ਸਿਆਸੀ ਖਬਰਾਂ

ਬਾਦਲ ਨੇ ਪੰਜਾਬ ਨੂੰ ਮੰਨੂੰਵਾਦੀ-ਚਾਣਕਿਆ ਰਾਜ ਵਿੱਚ ਬਦਲਿਆ: ਪੰਚ ਪ੍ਰਧਾਨੀ

By ਪਰਦੀਪ ਸਿੰਘ

August 03, 2011

ਫ਼ਤਿਹਗੜ੍ਹ ਸਾਹਿਬ (3 ਅਗਸਤ, 2011): ਬਠਿੰਡਾ ਦੇ ਪਿੰਡ ਗੋਬਿੰਦਪੁਰਾ ਵਿੱਚ ਜ਼ਮੀਨਾਂ ਐਕਵਾਇਰ ਕਰਨ ਦਾ ਵਿਰੋਧ ਕਰ ਰਹੇ ਕਿਸਾਨਾਂ, ਔਰਤਾਂ ਅਤੇ ਬੱਚਿਆਂ ’ਤੇ ਪੰਜਾਬ ਦੀ ਬਾਦਲ ਸਰਕਾਰ ਵਲੋਂ ਢਾਹੇ ਗਏ ਪੁਲਸੀਆ ਕਹਿਰ ਦੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਸਖ਼ਤ ਨਿੰਦਾ ਕੀਤੀ ਹੈ। ਦਲ ਦੇ ਆਗੂਆਂ ਭਾਈ ਹਰਪਾਲ ਸਿੰਘ ਚੀਮਾ ਤੇ ਕੁਲਬੀਰ ਸਿੰਘ ਬੜਾ ਪਿੰਡ ਨੇ ਕਿਹਾ ਕਿ ਅਪਣੀ ਲੁੱਟ ਰੋਕਣ ਲਈ ਯਤਨਸ਼ੀਲ ਲੋਕਾਂ ’ਤੇ ਡਾਂਗਾਂ ਅਤੇ ਗੋਲੀਆਂ ਚਲਾ ਕੇ ਬਾਦਲ ਸਰਕਾਰ ਨੇ ਅਪਣੇ ‘ਰਾਜ ਨਹੀਂ ਸੇਵਾ’ ਦੇ ਨਾਹਰੇ ਦਾ ਅਸਲ ਰੂਪ ਵਿਖਾ ਦਿੱਤਾ ਹੈ। ਜਿਵੇਂ ਕਿਸਾਨ ਬੀਬੀਆਂ ਨੂੰ ਗੁੱਤਾਂ ਤੋਂ ਫ਼ੜ ਕੇ ਸੜਕਾਂ ’ਤੇ ਘਸੀਟ ਕੇ ਉਨ੍ਹਾਂ ਨੂੰ ਗ਼ੁਲਾਮ ਹੋਣ ਦਾ ਅਹਿਸਾਸ ਕਰਵਾਇਆ ਗਿਆ ਹੈ। ਉਕਤ ਆਗੂਆਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਨੂੰ ਆਰ.ਐਸ.ਐਸ-ਭਾਜਪਾ ਦੀ ਇੱਛਾ ਵਾਲੇ ਚਾਣਕਿਆ ਤੇ ਮੰਨੂੰਵਾਦੀ ਰਾਜ ਵਿੱਚ ਬਦਲ ਦਿੱਤਾ ਹੈ ਜਿੱਥੇ ਗ਼ਰੀਬ ਕਿਸਾਨਾਂ ਅਤੇ ਘੱਟ ਗਿਣਤੀਆਂ ਦੇ ਕੋਈ ਹੱਕ ਮਹਿਫ਼ੂਜ਼ ਨਹੀਂ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਕਿਸੇ ਵੀ ਹਾਲਤ ਵਿੱਚ ਅਪਣੇ ਹੱਕ ਨਹੀਂ ਛੱਡ ਸਕਦੇ ਅਤੇ ਬਾਦਲ ਸਰਕਾਰ ਨੂੰ ਉਨ੍ਹਾਂ ਦੀ ਲੁੱਟ ਅਤੇ ਕੁੱਟ ਬੰਦ ਕਰਨੀ ਪਵੇਗੀ। ਅਪਣੇ ਹਕ ਮੰਗਦੇ ਲੋਕਾਂ ’ਤੇ ਡਾਂਗਾ ’ਤੇ ਗੋਲੀਆਂ ਚਲਾਉਣੀਆ ਬਾਦਲ-ਭਾਜਪਾ ਸਰਕਾਰ ਦੇ ਏਜੰਡੇ ਦਾ ਇੱਕ ਹਿੱਸਾ ਹੈ। ਸਮੇਂ-ਸਮੇਂ ’ਤੇ ਇਸ ਸਰਕਾਰ ਨੇ ਆਂਗਣਵਾੜੀ ਵਰਕਰਾਂ, ਆਸ਼ਾ ਵਰਕਾਰ, ਬੇਰੁਜ਼ਗਾਰ ਲਾਈਨਮੈਨ ਅਤੇ ਅਧਿਆਪਕਾਂ ਤੇ ਹੋਰਨਾਂ ਵੱਖ-ਵੱਖ ਜਥੇਬੰਦੀਆਂ ਦੇ ਵਰਕਰਾਂ ਤੇ ਆਗੂਆਂ ਨੂੰ ਛੱਲੀਆਂ ਵਾਂਗ ਕੁੱਟ-ਕੁੱਟ ਕੇ ਅਪਣੇ ਹੱਕ ਮੰਗਣ ਦੀ ਸਜ਼ਾ ਦਿੱਤੀ ਹੈ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਬਾਦਲ-ਭਾਜਪਾ ਸਰਕਾਰ ਦੇ ਜ਼ੁਲਮਾਂ ਨੂੰ ਯਾਦ ਰੱਖਣਗੇ ਅਤੇ ਆਗਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬਾਦਲ-ਭਾਜਪਾ ਨੂੰ ਲੋਕ ਸਬਕ ਸਿਖਾ ਦੇਣਗੇ। ਇਸ ਮੌਕੇ ਉਕਤ ਆਗੂਆਂ ਨਾਲ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ, ਅਮਰਜੀਤ ਸਿੰਘ ਬਡਗੁਜਰਾਂ, ਪਰਮਿੰਦਰ ਸਿੰਘ ਕਾਲਾ ਅਤੇ ਹਰਪ੍ਰੀਤ ਸਿੰਘ ਹੈਪੀ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: