ਖਾਸ ਲੇਖੇ/ਰਿਪੋਰਟਾਂ » ਸਿੱਖ ਖਬਰਾਂ

ਕਿਤਾਬ ‘ਖਾੜਕੂ ਸੰਘਰਸ਼ ਦੀ ਸਾਖੀ’ ਬਹੁ-ਮੁੱਲਾ ਸਰੋਤ

July 9, 2022 | By

ਕਿਤਾਬ ‘ਖਾੜਕੂ ਸੰਘਰਸ਼ ਦੀ ਸਾਖੀ‘ ਦੀ ਮੁੱਢਲੀ ਝਲਕ ‘ਸਾਖੀ’ ਦੀ ਵੱਡ-ਪਰੰਪਰਾ ਨੂੰ ਅਗਾਂਹ ਤੋਰਦੀ ਨਜ਼ਰ ਆਉਂਦੀ ਹੈ। ਘਟਨਾਵਾਂ ਦੇ ਬਿਰਤਾਂਤ ਸਹਿਜ ਰੂਪ ਵਿਚ ਚਲਦੇ ਹੋਏ ਡੂੰਘੇ ਭਾਵ ਪ੍ਰਗਟ ਕਰਦੇ ਹਨ। ਉਦਾਹਰਣ ਦੇ ਤੌਰ ‘ਤੇ ਪਹਿਲੀਆਂ ਤਿੰਨ ਘਟਨਾਵਾਂ “ਗੁਰਬਾਣੀ ਦਾ ਅਦਬ”, “ਗੁਰੂ ਦਾ ਅਦਬ” ਅਤੇ “ਜਪੁ ਨੀਸਾਣੁ ਬਾਣੀ ਪੜ੍ਹਣ ਵਾਲੀ ਅਵਾਜ” ਵਿਚ ਗੁਰਬਾਣੀ ਦੇ ਅਦਬ-ਸਤਿਕਾਰ ਪ੍ਰਤੀ ਉਹਨਾਂ ਉਚ ਕਿਰਦਾਰ ਵਾਲੀਆਂ ਸ਼ਖ਼ਸੀਅਤਾਂ ਦੇ ਦੀਨ-ਇਮਾਨ ਨੂੰ ਸਹਿਜੇ ਹੀ ਬਿਆਨ ਕੀਤਾ ਹੈ। ਬਾਬਾ ਪਿਆਰਾ ਸਿੰਘ ਵਾਲੇ ਬਿਰਤਾਂਤ ਵਿਚ ਪਿਆਰਾ ਸਿੰਘ ਦੇ ਇਹ ਸਹਿਜੇ ਹੀ ਬੋਲੇ ਗਏ ਬੋਲ ਕਿੰਨੇ ਡੂੰਘੇ ਅਰਥ ਰੱਖਦੇ ਨੇ “ਮੈਂ ਗੁਟਕਾ ਜਾਂ ਪੋਥੀ ਇਸ ਕਰਕੇ ਨਹੀਂ ਫੜਦਾ ਕਿ ਮੈਨੂੰ ਡਰ ਲਗਦਾ ਹੈ ਕਿ ਇਹ ਮੈਲਾ ਸਰੀਰ ਹੈ ਉਹ ਰੱਬ ਦੀ ਜਾਤ ਹੈ”। (ਪੰਨਾ 77)

ਕਿਤਾਬ ਵਿਚਲੀਆਂ ਘਟਨਾਵਾਂ ਦੀ ਤਫਸੀਲ ਪਾਠਕ ਨੂੰ ਇਕ ਪਲ ਵੀ ਓਝਲ ਨਹੀਂ ਹੋਣ ਦਿੰਦੀ, ਸਗੋਂ ਸਾਖੀ ਨੂੰ ਅਗਾਂਹ ਦੀ ਅਗਾਂਹ ਪੜ੍ਹਨ ਲਈ ਰੁਚਿਤ ਕਰਦੀ ਹੈ। ਹਰ ਘਟਨਾ ਦਾ ਪ੍ਰਸੰਗ ਸਰਲ ਰੂਪ ਵਿਚ ਪਾਠਕ ਨੂੰ ਪ੍ਰਭਾਵਿਤ ਕਰਦਾ ਹੋਇਆ ਭਾਵੁਕ ਵੀ ਕਰਦਾ ਹੈ ਤੇ ਚਿੰਤਤ ਵੀ। ਜਦੋਂ ਮੈਂ ਇਹ ਕਿਤਾਬ ਪੜ੍ਹ ਰਿਹਾ ਸੀ ਤਾਂ ਮੈਨੂੰ ਬਹੁਤ ਵਾਰੀ 18ਵੀਂ ਸਦੀ ਵਿਚ ਮੁਗਲ ਹਕੂਮਤ ਦੁਆਰਾ ਸਿੱਖਾਂ ‘ਤੇ ਕੀਤਾ ਗਿਆ ਤਸ਼ੱਦਦ ਯਾਦ ਆਇਆ ਕਿ ਸ਼ਾਇਦ ਸਮਾਂ ਹੀ ਬਦਲਿਆ ਕਿਰਦਾਰ ਨਹੀਂ। ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ “ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ” ਦੇ ਅਰਥ ਪ੍ਰਤੱਖ ਨਜ਼ਰ ਆਏ। ਜਿਵੇਂ ਖਾਫੀ ਖਾਨ ਅਠਾਰ੍ਹਵੀਂ ਦੇ ਸਿੱਖਾਂ ਨੂੰ ਗਾਲ੍ਹਾਂ ਕੱਢਦਾ ਹੋਇਆ ਸਿਫਤ ਵੀ ਕਰ ਜਾਂਦਾ ਹੈ, ਉਸੇ ਤਰ੍ਹਾਂ ਦਾ ਵਰਤਾਰਾ “ਠਾਹਰ ਵਾਲਾ ਸੂਬੇਦਾਰ” (ਪੰਨਾ 113) ਵਿਚ ਵੇਖਣ ਨੂੰ ਮਿਲਦਾ ਹੈ।

ਇਕ ਖਾੜਕੂ ਲਈ ਸੰਘਰਸ਼ ਕਰਦਿਆਂ ਉਸਦਾ ਰਹਿਣ ਸਹਿਣ ਅਤੇ ਕੀ-ਕੀ ਜਰੂਰੀ ਸੀ ਕਿਤਾਬ ਸ਼ਹੀਦ ਜੁਗਰਾਜ ਸਿੰਘ ਤੂਫਾਨ ਦੇ ਹਵਾਲੇ ਨਾਲ ਦੱਸਦੀ ਹੈ ਕਿ “ਸੌਣ ਵੇਲੇ ਵੀ ਅਸਾਲਟ ਉਹਦੇ ਹਿੱਕ ਨਾਲ ਲੱਗੀ ਰਹਿੰਦੀ ਸੀ। ਉਹਦੇ ਕਮਰਕੱਸੇ ਵਿਚ ਜੋ ਜਰੂਰੀ ਸਮਾਨ ਹੁੰਦਾ ਸੀ, ਉਸ ਵਿਚ ਮੈਗਜੀਨਾਂ ਵਾਲਾ ਝੋਲਾ, ਇਕ ਪਸਤੌਲ ਜੋ ਉਹਨੂੰ ਉਹਦੇ ਜਥੇਦਾਰ ਨੇ ਦਿੱਤਾ ਸੀ, ਛੋਟੀ ਕਿਰਪਾਨ, ਇਕ ਫੌਜੀ ਚਾਕੂ, ਪਾਣੀ ਦੀ ਬੋਤਲ ਅਤੇ ਕੁਝ ਸੁਕੇ ਮੇਵੇ”। (ਪੰਨਾ 88) ਇਹਨਾਂ ਸੰਖੇਪ ਪੰਗਤੀਆਂ ਤੋਂ ਪਤਾ ਲੱਗਦਾ ਹੈ ਕਿ ਜੁਝਾਰੂ ਕਿਸ ਹੱਦ ਤੱਕ ਆਪਣੇ ਮਕਸਦ ਲਈ ਦ੍ਰਿੜ ਸਨ, ਜਿਸ ਵਿਚ ਉਮਰ ਕੋਈ ਮਾਇਨੇ ਨਹੀਂ ਸੀ ਰੱਖਦੀ।

ਕਿਤਾਬ ਵਿਚੋਂ ਪਤਾ ਲੱਗਦਾ ਹੈ ਕਿ ਲਹਿਰ ਕਿਸੇ ਖਾਸ ਵਰਗ ਲਈ ਹੀ ਨਹੀਂ ਸੀ ਬਲਕਿ ਇਹ ਬਹੁਤ ਦੂਰ ਤੱਕ ਫੈਲੀ ਹੋਈ ਸੀ, ਜਿਸ ਵਿਚ ਹਿੰਦੂ ਭਰਾ, ਮੁਸਲਮਾਨ ਭਰਾ, ਕਾਰੀਗਰ, ਅਧਿਆਪਕ, ਡਾਕਟਰ, ਡਰਾਇਵਰ, ਨਕਸਲੀ, ਕਾਰ ਸੇਵਾ ਵਾਲੀਆਂ ਰੂਹਾਂ, ਧਰਮੀ ਫੌਜੀ, ਹਰ ਅਮੀਰ ਤੋਂ ਅਮੀਰ ਅਤੇ ਗਰੀਬ ਤੋਂ ਗਰੀਬ ਸ਼ਖ਼ਸੀਅਤਾਂ ਨੇ ਇਸ ਸੰਘਰਸ਼ ਵਿਚ ਬਹੁ-ਮੁੱਲਾ ਹਿੱਸਾ ਪਾਇਆ। ਅਜਿਹੇ ਕਿਰਦਾਰਾਂ ਦੀ ਮਦਾਖਲਤ ਦੱਸਦੀ ਹੈ ਕਿ ਲਹਿਰ ਦੇ ਸੱਚੇ ਕਿਰਦਾਰਾਂ ਨੇ ਕਿੱਥੋਂ ਤੱਕ ਆਮ ਲੋਕਾਈ ਨੂੰ ਪ੍ਰਭਾਵਿਤ ਕੀਤਾ ਹੋਇਆ ਸੀ ਅਤੇ ਇਸ ਵਿਚ ਆਪਣਾ ਹਿੱਸਾ ਪਾਉਣ ਲਈ ਤਤਪਰ ਸਨ।

ਕਿਤਾਬ ਵਿਚ ਸੰਘਰਸ਼ ਦੌਰਾਨ ਸਿੰਘਾਂ ਦੀਆਂ ਠਾਹਰਾਂ ਬਾਰੇ ਮਹੱਤਵਪੂਰਣ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ, ਕਿ ਕਿਵੇਂ ਗੁਪਤ ਠਾਹਰਾਂ ਬਣਾਈਆਂ ਜਾਂਦੀਆਂ ਸਨ, ਜੰਗਲ, ਪਿੰਡ, ਸ਼ਹਿਰ, ਬਹਿਕਾਂ, ਡੇਰੇ ਆਦਿ ਹਰ ਜਗ੍ਹਾ ਇਹ ਠਾਹਰਾਂ ਬਣਾਈਆਂ ਹੋਈਆਂ ਸਨ। ਕਈ ਜਗ੍ਹਾ ਅਜਿਹੀਆਂ ਠਾਹਰਾਂ ਦਾ ਵੀ ਜ਼ਿਕਰ ਕੀਤਾ ਹੈ ਜਿਸ ਬਾਰੇ ਰੱਤੀ ਭਰ ਵੀ ਖਿਆਲ ਨਹੀਂ ਕੀਤਾ ਜਾ ਸਕਦਾ, ਜਿਵੇਂ ਭਾਈ ਮਥਰਾ ਸਿੰਘ ਨੇ ਲੁਧਿਆਣੇ ਦੇ ਸਟੇਸ਼ਨ ‘ਤੇ ਸ਼ੰਭੂ ਦੀ ਝੁੱਗੀ-ਝੋਪੜੀ ਵਿਚ ਠਾਹਰ ਬਣਾਈ ਹੋਈ ਸੀ। ਇਸੇ ਤਰ੍ਹਾਂ ਸੂਬੇਦਾਰ ਦੀ ਠਾਹਰ ਜੋ ਖੁਰਲੀ ਦੇ ਥੱਲੇ ਭੌਰਾ ਬਣਾਕੇ ਬਣਾਈ ਹੋਈ ਸੀ। ਅਜਿਹੀ ਕੀਮਤੀ ਜਾਣਕਾਰੀ ਲੇਖਕ ਦੁਆਰਾ ਸਹਿਜੇ ਹੀ ਅਨੇਕ ਥਾਵਾਂ ‘ਤੇ ਦਿੱਤੀ ਗਈ ਹੈ। ਸੰਘਰਸ਼ ਕਰਦੀਆਂ ਧਿਰਾਂ ਇਕੋ ਸਮੇਂ ਕਈ ਠਾਹਰਾਂ ਵਿਚ ਆਪਣੀਆਂ ਯੋਜਨਾਵਾਂ ਉਲੀਕਦੀਆਂ ਸਨ ਅਤੇ ਹਮੇਸ਼ਾ ਇਹ ਯੋਜਨਾਵਾਂ ਗੁਰਮਤੇ ਰੂਪ ਵਿਚ ਉਲੀਕੀਆਂ ਜਾਂਦੀਆਂ ਸਨ। ਕੁਝ ਠਾਹਰਾਂ ਸੰਘਣੀ ਵੱਸੋਂ ਵਿਚ ਗੁਪਤ ਪਛਾਣ ਰੱਖਕੇ ਬਣਾਈਆਂ ਹੋਈਆਂ ਸਨ। ਇਹ ਸਭ ਸਮਕਾਲੀ ਹਕੂਮਤ ਦੇ ਨਾਲ ਜੂਝਣ ਲਈ ਪੈਤੜੇਬਾਜ਼ੀ ਦਾ ਹਿੱਸਾ ਸੀ। ਸੰਘਰਸ਼ੀ ਯੋਧਿਆਂ ਦੀ ਦਲੇਰੀ ਭਰੇ ਕਾਰਨਾਮੇ ਥਾਂ-ਥਾਂ ਪੇਸ਼ ਕੀਤੇ ਗਏ ਹਨ ਅਤੇ ਉਹਨਾਂ ਦੀ ਵਿਉਂਤਬੰਦੀ ਹੈਰਾਨ ਕਰਨ ਵਾਲੀ ਹੈ, ਜਿਸਦਾ ਜ਼ਿਕਰ ਕਿਤਾਬ ਬਾਖੂਬੀ ਕਰਦੀ ਹੈ।

ਕਿਤਾਬ ਵਿਚ ਝੂਠੇ ਮੁਕਾਬਲਿਆਂ ਅਤੇ ਕਾਲੀ ਪੱਤਰਕਾਰੀ ਦੀ ਤਫਸੀਲ ਨੂੰ ਖੁੱਲ੍ਹਕੇ ਪੇਸ਼ ਕੀਤਾ ਗਿਆ ਹੈ। ਕਿਵੇਂ ਭਾਰਤੀ ਹਕੂਮਤ ਦੇ ਕਰਿੰਦਿਆਂ ਨੇ ਤਰੱਕੀਆਂ ਦੇ ਲਾਲਚ ਵਿਚ ਬੇਗੁਨਾਹਾਂ ਦਾ ਖੂਨ ਡੋਲ੍ਹਿਆ, ਘਰਾਂ ਦੇ ਘਰ ਤਬਾਹ ਕੀਤੇ, ਕਿਸੇ ਮਾਂ-ਭੈਣ, ਬੱਚੇ-ਬਜ਼ੁਰਗ ਦਾ ਖਿਆਲ ਤੱਕ ਨਾ ਕੀਤਾ ਗਿਆ, ਕਿਵੇਂ ਕਿਸੇ ਧੀ ਭੈਣ ‘ਤੇ ਤਸ਼ੱਦਦ ਕਰਕੇ ਉਸਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਰਿਹਾ। ਕਾਲੀ ਪੱਤਰਕਾਰੀ ਦੁਆਰਾ ਕਿਵੇਂ ਹਰ ਘਟਨਾ ਦਾ ਇਲਜ਼ਾਮ ਖਾੜਕੂ ਸਿੰਘਾਂ ਸਿਰ ਮੜ੍ਹਿਆ ਜਾਂਦਾ ਰਿਹਾ ਆਦਿ ਮਹੱਤਵਪੂਰਨ ਪਹਿਲੂਆਂ ਨੂੰ ਕਿਤਾਬ ਬਾਖੂਬੀ ਪੇਸ਼ ਕਰਦੀ ਹੈ।

ਕਿਤਾਬ ਵਿਚ ਜਿੱਥੇ ਸਿੰਘਾਂ ਦੇ ਕਾਰਨਾਮੇ ਅਤੇ ਸਿੱਖੀ ਸਿੱਦਕ ਦੀ ਬਾਤ ਪਾਈ ਗਈ ਹੈ ਉਥੇ ਹੀ ਅਨੇਕ ਥਾਵਾਂ ਤੇ ਮਾਵਾਂ, ਧੀਆਂ, ਭੈਣਾਂ ਦੇ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਗਿਆ, ਲੇਖਕ ਦੁਆਰਾ ਉਹਨਾਂ ਸਿੱਖ ਬੀਬੀਆਂ ਦੇ ਉੱਚ ਕਿਰਦਾਰ ਅਤੇ ਸਿੱਖੀ ਸਿਦਕ ਦੀ ਸਪਿਰਟ ਨੂੰ ਬਿਆਨ ਕੀਤਾ ਹੈ। ਇਹਨਾਂ ਸਿੱਖ ਬੀਬੀਆਂ ਦੁਆਰਾ ਹਰ ਤਸ਼ੱਦਦ ਨੂੰ ਪਿੰਡੇ ਤੇ ਹੰਡਾ ਕੇ ਰਾਜ ਨੂੰ ਰਾਜ ਰਹਿਣ ਦਿੱਤਾ ਗਿਆ ਅਤੇ ਆਪਣੇ ਧਰਮ ਪ੍ਰਤੀ ਦ੍ਰਿੜ ਰਹੀਆਂ। ਸੰਘਰਸ਼ ਵਿੱਚ ਸਿੱਖ ਬੀਬੀਆਂ ਦੇ ਬਰਾਬਰ ਯੋਗਦਾਨ ਦੀ ਸਾਖੀ ਸੰਘਰਸ਼ ਦੀ ਵਿਸ਼ਾਲਤਾ ਦਰਸਾਉਂਦੀ ਹੈ।

ਕਿਤਾਬ ਵਿਚ ਲਗਪਗ ਹਰ ਪੰਨੇ ‘ਤੇ ਪੁਲਸ ਤੇ ਫੌਜ ਦੇ ਜ਼ਾਲਿਮਾਨਾ ਵਤੀਰੇ ਨੂੰ ਦਰਸਾਇਆ ਗਿਆ ਹੈ ਕਿ ਉਹ ਕਿਸ ਹੱਦ ਤੱਕ “ਪਾਪ ਕੀ ਜੰਞ” ਵਿਚ ਹਿੱਸੇਦਾਰ ਸਨ। ਨਵੰਬਰ 1984 ਦੀ ਨਸਲਕੁਸ਼ੀ ਵਿਚ ਆਮ ਭੀੜ ਤਾਂ ਸ਼ਾਮਿਲ ਹੈ ਹੀ ਸੀ ਪਰ ਇਕ ਸੱਚ ਅਜਿਹਾ ਹੈ ਕਿ ਜਿਸ ਵਿਚ ਤਿੰਨ ਸਿੱਖਾਂ ਨੂੰ ਭਾਰਤੀ ਰੱਖਿਆ ਕਰਮੀ ਆਪ ਭੀੜ ਨਾਲ ਮਿਲਕੇ ਕਤਲ ਕਰਦੇ ਹਨ।(ਪੰਨਾ 191)ਇਸ ਘਟਨਾ ਦੇ ਬਿਰਤਾਂਤ ਤੋਂ ਪਤਾ ਲਗਦਾ ਹੈ ਕਿ ਨਫ਼ਰਤ ਦੀ ਸਿਖਰ ਕਿੱਥੋਂ ਤੱਕ ਪਹੁੰਚ ਚੁੱਕੀ ਸੀ। ਇਥੇ ਇਹੀ ਪੰਗਤੀਆਂ ਯਾਦ ਆਉਂਦੀਆਂ ਹਨ ਕਿ “ਗੁਰੂ ਰਾਖਾ ਹੈ ਭਾਈ ਸਿੱਖੜੇ ਕਾ”।

ਇਹ ਸਾਡੀ ਬਦਕਿਸਮਤੀ ਹੈ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਵੀਹਵੀਂ ਸਦੀ ਵਿਚ ਵੀ ਪੈ ਰਹੇ ਸਨ। ਕਿਤਾਬ ਵਿਚਲੀ ਪੀੜ ਸਾਡੇ ਸਭ ਦੇ ਆਸ ਪਾਸ ਹੀ ਖਿੱਲਰੀ ਪਈ ਹੈ, ਇਹ ਤਾਂ ਇਕ ਵਿਅਕਤੀ ਦੀ ਜ਼ੁਬਾਨੀ ਹੈ, ਪਰ ਇਥੇ ਹਜ਼ਾਰਾਂ ਦੀ ਗਿਣਤੀ ਵਿਚ ਹਜ਼ਾਰਾਂ ਵਿਅਕਤੀਆਂ ਦੇ ਜ਼ਿਹਨ ਵਿਚ ਅਜਿਹੀਆਂ ਘਟਨਾਵਾਂ ਦੇ ਬਿਰਤਾਂਤ ਲੁਕੇ ਪਏ ਹਨ।ਇਤਿਹਾਸ ਹਮੇਸ਼ਾ ਪ੍ਰਸਿੱਧ ਵਿਅਕਤੀਆਂ ਨੂੰ ਵਧੇਰੇ ਕੇਂਦਰਿਤ ਹੋਕੇ ਲਿਖਿਆ ਗਿਆ ਹੁੰਦਾ ਹੈ ਪਰ ਉਸ ਵਿਚ ਕੁਝ ਅਜਿਹੀਆਂ ਸਿਦਕੀ, ਹਿੰਮਤੀ ਅਤੇ ਅਣਜਾਣੀਆਂ ਰੂਹਾਂ ਵੀ ਹੁੰਦੀਆਂ ਹਨ ਜਿਹਨਾਂ ਅਹਿਮ ਮੌਕਿਆਂ ‘ਤੇ ਕੀਮਤੀ ਯੋਗਦਾਨ ਪਾਇਆ ਹੁੰਦਾ ਹੈ ਪਰ ਇਤਿਹਾਸ ਉਹਨਾਂ ਬਾਬਤ ਚੁੱਪ ਹੁੰਦਾ ਹੈ, ਭਾਈ ਦਲਜੀਤ ਸਿੰਘ ਦਾ ਇਹ ਉੱਦਮ ਕਾਬਿਲੇ ਤਾਰੀਫ਼ ਹੈ ਕਿ ਉਹਨਾਂ ਅਜਿਹੀਆਂ ਮਹਾਨ ਰੂਹਾਂ ਨੂੰ ਸਾਖੀ ਦਾ ਹਿੱਸਾ ਬਣਾਕੇ ਸਦੀਵਕਾਲ ਲਈ ਸੰਭਾਲ ਲਿਆ, ਜੋ ਬਹੁਤ ਉੱਤਮ ਕਾਰਜ ਹੈ, ਕਿਤਾਬ ਲਿਖਣ ਦਾ ਅਸਲੀ ਮੰਤਵ ਵੀ ਇਹੀ ਹੈ। ਕਿਤਾਬ ਵਿਚ ਪੇਸ਼ ਅਜਿਹੇ ਕਿਰਦਾਰਾਂ ਨੇ ਇਤਿਹਾਸ ਨੂੰ ਇਕ ਵੱਖਰੇ ਨਜ਼ਰੀਏ ਤੋਂ ਪੇਸ਼ ਕਰਕੇ ‘ਸਾਖੀ’ ਪਰੰਪਰਾ ਦੀ ਅਸਲ ਰੂਹ ਬਿਆਨ ਕੀਤੀ ਹੈ ਜਿਥੇ ਘਟਨਾਵਾਂ ਦੇ ਨਾਲ-ਨਾਲ ਇਤਿਹਾਸ ਤੋਂ ਪਾਰ ਦੀ ਸਮਝ ਨੂੰ ਵੀ ਪੇਸ਼ ਕੀਤਾ ਗਿਆ ਹੈ।

ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ।।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: