ਖਾਸ ਖਬਰਾਂ

ਵਿਦਿਆਰਥੀ ਜਥੇਬੰਦੀਆਂ ਵੱਲੋਂ ਉੱਪ ਕੁਲਪਤੀ ਨਾਲ ਪੰਜਾਬੀ ਵਿਸ਼ੇ ਨੂੰ ਪੜ੍ਹਾਉਣ ਬਾਰੇ ਬੈਠਕ ਕੀਤੀ ਗਈ।

By ਸਿੱਖ ਸਿਆਸਤ ਬਿਊਰੋ

July 08, 2023

ਚੰਡੀਗੜ੍ਹ – ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਨੀਆਂ ‘ਚ ਭਾਸ਼ਾ ਦੇ ਨਾਂ ਤੇ ਬਣੀ ਦੂਜੀ ਯੂਨੀਵਰਸਿਟੀ ਹੈ । ਇਹ ਯੂਨੀਵਰਸਿਟੀ ਪੰਜਾਬੀ ਭਾਸ਼ਾ, ਸਹਿਤ ਅਤੇ ਸੱਭਿਆਚਾਰ ਨੂੰ ਵਿਕਸਤ ਕਰਨ ਲਈ ਹੋਂਦ ਵਿੱਚ ਆਈ ਸੀ ਪਰ ਹੁਣ ਇਹ ਯੂਨੀਵਰਸਿਟੀ ਕਿੱਤਾ-ਮੁੱਖੀ ਗਰੈਜੂਏਸ਼ਨ ਕੋਰਸਾਂ ‘ਚ ਪੰਜਾਬੀ ਭਾਸ਼ਾ ਦੇ ਲਾਜ਼ਮੀ ਵਿਸ਼ੇ ਨੂੰ ਤਿੰਨ ਸਾਲਾਂ( ਛੇ ਸਮੈਸਟਰਾਂ) ਤੋ ਘਟਾਉਣ ਜਾ ਰਹੀ ਹੈ।

ਇਸ ਸਬੰਧੀ ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਵਿਦਿਆਰਥੀ ਜਥੇਬੰਦੀਆਂ, ਸੱਥ,ਪੰਜਾਬ ਸਟੂਡੈਂਟਸ ਯੂਨੀਅਨ, ਸੈਫੀ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ, ਗੋਸਟਿ ਸਭਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਸਾਂਝੇ ਤੌਰ ‘ਤੇ ਅੱਜ ਅਕਾਦਮਿਕ ਕੌਸਲ ਦੀ ਬੈਠਕ ਤੋ ਪਹਿਲਾਂ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਨੂੰ ਮਿਲਕੇ ਇਹ ਗੱਲ ਕਹੀ ਗਈ ਕਿ ਪੰਜਾਬ ਦੇ ਸੱਭਿਆਚਾਰ ਚ ਪਹਿਲਾ ਮਸਲੇ ਦਾ ਹੱਲ ਆਪਸੀ ਗੱਲਬਾਤ ਰਾਹੀਂ ਕਰਨ ਦੀ ਪਰੰਪਰਾ ਨੂੰ ਤਰਜੀਹ ਦਿੱਤੇ ਜਾਣ ਦੇ ਮਨਸ਼ੇ ਨਾਲ ਮਿਲਿਆ ਗਿਆ ਹੈ।

 

ਵਿਦਿਆਰਥੀ ਆਗੂਆਂ ਨੇ ਕਿਹਾ ਕਿ ਹਰ ਤਰਾਂ ਦੇ ਗਰੈਜੂਏਸ਼ਨ ( ਸਮੇਤ ਪ੍ਰਫੈਸ਼ਨਲ) ਕੋਰਸਾਂ ‘ਚ ਪੰਜਾਬੀ ਵਿਸ਼ੇ ਨੂੰ ਪੂਰੇ ਕੋਰਸ ਕਾਲ ( ਸਮੁੱਚੇ ਸਮੈਸਟਰ) ਲਾਜ਼ਮੀ ਵਿਸ਼ੇ ਵਜੋਂ ਪੜਾਇਆ ਜਾਵੇ।

ਜੇਕਰ ਅਕਾਦਮਿਕ ਕੌਂਸਲ ਦੀ ਬੈਠਕ ਨੇ ਪੰਜਾਬੀ ਭਾਸ਼ਾ ਦੇ ਉੱਲਟ ਜਾਕੇ ਫੈਸਲਾ ਕੀਤਾ ਤਾਂ ਸਾਰੀਆਂ ਵਿਦਿਆਰਥੀਆਂ ਜਥੇਬੰਦੀਆਂ ਵੱਲੋ ਇਸ ਮਸਲੇ ਦਾ ਵਿਰੋਧ ਕੀਤਾ ਜਾਵੇਗਾ ਤੇ ਪੰਜਾਬੀ ਵਿਸ਼ੇ ਨੂੰ ਤਿੰਨ ਸਾਲਾਂ ਚ ਲਾਗੂ ਕਰਾਏ ਜਾਣ ਤੱਕ ਸੰਘਰਸ਼ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਸਿੱਖਿਆ ਦਾ ਮਾਧਿਅਮ ਪੰਜਾਬੀ ਭਾਸ਼ਾ ਹੋਵੇ, ਉਂਝ ਵੀ ਪੰਜਾਬੀ ਯੂਨੀਵਰਸਿਟੀ ਜੋ ਕਿ ਪੰਜਾਬੀ ਭਾਸ਼ਾ ਦੇ ਨਾਮ ਉੱਪਰ ਹੈ ਅਤੇ ਇਸਦਾ ਮੁੱਖ ਮਕਸਦ ਪੰਜਾਬੀ, ਭਾਸ਼ਾ, ਬੋਲੀ, ਸੱਭਿਆਚਾਰ ਦਾ ਪ੍ਰਸਾਰ ਅਤੇ ਪ੍ਰਚਾਰ ਕਰਨਾ ਹੈ। ਇਸ ਕਰਕੇ ਇਸ ਯੂਨੀਵਰਸਿਟੀ ਦੁਆਰਾ ਸੰਚਾਲਿਤ ਕੋਰਸ ਪੰਜਾਬੀ ਭਾਸ਼ਾ ਵਿੱਚ ਪੜ੍ਹਾਏ ਜਾਣੇ ਚਾਹੀਦੇ ਹਨ। ਪ੍ਰੰਤੂ ਇਸਦੇ ਉਲਟ ਇਹਨਾਂ ਕੋਰਸਾਂ ‘ਚ ਕਿਸੇ ਸਾਲ ਵੀ ਲਾਜ਼ਮੀ ਪੰਜਾਬੀ ਵਿਸ਼ਿਆਂ ਨੂੰ ਬਾਹਰ ਨਹੀਂ ਕੱਢਿਆ ਜਾਣਾ ਚਾਹੀਦਾ। ਭਾਸ਼ਾ, ਸਾਹਿਤ, ਬੋਲੀ ਵਿਆਕਰਣ ਅਤੇ ਸੱਭਿਆਚਾਰ ਦੇ ਵਿਸ਼ੇ ਦਾ ਗਿਆਨ ਹਰ ਕਿਸੇ ਮਨੁੱਖ ਲਈ ਜ਼ਿੰਦਗੀ ਵਿੱਚ ਬਹੁਤ ਅਹਿਮੀਅਤ ਰਖਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: