Site icon Sikh Siyasat News

ਦਲ ਖਾਲਸਾ ਵਲੋਂ ਸੰਯੁਕਤ ਰਾਸ਼ਟਰ ਨੂੰ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਕੀਤੀ ਗਈ ਅਪੀਲ

ਬਠਿੰਡਾ: ਦਲ ਖਾਲਸਾ ਨੇ 33 ਵਰ੍ਹੇ ਪਹਿਲਾਂ ਭਾਰਤੀ ਹੁਕਮਰਾਨਾਂ ਅਤੇ ਕਾਂਗਰਸ ਆਗੂਆਂ ਦੀ ਸਰਪ੍ਰਸਤੀ ਹੇਠ ਹੋਏ ਸਿੱਖਾਂ ਦੇ ਕਤਲੇਆਮ ਲਈ ਭਾਰਤੀ ਨਿਜ਼ਾਮ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਸੰਯੁਕਤ ਰਾਸ਼ਟਰ ਤੋਂ ਮੰਗ ਕੀਤੀ ਹੈ ਜਿਸ ਤਰ੍ਹਾਂ ਉਸਨੇ ਸ੍ਰੀਲੰਕਾ ਵਿਚ ਹੋਏ ਕਤਲੇਆਮ ਬਾਰੇ ਮਤਾ ਪਾਸ ਕਰਕੇ ਸ੍ਰੀਲੰਕਾ ਸਰਕਾਰ ਨੂੰ ਕੌਮਾਂਤਰੀ ਕਟਹਿਰੇ ਵਿਚ ਖੜ੍ਹਾ ਕੀਤਾ ਹੈ ਉਸੇ ਤਰਜ਼ ‘ਤੇ ਨਵੰਬਰ 1984 ਵਿਚ ਹੋਏ ਸਿੱਖਾਂ ਦੇ ਕਤਲੇਆਮ ਬਾਰੇ ਸੰਯੁਕਤ ਰਾਸ਼ਟਰ ਆਪਣੀ ਨਿਗਰਾਨੀ ਹੇਠ ਜਾਂਚ ਕਰਵਾਏ ਅਤੇ ਦੋਸ਼ੀਆਂ ਨੂੰ ਸਜ਼ਾ ਦੇਵੇ।

ਦਲ ਖ਼ਾਲਸਾ ਵਲੋਂ ਬਠਿੰਡਾ ਵਿਖੇ ਕੱਢੇ ਗਏ ‘ਨਵੰਬਰ 1984 ਸਿੱਖ ਕਤਲੇਆਮ ਯਾਦਗਾਰੀ ਮਾਰਚ’ ‘ਚ ਹਿੱਸਾ ਲੈਂਦੇ ਹੋਏ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਪ੍ਰਧਾਨ ਬਲਵੰਤ ਸਿੰਘ ਨੰਦਗੜ੍ਹ ਅਤੇ ਹੋਰ

ਦਲ ਖਾਲਸਾ ਵਲੋਂ ਕਤਲੇਆਮ ਵਿੱਚ ਮਾਰੇ ਗਏ ਨਿਰਦੋਸ਼ ਸਿੱਖਾਂ ਨੂੰ ਸ਼ਰਧਾਂਜਲੀ ਦੇਣ, ਭਾਰਤੀ ਸਟੇਟ ਅਤੇ ਨਿਆਂ-ਪ੍ਰਣਾਲੀ ਨੂੰ ਸ਼ਰਮਸਾਰ ਕਰਨ, ਇਨਸਾਫ ਦੀ ਲੜਾਈ ਅਤੇ ਆਜ਼ਾਦੀ ਸੰਘਰਸ਼ ਨੂੰ ਜਾਰੀ ਰੱਖਣ ਦੇ ਮੰਤਵ ਨਾਲ ਅੱਜ (1 ਨਵੰਬਰ 2017 ਨੂੰ) ਏਥੇ ‘ਸਿੱਖ ਨਸਲਕੁਸ਼ੀ ਯਾਦਗਾਰੀ’ ਮਾਰਚ ਕੀਤਾ ਜੋ ਗੁਰਦੁਆਰਾ ਹਾਜੀ ਰਤਨ ਤੋਂ ਆਰੰਭ ਹੋਕੇ ਵੱਖ-ਵੱਖ ਬਜ਼ਾਰਾਂ ‘ਚੋਂ ਹੁੰਦਿਆਂ ਹੋਇਆ ਕਿਲ੍ਹਾ ਮੁਬਾਰਕ ਵਿਖੇ ਸਮਾਪਤ ਹੋਇਆ।

ਦਲ ਖ਼ਾਲਸਾ ਦੇ ਹਮਾਇਤੀ ਮਾਰਚ ਦੌਰਾਨ ਨਾਅਰੇ ਲਾਉਂਦੇ ਹੋਏ

ਇਸ ਤੋਂ ਪਹਿਲਾਂ ਜਥੇਬੰਦੀ ਦੇ ਆਗੂਆਂ ਨੇ ਗੁਰਦੁਆਰਾ ਸਾਹਿਬ ਵਿਖੇ ਬੋਲਦਿਆਂ ਸਪੱਸ਼ਟ ਕੀਤਾ ਕਿ ਨਵੰਬਰ 1984 ਵਰਗੇ ਕਤਲੇਆਮ ਦੇ ਦੁਰਾਹਅ ਨੂੰ ਰੋਕਣ ਦਾ ਇੱਕੋ-ਇੱਕ ਹੱਲ ਭਾਰਤ ਤੋਂ ਆਜ਼ਾਦੀ ਹੈ। ਪਾਰਟੀ ਵਲੋਂ ਆਜ਼ਾਦੀ ਅਤੇ ਸਵੈ-ਨਿਰਣੇ ਦੇ ਹੱਕ ਵਿੱਚ ਵੱਡੇ-ਵੱਡੇ ਬੋਰਡ ਲਾਏ ਹੋਏ ਸਨ ਅਤੇ ਕਾਰਜਕਰਤਾਵਾਂ ਨੇ ਬੈਨਰ ਫੜੇ ਹੋਏ ਸਨ।

ਸਿੱਖ ਨੌਜਵਾਨਾਂ ਦੇ ਹੱਥਾਂ ਵਿਚ ਫੜ੍ਹੀਆਂ ਤਖਤੀਆਂ ਜੋ ਕਿ ਭਾਰਤ ਤੋਂ ਅਜ਼ਾਦੀ ਦੇ ਹੱਕ ਵਿਚ ਪ੍ਰਚਾਰ ਕਰ ਰਹੀਆਂ ਹਨ

ਦਲ ਖਾਲਸਾ ਵਲੋਂ ਮਤਾ ਪਾਸ ਕੀਤਾ ਗਿਆ ਜਿਸ ਵਿੱਚ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਗਈ ਕਿ ਉਹ ਨਵੰਬਰ 1984 ਵਿਚ ਭਾਰਤੀ ਨਿਜ਼ਾਮ ਦੇ ਪ੍ਰਬੰਧਕੀ ਢਾਂਚੇ ਦੇ ਸਭ ਹਿੱਸਿਆਂ ਦੀ ਕਤਲੇਆਮ ਵਿੱਚ ਸਿੱਧੀ ਜਾਂ ਅਸਿੱਧੀ ਸ਼ਮੂਲੀਅਤ ਸੀ, ਉਨ੍ਹਾਂ ਖਿਲਾਫ ਉਹ ਪੜਤਾਲ ਅਤੇ ਕਾਰਵਾਈ ਕਰੇ।

ਮਾਰਚ ‘ਚ ਹਿੱਸਾ ਲੈਂਦੇ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਅਤੇ ਸਾਬਕਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ

ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕੈਨੇਡਾ ਅਤੇ ਇੰਗਲੈਂਡ ਵਲੋਂ ਫਰਾਕਦਿਲੀ ਦਿਖਾਉਂਦਿਆਂ ਕਿਉਬਿਕ ਅਤੇ ਸਕਾਟਲੈਂਡ ਸੂਬਿਆਂ ਦੇ ਲੋਕਾਂ ਨੂੰ ਸਵੈ-ਨਿਰਣੈ ਦੇ ਹੱਕ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਇਸੇ ਹੀ ਤਰਜ਼ ‘ਤੇ ਸੰਯੁਕਤ ਰਾਸ਼ਟਰ ਯਕੀਨੀ ਬਣਾਏ ਕਿ ਸਿੱਖ, ਕਸ਼ਮੀਰੀ, ਆਦਿ ਲੋਕਾਂ ਦੀ ਰਾਇ ਜਾਨਣ ਲਈ ਪੰਜਾਬ, ਕਸ਼ਮੀਰ ਵਿੱਚ ਰੈਫਰੇਂਡਮ ਕਰਵਾਇਆ ਜਾਵੇ।

ਮਾਰਚ ਵਿੱਚ ਸ਼ਾਮਿਲ ਨੌਜਵਾਨਾਂ ਨੇ ਹੱਥਾਂ ਵਿੱਚ ਤਖਤੀਆਂ ਅਤੇ ਕੇਸਰੀ ਝੰਡੇ ਫੜੇ ਹੋਏ ਸਨ ਅਤੇ ਉਹ ਆਜ਼ਾਦੀ ਦੇ ਹੱਕ ਵਿੱਚ ਜੋਸ਼ ਭਰਪੂਰ ਨਾਅਰੇ ਲਾ ਰਹੇ ਸਨ।

ਸਬੰਧਤ ਖ਼ਬਰ:

1984 ਸਿੱਖ ਕਤਲੇਆਮ:ਪੀੜਤਾਂ ਨੂੰ 33 ਸਾਲ ਬਾਅਦ ਵੀ ਇਨਸਾਫ ਦੇਣ ਤੋਂ ਭੱਜਿਆ ਜਾ ਰਿਹਾ:ਐਮਨੈਸਟੀ ਇੰਟਰਨੈਸ਼ਨਲ …

ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਵੰਬਰ 1984 ਨੂੰ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਵਿਚ ਹੈਵਾਨੀਅਤ ਦਾ ਨੰਗਾ ਨਾਚ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਸਰਕਾਰ ਮੁਤਾਬਕ ਕੋਈ 2733 ਸਿੱਖਾਂ ਨੂੰ ਤੇ ਗੈਰ-ਸਰਕਾਰੀ ਅੰਕੜਿਆਂ ਮੁਤਾਬਕ ਕੋਈ ੮,੦੦੦ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਕਤਲੇਆਮ ਸੀ, ਨਸਲਕੁਸ਼ੀ ਦਾ ਘੋਰ ਪਾਪ ਸੀ ਪਰ ਇਸ ਮੁਲਕ ਦੇ ਆਗੂਆਂ, ਮੀਡੀਆ ਅਤੇ ਲੋਕਾਂ ਨੇ ਇਸਨੂੰ ਅਜ ਤੱਕ ਕੇਵਲ ਇਕ ‘ਦੰਗੇ’ ਵਜੋਂ ਹੀ ਲਿਖਿਆ-ਪੜ੍ਹਿਆ ਹੈ।

ਨੌਜਵਾਨ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਇਨਸਾਫ ਦੇ ਨਾਮ ‘ਤੇ ਬਣੇ ਕਮਿਸ਼ਨ ਅਤੇ ਜਾਂਚ ਕਮੇਟੀਆਂ ਖੋਖਲੀਆਂ ਸਾਬਿਤ ਹੋਈਆਂ ਹਨ ਅਤੇ ਦੁਨੀਆਂ ਖਾਮੋਸ਼ ਹੈ।

ਪਾਰਟੀ ਦੇ ਸੀਨੀਅਰ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਬੋਲਦਿਆਂ ਕਿਹਾ ਕਿ ਹਿੰਦੁਸਤਾਨ ਦੇ ਮੌਜੂਦਾ ਮਾਲਕ ਇਸਨੂੰ ਹਿੰਦੂ ਮੁਲਕ ਬਣਾਉਣ ਲਈ ਪੱਕੇ ਤੌਰ ‘ਤੇ ਲੱਗੇ ਹੋਏ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਰੀਝ ਮੁਬਾਰਕ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਉਹਨਾਂ ਦੀ ਕੌਮ ਵੀ ਆਪਣੇ ਜਨਮ, ਵਿਰਸੇ, ਇਤਿਹਾਸ ਕਰਕੇ ਅਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਤਹਿਤ ਆਪਣੇ ਇਸ ਹੱਕ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਸੰਯੁਕਤ ਰਾਸ਼ਟਰ ਦਾ ਇਹ ਫਰਜ਼ ਹੈ ਕਿ ਉਹ ਸਾਡੇ ਇਸ ਹੱਕ ‘ਤੇ ਡਾਕਾ ਨਾ ਪੈਣ ਦੇਵੇ।

ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਅਫਸੋਸ ਜਿਤਾਉਦਿਆਂ ਕਿਹਾ ਕਿ ਪਿਛਲੇ 70 ਸਾਲਾਂ ਵਿਚ ਭਾਰਤ ਦੇ ਖੁਫੀਆ ਤੇ ਸੁਰਖਿਆ ਮਾਹਿਰਾਂ ਲਈ, ਸਿਆਸੀ ਪੰਡਿਤਾਂ ਲਈ, ਸਿਆਸੀ ਆਗੂਆਂ ਲਈ –ਚਾਹੇ ਉਹ ਕਿਸੀ ਵੀ ਸਿਆਸੀ ਪਾਰਟੀ ਦੇ ਹੋਣ, ਹਰ ਖੇਤਰੀ, ਧਾਰਮਿਕ ਅਤੇ ਕੌਮੀ ਝਗੜਾ ਕੇਵਲ ਅਮਨ-ਕਾਨੂੰਨ ਦੀ ਸਮੱਸਿਆ ਹੈ ਅਤੇ ਦਿੱਲੀ ਦੇ ਸ਼ਾਸਕ ਉਸਨੂੰ ਉਸੇ ਕਰੂਰਤਾ ਅਤੇ ਪੱਖਪਾਤੀ ਨਜ਼ਰੀਏ ਨਾਲ ਹੀ ਨਜਿੱਠਣ ਦਾ ਢੰਗ ਅਪਨਾਉਂਦੇ ਆ ਰਹੇ ਹਨ।

ਸਾਬਕਾ ਜਥੇਦਾਰ ਤਖਤ ਦਮਦਮਾ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ, ਮਨਧੀਰ ਸਿੰਘ, ਗੁਰਦੀਪ ਸਿੰਘ ਬਠਿੰਡਾ ਅਤੇ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਅ ਚੁੱਕੇ ਪੰਜਾਂ ਸਿੰਘਾਂ ਦੇ ਜੱਥੇ ਨੇ ਉਚੇਚੇ ਤੌਰ ‘ਤੇ ਦਲ ਖਾਲਸਾ ਸਮਾਗਮ ਵਿੱਚ ਸ਼ਮੂਲੀਅਤ ਕੀਤੀ।

ਇਸ ਮੌਕੇ ਬਾਬਾ ਹਰਦੀਪ ਸਿੰਘ ਮਹਿਰਾਜ, ਬਲਦੇਵ ਸਿੰਘ ਅਜਨਾਲਾ, ਗੁਰਵਿੰਦਰ ਸਿੰਘ ਬਠਿੰਡਾ, ਜਸਵੀਰ ਸਿੰਘ ਖੰਡੂਰ, ਅਮਰੀਕ ਸਿੰਘ ਈਸੜੂ, ਰਣਬੀਰ ਸਿੰਘ, ਗੁਰਦੀਪ ਸਿੰਘ ਕਾਲਕੱਟ, ਉਦੈ ਸਿੰਘ ਫਤਿਹਗੜ ਸਾਹਿਬ, ਕੁਲਵੰਤ ਸਿੰਘ ਫੇਰੂਮਾਨ, ਅਵਤਾਰ ਸਿੰਘ ਜਲਾਲਾਬਾਦ, ਸੁਰਜੀਤ ਸਿੰਘ ਖਾਲਸਤਾਨੀ, ਜਗਜੀਤ ਸਿੰਘ ਖੋਸਾ ਆਦਿ ਹਾਜ਼ਿਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version