Site icon Sikh Siyasat News

ਦਲ ਖਾਲਸਾ ਨੇ ਸੰਯੁਕਤ ਰਾਸ਼ਟਰ ਪਾਸੋਂ ਭਾਈ ਗਜਿੰਦਰ ਸਿੰਘ ਨੂੰ ਸ਼ਰਣਾਰਥੀ ਦਰਜਾ ਦੇਣ ਦੀ ਵਕਾਲਤ ਕੀਤੀ

ਅੰਮ੍ਰਿਤਸਰ: ਦਲ ਖਾਲਸਾ ਨੇ ਆਪਣੇ ਆਗੂ ਨੂੰ ਉਸ ਦੇ 66ਵੇਂ ਜਨਮ ਦਿਨ ‘ਤੇ ਯਾਦ ਕਰਦਿਆਂ, ਸੰਯੁਕਤ ਰਾਸ਼ਟਰ ਪਾਸੋਂ ਮੰਗ ਕੀਤੀ ਹੈ ਕਿ ਉਹ ਜਥੇਬੰਦੀ ਦੇ ਸਰਪ੍ਰਸਤ ਗਜਿੰਦਰ ਸਿੰਘ ਨੂੰ ਸ਼ਰਣਾਰਥੀ ਦਰਜ਼ਾ ਦਿਵਾਉਣ ਵਿੱਚ ਉਸਦੀ ਮਦਦ ਕਰੇ।

ਜ਼ਿਕਰਯੋਗ ਹੈ ਕਿ ਗਜਿੰਦਰ ਸਿੰਘ ਆਪਣੇ ਚਾਰ ਸਾਥੀਆਂ ਸਮੇਤ ਖਾਲਿਸਤਾਨ ਲਹਿਰ ਨੂੰ ਕੌਮਾਂਤਰੀ ਮੰਚ ‘ਤੇ ਉਭਾਰਣ ਲਈ 29 ਸਤੰਬਰ 1981 ਨੂੰ ਭਾਰਤੀ ਹਵਾਈ ਜਹਾਜ਼ ਅਗਵਾ ਕਰਕੇ ਲਾਹੌਰ ਲੈ ਗਏ ਸੀ।

ਦਲ ਖਾਲਸਾ ਦੇ ਸਰਪ੍ਰਸਤ ਭਾਈ ਗਜਿੰਦਰ ਸਿੰਘ (ਫਾਈਲ ਫੋਟੋ)

ਜਥੇਬੰਦੀ ਦੇ ਸੀਨੀਅਰ ਆਗੂ ਹਰਚਰਨਜੀਤ ਸਿੰਘ ਧਾਮੀ ਅਤੇ ਕੰਵਰਪਾਲ ਸਿੰਘ ਨੇ ਕਿਹਾ ਕਿ ਇਹ ਤ੍ਰਾਸਦੀ ਹੈ ਕਿ ਜਹਾਜ਼ ਅਗਵਾ ਦੀ ਘਟਨਾ ਲਈ ਉਮਰ ਕੈਦ ਕੱਟਣ ਦੇ ਬਾਵਜੂਦ ਗਜਿੰਦਰ ਸਿੰਘ ਨੂੰ ਜਲਾਵਤਨੀ ਅਤੇ ਗੁੰਮਨਾਮੀ ਦੀ ਜ਼ਿੰਗਦੀ ਬਸਰ ਕਰਨੀ ਪੈ ਰਹੀ ਹੈ।

ਜਥੇਬੰਦੀ ਦੇ ਬਿਆਨ ਵਿੱਚ ਇਹ ਨਹੀਂ ਦਸਿਆ ਗਿਆ ਕਿ ਗਜਿੰਦਰ ਸਿੰਘ ਹੁਣ ਕਿਥੇ ਹਨ। ਪਰ ਉਹਨਾਂ ਇਹ ਲਿਖਿਆ ਹੈ ਕਿ ਉਹ ਜਥੇਬੰਦੀ ਦੇ ਸਰਪ੍ਰਸਤ ਹਨ ਜੋ ਉਹਨਾਂ ਵਲੋਂ ਆਜ਼ਾਦੀ ਦੇ ਮਿੱਥੇ ਟੀਚੇ ਨੂੰ ਹਾਸਿਲ ਕਰਨ ਲਈ ਜਮਹੂਰੀ ਢੰਗ-ਤਰੀਕਿਆਂ ਨਾਲ ਲਗਾਤਾਰ ਸਰਗਰਮੀ ਕਰ ਰਹੀ ਹੈ।

ਦਲ ਖ਼ਾਲਸਾ ਦੇ ਸਾਬਕਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਅਤੇ ਬੁਲਾਰੇ ਕੰਵਰਪਾਲ ਸਿੰਘ ਮੀਡੀਆ ਨਾਲ ਗੱਲ ਕਰਦੇ ਹੋਏ (ਫਾਈਲ ਫੋਟੋ)

ਸੂਤਰਾਂ ਦਾ ਮੰਨਣਾ ਹੈ ਕਿ ਗਜਿੰਦਰ ਸਿੰਘ ਨਵੰਬਰ 1994 ਵਿੱਚ ਕੋਟ ਲਖਪੱਤ ਜੇਲ ਵਿਚੋਂ ਰਿਹਾਈ ਤੋਂ ਬਾਅਦ ਪਾਕਿਸਤਾਨ ਵਿਚ ਹੀ ਟਿੱਕ ਗਏ ਹਨ।

ਜਥੇਬੰਦੀ ਦੇ ਆਗੂਆਂ ਦਾ ਮੰਨਣਾ ਹੈ ਕਿ ਗਜਿੰਦਰ ਸਿੰਘ ਦਾ ਕੇਸ ਸ਼ਰਨਾਰਥੀ ਦਰਜੇ ਲਈ ਯੋਗ ਕੇਸ ਹੈ ਕਿਉਂਕਿ ਉਹ ਸਜ਼ਾ ਭੁਗਤਣ ਦੇ ਬਾਵਜੂਦ ਵੀ ਆਪਣੇ ਘਰ ਆ ਕੇ ਇੱਕ ਸਾਧਾਰਨ ਜ਼ਿੰਦਗੀ ਨਹੀਂ ਬਿਤਾ ਸਕਦਾ ਹਾਲਾਂਕਿ ਦੁਨੀਆਂ ਦੇ ਡਬਲ ਜਿਉਪਾਰਡੀ ਦੇ ਕਾਨੂੰਨ ਅਨੁਸਾਰ ਉਸ ਉਪਰ ਹਾਈਜੈਕਿੰਗ ਦਾ ਮੁੜ ਮੁਕਦਮਾ ਨਹੀਂ ਚਲਾਇਆ ਜਾ ਸਕਦਾ।

ਕੰਵਰਪਾਲ ਸਿੰਘ ਨੇ ਦੱਸਿਆ ਕਿ ਪਹਿਲਾਂ ਉਹ ਗਜਿੰਦਰ ਸਿੰਘ ਦੇ ਮਾਮਲੇ ਨੂੰ ਸੰਯੁਕਤ ਰਾਸ਼ਟਰ ਕੋਲ ਲੈਕੇ ਜਾਣ ਤੋਂ ਝਿੱਜਕਦੇ ਸਨ ਪਰ ਹੁਣ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਸੰਯੁਕਤ ਰਾਸ਼ਟਰ ਦੇ ਉਚਿਤ ਵਿਭਾਗ ਕੋਲ ਇਹ ਮਾਮਲਾ ਚੁੱਕਣਗੇ।

ਸਬੰਧਤ ਖ਼ਬਰ:

ਸਜ਼ਾ ਕੱਟ ਚੁਕੇ ਜਹਾਜ਼ ਅਗਵਾਕਾਰਾਂ ਖਿਲਾਫ ਕੇਸ ਚਲਾਉਣਾ ਭਾਰਤ ਦਾ ਦੋਹਰਾ ਕਿਰਦਾਰ: ਸਿੱਖ ਜਥੇਬੰਦੀ ਯੂ.ਕੇ. …

ਉਹਨਾਂ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਜਿਹੜਾ ਭਾਰਤੀ ਨਿਜ਼ਾਮ ਚੀਨ ਦੇ ਬਾਗੀ ਅਤੇ ਤਿੱਬਤੀ ਆਗੂ ਦਲਾਈ ਲਾਮਾ ਨੂੰ ਪਨਾਹ ਦੇ ਸਕਦਾ ਹੈ ਅਤੇ ਪਾਕਿਸਤਾਨ ਦੇ ਬਾਗੀ ਅਤੇ ਬਲੋਚਿਸਤਾਨ ਦੇ ਨੇਤਾ ਬੁਗਤੀ ਨੂੰ ਪਨਾਹ ਦੇਣ ਬਾਰੇ ਵਿਚਾਰ ਕਰ ਸਕਦਾ ਹੈ, ਉਹ ਆਪਣੀ ਕੂਟਨੀਤੀ ਦੇ ਪ੍ਰਭਾਵ ਹੇਠ ਦੁਨੀਆਂ ਦੇ ਮੰਚ ਉਤੇ ਗਜਿੰਦਰ ਸਿੰਘ ਦੇ ਰਾਹ ਵਿੱਚ ਕੰਡੇ ਵਿੱਛਾ ਰਿਹਾ ਹੈ।

ਉਹਨਾਂ ਆਪਣੀ ਗੱਲ ਦਾ ਖੁਲਾਸਾ ਕਰਦਿਆਂ ਦੱਸਿਆ ਕਿ 1996 ਵਿੱਚ ਗਜਿੰਦਰ ਸਿੰਘ ਵਲੋਂ ਜਰਮਨੀ ਅੰਦਰ ਪਨਾਹ ਲੈਣ ਦੀ ਕੋਸ਼ਿਸ਼ ਭਾਰਤ ਵਲੋਂ ਆਪਣੀ ਕੂਟਨੀਤੀ ਦੇ ਪ੍ਰਭਾਵ ਹੇਠ ਅਸਫਲ ਬਣਾ ਦਿੱਤੀ ਗਈ ਸੀ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਇੰਗਲੈਂਡ ਸਰਕਾਰ ਨੇ ਵੀ ਇੱਕ ਖੱਤ ਲਿੱਖਕੇ 90ਵੇਂ ਦਹਾਕੇ ਦੇ ਅਖੀਰ ਵਿੱਚ ਗਜਿੰਦਰ ਸਿੰਘ ਨੂੰ ਉਹਨਾਂ ਦੇ ਮੁਲਕ ਵਿੱਚ ਨਾ ਆਉਣ ਦੀ ਆਪ-ਮੁਹਾਰੇ ਸਲਾਹ ਦੇ ਦਿੱਤੀ ਸੀ ਹਾਲਾਂਕਿ ਉਹਨਾਂ ਨੇ ਅਜੇ ਪਨਾਹ ਲਈ ਪਟੀਸ਼ਨ ਵੀ ਦਾਖਿਲ ਨਹੀਂ ਕੀਤੀ ਸੀ। ਉਹਨਾਂ ਵਿਅੰਗ ਕਰਦਿਆਂ ਕਿਹਾ ਕਿ ਇਹ ਇੱਕ ਵਖਰੀ ਗੱਲ ਹੈ ਕਿ ਇੰਗਲੈਂਡ ਨੇ ਪਾਕਿਸਤਾਨ ਦੇ ਸਿੰਧ ਸੂਬੇ ਦੇ ਬਾਗੀ ਅਲਤਾਫ ਹੁਸੈਨ ਨੂੰ ਪਨਾਹ ਦੇ ਰੱਖੀ ਹੈ।

ਉਹਨਾਂ ਕਿਹਾ ਕਿ ਏਥੇ ਹੀ ਬੱਸ ਨਹੀਂ, 2001 ਵਿੱਚ ਭਾਰਤ ਸਰਕਾਰ ਨੇ ਗਜਿੰਦਰ ਸਿੰਘ ਦਾ ਨਾਮ 20 ਅਤਿ ਲੋੜੀਦੇਂ “ਦਹਿਸ਼ਤਗਰਦਾਂ” ਦੀ ਸੂਚੀ ਵਿੱਚ ਪਾ ਦਿੱਤਾ। ਉਹਨਾਂ ਅੱਗੇ ਦੱਸਿਆ ਕਿ ਪਿਛਲੇ ਵਰ੍ਹੇ ਦਿੱਲੀ ਦੀ ਇੱਕ ਅਦਾਲਤ ਵਿੱਚ 36 ਸਾਲ ਬਾਅਦ ਜਹਾਜ਼ ਅਗਵਾ ਦਾ ਕੇਸ ਨਵੀਆਂ ਧਾਰਾਵਾਂ ਜੋੜ ਕੇ ਮੁੜ ਖੋਲ੍ਹ ਦਿੱਤਾ ਗਿਆ ਅਤੇ ਇਸ ਕੇਸ ਨਾਲ ਸਬੰਧਤ ਜਥੇਬੰਦੀ ਦੇ 2 ਮੈਂਬਰ ਜੋ ਪਾਕਿਸਤਾਨ ਵਿੱਚ ਸਜ਼ਾ ਭੁਗਤਣ ਤੋਂ ਬਾਅਦ ਭਾਰਤ ਪਰਤ ਆਏ ਸਨ ਨੂੰ ਨਵੇਂ ਸਿਰਿਉਂ ਉਲਝਾ ਲਿਆ ਗਿਆ ਹੈ।

ਉਹਨਾਂ ਸਪੱਸ਼ਟ ਕੀਤਾ ਕਿ ਗਜਿੰਦਰ ਸਿੰਘ ਵਿਰੁੱਧ ਜਹਾਜ਼ ਅਗਵਾ ਤੋਂ ਬਿਨਾਂ ਕੋਈ ਕੇਸ ਦਰਜ ਨਹੀਂ ਹੈ ਅਤੇ ਇਸ ਕੇਸ ਵਿੱਚ ਉਹਨਾਂ ਬਣਦੀ ਸਜ਼ਾ ਭੁਗਤ ਲਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version