ਖਾਸ ਖਬਰਾਂ

ਕਰੜੀ ਨਿਖੇਧੀ ਦੇ ਚੱਲਦਿਆਂ ਦਿਨਕਰ ਗੁਪਤਾ ਨੇ ਆਪਣੇ ਬਿਆਨ ਬਾਰੇ ਅਫਸੋਸ ਜਾਹਰ ਕੀਤਾ

By ਸਿੱਖ ਸਿਆਸਤ ਬਿਊਰੋ

February 24, 2020

ਚੰਡੀਗੜ੍ਹ: ਪੰਜਾਬ ਪੁਲੀਸ ਦੇ ਮੁਖੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਸਾਹਿਬ ਬਾਰੇ ਦਿੱਤੇ ਗਏ ਇਤਰਾਜਯੋਗ ਬਿਆਨ ਤੋਂ ਬਾਅਦ ਹੋ ਰਹੀ ਕਰੜੀ ਨਿਖੇਧੀ ਦੇ ਚੱਲਦਿਆਂ ਐਤਵਾਰ (23 ਫਰਵਰੀ) ਨੂੰ ਪੁਲਿਸ ਮੁਖੀ ਨੇ ਆਪਣੀ ਕਹੀ ਗੱਲ ਉੱਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਗਿਆ।

ਦੱਸ ਦੇਈਏ ਕਿ ਲੰਘੇ ਸ਼ੁੱਕਰਵਾਰ (21 ਫਰਵਰੀ) ਨੂੰ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਇੰਡੀਅਨ ਐਕਸਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਰਤਾਰਪੁਰ ਸਾਹਿਬ ਬਾਰੇ ਇਹ ਕਿਹਾ ਸੀ ਕਿ ਜੇਕਰ ਕਿਸੇ ਆਮ ਵਿਅਕਤੀ ਨੂੰ ਸਵੇਰੇ ਕਰਤਾਰਪੁਰ ਸਾਹਿਬ ਭੇਜਿਆ ਜਾਵੇ ਤਾਂ ਸ਼ਾਮ ਤੱਕ ਉਹ ਸਿਖਲਾਈ ਹਾਸਲ ਕਰ ਚੁੱਕੇ ਅੱਤਵਾਦੀ ਵਜੋਂ ਵਾਪਸ ਆ ਸਕਦਾ ਹੈ।

ਜਦੋਂ ਪੁਲਿਸ ਮੁਖੀ ਦੇ ਇਸ ਬਿਆਨ ਦੀ ਨਿਖੇਧੀ ਸ਼ੁਰੂ ਹੋਈ ਤਾਂ ਸਨਿੱਚਰਵਾਰ ਨੂੰ ਦਿਨਕਰ ਗੁਪਤਾ ਵੱਲੋਂ ਇੱਕ ਲੰਮਾ ਲਿਖਤੀ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਉਸ ਨੇ ਕਿਹਾ ਕਿ ਜਾਂ ਤਾਂ ਉਸ ਦੇ ਬਿਆਨ ਨੂੰ ਗਲਤ ਸਮਝਿਆ ਗਿਆ ਹੈ ਤੇ ਜਾਂ ਫਿਰ ਇਸ ਦੇ ਜਾਣ ਬੁੱਝ ਕੇ ਗਲਤ ਮਤਲਬ ਕੱਢੇ ਜਾ ਰਹੇ ਹਨ।

ਪਰ ਜਦੋਂ ਪੁਲਿਸ ਮੁਖੀ ਦੇ ਬਿਆਨ ਦੀ ਚੁਫੇਰਿਓਂ ਕਰੜੀ ਨਿਖੇਧੀ ਹੋਣੀ ਜਾਰੀ ਰਹੀ ਤਾਂ ਐਤਵਾਰ ਸ਼ਾਮ ਨੂੰ ਦਿਨਕਰ ਗੁਪਤਾ ਨੇ ਇਕ ਟਵੀਟ ਕਰਕੇ ਕਿਹਾ ਕਿ: “ਜੇਕਰ ਮੇਰੀ ਟਿੱਪਣੀ ਨਾਲ ਨਾ ਚਾਹੁੰਦਿਆਂ ਹੋਇਆਂ ਵੀ ਮੇਰੇ ਸੂਬੇ ਦੇ ਲੋਕਾਂ ਨੂੰ ਠੇਸ ਲੱਗੀ ਹੋਵੇ ਤਾਂ ਮੈਂ ਤਹਿ ਦਿਲੋਂ ਅਫਸੋਸ ਜਾਹਰ ਕਰਦਾ ਹਾਂ ਕਿਉਂਕਿ ਮੇਰੀ ਬਿਲਕੁਲ ਵੀ ਅਜਿਹੀ ਕੋਈ ਇੱਛਾ ਨਹੀਂ ਸੀ। ਮੈਂ ਸਿਰਫ ਪੰਜਾਬ ਦੇ ਲੋਕਾਂ ਦੀ ਭਲਾਈ ਅਤੇ ਖੁਸ਼ਹਾਲੀ ਲਈ ਲੋੜੀਂਦਾ ਸੁਰੱਖਿਅਤ ਅਤੇ ਅਮਨ ਅਮਾਨ ਵਾਲਾ ਮਾਹੌਲ ਚਾਹੁੰਦਾ ਹਾਂ”।

ਪੁਲੀਸ ਮੁਖੀ ਦੇ ਇਸ ਬਿਆਨ ਦੀ ਜੇਕਰ ਸ਼ਨਿਚਰਵਾਰ ਵਾਲੇ ਬਿਆਨ ਨਾਲ ਤੁਲਨਾ ਕਰਕੇ ਵੇਖੀ ਜਾਵੇ ਤਾਂ ਸਾਫ ਪਤਾ ਲੱਗਦਾ ਹੈ ਕਿ ਪੁਲਿਸ ਮੁਖੀ ਨੇ ਪਹਿਲਾਂ ਕਰਤਾਰਪੁਰ ਸਾਹਿਬ ਬਾਰੇ ਦਿੱਤੇ ਆਪਣੇ ਬਿਆਨ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਜਦੋਂ ਉਸ ਨੂੰ ਸਾਰੇ ਪਾਸਿਆਂ ਤੋਂ ਨਿਖੇਧੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਸ ਹਾਲਤ ਦੇ ਮੱਦੇਨਜਰ ਹੀ ਅਫਸੋਸ ਜਾਹਰ ਕਰਨ ਵਾਲਾ ਬਿਆਨ ਦਿੱਤਾ ਹੈ।

ਖਾਸ ਗੱਲ ਇਹ ਹੈ ਕਿ ਕਰਤਾਰਪੁਰ ਸਾਹਿਬ ਦੇ ਮਾਮਲੇ ਵਿੱਚ ਵੱਖ ਵੱਖ ਖੇਤਰਾਂ ਦੀਆਂ ਜਥੇਬੰਦੀਆਂ ਅਤੇ ਸਖਸੀਅਤਾਂ ਵੱਲੋਂ ਇੱਕ ਸੁਰ ਹੋ ਕੇ ਪੰਜਾਬ ਪੁਲਿਸ ਮੁਖੀ ਦੇ ਬਿਆਨ ਦੀ ਨਿਖੇਧੀ ਜਾ ਰਹੀ ਹੈ ਜਿਸ ਕਾਰਨ ਪੁਲਿਸ ਮੁਖੀ ਉੱਪਰ ਲਗਾਤਾਰ ਬੱਝਵਾਂ ਦਬਾਅ ਪੈ ਰਿਹਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: