ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਇਕ ਪੁਰਾਣੀ ਤਸਵੀਰ

ਵੀਡੀਓ

ਕਾਂਗਰਸ ਪੁਲਵਾਮਾ ਤੇ ਬਾਲਾਕੋਟ ਕਰਕੇ ਚਾਲੋਂ ਉੱਖੜੀ ਚੋਣ ਮੁਹਿੰਮ ਨੂੰ ਮੁੜ ਕਿਵੇਂ ਗੇੜਾ ਦੇਵੇਗੀ?

By ਸਿੱਖ ਸਿਆਸਤ ਬਿਊਰੋ

March 05, 2019

ਨਵੀਂ ਦਿੱਲੀ: ਭਾਰਤੀ ਉਪਮਹਾਂਦੀਪ ਵਿਚ ਲੋਕ ਸਭਾ ਚੋਣਾਂ ਦਾ ਐਲਾਨ ਇਹਨਾਂ ਦਿਨਾਂ ਦੌਰਾਨ ਕਿਸੇ ਵੀ ਵੇਲੇ ਹੋ ਸਕਦਾ ਹੈ ਪਰ ਵਿਰੋਧੀ ਦਲਾਂ ਲਈ ਸਭ ਕੁਝ ਮੁੜ ਤੋਂ ਵਿਓਂਤਣ ਵਾਲੀ ਹਾਲਤ ਬਣੀ ਹੋਈ ਹੈ।

ਅਸਲ ਵਿਚ ਵਿਰੋਧੀ ਧਿਰਾਂ ਨੇ ਸਰਕਾਰ ਵਿਰੁਧ ਆਪਣੀ ਮੁਹਿੰਮ ਦਾ ਰਥ ਤਾਂ ਭਜਾ ਲਿਆ ਸੀ ਪਰ 14 ਫਰਵਰੀ ਨੂੰ ਪੁਲਵਾਮਾ ਵਿਚ ਇਕ ਫਿਦਾਦੀਨ ਵਲੋਂ ਸੀ.ਆਰ.ਪੀ.ਐਫ. ਦੇ ਕਾਫਲੇ ਉੱਤੇ ਹਮਲਾ ਕਰਕੇ 40 ਨੀਮ-ਫੌਜੀਆਂ ਨੂੰ ਮਾਰ ਦੇਣ ਤੇ ਉਸ ਤੋਂ ਬਾਅਦ ਭਾਰਤੀ ਹਵਾਈ ਫੌਜ ਵਲੋਂ ਬਾਲਾਕੋਟ ਵਿਚ ਬੰਬ ਸੁੱਟਣ ਦੀ ਕਾਰਵਾਈ ਨੇ ਕਾਂਗਰਸ ਸਮੇਤ ਵਿਰੋਧੀ ਦਲਾਂ ਦੀ ਲੋਕ ਸਭਾ ਚੋਣਾਂ ਦੀ ਮੁਹਿੰਮ ਦਾ ਇਕ ਵਾਰ ਤਾਂ ਪੂਰੀ ਤਰ੍ਹਾਂ ਚੱਕਾ ਜਾਮ ਕਰ ਦਿੱਤਾ।

ਭਾਰਤੀ ਮੀਡੀਆ ਨੇ ਦਿਨ ਰਾਤ ਇਸ ਮਾਮਲੇ ਤੇ ਚਰਚਾ ਕਰਕੇ ਕੁੱਲ ਮਾਹੌਲ ਹੀ ਅਜਿਹਾ ਬਣਾ ਦਿੱਤਾ ਸੀ ਕਿ ਲੰਘੇ ਦੋ-ਤਿੰਨ ਹਫਤਿਆਂ ਦੌਰਾਨ ਵਿਰੋਧੀ ਦਲ ਚੋਣਾਂ ਦੀ ਤਿਆਰੀ ਦੀ ਗੱਲ ਕਰਨੋਂ ਕੰਨੀ ਕਤਰਾ ਰਹੇ ਸਨ ਕਿ ਕਿਤੇ ਉਹਨਾਂ ਨੂੰ “ਦੋਸ਼-ਧਰੋਹੀ” ਹੀ ਨਾ ਗਰਦਾਨ ਦਿੱਤਾ ਜਾਵੇ।

