Site icon Sikh Siyasat News

ਸ਼੍ਰੋਮਣੀ ਕਮੇਟੀ ਤੇ ‘ਜਥੇਦਾਰ’ ਸਿੱਖ ਇਤਿਹਾਸ ਨਾਲ ਛੇੜ-ਛਾੜ ਦੇ ਮਾਮਲੇ ਵਿੱਚ ਮਗਰਮੱਸ਼ ਦੇ ਹੰਝੂ ਵਹਾ ਰਹੇ ਹਨ: ਸਿਰਸਾ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਆਰ.ਐਸ.ਐਸ. ਦੇ ਹੈੱਡ ਕੁਆਰਟਰ ਨਾਗਪੁਰ ਤੋਂ ਸਿੱਖ ਧਰਮ ਇਤਿਹਾਸ ਨੂੰ ਸਾਬੋਤਾਜ ਕਰਨ ਹਿੱਤ ਛਪਵਾਈਆਂ ਜਾ ਰਹੀਆਂ ਕਿਤਾਬਾਂ ਦਾ ਪੜਦਾ ਫਾਸ਼ ਹੋਣ ਤੇ ਸਮੁੱਚੀ ਸਿੱਖ ਕੌਮ ਦੇ ਰੋਹ ਨੂੰ ਵੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਦੇ ਮੌਜੂਦਾ ਤੇ ਸਾਬਕਾ ਪ੍ਰਧਾਨ ਅਤੇ ਕਮੇਟੀ ਵੱਲੋਂ ਥਾਪੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਦਿੱਤੇ ਬਿਆਨ ਸਿਰਫ ਲੋਕ ਛਲਾਵਾ ਹੀ ਲੱਗਦੇ ਹਨ ਕਿਉਂਕਿ ਇਨ੍ਹਾਂ ਲੋਕਾਂ ਨੇ ਪਿਛਲੇ ਇੱਕ ਦਹਾਕੇ ਤੋਂ ਅਜੇਹੇ ਗੁਰੂ ਨਿੰਦਕਾਂ ਤੇ ਪੰਥ ਦੋਖੀਆਂ ਨੂੰ ਬਚਾਉਣ ਲਈ ਪੂਰਾ ਤਾਣ ਲਗਾਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਲੋਕ ਇਨਸਾਫ ਭਲਾਈ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਕਿਹਾ ਹੈ ਕਿ ਬਾਦਲ ਪਰਵਾਰ ਦੇ ਇਸ਼ਾਰਿਆਂ ‘ਤੇ ਚੱਲਣ ਵਾਲੇ ਇਹ ਲੋਕ ਹਨ ਜਿਨ੍ਹਾਂ ਨੇ ਸਿੱਖ ਇਤਿਹਾਸ ਹਿੰਦੀ ਕਿਤਾਬ ਦਾ ਸੱਚ ਸਾਹਮਣੇ ਲਿਆਉਣ ਕਾਰਨ ਉਨ੍ਹਾਂ ਖਿਲਾਫ ਅਕਾਲ ਤਖਤ ਤੇ ਸ਼ਿਕਾਇਤ ਕੀਤੀ ਸੀ ਅਤੇ ਉਨ੍ਹਾਂ ਨੂੰ ਤਲਬ ਕਰਕੇ ਸਜਾ ਦੇਣ ਦੀ ਮੰਗ ਕੀਤੀ ਸੀ।

ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਗੁਰੂ ਦੀ ਗੋਲਕ ‘ਚੋਂ ਮਾਇਆ ਖਰਚ ਕੇ ਛਪਵਾਈ ਗਈ ਹਿੰਦੀ ਭਾਸ਼ਾ ‘ਚ “ਸਿੱਖ ਇਤਿਹਾਸ” ਨਾਮ ਦੀ ਕਿਤਾਬ ਦਾ ਮਾਮਲਾ ਉਨ੍ਹਾਂ ਨੇ 8 ਅਗਸਤ 2007 ਵਿੱਚ ਉਠਾਇਆ ਸੀ।

ਬਲਦੇਵ ਸਿੰਘ ਸਿਰਸਾ

ਸ. ਸਿਰਸਾ ਨੇ ਦੱਸਿਆ ਕਿ ਇਸ ਪ੍ਰਕਾਸ਼ਨਾ ਵਿੱਚ ਸਿੱਖ ਗੁਰੂ ਸਾਹਿਬਾਨ ਖਿਲਾਫ ਵਰਤੀ ਗਈ ਗਲਤ ਸ਼ਬਦਵਾਲੀ ਖਿਲਾਫ ਸ਼ੋ੍ਰ.ਗੁ.ਪ੍ਰ.ਕ. ਦੇ ਖਿਲਾਫ ਸਿੱਖ ਗੁਰਦੁਆਰਾ ਜੁਡੀਸ਼ਅਲ ਕਮਿਸ਼ਨ ਪਾਸ ਕੇਸ ਕਰਨ ਤੋਂ ਬਾਅਦ ਕਮੇਟੀ ਨੇ ਦਫਤਰ ਦੇ ਆਰਡਰ ਨੰਬਰ 125 ਮਿਤੀ 05-09-2007 ਨੂੰ ਧਰਮ ਪ੍ਰਚਾਰ ਕਮੇਟੀ ( ਸ਼੍ਰੋ:ਗੁ:ਪ੍ਰ: ਕਮੇਟੀ) ਵੱਲੋਂ ਪ੍ਰਕਾਸ਼ਤ ਹਿੰਦੀ ਪੁਸਤਕ “ਸਿੱਖ ਇਤਿਹਾਸ” ਸਬੰਧੀ ਛਿੜੇ ਵਿਵਾਦ ਦਾ ਹਵਾਲਾ ਦੇ ਕੇ ਇਸਦੀ ਪਰਖ ਪੜਚੋਲ ਲਈ ਸਬ ਕਮੇਟੀ ਬਣਾਈ ਸੀ।

ਉਨ੍ਹਾਂ ਦੱਸਿਆ ਕਿ ਸਬ ਕਮੇਟੀ ਵਿੱਚ ਡਾ: ਖੜਕ ਸਿੰਘ ਚੰਡੀਗੜ੍ਹ ,ਡਾ:ਕਿਰਪਾਲ ਸਿੰਘ ਚੰਡੀਗੜ੍ਹ, ਡਾ: ਜਸਬੀਰ ਸਿੰਘ ਸਾਬਰ, ਡਾ:ਬਲਵੰਤ ਸਿੰਘ ਢਿਲੋਂ, ਸ੍ਰ:ਬਲਵਿੰਦਰ ਸਿੰਘ ਜੌੜਾ ਇੰਚਾਰਜ ਸਿੱਖ ਇਤਿਹਾਸ ਰੀਸਰਚ ਬੋਰਡ(ਹਾਲ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ) ਅਤੇ ਸ੍ਰ:ਕਿਰਪਾਲ ਸਿੰਘ ਰੀਸਰਚ ਸਕਾਲਰ ਸ਼ਾਮਿਲ ਸਨ।

ਉਨ੍ਹਾਂ ਦੱਸਿਆ ਕਿ ਸਬ ਕਮੇਟੀ ਦੀ ਰਿਪੋਰਟ ਮਿਤੀ 11-09-2007 ਦੇ ਪਹਿਰਾ ਨੰ. ਤਿੰਨ ‘ਚ ਲਿਿਖਆ ਹੈ ਕਿ ‘ਪੁਸਤਕ ਦੇ ਲੇਖਕ ਬਾਰੇ ਜਾਂ ਅਨੁਵਾਦਕ ਬਾਰੇ ਕੋਈ ਸੰਕੇਤ ਲਿਖਤੀ ਤੌਰ ਤੇ ਇਸ ਪੁਸਤਕ ਵਿਚ ਨਹੀਂ ਦਰਸਾਇਆ ਗਿਆ ਅਤੇ ਨਾ ਹੀ ਇਸ ਪੁਸਤਕ ਦੀ ਪ੍ਰੈਸ ਐਕਟ ਐਕਟ ਮੁਤਾਬਿਕ ਲੋੜੀਦੀਂ ਜਾਣਕਾਰੀ ਹੀ ਦਿੱਤੀ ਗਈ ਹੈ। ਇਸ ਲਈ ਸੰਭਵ ਹੈ ਕਿ ਕਿਸੇ ਸ਼ਰਾਰਤੀ ਦਿਮਾਗ ਨੇ ਸ਼ੋ੍ਰਮਣੀ ਗੁ:ਪ੍ਰ:ਕਮੇਟੀ ਨੂੰ ਬਦਨਾਮ ਕਰਨ ਲਈ ਅੰਦਰ ਖਾਤੇ ਕਿਸੇ ਡੂੰਘੀ ਸਾਜਿਸ਼ ਅਧੀਨ ਇਹ ਪੁਸਤਕ ਛਪਵਾਈ ਹੋਵੇਗੀ ਇਸ ਲਈ ਇਸ ਪੁਸਤਕ ਦੀ ਛਪਾਈ ਬਾਰੇ ਸਾਰੇ ਪੱਖਾਂ ਦੀ ਪੂਰੀ ਤਰਾਂ ਘੋਖ ਪੜਤਾਲ ਕਰਵਾਈ ਜਾਣੀ ਚਾਹੀਦੀ ਹੈ’।

ਕਮੇਟੀ ਪ੍ਰਬੰਧਕਾਂ ਨੇ ਉਲਟਾ ਜਨਰਲ ਅਜਲਾਸ ਮਿਤੀ 23 ਨਵੰਬਰ 2007 ਵਿੱਚ ਪਾਸ ਕੀਤੇ ਮਤਾ ਨੰਬਰ 10 ਰਾਹੀਂ ਸ੍ਰੀ ਅਕਾਲ ਤਖਤ ਨੂੰ ਪੱਤਰ ਲਿਖਕੇ ਮੰਗ ਕੀਤੀ ਕਿ ਜਿਹੜੇ ਲੋਕਾਂ ਨੇ ਉਪਰੋਕਤ ਕਿਤਾਬ ਵਿਚਲੇ ਤੱਥਾਂ ਨੂੰ ਸਾਹਮਣੇ ਲਿਆਂਦਾ ਹੈ ਉਨ੍ਹਾਂ ਨੂੰ ਅਕਾਲ ਤਖਤ ਤੇ ਤਲਬ ਕਰਕੇ ਧਾਰਮਿਕ ਸਜਾ ਸੁਣਾਈ ਜਾਵੇ।

ਸ. ਸਿਰਸਾ ਨੇ ਕਿਹਾ ਕਿ ਅੱਜ ਇਹ ਲੋਕ ਭਾਵੇਂ ਗੋਬਿੰਦ ਸਿੰਘ ਲੋਂਗੋਵਾਲ ਹੋਵੇ ਜਾਂ ਅਵਤਾਰ ਸਿੰਘ ਮੱਕੜ ਤੇ ਭਾਵੇਂ ਗਿਆਨੀ ਗੁਰਬਚਨ ਸਿੰਘ, ਜੋ ਆਰ.ਐਸ.ਐਸ. ਦੇ ਹੈੱਡ ਕੁਆਟਰ ਤੋਂ ਛਪੀਆਂ ਵਿਵਾਦਤ ਪੁਸਤਕਾਂ ਬਾਰੇ ਸਖਤ ਕਾਰਵਾਈ ਦੀ ਗਲ ਕਰ ਰਹੇ ਹਨ। ਕੌਮ ਦੇ ਰੋਸ ਤੇ ਰੋਹ ਨੂੰ ਵੇਖਦਿਆਂ ਮਗਰਮੱਛ ਦੇ ਹੰਝੂ ਕੇਰ ਰਹੇ ਹਨ ਇਨ੍ਹਾਂ ਤੇ ਵਿਸ਼ਵਾਸ਼ ਨਹੀ ਕਰਨਾ ਚਾਹੀਦਾ ਕਿਉਂਕਿ ਜਿਹੜੇ ਲੋਕ ਕਾਬੇ ਵਿੱਚ ਬੈਠੇ ਕੇ ਕੁਫਰ ਤੋਲਣ ਦੇ ਆਦੀ ਹੋ ਗਏ ਹਨ ਉਹ ਕੌਮ ਦੇ ਹਰਗਿਜ਼ ਨਹੀ ਹੋ ਸਕਦੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version