ਤੋਂ ਭੱਜ ਨਹੀਂ ਰਿਹਾ?

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: