ਲਾਸ਼ ਨੂੰ ਸੜਕ ਵਿਚਕਾਰ ਰੱਖਕੇ ਪ੍ਰਦਰਸ਼ਨ ਕਰਦੇ ਇਲਾਕੇ ਦੇ ਲੋਕ

ਆਮ ਖਬਰਾਂ

ਪੁਲਿਸ ਹਿਰਾਸਤ ਵਿੱਚ ਹੋਈ ਮੌਤ ਦਾ ਮਾਮਲਾ: ਚੌਕੀ ਇੰਚਾਰਜ਼ ਅਤੇ ਮੁਨਸ਼ੀ ‘ਤੇ ਕਤਲ ਦਾ ਮੁਕੱਦਮਾ ਦਰਜ਼

By ਸਿੱਖ ਸਿਆਸਤ ਬਿਊਰੋ

December 22, 2015

ਅੰਮ੍ਰਿਤਸਰ (21 ਦਸੰਬਰ , 2015): ਨੇੜਲੀ ਪੁਲਿਸ ਚੌਕੀ ਵੱਲਾ ਵਿੱਚ ਪੁਲਿਸ ਤਸ਼ੱਦਦ ਕਾਰਨ ਇਕ ਦਲਿਤ ਨੌਜਵਾਨ ਦੀ ਮੌਤ ਹੋਣ ਦੇ ਮਾਮਲੇ ‘ਚ ਪੁਲਿਸ ਚੌਂਕੀ ਵੱਲ੍ਹਾ ਦੇ ਇੰਚਾਰਜ ਥਾਣੇਦਾਰ ਤੇ ਮੁਨਸ਼ੀ ਖਿਲਾਫ਼ ਹੱਤਿਆ ਤੇ ਅਨੁਸੂਚਿਤ ਜਾਤੀ/ਕਬੀਲੇ ਐਕਟ ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ।

ਮ੍ਰਿਤਕ ਕਿੰਕਾ ਨੂੰ ਪੁਲਿਸ ਨੇ ਮੌਬਾਇਲ ਚੋਰੀ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ। ਮ੍ਰਿਤਕ ਦੇ ਵਾਰਿਸਾਂ ਦਾ ਦੋਸ਼ ਹੈ ਕਿ ਪੁਲਿਸ ਨੇ ਦੋ ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ, ਜਿਸਦੇ ਨਾ ਦੇਣ ‘ਤੇ ਪੁਲਿਸ ਨੇ ਕਿੰਕਾ ਨੂੰ ਤਸ਼ੱਦਦ ਕਰਕੇ ਮਾਰ ਦਿੱਤਾ।

ਮ੍ਰਿਤਕ ਦੀ ਮਾਤਾ ਸ੍ਰੀਮਤੀ ਸੀਤਾ ਨੇ ਦੱਸਿਆ ਕਿ ਉਸਦਾ ਪੁੱਤਰ ਆਟੋ ਰਿਕਸ਼ਾ ਚਲਾ ਕੇ ਗੁਜ਼ਾਰਾ ਕਰਦਾ ਸੀ। 19 ਦਸੰਬਰ ਨੂੰ ਪੁਲਿਸ ਚੌਂਕੀ ਵੱਲ੍ਹਾ ਵੱਲੋਂ ਉਸ ਨੂੰ ਇਹ ਕਹਿ ਕੇ ਚੁੱਕ ਲਿਆ ਕਿ ਉਸ ਪਾਸੋਂ ਮੋਬਾਈਲ ਖੋਹਣ ਦੇ ਮਾਮਲੇ ‘ਚ ਪੁੱਛ ਗਿੱਛ ਕਰਨੀ ਹੈ। ਬੀਤੇ ਦਿਨ ਉਨ੍ਹਾਂ ਦੇ ਮੁਹੱਲਾ ਪ੍ਰਧਾਨ ਨੂੰ ਪੁਲਿਸ ਚੌਂਕੀ ਦੇ ਮੁਨਸ਼ੀ ਨੇ ਫ਼ੋਨ ਕੀਤਾ ਕਿ 2 ਹਜ਼ਾਰ ਰਿਸ਼ਵਤ ਦਿਓ ਤਾਂ ਮੁੰਡੇ ਨੂੰ ਛੱਡ ਦਿਆਂਗੇ ਅਤੇ ਮਾਮਲਾ ਰਫਾਦਫ਼ਾ ਕਰ ਦਿਆਂਗੇ। ਪਰ ਕੀਤੇ ਬੇਤਹਾਸ਼ਾ ਪੁਲਿਸ ਤਸ਼ੱਦਦ ਕਾਰਨ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਤੇ ਪੁਲਿਸ ਵਾਲਿਆਂ ਉਨ੍ਹਾਂ ਨੂੰ ਲਾਸ਼ ਵੀ ਨਾ ਦਿੱਤੀ ਜੋ ਬਾਅਦ ‘ਚ ਪੁਲਿਸ ਲਾਸ਼ ਨੂੰ ਸਿਵਲ ਹਸਪਤਾਲ ਛੱਡ ਕੇ ਦੌੜ ਗਈ।

ਪੋਸਟ ਮਾਰਟਮ ਕਰਾਉਣ ਉਪਰੰਤ ਲਾਸ਼ ਨੂੰ ਮਜੀਠਾ ਰੋਡ ‘ਤੇ ਰੱਖ ਕੇ ਵਾਰਸਾਂ ਵੱਲੋਂ ਆਵਾਜਾਈ ਠੱਪ ਕਰ ਦਿੱਤੀ। ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਬਸਪਾ ਆਗ ਸ੍ਰੀ ਰਵਿੰਦਰ ਹੰਸ, ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ ਨੇ ਦੋਸ਼ ਲਾਇਆ ਕਿ ਇਕ ਅਕਾਲੀ ਮੰਤਰੀ ਦੀ ਕਥਿਤ ਸਿਫਾਰਸ਼ ‘ਤੇ ਲੱਗ ਰਹੇ ਪੁਲਿਸ ਮੁਲਾਜ਼ਮ ਮਨ ਮਾਨੀਆ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਨੌਜਵਾਨ ਦੇ ਕਤਲ ‘ਚ ਨਾਮਜ਼ਦ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਤੇ ਮ੍ਰਿਤਕ ਦੇ ਪਰਿਵਾਰਾਂ ਨੂੰ 25 ਲੱਖ ਰੁਪੈ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: