
October 13, 2011 | By ਸਿੱਖ ਸਿਆਸਤ ਬਿਊਰੋ
ਫ਼ਤਿਹਗੜ੍ਹ ਸਾਹਿਬ (13 ਅਕਤੂਬਰ, 2011): ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ‘ਭ੍ਰਿਸ਼ਟਾਚਾਰ ਵਿਰੁੱਧ’ ਹਮਖਿਆਲੀ ਪਾਰਟੀਆਂ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਲੜਣ ਦੇ ਬਿਆਨ ਬਾਰੇ ਪ੍ਰਤੀਕਰਮ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ ਅਤੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸਲ ਵਿੱਚ ਕਾਂਗਰਸ ਹੀ ਅਕਾਲੀ ਦਲ ਬਾਦਲ ਦੀ ਦੀ ਹਮ ਖ਼ਿਆਲ ਪਾਰਟੀ ਹੈ, ਸ. ਬਾਦਲ ਨੂੰ ਚਾਹੀਦਾ ਹੈ ਕਿ ਇਸੇ ਪਾਰਟੀ ਨਾਲ ਚੋਣ ਗੱਠਜੋੜ ਕਰ ਕਰਕੇ ਵਿਧਾਨ ਸਭਾ ਚੋਣਾਂ ਲੜਣ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਸਥਾਪਿਤ ਭਾਰਤੀ ਢਾਂਚੇ ਦੇ ਇਸ਼ਾਰੇ ’ਤੇ ਪੰਜਾਬ ਅਤੇ ਪੰਥਕ ਹਿੱਤਾਂ ਦੇ ਵਿਰੁੱਧ ਕੰਮ ਕਰ ਰਹੀਆਂ ਹਨ।
ਭਾਈ ਚੀਮਾ ਤੇ ਬੜਾ ਪਿੰਡ ਨੇ ਅੱਗੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵੀ ਬਾਦਲ ਦਲ ਅਤੇ ਕਾਂਗਰਸ ਦੀ ਸੋਚ ਸਮਾਨ ਹੈ। ਦੋਵਾਂ ਦੇ ਆਗੂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਲਿਪਤ ਹਨ।ਬਾਦਲ ਪਰਿਵਾਰ ਖ਼ੁਦ ਵੀ ਇਨ੍ਹਾਂ ਦੋਸ਼ਾਂ ਤੋਂ ਨਹੀਂ ਬਚ ਸਕਿਆ ਤੇ ਕੁਝ ਇਨ੍ਹਾਂ ਸਮੇਤ ਕਈ ਹੋਰ ਅਕਾਲੀ ਆਗੂ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਦੀ ਹਵਾ ਖਾ ਚੁੱਕੇ ਹਨ। ਅਕਾਲੀ ਆਗੂ ਸੋਹਣ ਸਿੰਘ ਠੰਡਲ ਨੂੰ ਤਾਂ ਅਦਾਲਤ ਵਲੋਂ ਸਜ਼ਾ ਵੀ ਹੋ ਚੁੱਕੀ ਹੈ। ਭਾਜਪਾ ਮੰਤਰੀ ’ਤੇ ਲਕਸ਼ਮੀ ਕਾਂਤਾਂ ਚਾਵਲਾ ’ਤੇ ਤਾਂ ਖੁਦ ਪਾਰਟੀ ਆਗੂ ਜਗਦੀਸ਼ ਸਾਹਨੀ ਹੀ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾ ਰਹੇ ਹਨ। ਇੰਨਾ ਹੀ ਨਹੀਂ ਪੰਥ ਦੇ ਬਹੁਤ ਹੀ ਅਹਿਮ ਆਹੁਦੇ ’ਤੇ ਬੈਠੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ’ਤੇ ਵੀ ਗੁਰੂ ਦੀ ਗੋਲਕ ਨੂੰ ਲੁੱਟਣ ਦੇ ਦੋਸ਼ ਲੱਗ ਰਹੇ ਹਨ। ਇਸ ਤੋਂ ਬਿਨਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਿਰਮਲ ਸਿੰਘ ਕਾਹਲੋਂ, ਤੋਤਾ ਸਿੰਘ, ਭਾਜਪਾ ਦਾ ਰਾਜ ਖੁਰਾਣਾ ਆਦਿ ਬਹੁਤ ਸਾਰੇ ਛੋਟੇ-ਵੱਡੇ ਅਕਾਲੀ ਭਾਜਪਾ ਆਗੂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਨਹੀਂ ਬਚ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤੀ ਕੈਪਟਨ ਅਮਰਿੰਦਰ ਸਿੰਘ ਤੇ ਚੌਧਰੀ ਜਗਜੀਤ ਸਿਘ ਸਮੇਤ ਹੋਰ ਕਈ ਸੀਨੀਅਰ ਕਾਂਗਰਸੀ ਆਗੂ ਵੀ ਭ੍ਰਿਸ਼ਟਚਾਰ ਦੇ ਦੋਸ਼ਾਂ ਵਿੱਚ ਅਦਾਲਤਾਂ ਦੀਆਂ ਤਰੀਕਾਂ ਭੁਗਤ ਰਹੇ ਹਨ। ਇੱਥੋਂ ਤੱਕ ਕਿ ਪੰਜਾਬ ਨਾਲ ਸਬੰਧਿਤ ਪਾਰਟੀਆਂ ਵੀ ਨਿੱਜ਼ੀ ਗਰਜ਼ਾਂ ਲਈ ਪੰਜਾਬ ਦੇ ਅਸਲ ਮੁੱਦਿਆਂ ਤੋਂ ਮੂੰਹ ਮੋੜ ਚੁੱਕੀਆਂ ਹਨ। ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਅਪਣੇ ਵਜ਼ੂਦ ਨਾਲ ਜੁੜੇ ਮੁੱਦਿਆ ਦੇ ਹੱਲ ਤੇ ਹੱਕਾਂ ਦੀ ਪ੍ਰਾਪਤੀ ਲਈ ਹੁਣ ਤੀਜਾ ਕੋਈ ਬਦਲ ਲੱਭਣਾ ਚਾਹੀਦਾ ਹੈ।
Related Topics: Akali Dal Panch Pardhani, Bhai Harpal Singh Cheema (Dal Khalsa), Fatehgarh Sahib, ਭਾਈ ਹਰਪਾਲ ਸਿੰਘ ਚੀਮਾ, ਸ਼੍ਰੋਮਣੀ ਅਕਾਲੀ ਦਲ (ਬਾਦਲ) Shiromani Akali Dal (Badal)