ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦਲ ਖਾਲਸਾ ਦੇ ਆਗੂ

ਖਾਸ ਖਬਰਾਂ

ਦਲ ਖਾਲਸਾ ਆਪਣੀ 40ਵੀ ਵਰ੍ਹੇਗੰਢ ਮੌਕੇ 13 ਅਗਸਤ ਨੂੰ ਆਜ਼ਾਦੀ ਸੰਕਲਪ ਦਿਵਸ ਵਜੋਂ ਮਨਾਏਗਾ

By ਸਿੱਖ ਸਿਆਸਤ ਬਿਊਰੋ

August 01, 2018

ਹੁਸ਼ਿਆਰਪੁਰ: ਸੰਯੁਕਤ ਰਾਸ਼ਟਰ ਵਲੋਂ ਮਾਨਤਾ ਪ੍ਰਾਪਤ ਸਵੈ ਨਿਰਣੇ ਦੇ ਹੱਕ ਨੂੰ ਹਾਸਿਲ ਕਰਨ ਲਈ ਸੰਘਰਸ਼ ਕਰਦੇ ਹੋਏ ਆਪਣੇ 40 ਸਾਲਾਂ ਦੇ ਸਫ਼ਰ ਨੂੰ ਪੂਰੇ ਕਰਦਿਆਂ ਹੋਇਆਂ ਦਲ ਖਾਲਸਾ 13 ਅਗਸਤ ਨੂੰ ਆਜ਼ਾਦੀ ਸੰਕਲਪ ਦਿਵਸ ਵਜੋਂ ਮਨਾਏਗਾ। ਜਥੇਬੰਦੀ ਆਪਣੀ 40ਵੀ ਵਰ੍ਹੇਗੰਢ ਮੌਕੇ 13 ਅਗਸਤ ਨੂੰ ਬਾਬਾ ਮੱਖਣ ਸ਼ਾਹ ਲੁਬਾਣਾ ਭਵਨ, ਚੰਡੀਗੜ੍ਹ ਵਿੱਚ ਕਾਨਫਰੰਸ ਕਰ ਰਹੀ ਹੈ।

ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਹੁੰਦੇ ਹੋਏ ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 1947 ਵਿੱਚ ਹਿੰਦੂਆਂ ਨੂੰ ਹਿੰਦੁਸਤਾਨ ਅਤੇ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਪਰ ਸਿੱਖ ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਵਿੱਚ ਫਸ ਗਏ। ਉਨ੍ਹਾਂ ਕਿਹਾ ਕਿ ਪਿਛਲੇ ਸੱਤ ਦਹਾਕਿਆਂ ਤੋਂ ਭਾਰਤ ਅੰਦਰ ਸਿੱਖਾਂ ਨਾਲ ਹੋ ਰਹੇ ਵਿਤਕਰੇ ਅਤੇ ਜ਼ੁਲਮ ਨੇ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਭਾਰਤ ਨਾਲ ਰਹਿਣ ਦਾ ਫ਼ੈਸਲਾ ਕਰਨਾ ਸਿੱਖ ਆਗੂਆਂ ਦੀ ਇੱਕ ਵੱਡੀ ਭੁੱਲ ਸੀ।

ਉਨ੍ਹਾਂ ਨੇ ਪਾਰਟੀ ਦੇ ਏਜੰਡੇ ਬਾਰੇ ਦੱਸਦੇ ਹੋਏ ਕਿਹਾ ਕਿ ਉਹ ਪਿਛਲੇ 40 ਸਾਲਾਂ ਤੋਂ ਸਿੱਖ ਕੌਮ ਲਈ ਸਵੈ ਨਿਰਣੇ ਦਾ ਹੱਕ ਹਾਸਿਲ ਕਰਨ ਲਈ ਸੰਘਰਸ਼ ਕਰਦੇ ਆ ਰਹੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਮੌਜੂਦਾ ਵਿਸ਼ਵ ਦ੍ਰਿਸ਼ਟੀਕੋਣ ਵਿੱਚ ਸਵੈ-ਨਿਰਣੇ ਦੇ ਹੱਕ ਰਾਹੀਂ ਹੀ ਵਿਵਾਦਾਂ ਨੂੰ ਸ਼ਾਂਤਮਈ ਤਰੀਕੇ ਨਾਲ ਸੁਲਝਾਇਆ ਜਾ ਸਕਦਾ ਹੈ। ਉਹਨਾਂ ਅਫਸੋਸ ਜਿਤਾਉਦਿਆਂ ਕਿਹਾ ਕਿ ਭਾਰਤ ਦੀਆਂ ਤਮਾਮ ਸਰਕਾਰਾਂ ਨੇ ਸਿੱਖਾਂ ਨੂੰ ਇਸ ਹੱਕ ਤੋਂ ਵਾਂਝਿਆ ਰੱਖਿਆ ਹੈ।

ਪਾਰਟੀ ਦੇ ਸਾਬਕਾ ਪ੍ਰਧਾਨ ਐੱਚ ਐੱਸ ਧਾਮੀ ਨੇ ਕਿਹਾ ਕਿ ਦੇਸ਼ ਵਿਦੇਸ਼ ਅੰਦਰ ਵੱਸਦੇ ਸਿੱਖ ਅੱਜ ਵੀ ਆਪਣੇ ਰਾਜ ਨੂੰ ਹਾਸਲ ਕਰਨ ਲਈ ਜੱਦੋ ਜਹਿਦ ਕਰ ਰਹੇ ਹਨ। ਉਹਨਾਂ ਦੱਸਿਆ ਕਿ 13 ਅਗਸਤ ਨੂੰ ਹੋਣ ਜਾ ਰਹੀ ਕਾਨਫਰੰਸ ਵਿੱਚ ਸਪੀਕਰ ਆਜ਼ਾਦੀ ਲਹਿਰ ਸਬੰਧੀ ਜਿਥੇ ਪੜਚੋਲ ਕਰਨਗੇ ਉਥੇ ਸਵੈ ਨਿਰਣੇ ਦੇ ਹੱਕ ਨੂੰ ਸੰਯੁਕਤ ਰਾਸ਼ਟਰ ਅਧੀਨ ਰਿਫਰੈਂਡਮ ਜਾਂ ਹੋਰ ਤਰੀਕਿਆਂ ਰਾਂਹੀ ਹਾਸਿਲ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਵਿਚਾਰ ਕਰਨਗੇ।

ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਪੰਜਾਬ ਵਿਚ ਇਕ ਸਿਆਸੀ ਪਾਰਟੀ ਦੇ ਰੂਪ ਵਿਚ ਕੰਮ ਕਰਦੇ ਹੋਏ, ਅਸੀਂ ਬਹੁਤ ਕੁਝ ਹਾਸਿਲ ਕੀਤਾ ਹੈ ਅਤੇ ਏਸੇ ਤਰਾਂ ਅਸੀਂ ਬਹੁਤ ਕੁਝ ਕਰਨ ਤੋਂ ਖੁੰਝ ਗਏ ਹਾਂ। ਉਨ੍ਹਾਂ ਕਿਹਾ ਕਿ ਉਹ ਸਿੱਖ ਰਾਸ਼ਟਰਵਾਦ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀਆਂ ਸਫਲਤਾਵਾਂ ਅਤੇ ਅਸਫਲਤਾਵਾਂ ਨੂੰ ਬਰਾਬਰ ਰੱਖ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਗੇ ਅਤੇ ਉਨ੍ਹਾਂ ਤੋਂ ਰਾਏ ਵੀ ਹਾਸਲ ਕਰਨਗੇ ਤਾਂ ਜੋ ਭਵਿੱਖ ਵਿੱਚ ਉਹ ਆਪਣੇ ਕੰਮ ਨੂੰ ਹੋਰ ਸੁਚਾਰੂ ਬਣਾ ਸਕਣ।

ਪੰਜਾਬ ਸਰਕਾਰ ਵਲੋਂ ਬਹਿਬਲ ਕਲਾਂ ਗੋਲੀ ਕਾਂਡ ਦਾ ਕੇਸ ਸੀ ਬੀ ਆਈ ਹਵਾਲੇ ਕਰਨ ਉਤੇ ਸਖਤ ਟਿਪਣੀ ਕਰਦਿਆਂ ਦਲ ਖਾਲਸਾ ਦੇ ਆਗੂਆਂ ਨੇ ਕਿਹਾ ਕਿ ਇਹ ਅਮਰਿੰਦਰ ਸਿੰਘ ਦਾ ਇਨਸਾਫ ਨਾ ਦੇਣ ਦੇ ਇਰਾਦੇ ਨਾਲ ਚੁਕਿਆ ਕਦਮ ਹੈ। ਉਹਨਾਂ ਵਿਅੰਗ ਕਸਦਿਆਂ ਕਿਹਾ ਕਿ ਜਾਂਚ ਦੀ ਲੋੜ ਹੀ ਕਿਥੇ ਹੈ? ਉਹਨਾ ਕਿਹਾ ਕਿ ਕੇਸ ਪਾਣੀ ਵਾਂਗ ਸਾਫ ਹੈ। ਉਹਨਾਂ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦਾ ਜਿਕਰ ਕਰਦਿਆਂ ਸਪਸ਼ਟ ਸ਼ਬਦਾਂ ਵਿਚ ਕਿਹਾ ਸਰਕਾਰ ਕੋਲ ਬਲਦ ਨੂੰ ਉਸ ਦੇ ਸਿੰਗਾਂ ਤੋਂ ਫੜਣ ਦੀ ਇੱਛਾ ਸ਼ਕਤੀ ਦੀ ਘਾਟ ਹੈ। ਉਹਨਾਂ ਸੈਣੀ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਕਿਹਾ ਕਿ ਇਸ ਨਾਲ ਹੀ ਸਾਰੀਆਂ ਤੰਦਾਂ ਖੁਲ ਜਾਣਗੀਆਂ। ਉਹਨਾਂ ਕਿਹਾ ਕਿ ਮੁਆਵਜਾ ਇਨਸਾਫ ਨਹੀ ਹੁੰਦਾ।

ਪ੍ਰੈਸ ਕਾਨਫਰੰਸ ਦੌਰਾਨ ਰਣਬੀਰ ਸਿੰਘ, ਪਰਮਜੀਤ ਸਿੰਘ, ਜਸਵੀਰ ਸਿੰਘ ਖੰਡੂਰ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ ਹਰਮੋਏ, ਮਨਜਿੰਦਰ ਸਿੰਘ ਸੋਹਲ ਅਤੇ ਬਹਾਦਰ ਸਿੰਘ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: