ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਬਹੁਜਨ ਸਮਾਜ ਪਾਰਟੀ ਅਤੇ ਬਾਦਲਾਂ ਵਿਚਕਾਰ ਹੋਇਆ ਹੈ ਗੁਪਤ ਸਮਝੌਤਾ: ਬਸਪਾ ਆਗੂ ਹੋਏ ਕਾਂਗਰਸ ਵਿਚ ਸ਼ਾਮਲ

March 23, 2016 | By

ਚੰਡੀਗੜ੍ਹ (22 ਮਾਰਚ, 2016): ਪੰਜਾਬ ਵਿਧਾਨ ਸਭਾ ਦੀਆਂ 2017 ਵਿੱਚ ਆ ਰਹੀਆਂ ਚੋਣਾਂ ਦੇ ਮੱਦੇ ਨਜ਼ਰ ਸਿਆਸੀ ਪਾਰਟੀਆਂ ਅਤੇ ਸਿਆਸੀ ਆਗੂਆਂ ਵੱਲੋਂ ਜੋੜ-ਤੋੜ ਜਾਰੀ ਹਨ ਅਤੇ ਇਸ ਦਰਮਿਆਨ ਰਾਜਸੀ ਆਗੂਆਂ ਦਾ ਇੱਕ ਪਾਰਟੀ ਛੱਡ ਕੇ ਦੂਜੀ ਵਿੱਚ ਜਾਣ ਦਾ ਸਿਲਸਲਾ ਚੱਲ ਰਿਹਾ ਹੈ। ਇਸੇ ਤਹਿਤ ਹੀ ਅੱਜ ਜਰਨੈਲ ਸਿੰਘ ਨੰਗਲ ਤੇ ਸਮਿੱਤਰ ਸਿੰਘ ਸੀਕਰੀ ਨੇ ਬਹੁਜਨ ਸਮਾਜ ਪਾਰਟੀ ਦਾ ਪੱਲਾ ਛੱਡ ਕੇ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ।

ਬਹੁਜਨ ਸਮਾਜ ਪਾਰਟੀ ਦੇ ਆਗੂ ਕਾਂਗਰਸ ਵਿੱਚ ਹੋਏ ਸ਼ਾਮਲ

ਬਹੁਜਨ ਸਮਾਜ ਪਾਰਟੀ ਦੇ ਆਗੂ ਕਾਂਗਰਸ ਵਿੱਚ ਹੋਏ ਸ਼ਾਮਲ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਰਨੈਲ ਸਿੰਘ ਨੰਗਲ ਨੇ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ‘ਤੇ ਮਿਲੀ ਭੁਗਤ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਪੰਜਾਬ ‘ਚ ਬਹੁਜਨ ਸਮਾਜ ਪਾਰਟੀ ਦਾ ਆਧਾਰ ਲਗਾਤਾਰ ਹੇਠਾਂ ਵੱਲ ਜਾ ਰਿਹਾ ਹੈ ਤੇ ਪਾਰਟੀ ਸਿਰਫ਼ ਅਕਾਲੀ ਦਲ ਦਾ ਇਕ ਵਿੰਗ ਬਣ ਕੇ ਰਹਿ ਗਈ ਹੈ, ਜਿਸ ਦੇ ਚੱਲਦੇ ਵਰਕਰ ਤੇ ਪਾਰਟੀ ਆਗੂ ਮਾਯੂਸ ਹਨ ।

ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ‘ਚ ਅੱਜ ਚੰਡੀਗੜ੍ਹ ‘ਚ ਕਾਂਗਰਸ ਵਿੱਚ ਸ਼ਾਮਲ ਹੋਣ ਮੌਕੇ ਸੀਕਰੀ ਨੇ ਕਿਹਾ ਕਿ ਦਲਿਤ ਵਰਗ ਦਾ ਮੋਹ ਬਸਪਾ ਤੋਂ ਭੰਗ ਹੋ ਚੁੱਕਾ ਹੈ ਤੇ ਹੋਰ ਵੀ ਕਈ ਅਜਿਹੇ ਆਗੂ ਹਨ ਜੋ ਪਾਰਟੀ ਦੀਆਂ ਨੀਤੀਆਂ ਤੋਂ ਨਾਖ਼ੁਸ਼ ਹੋ ਕੇ ਕਿਸੇ ਹੋਰ ਪਾਰਟੀ ਵੱਲ ਰੁੱਖ ਕਰਨ ਦਾ ਮਨ ਬਣਾ ਰਹੇ ਹਨ ।

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਬੀ. ਐਸ. ਪੀ. 117 ਉਮੀਦਵਾਰ ਵਿਧਾਨ ਸਭਾ ਚੋਣਾਂ ‘ਚ ਉਤਾਰ ਕੇ ਅਕਾਲੀਆਂ ਨੂੰ ਫ਼ਾਇਦਾ ਪਹੁੰਚਾਉਣਾ ਚਾਹੁੰਦੀ ਹੈ।

ਦੱਸਣਯੋਗ ਹੈ ਕਿ ਜਰਨੈਲ ਸਿੰਘ ਨੰਗਲ ਫਗਵਾੜਾ ਤੋਂ ਤੇ ਸੀਕਰੀ ਸ਼ਾਮ ਚੌਰਾਸੀ ਤੋਂ ਬਸਪਾ ਵਲੋਂ ਵਿਧਾਨ ਸਭਾ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ ।

ਇਸ ਮੌਕੇ ਬਸਪਾ ਆਗੂ ਵਿਜੈ ਪੰਡੋਰੀ, ਅਮਰਜੀਤ ਖੁੱਤਣ, ਜਤਿੰਦਰ ਮੋਹਨ, ਸੁਖਦੇਵ ਸਿੰਘ ਚੌਕਰੀਆ, ਪਰਮਿੰਦਰ ਬੋਧ, ਬੇਅੰਤ ਸਿੰਘ ਬਾਵਾ, ਗਿਆਨੀ ਹੁਸਨ ਲਾਲ, ਜਸਵਿੰਦਰ ਕੌਰ, ਬਲਵਿੰਦਰ ਸਿੰਘ ਬੋਧ ਤੇ ਬਲਵੀਰ ਠਾਕੁਰ ਵੀ ਕਾਂਗਰਸ ਵਿਚ ਸ਼ਾਮਿਲ ਹੋ ਗਏ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,