October 4, 2010 | By ਸਿੱਖ ਸਿਆਸਤ ਬਿਊਰੋ
ਲੰਡਨ (ਅਕਤੁਬਰ 4, 2010): ਭਾਰਤ ਦਾ ਨਿਆਂਇਕ ਸਿਸਟਮ ਪੂਰੀ ਤਰਾਂ ਭ੍ਰਿਸ਼ਟ ਅਤੇ ਬਹੁ ਗਿਣਤੀ ਦੇ ਅਸਰ ਅਧੀਨ ਹੈ, ਜਿਸ ਨੇ ਸਿੱਖਾਂ ਸਮੇਤ ਸਮੂਹ ਘੱਟ ਗਿਣਤੀਆਂ ਨੂੰ ਕਦੇ ਵੀ ਇਨਸਾਫ ਨਹੀਂ ਦਿੱਤਾ। ਇਸ ਪੱਖਪਾਤੀ ਨਿਆਂਇਕ ਸਿਸਟਮ ਵਲੋਂ ਅਜਾਦੀ ਪਸੰਦ ਬੇਕਸੂਰ ਸਿੱਖਾਂ ਅਤੇ ਮਸਲਮਾਨਾਂ ਨੂੰ ਜੇਹਲਾਂ ਵਿੱਚ ਬੰਦ ਕੀਤਾ ਗਿਆ ਹੈ। ਜਿਸ ਦੀ ਪ੍ਰਤੱਖ ਮਿਸਾਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ, ਐਡਵੋਕੇਟ ਸ੍ਰ. ਜਸਪਾਲ ਸਿੰਘ ਮੰਝਪੁਰ ਆਪਣੇ ਅਨੇਕਾਂ ਸਾਥੀਆਂ ਸਮੇਤ ਪਿਛਲੇ ਚੌਦਾਂ ਮਹੀਨਿਆਂ ਤੋਂ ਜੇਹਲਾਂ ਵਿੱਚ ਬੰਦ ਹਨ ਜਿਹੜੇ ਸਿੱਖ ਵਿਰੋਧੀ ਡੇਰਿਆਂ ਖਿਲਾਫ ਲੋਕਤੰਤਰਕ ਤਰੀਕੇ ਨਾਲ ਸੰਘਰਸ਼ ਕਰ ਰਹੇ ਸਨ। ਜਦਕਿ ਪੰਜਾਬ ਵਿੱਚ ਝੂਠੇ ਪੁਲੀਸ ਮੁਕਾਬਲਿਆਂ ਦੇ ਦੋਸ਼ੀਆਂ ਅਤੇ ਨਵੰਬਰ ਚੌਰਾਸੀ ਦੇ ਸਿੱਖਾਂ ਦੇ ਵਿਆਪਕ ਪੱਧਰ ਤੇ ਕੀਤੇ ਗਏ ਕਤਲੇਆਮ ਵਿੱਚ ਸ਼ਾਮਲ ਲੋਕਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ।
ਯੂਨਾਈਟਿਡ ਖਾਲਸਾ ਦਲ (ਯੂ.ਕੇ.) ਦੇ ਜਨਰਲ ਸਕੱਤਰ ਸ੍ਰ. ਲਵਸਿ਼ੰਦਰ ਸਿੰਘ ਡੱਲੇਵਾਲ ਨੇ ਉਕਤ ਬਿਆਨ ਬਿਜਲ-ਸੁਨੇਹੇਂ ਰਾਹੀਂ ਭੇਜਿਆ ਹੈ। ਇਸ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ‘ਇਸ ਪੱਖਪਾਤੀ ਨਿਆਂਇਕ ਸਿਸਟਮ ਨੇ ਬਾਬਰੀ ਮਸਜਿਦ ਦੇ ਸਬੰਧ ਵਿੱਚ ਬਹੁ ਗਿਣਤੀ ਦੇ ਹੱਕ ਵਿੱਚ ਫੈਂਸਲਾ ਸੁਣਾ ਕੇ ਫੇਰ ਸਾਬਤ ਕਰ ਦਿੱਤਾ ਕਿ ਭਾਰਤ ਵਿੱਚ ਕਨੂੰਨ ਦੇ ਦੋ ਰੂਪ ਹਨ’। ਸ੍ਰ. ਡੱਲੇਵਾਲ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਬਹਾਦਰੀ ਅਤੇ ਅਜ਼ਾਦ ਸੋਚ ਦੀ ਹਾਰਦਿਕ ਪ੍ਰਸੰਸਾ ਕਰਦਿਆਂ ਉਸ ਨੂੰ ਸਿੱਖ ਜਵਾਨੀ ਦਾ ਖਾਸ ਪ੍ਰੇਰਨਾ ਸਰੋਤ ਆਖਿਆ, ਜਿਸ ਕੌਮ ਵਿੱਚ ਇਹੋ ਜਿਹੇ ਸੂਰਬੀਰ ਯੋਧੇ ਹੋਣ ਉਹ ਕੌਮ ਬਹੁਤਾ ਚਿਰ ਗੁਲਾਮ ਨਹੀਂ ਰਹਿ ਸਕਦੀ। ਪੁਰਾਣੇ ਸਮਿਆਂ ਵਿੱਚ ਜਿਸ ਤਰਾਂ ਇੱਕ ਰਾਜਾ ਦੂਜੇ ਰਾਜੇ ਨੂੰ ਕਤਲ ਕਰਕੇ ਜਾਂ ਜੇਹਲ ਵਿੱਚ ਬੰਦ ਕਰਕੇ ਖੁਦ ਰਾਜਾ ਬਣ ਜਾਂਦਾ ਸੀ ਜਾਂ ਸੰਭਾਵੀ ਰਾਜੇ ਨੂੰ ਜੇਹਲਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ ਤਾਂ ਕਿ ਉਹਦੇ ਖਿਲਾਫ ਕੋਈ ਅਵਾਜ਼ ਉਠਾ ਕੇ ਅਵਾਮ ਨੂੰ ਲਾਮਬੰਦ ਨਾ ਕਰ ਸਕੇ ਅਜਿਹਾ ਹੀ ਵਰਤਾਰਾ ਭਾਰਤ ਦੀ ਸਿਆਸਤ ਵਿੱਚ ਹੈ ਕੇਵਲ ਢੰਗ ਹੀ ਬਦਲਿਆ ਹੈ ਪਰ ਭਾਵਨਾ ਉਹੀ ਹੈ। ਇਸ ਗੈਰ ਮਨੁੱਖੀ ਵਰਤਾਰੇ ਨੂੰ ਪੰਜਾਬ ਤੇ ਹਕੂਮਤ ਕਰਨ ਵਾਲੀਆਂ ਧਿਰਾਂ, ਕਾਂਗਰਸ ਅਤੇ ਬਾਦਲ, ਵਲੋਂ ਪਹਿਲ ਦੇ ਅਧਾਰ ਤੇ ਅਪਣਾਇਆ ਗਿਆ ਹੈ।
Related Topics: United Khalsa Dal U.K