ਲੰਘੇ ਹਫਤੇ ਪਾਕਿਸਤਾਨ ਦੀ ਹਵਾਈ ਫੌਜ ਦੀ ਕਾਰਵਾਈ ਦੌਰਾਨ ਮੋੜਵਾਂ ਜਵਾਬ ਦੇਣ ਗਏ ਭਾਰਤੀ ਹਫਾਈ ਫੌਜ ਦੇ ਇਕ ਲੜਾਕੂ ਜਹਾਜ਼ ਨੂੰ ਸੁੱਟ ਕੇ ਪਾਕਿਸਤਾਨ ਨੇ ਭਾਰਤੀ ਹਵਾਈ ਫੌਜੀ ਨੂੰ ਫੜ ਲਿਆ ਸੀ ਜਿਸ ਨੂੰ ਵਾਪਸ ਭੇਜ ਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਹਾਲਾਤ ਵਿਚ ਆਈ ਤਲਖੀ ਘਟਾਈ ਤਾਂ ਕਿਤੇ ਜਾ ਕੇ ਹੁਣ ਵਿਰੋਧੀ ਦਲ ਵੀ ਭਾਰਤੀ ਮੀਡੀਆ ਵਲੋਂ ਪਰਚਾਰੀ ਜਾ ਰਹੀ “ਸਰਜੀਕਲ ਸਟਰਾਈਕ – 2” ਉੱਤੇ ਸਵਾਲ ਚੁੱਕਣ ਲੱਗੇ ਹਨ। ਹੁਣ ਤਾਂ ਭਾਰਤੀ ਮੀਡੀਆ ਦਾ ਇਕ ਹਿੱਸਾ ਵੀ ਇਹ ਮੰਨ ਰਿਹਾ ਹੈ ਕਿ ਭਾਰਤ ਦੀ ਕਾਰਵਾਈ ਵਿਚ ਕੀਤੇ ਗਏ ਦਾਅਵੇ ਹਾਲੀ ਸ਼ੱਕ ਦੇ ਘੇਰੇ ਚ ਹੀ ਹਨ ਪਰ ਵਿਰੋਧੀ ਧਿਰਾਂ ਲਈ ਇਹ ਹਾਲਤ ਸੁਖਾਲੀ ਨਹੀਂ ਹੈ ਕਿਉਂਕਿ ਜੇਕਰ ਉਹ ਭਾਰਤੀ ਫੌਜ ਦੀ ਕਾਰਵਾਈ ਉੱਤੇ ਤਿੱਖੇ ਸਵਾਲ ਚੁੱਕਦੇ ਹਨ ਤਾਂ ਭਾਜਪਾਂ ਉਨ੍ਹਾਂ ਉੱਤੇ “ਫੌਜੀਆਂ ਦੀ ਕੁਰਬਾਨੀ” ਦਾ ਨਿਰਾਦਰ ਕਰਨ ਦਾ ਦੂਸ਼ਣ ਮੜ੍ਹ ਸਕਦੀ ਹੈ।

ਇਸ ਬਦਲੇ ਹਾਲਾਤ ਵਿਚ ਕਾਂਗਰਸ ਸਮੇਤ ਭਾਜਪਾ ਦੇ ਵਿਰੋਧੀ ਦਲ ਆਪਣੀ ਚੋਣ ਮੁਹਿੰਮ ਦੇ ਖਿੱਲਰੇ ਪਤਰੇ ਮੁੜ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਸੇ ਦੌਰਾਨ ਖਬਰਾਂ ਆ ਰਹੀਆਂ ਹਨ ਕਿ ਕਾਂਗਰਸ ਪਾਰਟੀ ਦੇ ਆਲ੍ਹਾ ਹਲਕੇ ਵੀ ਇਹ ਮੰਨ ਰਹੇ ਹਨ ਕਿ ਉਨ੍ਹਾਂ ਵਲੋਂ ਚੋਣਾਂ ਲਈ ਜੋ ਗੇੜ੍ਹਾ ਬੰਨ੍ਹ ਲਿਆ ਗਿਆ ਸੀ 14 ਫਰਵਰੀ ਤੋਂ ਬਾਅਦ ਉਸਦੀ ਚਾਲ ਬਿਲਕੁਟ ਟੁੱਟ ਚੁੱਕੇ ਹੈ ਤੇ ਹੁਣ ਨਵੇਂ ਸਿਰੇ ਤੋਂ ਸਭ ਕੁਝ ਵਿਓਂਤਣ ਵਾਲੀ ਹਾਲਤ ਬਣੀ ਹੋਈ ਹੈ।

ਇਕ ਅੰਗਰੇਜ਼ੀ ਅਖਬਾਰ “ਦਾ ਇੰਡੀਅਨ ਐਕਸਪ੍ਰੈਸ” ਨੇ ਕਾਂਗਰਸ ਵਿਚਲੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਦਲ ਦੇ ਉੱਚ ਆਗੂ ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਨਾਲ ਅਤੇ ਦਿੱਲੀ ਵਿਚ ਆਮ ਆਦਮੀ ਪਾਰਟੀ ਨਾਲ ਚੋਣ ਗਠਜੋੜ ਜਾਂ ਸੀਟਾਂ ਤੇ ਸਹਿਮਤੀ ਬਾਰੇ ਗੱਲਬਾਤ ਤੋਰਨ ਬਾਰੇ ਵੀ ਵਿਚਾਰ ਕਰ ਰਹੇ ਹਨ।

ਕਾਂਗਰਸੀ ਹਲਕਿਆਂ ਦਾ ਕਹਿਣਾ ਹੈ ਕਿ ਇਕ ਵਾਰ ਤਾਂ ਵਿਰੋਧੀ ਧਿਰਾਂ ਨੇ ਰਿਫੇਲ ਲੜਾਕੂ ਜਹਾਜ਼ਾਂ ਦੀ ਸੌਦੇਬਾਜ਼ੀ ਵਿਚ ਹੋਈ ਵੱਡੀਖੋਰੀ ਅਤੇ ਬੇਰੁਜਗਾਰੀ ਤੇ ਕਿਸਾਨਾਂ ਦੀ ਮੰਦਹਾਲੀ ਦੇ ਮੁੱਦੇ ਉੱਤੇ ਭਾਜਪਾ ਨੂੰ ਦਬੱਲ ਲਿਆ ਸੀ ਪਰ ਪੁਲਵਾਮਾ ਹਮਲੇ ਤੋਂ ਬਾਅਦ ਦੇ ਮਾਹੌਲ ਨੇ ਸਾਰਾਂ ਰੌਂਅ ਗੇੜ ਤੋੜ ਕੇ ਰੱਖ ਦਿੱਤਾ। ਹੁਣ ਕਾਂਗਰਸ ਚਾਹੁੰਦੀ ਹੈ ਕਿ ਰਾਜਨੀਤਕ ਮਾਮਲਿਆਂ ਅਤੇ ਸਰਕਾਰ ਦੀਆਂ ਨਾਕਾਮੀਆਂ ਦੇ ਮੁੱਦਿਆਂ ਨੂੰ ਮੁੜ ਚਰਚਾ ਦੇ ਕੇਂਦਰ ਵਿਚ ਲਿਆਂਦਾ ਜਾਵੇ। ਪਰ ਅਜਿਹਾ ਕਰਦਿਆਂ ਕਾਂਗਰਸ ਨੂੰ ਇਹ ਵੀ ਡਰ ਹੈ ਕਿ ਕਿਤੇ ਭਾਜਪਾ ਲੋਕਾਂ ਨੂੰ ਇਹ ਨਾ ਜਤਾ ਜਾਵੇ ਕਿ ਕਾਂਗਰਸ ਨੇ “ਦੇਸ਼” ਨੂੰ ਤੇ “ਫੌਜੀਆਂ ਦੀ ਕੁਰਬਾਨੀ” ਪਿੱਛੇ ਪਾ ਦਿੱਤਾ ਹੈ। ਉਹ ਅਜਿਹੀ ਨੀਤੀ ਅਪਨਾਉਣ ਲਈ ਸੋਚ ਰਹੀ ਹੈ ਜਿਸ ਤਹਿਤ ਕਿ ਭਾਜਪਾ ਲਈ ਦੇਸ਼ ਭਗਤੀ ਵਾਲਾ ਮੈਦਾਨ ਖੁੱਲ੍ਹਾ ਨਾ ਛੱਡਿਆ ਜਾਵੇ। ਇਸ ਲਈ ਕਾਂਗਰਸ ਜਿੱਥੇ ਭਾਰਤ ਦੀਆਂ ਫੌਜਾਂ ਦੀ ਪਿੱਠ ਥਾਪੜੇਗੀ ਓਥੇ ਭਾਜਪਾ ਅਤੇ ਮੋਦੀ ਨੂੰ ਫੌਜੀਆਂ ਦੀ ਕਾਰਵਾਈ ਦਾ ਸਿਆਸੀਕਰਨ ਕਰਨ ਲਈ ਘੇਰਿਆ ਜਾਵੇਗਾ।

ਇਸ ਵਿਚ ਇਕ ਅੜਿੱਕਾ ਕਾਂਗਰਸ ਦੇ ਆਪਣੇ ਆਗੂਆਂ ਵਲੋਂ ਦਿੱਤੇ ਗਏ ਬਿਆਨ ਵੀ ਬਣ ਰਹੇ ਹਨ। ਜਿਵੇਂ ਕਿ ਹਾਲੀ ਬੀਤੇ ਕੱਲ੍ਹ ਹੀ ਕਾਂਗਰਸ ਦੇ ਆਗੂ ਕਪਿਲ ਸਿੱਬਲ ਨੇ ਦਿਗਵਿਜੇ ਦਾ ਇਹ ਬਿਆਨ ਮੁੜ ਦਹੁਰਾਅ ਦਿੱਤਾ ਕਿ “ਮੋਦੀ ਜੀ ਨੂੰ ਦਾ ਨਿਊਯਾਰਕ ਟਾਈਮਜ਼, ਦਾ ਵਾਸ਼ਿੰਗਟਨ ਪੋਸਟ, ਲੰਡਨ ਦੇ ਜੇਨ ਇਨਫਰਮੇਸ਼ ਗਰੁੱਪ, ਦਾ ਡੇਲੀ ਟੈਲੀਗਰਾਫ, ਦਾ ਗਾਰਡੀਅਨ ਅਤੇ ਰਿਊਟਰਜ਼ ਜਿਹੇ ਕੌਮਾਂਤਰੀ ਖਬਰਖਾਨੇ ਦੀਆਂ ਉਹਨਾਂ ਖਬਰਾਂ ਦਾ ਜਵਾਬ ਦੇਣਾ ਚਾਹੀਦਾ ਹੈ ਜਿਹਨਾਂ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਬਾਲਾਕੋਟ ਵਿਚ ਕਿਸੇ ਵੀ ਖਾੜਕੂ ਦੇ ਮਾਰੇ ਜਾਣ ਦਾ ਕੋਈ ਸਬੂਤ ਨਹੀਂ ਮਿਲਦਾ”। ਉਸਨੇ ਮੋਦੀ ਉੱਤੇ “ਦਹਿਸ਼ਤ” ਦਾ ਸਿਆਸੀਕਰਨ ਕਰਨ ਦਾ ਦੋਸ਼ ਵੀ ਲਾਇਆ।

ਇਸ ਤੋਂ ਇਲਾਵਾ ਵਿਰੋਧੀ ਧਿਰਾਂ ਵੀ ਇਸ ਮਾਮਲੇ ਵਿਚ ਇਕ ਵਿਚਾਰ ਦੀਆਂ ਧਾਰਨੀ ਨਹੀਂ ਹਨ। 27 ਫਰਵਰੀ ਦੀ ਵਿਰੋਧੀ ਦਲਾਂ ਦੀ ਇਕੱਤਰਾ ਵਿਚ ਮਮਤਾ ਬੈਨਰਜੀ ਤੇ ਐਨ. ਚੰਦਰਬਾਬੂ ਨਾਇਡੂ ਇਸ ਵਿਚਾਰ ਦੇ ਪੱਖ ਵਿਚ ਸਨ ਕਿ ਵਿਰੋਧੀ ਧਿਰਾਂ ਨੂੰ ਸਰਕਾਰ ਬਾਰੇ ਕਿਸੇ ਵੀ ਤਰ੍ਹਾਂ ਦਾ ਨਰਮਾਈ ਵਾਲਾ ਰਵੱਈਆ ਨਹੀਂ ਅਪਨਾਉਣਾ ਚਾਹੀਦਾ ਪਰ ਕਾਂਗਰਸ ਅਤੇ ਐਨ.ਸੀ.ਪੀ. ਆਗੂ ਸ਼ਰਦ ਪਵਾਰ ਦਾ ਇਹ ਮੰਨਣਾ ਸੀ ਕਿ “ਦੇਸ਼ ਨੂੰ ਖਤਰੇ” ਨਾਲ ਜੁੜੇ ਮਾਮਲਿਆਂ ਤੇ ਹਾਲੀ ਮੋਦੀ ਸਰਕਾਰ ਉੱਤੇ ਹਮਲੇ ਦਾ ਸਹੀ ਵੇਲਾ ਨਹੀਂ ਹੈ।

ਪਰ ਹੁਣ ਕਾਂਗਰਸ ਨੇ ਇਸ ਨੀਤੀ ਵਿਚ ਇਹ ਤਬਦੀਲੀ ਲਿਆਂਦੀ ਕਿ ਸਰਕਾਰ ਨੂੰ ਜੰਮੂ ਤੇ ਕਸ਼ਮੀਰ ਦੇ ਹਾਲਾਤ, ਵਿਦੇਸ਼ ਨੀਤੀ ਤੇ ਪਾਕਿਸਤਾਨ ਨਾਲ ਤਾਲੂਕਾਤ ਤੇ ਹਵਾਈ ਹਮਲਿਆਂ ਦਾ ਸਿਆਸੀਕਰਨ ਕਰਨ ਬਾਰੇ ਸਵਾਲ ਪੁੱਛੇ ਜਾਣਗੇ ਪਰ ਹਵਾਈ ਹਮਲਿਆਂ ਦੀ ਕਾਮਯਾਬੀ ਤੇ ਸ਼ੱਕ ਖੜ੍ਹਾ ਕਰਨ ਤੋਂ ਗੁਰੇਜ਼ ਕਰਦਿਆਂ ਇਨ੍ਹਾਂ ਹਮਲਿਆਂ ਵਿਚ ਜੈਸ਼-ਏ-ਮੁਹੰਮਦ ਨੂੰ ਹੋਏ ਨੁਕਸਾਨ ਦੇ ਵਰੇਵੇ ਨਹੀਂ ਮੰਗੇ ਜਾਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: