April 27, 2012 | By ਸਿੱਖ ਸਿਆਸਤ ਬਿਊਰੋ
ਬਠਿੰਡਾ, ਪੰਜਾਬ (26 ਅਪ੍ਰੈਲ, 2012): ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ਼ ਸਲਾਬਤਪੁਰਾ ਘਟਨਾਕ੍ਰਮ ਬਾਰੇ ਜੋ ਮੁਕਦਮਾ ਭਾਰਤੀ ਦੰਡਾਵਲੀ ਦੀ 295-ਏ ਤੇ ਹੋਰਨਾਂ ਧਾਰਾਵਾਂ ਤਹਿਤ ਬਠਿੰਡਾ ਕੋਤਵਾਲੀ ਥਾਣੇ ਵਿਚ ਦਰਜ ਕੀਤਾ ਗਿਆ ਸੀ , ਉਸ ਮੁਕੱਦਮੇ ਵਿਚ ਚੀਫ਼ ਜੂਡੀਸ਼ੀਅਲ ਮੈਜਿਸਟਰੇਟ ਵੱਲੋਂ ਡੇਰਾ ਸਿਰਸਾ ਮੁਖੀ ਨੂੰ 10 ਮਈ ਨੂੰ ਅਦਾਲਤ ‘ਚ ਨਿੱਜੀ ਰੂਪ ਵਿਚ ਪੇਸ਼ ਹੋਣ ਲਈ ਹੁਕਮ ਜਾਰੀ ਕੀਤੇ ਗਏ ਸਨ। ਅੱਜ ਬਠਿੰਡਾ ਦੇ ਵਧੀਕ ਜ਼ਿਲ੍ਹਾ ਸ਼ੈਸ਼ਨ ਜੱਜ ਦਿਲਬਾਗ ਸਿੰਘ ਜੌਹਲ ਨੇ ਇਸ ਫੈਸਲੇ ਉੱਤੇ ਰੋਕ ਲਾ ਦਿੱਤੀ ਹੈ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 25 ਮਈ ਨਿਰਧਾਰਿਤ ਕਰਦਿਆਂ ਇਸ ਕੇਸ ਵਿਚ ਆਪਣਾ ਪੱਖ਼ ਰੱਖਣ ਲਈ ਸ਼ਿਕਾਇਤ ਕਰਤਾ ਰਜਿੰਦਰ ਸਿੰਘ ਸਿੱਧੂ, ਐਡਵੋਕੇਟ ਜਸਪਾਲ ਸਿੰਘ ਮੰਝਪੁਰ ਤੇ ਬਾਬਾ ਹਰਦੀਪ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਮਈ 2007 ਵਿਚ ਬਠਿੰਡਾ ਕੋਤਵਾਲੀ ਪੁਲਿਸ ਨੇ ਖ਼ਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਰਾਜਿੰਦਰ ਸਿੰਘ ਸਿੱਧੂ ਦੀ ਸ਼ਿਕਾਇਤ ‘ਤੇ ਡੇਰਾ ਮੁਖੀ ਖਿਲਾਫ਼ ਧਾਰਾ 295 ਏ ਤਹਿਤ ਮੁਕੱਦਮਾ ਦਰਜ ਕੀਤਾ ਸੀ। ਪੁਲਿਸ ਨੇ ਕਈ ਵਾਰ ਡੇਰਾ ਸਿਰਸਾ ਜਾ ਕੇ ਇਸ ਮਾਮਲੇ ‘ਚ ਪੁੱਛਗਿੱਛ ਵੀ ਕੀਤੀ ਸੀ। ਪਰ ਕੁਝ ਸਮੇਂ ਬਾਅਦ ਇਹ ਮਾਮਲਾ ਠੰਢੇ ਬਸਤੇ ਵਿਚ ਚਲਾ ਗਿਆ ਸੀ। ਇਸ ਮਾਮਲੇ ਵਿਚ ਪੁਲਿਸ ਵੱਲੋਂ ਕਾਰਵਾਈ ਨਾ ਹੁੰਦੀ ਦੇਖ ਕੇ ਅਕਾਲੀ ਦਲ ਪੰਚ ਪ੍ਰਧਾਨੀ ਨਾਲ ਸੰਬੰਧਤ ਨੌਜਵਾਨ ਵਕੀਲ ਜਸਪਾਲ ਸਿੰਘ ਮੰਝਪੁਰ ਅਤੇ ਬਾਬਾ ਹਰਦੀਪ ਸਿੰਘ ਮੰਝਪੁਰ ਨੇ ਅਦਾਲਤ ਵਿਚ ਵੱਖਰੇ ਤੌਰ ਉੱਤੇ ਮੁਕਦਮਾ ਦਰਜ਼ ਕਰਵਾਇਆ ਗਿਆ।
ਹਾਲ ਵਿਚ ਹੀ ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਪੁਲਿਸ ਨੇ ਮੁਢਲੇ ਸ਼ਿਕਾਇਤ ਕਰਤਾ ਸ੍ਰ: ਰਾਜਿੰਦਰ ਸਿੰਘ ਸਿੱਧੂ ਦੇ ਨਾਂ ਉੱਤੇ ਕਥਿਤ ਝੂਠਾ ਹਲਫਨਾਮਾ ਦੇ ਕੇ ਮੁਕਦਮਾ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਸੀ, ਪਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਲਾਤ ਨੇ ਪੁਲਿਸ ਦੀਆਂ ਦਲੀਲਾਂ ਰੱਦ ਕਰ ਕੇ ਡੇਰਾ ਮੁਖੀ ਨੂੰ ਨਿੱਜੀ ਤੌਰ ਉੱਤੇ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਸਨ।
ਪਰ ਅੱਜ ਡੇਰਾ ਮੁਖੀ ਵੱਲੋਂ ਵਧੀਕ ਜ਼ਿਲ੍ਹਾ ਸ਼ੈਸ਼ਨ ਜੱਜ ਦਿਲਬਾਗ ਸਿੰਘ ਜੌਹਲ ਦੀ ਅਦਾਲਤ ਵਿਚ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਐਸ.ਕੇ. ਗਰਗ ਨੇ ਪੇਸ਼ ਹੋ ਕੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਲਾਤ ਉੱਤੇ ਰੋਕ ਲਵਾ ਦਿੱਤੀ।
ਇਸ ਮਾਮਲੇ ‘ਚ ਪੰਜਾਬ ਸਰਕਾਰ ਦੇ ਨਾਲ-ਨਾਲ ਸ਼ਿਕਾਇਤ ਕਰਤਾ ਰਾਜਿੰਦਰ ਸਿੰਘ ਸਿੱਧੂ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਅਤੇ ਬਾਬਾ ਹਰਦੀਪ ਸਿੰਘ ਨੂੰ ਨੋਟਿਸ ਜਾਰੀ ਕਰਦਿਆਂ ਕੇਸ ਦੀ ਅਗਲੀ ਸੁਣਵਾਈ ਲਈ 25 ਮਈ ਮਿਥੀ ਹੈ।
Related Topics: Anti-Sikh Deras, Jaspal Singh Manjhpur (Advocate)