ਸਿੱਖ ਸਮਾਜ ਦੀ ਸੰਕੇਤਾਤਕ ਤਸਵੀਰ।

ਸਿੱਖ ਖਬਰਾਂ

ਕਨੇਡਾ ਰਹਿੰਦੇ ਸਿੱਖਾਂ ਨੇ ਸਰਕਾਰ ਨੂੰ ਵਿਵਾਦਤ ਲੇਖਾ ਮੁੜ-ਵਿਚਾਰ ਤੱਕ ਵਾਪਸ ਲੈਣ ਲਈ ਕਿਹਾ

By ਸਿੱਖ ਸਿਆਸਤ ਬਿਊਰੋ

December 24, 2018

ਟੋਰਾਂਟੋ: ਬ੍ਰਿਟਿਸ਼ ਕੋਲੰਬੀਆ ਸਿੱਖ ਗੁਰਦੁਆਰਾ ਕੌਂਸਲ, ਓਂਟਾਰੀਓ ਸਿੱਖ ਅਤੇ ਗੁਰਦੁਆਰਾ ਕੌਂਸਲ ਅਤੇ ਓਂਟਾਰੀਓ ਗੁਰਦੁਆਰਾ ਕਮੇਟੀ ਵਲੋਂ ਲੰਘੇ ਹਫਤੇ ਕਨੇਡਾ ਸਰਕਾਰ ਵਲੋਂ ਜਾਰੀ ਕੀਤੇ ਗਏ ਇਕ ਵਿਵਾਦਤ ਲੇਖੇ ਬਾਰੇ ਮੁੜ ਵਿਚਾਰ ਕਰਨ ਲਈ ਇਕੱਤਰਤਾ ਕੀਤੀ ਗਈ। ਜ਼ਿਕਰਯੋਗ ਹੈ ਕਿ ਕਨੇਡਾ ਨੇ ਹਾਲ ਵਿਚ ਹੀ ਜਾਰੀ ਕੀਤੇ ਗਏ ਕਨੇਡਾ ਨੂੰ ਦਹਿਸ਼ਤਗਰਦੀ ਦੇ ਖਤਰਿਆਂ ਬਾਰੇ ਜਨਤਕ ਲੇਖੇ (ਪਬਲਿਕ ਰਿਪੋਰਟ) ਵਿਚ ਕਥਿਤ “ਸਿੱਖ (ਖਾਲਿਸਤਾਨੀ) ਕੱਟੜਵਾਦ” ਦਾ ਜ਼ਿਕਰ ਸ਼ਾਮਲ ਕੀਤਾ ਹੈ, ਜਿਸ ਦਾ ਸਿੱਖਾਂ ਵਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਨੇ ਜ਼ੋਰਦਾਰ ਤਰੀਕੇ ਨਾਲ ਇਹ ਤੱਥ ਉਭਾਰੇ ਹਨ ਕਿ ਪੂਰੇ ਲੇਖੇ ਵਿਚ ਕਿਧਰੇ ਵੀ ਅਖੌਤੀ “ਸਿੱਖ (ਖਾਲਿਸਤਾਨੀ) ਕੱਟੜਵਾਦ” ਨੂੰ ਸ਼ਾਮਲ ਕਰਨ ਦਾ ਕੋਈ ਅਧਾਰ ਨਹੀਂ ਮਿਲਦਾ ਅਤੇ ਨਾ ਹੀ ਇਸ ਨਾਲ ਜੁੜੇ ਕਿਸੇ ਵੀ ਖਤਰੇ ਜਾਂ ਖਦਸ਼ੇ ਦਾ ਕੋਈ ਜ਼ਿਕਰ ਕੀਤਾ ਗਿਆ ਹੈ। ਸਿੱਖ ਕਨੇਡਾ ਸਰਕਾਰ ਨਾਲ ਇਸ ਗਲੋਂ ਡਾਹਡੇ ਨਰਾਜ਼ ਹਨ ਕਿ ਕਨੇਡਾ ਨੇ ਭਾਰਤ ਦੇ ਭੰਡੀ ਪਰਚਾਰ ਅਤੇ ਦਬਾਅ ਹੇਠ ਆਉਂਦਿਆਂ ਬਿਨਾ ਕਿਸੇ ਅਧਾਰ ਦੇ ਸਿੱਖਾਂ ਦਾ ਨਾਂ ਇਸ ਲੇਖੇ ਵਿਚ ਸ਼ਾਮਲ ਕਰਕੇ ਸਿੱਖਾਂ ਦੀ ਛਵੀ ਨੂੰ ਢਾਅ ਲਾਈ ਹੈ।

ਸਿੱਖ ਨੁਮਾਇੰਦਿਆਂ ਨੇ ਕਨੇਡੀ ਦੇ ਲੋਕ ਰੱਖਿਆ ਮਾਮਲਿਆਂ ਦੇ ਵਜ਼ੀਰ ਰੇਲਫ ਗੂਡੇਲ ਨੂੰ ਮਿਲਣ ਲਈ ਸਮਾਂ ਮੰਗਿਆਂ ਹੈ। ਪਤਾ ਲੱਗਾ ਹੈ ਕਿ ਗੂਡੇਲ ਦੇ ਦਫਤਰ ਵਲੋਂ ਸਿੱਖ ਨੁਮਇੰਦਿਆਂ ਨੂੰ ਕਿਹਾ ਗਿਆ ਹੈ ਕਿ ਉਹਨਾਂ ਵਲੋਂ ਸਿੱਖਾਂ ਦੀ ਮੰਤਰੀ ਗੂਡੇਲ ਨਾਲ ਮੁਲਾਕਾਤ 14 ਜਨਵਰੀ ਵਾਲੇ ਹਫਤੇ ਵਿਚ ਕਰਵਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਸਿੱਖ ਨੁਮਾਇੰਦਿਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜਿੰਨੇ ਚਿਰ ਤੱਕ ਇਸ ਲੇਖੇ ਉੱਤੇ ਮੁੜ ਵਿਚਾਰ ਨਹੀਂ ਹੁੰਦੀ ਉਦੋਂ ਤੱਕ ਇਸ ਉੱਤੇ ਰੋਕ ਲਾਈ ਜਾਵੇ ਅਤੇ ਇਸ ਨੂੰ ਕਨੇਡਾ ਸਰਕਾਰ ਦੀਆਂ ਬਿਜਾਲ-ਟਿਕਾਣਿਆਂ (ਵੈਬਸਾਈਟਾਂ) ਤੋਂ ਹਟਾ ਦਿੱਤਾ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: