ਚੋਣਵੀਆਂ ਲਿਖਤਾਂ

ਦਰਬਾਰ ਸਾਹਿਬ ਅਤੇ ਇਸ ਦਾ ਧਾਰਮਿਕ-ਰਾਜਨੀਤਿਕ ਰੁਤਬਾ

By ਸਿੱਖ ਸਿਆਸਤ ਬਿਊਰੋ

March 30, 2023

1721 ਈਸਵੀ ਪਿੱਛੋਂ ਹਰਿਮੰਦਰ ਸਾਹਿਬ ਕੰਪਲ਼ੈਕਸ ਸਿੱਖ-ਸੰਸਾਰ, ਸਿੱਖ ਇਤਿਹਾਸ, ਸਿੱਖ ਰਾਜਨੀਤੀ ਅਤੇ ਅਗੰਮੀ ਸਿੱਖ ਦਰਸ਼ਨ ਦਾ ਕੇਂਦਰ ਰਿਹਾ ਹੈ। ਪਿਛਲੇ 250 ਵਰ੍ਹਿਆਂ ਵਿਚ ਭਾਵੇਂ ਕਿਸੇ ਵੀ ਸਰਕਾਰ ਨੇ ਸਿੱਖਾਂ ਨੂੰ ਗੈਰ ਕਾਨੂੰਨੀ ਠਹਿਰਾਇਆ ਹੋਵੇ, ਭਾਵੇਂ ਦਰਬਾਰ ਸਾਹਿਬ ਕੰਪਲੈਕਸ ਨੂੰ ਢਹਿ ਢੇਰੀ ਕੀਤਾ ਹੋਵੇ, ਭਾਵੇਂ ਜ਼ਬਰੀ ਕਬਜ਼ੇ ਵਿਚ ਕੀਤਾ ਹੋਵੇ, ਭਾਵੇਂ ਸਿੱਖ ਪੂਰਨ ਤੌਰ ਤੇ ਪ੍ਰਭੂਸੱਤਾ ਦੇ ਮਾਲਕ ਹੋਣ ਅਤੇ ਭਾਵੇਂ ਰਾਜਨੀਤਿਕ ਤੌਰ ਤੇ ਉਹਨਾਂ ਦੇ ਅਧੀਨ ਲਿਆ ਜਾਏ, ਇਸ ਸਭ ਕੁਝ ਦੇ ਬਾਵਜੂਦ ਉਹਨਾਂ ਨੇ ਦੋ ਗੱਲਾਂ ਉੱਤੇ ਨਾ ਹੀ ਕਦੇ ਸਮਝੌਤਾ ਕੀਤਾ ਅਤੇ ਨਾ ਹੀ ਉਹਨਾਂ ਨੂੰ ਛੱਡਿਆ ਹੈ ਅਤੇ ਉਹ ਹਨ- ਜਿੰਦ ਜਾਨ ਹਨ ਅਤੇ ਅਧਿਕਾਰ ਕਿਸੇ ਦੁਨਿਆਵੀ ਤਾਕਤ ਨੇ ਰਿਆਇਤ ਕਰ ਕੇ ਨਹੀ ਦਿੱਤਾ ਸਗੋਂ ਇਹ ਸਿੱਖਾਂ ਦਾ ਜਨਮ ਸਿੱਧ ਅਧਿਕਾਰ ਹੈ ਅਤੇ ਇਹ ਪੋਜ਼ੀਸ਼ਨ ਆਪਣੇ ਆਪ ਵਿਚ ਨਿਵੇਕਲੀ ਹੈ ਅਤੇ ਇਸ ਨੂੰ ਬਦਲਿਆ ਨਹੀ ਜਾ ਸਕਦਾ। ਦੋ, ਸਿੱਖੀ ਸਿਧਾਂਤ ਇਸ ਸੰਸਾਰ ਅਤੇ ਅਗਲੇ ਸੰਸਾਰ ਵਿਚ ਕੋਈ ਅੰਤਰ ਨਹੀਂ ਸਮਝਦਾ ਅਤੇ ਨਾ ਹੀ ਇਹ ਸਿਧਾਂਤ ਧਰਮ-ਨਿਰਪੱਖ ਅਤੇ ਧਾਰਮਿਕ ਜਗਤ ਅਤੇ ਰਾਜਸੀ ਤੇ ਰੂਹਾਨੀ ਜਗਤ ਵਿਚ ਕੋਈ ਫਰਕ ਸਮਝਦਾ ਹੈ।

ਇਸ ਲਈ ਦਰਬਾਰ ਸਾਹਿਬ ਦਾ ਸਥਾਨ ਅਤੇ ਰੁਤਬਾ ਦੁਨੀਆਂ ਦੇ ਧਾਰਮਿਕ ਜਾਂ ਰਾਜਸੀ ਕੇਂਦਰਾਂ ਵਿਚ ਨਿਵੇਕਲੀ ਕਿਸਮ ਦਾ ਹੈ। ਇਹ ਸਿੱਖਾਂ ਦਾ ਮੱਕਾ ਹੈ। ਕਿਉਂ ਕਿ ਇਹ ਸਿੱਖਾਂ ਦਾ ਧਾਰਮਿਕ ਕੇਂਦਰ ਹੈ, ਪਰ ਇਹ ਇਸ ਤੋਂ ਵੀ ਵੱਧ ਹੈ।

ਇਸ ਨੂੰ ਰੋਮ ਸਥਿਤਸੇਂਟ ਪੀਟਰਜ਼ ਕਿਹਾ ਜਾ ਸਕਦਾ ਹੈ ਕਿਉਂਕਿ ਸਿੱਖਾਂ ਦੇ ਦੀਨ ਦੀ ਰਾਜਧਾਨੀ ਹੈ ਪਰ ਇਸ ਤੋਂ ਵੀ ਵੱਧ ਇਹ ਹੋਰ ਕੁਝ ਵੀ ਹੈ ਅਤੇ ਉਸ ਨਾਲੋਂ ਘੱਟ ਤੇ ਵੱਖਰਾ ਹੈ ਕਿਉਂਕਿ ਸਿੱਖੀ ਸਿਧਾਂਤ ਵਿਚ ਕਿਸੇ ਅਣਦੇਖੇ ਰੱਬ ਦੇ ਨਾਂ ਤੇ ਕਿਸੇ ਪਾਦਰੀ ਸ੍ਰੇਣੀ ਨੂੰ ਕੋਈ ਮਾਨਤਾ ਨਹੀਂ ਜਾਂ ਉਸ ਨੂੰ ਕੋਈ ਦੈਵੀ ਅਧਿਕਾਰ ਨਹੀਂ। ਇਹ ਸੇਂਟ ਪੀਟਰਜ਼ ਤੋਂ ਵੱਧ ਇਸ ਕਰਕੇ ਹੈ ਕਿਉਂਕਿ ਦਰਬਾਰ ਸਾਹਿਬ ਸਿੱਖਾਂ ਦੀ ਅੰਤਮ ਵਫਾਦਾਰੀ ਦੀ ਰਾਜਧਾਨੀ ਹੈ। ਭਾਵੇਂ ਸਿੱਖ ਕਿਹੋ ਜਿਹੇ ਰਾਜਨੀਤਿਕ ਢਾਂਚੇ ਵਿਚ ਵੀ ਕਿਉਂ ਨਾ ਰਹਿ ਰਿਹਾ ਹੋਵੇ ਤਾਂ ਵੀ ਸਿੱਖਾਂ ਦੀ ਅੰਤਮ ਵਫਾਦਾਰੀ ਦਰਬਾਰ ਸਾਹਿਬ ਨਾਲ ਹੀ ਜੁੜੀ ਰਹੇਗੀ।

ਇਸ ਨੂੰ ਸਿੱਖ ਧਰਮ ਦੀ ਵਾਰਾਨਸੀ ਜਾਂ ਬਨਾਰਸ ਵੀ ਕਿਹਾ ਜਾ ਸਕਦਾ ਹੈ। ਇਹ ਸਿੱਖ ਸਰਧਾ ਦਾ ਪਾਵਨ ਤੋਂ ਪਾਵਨ ਸਥਾਨ ਹੈ ਪਰ ਇਹ ਪੂਰੀ ਤਰ੍ਹਾਂ ਬਨਾਰਸ ਜਾ ਵਾਰਾਨਸੀ ਨਹੀਂ ਹੈ ਕਿਉਂਕਿ ਸਿੱਖੀ ਸਿਧਾਂਤ ਕਿਸੇ ਅਜਿਹੀ ਰਵਾਇਤ ਜਾਂ ਵਿਸ਼ਵ ਨੂੰ ਮਾਨਤਾ ਨਹੀਂ ਦਿੰਦਾ ਜੋ ਧਰਮ ਨੂੰ ਕਿਸੇ ਵਿਸ਼ੇਸ਼ ਭੂਗੋਲਿਕ ਖਿੱਤੇ ਨਾਲ ਜੋੜਦੀ ਹੋਵੇ।

ਇਸ ਨੂੰ ਸਿੱਖਾਂ ਦਾ ਯੋਰੋਸ਼ਲਮ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਸਿੱਖ ਧਰਮ ਦਾ ਸਾਖਿਅਤ ਇਤਿਹਾਸਿਕ ਕੇਂਦਰ ਹੈ ਪਰ ਇਹ ਪੂਰੀ ਤਰ੍ਹਾਂ ਇੰਝ ਵੀ ਨਹੀਂ ਕਿਉਂਕਿ ਇਕ ਧਰਮ ਦੀ ਹੈਸੀਅਤ ਵਿਚ ਸਿੱਖ ਧਰਮ ਦਾ ਜਨਮ ਕਿਸੇ ਵਿਸ਼ੇਸ਼ ਇਤਿਹਾਸ ਵਿੱਚੋਂ ਨਹੀਂ ਹੋਇਆ ਜਾ ਇਉਂ ਕਹਿ ਲਓ ਕਿ ਸਿੱਖ ਧਰਮ ਦੇ ਜਨਮ ਦੀ ਪ੍ਰਮਾਣਿਕਤਾ ਨੂੰ ਕਿਸੇ ਇਤਿਹਾਸਕ ਘਟਨਾ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ।

ਦਰਬਾਰ ਸਾਹਿਬ ਨੂੰ ਇਕ ਤਰ੍ਹਾਂ ਨਾਲ ਸਿੱਖਾਂ ਦੀ ਸਿਆਸੀ ਰਾਜਧਾਨੀ ਵੀ ਨਹੀਂ ਕਿਹਾ ਜਾ ਸਕਦਾ ਕਿਉਂ ਕਿ ਸਿਆਸੀ ਰਾਜਨੀਤੀ ਤੋਂ ਮੁਰਾਦ ਕਿਸੇ ਅਜਿਹੀ ਸਟੇਟ ਦੀ ਹੋਂਦ ਹੈ ਜਿਸ ਉੱਤੇ ਸਿੱਖਾਂ ਦਾ ਕੰਟਰੋਲ ਹੋਏ ਅਤੇ ਜਦੋਂ ਸਿੱਖਾਂ ਦੀ ਕੋਈ ਇਹੋ ਜਿਹੀ ਸਟੇਟ ਹੋਏ ਤਾ ਵੀ ਇਹ ਜ਼ਰੂਰੀ ਨਹੀਂ ਕਿ ਸਿੱਖਾਂ ਦਾ ਰਾਜ ਪ੍ਰਬੰਧਕੀ ਕੇਂਦਰ ਅੰਮ੍ਰਿਤਸਰ ਹੀ ਹੋਏ ਅਤੇ ਜੇ ਇਹ ਹੋਵੇ ਵੀ ਤਾਂ ਵੀ ਦਰਬਾਰ ਸਾਹਿਬ ਕੰਪਲੈਕਸ ਇਸ ਪ੍ਰਬੰਧਕੀ ਕੇਂਦਰ ਤੋਂ ਵੱਖਰਾ ਆਜ਼ਾਦ ਰੂਪ ਵਿਚ ਵਿਚਰੇਗਾ। ਜੇ ਕਦੇਂ ਸਿੱਖਾਂ ਕੋਲ ਆਪਣੀ ਪ੍ਰਭੂਸੱਤਾ ਵਾਲੀ ਸਟੇਟ ਨਾ ਵੀ ਹੋਏ ਤਾਂ ਵੀ ਦਰਬਾਰ ਸਾਹਿਬ ਕੰਪਲੈਕਸ ਦਾ ਧਾਰਮਿਕ-ਰਾਜਨੀਤਕ ਰੁਤਬਾ ਕਾਇਮ ਰਹੇਗਾ। ਇਹ ਵੀ ਹੋ ਸਕਦਾ ਹੈ ਕਿ ਕੋਈ ਵੀ ਰਾਜਸੀ ਤਾਕਤ ਇਸਦਾ ਧਾਰਮਿਕ-ਰਾਜਸੀ-ਰੁਤਬਾ ਕੁਚਲ ਦੇਵੇ ਜਾਂ ਕੁਝ ਵਿਅਕਤੀ ਸਮਝੌਤਾ ਕਰ ਲੈਣ ਅਤੇ ਸਿਆਸਤਦਾਨ ਇਸ ਦੇ ਧਾਰਮਿਕ-ਰਾਜਸੀ ਰੁਤਬੇ ਉੱਤੇ ਕਿੰਤੂ ਕਰਨ ਪਰ ਇਸ ਦੇ ਬਾਵਜੂਦ ਦਰਬਾਰ ਸਾਹਿਬ ਦਾ ਧਾਰਮਿਕ-ਰਾਜਨੀਤਿਕ ਰੁਤਬਾ ਮਿਟਾਇਆ ਜਾਂ ਖਤਮ ਨਹੀਂ ਕੀਤਾ ਜਾ ਸਕਦਾ ਕਿਉਂ ਕਿ ਦਰਬਾਰ ਸਾਹਿਬ ਦਾ ਸਥਾਨ ਨਿਵੇਕਲਾ ਹੈ, ਇਸ ਨੂੰ ਬਦਲਿਆ ਨਹੀਂ ਜਾ ਸਕਦਾ ਅਤੇ ਨਾ ਹੀ ਸਮੇਂ ਮੁਤਾਬਿਕ ਇਹ ਪੋਜੀਸ਼ਨ ਖੋਹੀ ਜਾ ਸਕਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: