ਲੜੀਵਾਰ ਕਿਤਾਬਾਂ

ਵੀਹਵੀਂ ਸਦੀ ਦੀ ਸਿੱਖ ਰਾਜਨੀਤੀ (ਕਿਸ਼ਤ 2)

November 13, 2010 | By

ਆਰੰਭਕ ਸ਼ਬਦ

Sikh Politics of Twentieth Century - Book by Ajmer Singh ‘‘……ਇਨ੍ਹਾਂ ਲਾਸਾਨੀ ਕੁਰਬਾਨੀਆਂ ਦੀ ਕਹਾਣੀ ਕਿਤੇ ਅਣਕਹੀ ਨਾ ਰਹਿ ਜਾਵੇ…..ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਉਤੇ ਭਾਰਤੀ ਫੌਜਾਂ ਦੇ ਹਮਲੇ ਸਮੇਂ ਇਨ੍ਹਾਂ ਸਿੰਘ ਸੂਰਮਿਆਂ ਵੱਲੋਂ ਦਿਤੀਆਂ ਸ਼ਹਾਦਤਾਂ ਸਾਡੀ ਕੌਮ ਦੇ ਗੌਰਵਸ਼ਾਲੀ ਇਤਿਹਾਸ ਦਾ ਸਿਖ਼ਰ ਨੇ। ਇਸ ਤੋਂ ਸਾਡੀਆਂ ਪੀੜ੍ਹੀਆਂ ਨੇ ਲਗਾਤਾਰ ਪ੍ਰੇਰਨਾ ਲੈਣੀ ਹੈ, ਆਪਣੀ ਕੌਮ ਦੀ ਸ਼ਾਨ ਤੇ ਆਨ ਨੂੰ ਬਰਕਰਾਰ ਰੱਖਣ ਲਈ।………ਨਰਿੰਦਰ ਸਿੰਹਾਂ ਮੇਰਾ ਇਹ ਝੋਰਾ ਯਾਦ ਰੱਖੀਂ ਤੇ ਵਾਅਦਾ ਕਰ ਕਿ ਤੂੰ ਮੇਰੀ ਇਹ ਖ਼ਾਹਸ਼ ਪੂਰੀ ਕਰਨ ਲਈ ਯਤਨ ਕਰੇਂਗਾ…..ਇਸ ਅੰਤਮ ਇਛਾ ਨੂੰ …….।’’ ਅੱਗੋਂ ਦੇ ਸ਼ਬਦ ਉਨ੍ਹਾਂ ਦੇ ਬੁਲ੍ਹਾਂ ’ਚ ਕੰਬਦੇ ਰਹੇ।

ਉੱਘੇ ਸਿੱਖ ਚਿੰਤਕ ਸਰਦਾਰ ਜਗਜੀਤ ਸਿੰਘ ਜੀ ਵੱਲੋਂ 9 ਮਾਰਚ 1997 ਦੀ ਸ਼ਾਮ ਨੂੰ ਆਪਣੀ ਧੀ ਦੇ ਘਰ ਬਿਸਤਰੇ ਉਤੇ ਪਿਆਂ ਮੇਰੇ ਨਾਲ ਅਖੀਰੀ ਮੁਲਾਕਾਤ ਸਮੇਂ ਸਾਂਝੇ ਕੀਤੇ ਇਨ੍ਹਾਂ ਕਹੇ ਤੇ ਅਣਕਹੇ ਸ਼ਬਦਾਂ ਦੇ ਅਰਥ ਤੇ ਅਸਰ ਮੈਂ ਜਿਸ ਤਰ੍ਹਾਂ ਉਸ ਸਮੇਂ ਸਮਝੇ ਤੇ ਮਹਿਸੂਸ ਕੀਤੇ, ਉਹ ਅਹਿਸਾਸ ਅੱਜ ਵੀ ਜਿਉਂ ਦਾ ਤਿਉਂ ਬਰਕਰਾਰ ਹੈ। ਉਹ ਪਲ ਵੀ ਮੇਰੇ ਚੇਤੇ ’ਚ ਉਵੇਂ ਹੀ ਅੰਕਤ ਹਨ ਜਦੋਂ ਮੈਂ ਉਨ੍ਹਾਂ ਦੇ ਹੋਰ ਨੇੜੇ ਢੁਕਦਿਆਂ ਯਕੀਨ ਦਿਵਾਇਆ ਕਿ ਮੈਂ ਉਨ੍ਹਾਂ ਦੀ ਇਸ ਆਖ਼ਰੀ ਖ਼ਾਹਿਸ਼ (ਜੋ ਮੇਰੇ ਲਈ ਇਕ ਤਰ੍ਹਾਂ ਨਾਲ ਦੋਸਤਾਨਾ ਤੇ ਬਜ਼ੁਰਗਾਨਾ ਹੁਕਮ ਵੀ ਸੀ) ਉਤੇ ਫੁੱਲ ਚੜ੍ਹਾਉਣ ਦਾ ਤੋੜ ਯਤਨ ਕਰਾਂਗਾ। ਅੰਤਮ ਵਿਦਾਇਗ਼ੀ ਦੇ ਸਹਿਜ ਵੱਲ ਵਧਦਾ ਹੋਇਆ ਉਨ੍ਹਾਂ ਦਾ ਚਿਹਰਾ ਇਕ ਵਾਰ ਫਿਰ ਜਗਮਗਾਇਆ ਤੇ ਆਪਣੇ ਨਿਰਜਿੰਦ ਹੁੰਦੇ ਜਾ ਰਹੇ ਦੋਹਾਂ ਹੱਥਾਂ ਵਿਚ ਮੇਰੇ ਹੱਥਾਂ ਨੂੰ ਘੁਟਦਿਆਂ ਫਿਰ ਬੋਲੇ, ‘‘ਮੇਰੀ ਇਹੋ ਇਕ ਚਿੰਤਾ ਸੀ ਜੋ ਤੁਸਾਂ ਦੂਰ ਕਰ ਦਿੱਤੀ…..ਹੁਣ ਮੈਂ ਖੁਸ਼ੀ ਖੁਸ਼ੀ ਸਵਾਸ ਤਿਆਗ ਸਕਾਂਗਾ।’’ ਤੇ ਅਗਲੇ ਦਿਨ, 10 ਮਾਰਚ ਦੀ ਸਵੇਰ ਨੂੰ, ਸਾਡੇ ਰਾਂਗਲੇ ਸੱਜਣ ਸਾਨੂੰ ਸਭ ਨੂੰ ਸਦੀਵੀਂ ਅਲਵਿਦਾ ਕਹਿ ਗਏ। ਸਿੱਖ ਇਤਿਹਾਸ ਦੇ ਸ਼ਾਨਦਾਰ ਪੰਨਿਆਂ ਨੂੰ ਸਾਡੇ ਸਾਹਮਣੇ ਨਵੇਂ ਨਜ਼ਰੀਏ ਤੋਂ ਰੂਪਮਾਨ ਕਰਨ ਵਾਲੇ ਸ. ਜਗਜੀਤ ਸਿੰਘ ਜਾਂਦੇ ਵਕਤ ਮੇਰੇ ਮੋਢਿਆਂ ਉਤੇ ਜਿਹੜੀ ਜ਼ਿੰਮੇਵਾਰੀ ਪਾ ਗਏ ਸਨ, ਉਹ ਅਸਲ ’ਚ ਸਾਰੇ ਸਿੱਖ ਵਿਦਵਾਨਾਂ ਲਈ ਇਕ ਸੁਨੇਹਾ ਸੀ। ਮੈਂ ਤਾਂ ਮਹਿਜ਼ ਉਸ ਸੁਨੇਹੇ ਦਾ ਗਵਾਹ ਹਾਂ ਜਾਂ ਕਹਿ ਲਓ ਸੁਨੇਹਾ-ਵਾਹਕ।

ਸ. ਜਗਜੀਤ ਸਿੰਘ, ਜਿਨ੍ਹਾਂ ਦੀ ਸਿੱਖ ਧਰਮ ਤੇ ਇਤਿਹਾਸ ਬਾਰੇ ਬੌਧਿਕ ਦੇਣ ਨੂੰ ਇਥੇ ਦੁਹਰਾਉਣ ਦੀ ਕੋਈ ਲੋੜ ਨਹੀਂ, ਨੂੰ ਉਮਰ ਦੇ ਆਖ਼ਰੀ ਦਿਨਾਂ ਵਿਚ ਵੱਡੀ ਚਿੰਤਾ ਸੀ ਕਿ ਕਿਤੇ ਸੰਤ ਜਰਨੈਲ ਸਿੰਘ ਦੀ ਅਗਵਾਈ ਤੇ ਪ੍ਰੇਰਨਾ ਹੇਠ ਖਾੜਕੂ ਸਿੰਘਾਂ ਵੱਲੋਂ ਆਰੰਭਿਆ ਸਿੱਖਾਂ ਦੀ ਆਜ਼ਾਦੀ ਦਾ ਜਾਨਦਾਰ ਸੰਘਰਸ਼ ਤੇ ਸਿੱਖ ਨੌਜੁਆਨੀ ਦੀਆਂ ਬੇਮਿਸਾਲ ਸ਼ਹਾਦਤਾਂ ਇਤਿਹਾਸ ਦੇ ਪੰਨਿਆਂ ਉਤੇ ਆਉਣ ਤੋਂ ਰਹਿ ਨਾ ਜਾਣ। ਬੇਸ਼ੱਕ ਇਹ ਸੰਘਰਸ਼ ਸਿੱਖਾਂ ਦੀਆਂ ਆਜ਼ਾਦ ਖਾਲਸਾ ਰਾਜ ਕਾਇਮ ਕਰਨ ਦੀਆਂ ਅੰਤਰੀਵ ਭਾਵਨਾਵਾਂ ਦੀ ਉਪਜ ਹੁੰਦੇ ਹੋਏ ਵੀ, ਸਿਰੇ ਨਾ ਚੜ੍ਹ ਸਕਿਆ।

ਸ. ਜਗਜੀਤ ਸਿੰਘ ਹੁਰਾਂ ਨਾਲ ਮੇਰਾ ਸੰਪਰਕ ਪਹਿਲੀ ਦਫ਼ਾ ਸੰਨ 1982 ਵਿਚ ਸਿੱਖ ਵਿਦਵਾਨ ਸ. ਗੁਰਤੇਜ ਸਿੰਘ (ਸਾਬਕਾ ਆਈ.ਏ.ਐਸ.) ਦੀ ਮਾਰਫ਼ਤ ਹੋਇਆ ਜਦੋਂ ਉਨ੍ਹਾਂ ਨੇ ਮੈਨੂੰ ਆਪਣੀ ਬਹੁਚਰਚਿਤ ਕਿਤਾਬ The Sikh Revolution (ਸਿੱਖ ਇਨਕਲਾਬ) ਦੀ ਇਕ ਕਾਪੀ ਪੜ੍ਹਨ ਲਈ ਦਿੱਤੀ। ਇਸ ਲਿਖਤ ਨੇ ਮੇਰੇ ਉਤੇ ਬੜਾ ਡੂੰਘਾ ਪ੍ਰਭਾਵ ਪਾਇਆ। ਮੈਂ ਉਨ੍ਹਾਂ ਦੀਆਂ ਹੋਰ ਲਿਖਤਾਂ ਵੀ ਪੜ੍ਹੀਆਂ ਤੇ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਬਾਰੇ ਹੋਰ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੀ ਵਿਦਵਤਾ, ਨਿਰਮਾਣਤਾ ਤੇ ਸੁਹਿਰਦਤਾ ਕਾਰਨ ਮੇਰੇ ਮਨ ਵਿਚ ਉਨ੍ਹਾਂ ਦਾ ਸਤਿਕਾਰ ਦਿਨੋਂ ਦਿਨ ਵਧਦਾ ਗਿਆ। ਉਨ੍ਹਾਂ ਵਰਗਾ ਸੱਚਾ ਤੇ ਸੁੱਚਾ ਅਤੇ ਕਹਿਣੀ ਤੇ ਕਰਨੀ ਦਾ ਪੂਰਾ ਸਿੱਖ ਵਿਰਲਾ ਹੀ ਮਿਲਦਾ ਹੈ।

ਅਜੋਕੇ ਸਿੱਖ ਇਤਿਹਾਸ ਦੇ ਅਦੁੱਤੀ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੱਲੋਂ ਆਰੰਭੇ ਗਏ ਸਿੱਖ ਸੰਘਰਸ਼ ਦੇ ਮੂਲ ਖਾਸੇ ਨੂੰ ਸਮਝ ਕੇ ਖਾੜਕੂ ਸਿੱਖ ਲਹਿਰ ਦੇ ਸਮੁੱਚੇ ਅਮਲ ਦੀ ਡੂੰਘੀ ਤੇ ਭਰਵੀਂ ਘੋਖ ਕਰਨ ਅਤੇ ਇਸ ਇਤਿਹਾਸਿਕ ਕਾਰਨਾਮੇ ਨੂੰ ਢੁਕਵੇਂ ਸ਼ਬਦਾਂ ਦਾ ਰੂਪ ਦੇਣ ਲਈ ਬੜੇ ਪਾਰਖੂ ਨਜ਼ਰ ਵਾਲੇ ਲੇਖਕ ਦੀ ਲੋੜ ਸੀ। ਇਸੇ ਪਹੁੰਚ ਸਦਕਾ ਹੀ ਸ. ਜਗਜੀਤ ਸਿੰਘ ਦੇ ਅੰਤਮ ਬੋਲਾਂ ਨਾਲ ਵਾਅਦਾ ਨਿਭਾਇਆ ਜਾ ਸਕਦਾ ਸੀ। ਮੇਰੇ ਲਈ ਨਿੱਜੀ ਤੌਰ ਉੱਤੇ ਵੀ ਇਹ ਜ਼ਿੰਮੇਵਾਰੀ ਨਿਭਾਉਣੀ ਦਿਨੋਂ ਦਿਨ ਜ਼ਰੂਰੀ ਹੁੰਦੀ ਜਾ ਰਹੀ ਸੀ।

ਹਥਲੀ ਪੁਸਤਕ ‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ’ ਇਸੇ ਵਾਅਦਾ ਪੂਰਤੀ ਦਾ ਪਹਿਲਾ ਪਰ ਮਹੱਤਵਪੂਰਨ ਪੜਾਅ ਕਹੀ ਜਾ ਸਕਦੀ ਹੈ। ਇਹ ਇਤਫ਼ਾਕ ਹੀ ਹੈ ਕਿ ਇਸ ਲਿਖਤ ਦੇ ਲੇਖਕ ਸ. ਅਜਮੇਰ ਸਿੰਘ ਨੂੰ ਵੀ ਪਹਿਲੀ ਵਾਰ ਮੈਂ ਸ. ਜਗਜੀਤ ਸਿੰਘ ਦੇ ਘਰ ਹੀ ਮਿਲਿਆ ਸਾਂ। ਬੇਸ਼ੱਕ ਸਿੱਖ ਪੰਥ ਤੇ ਪੰਜਾਬ ਦੇ ਮਸਲਿਆਂ ਬਾਰੇ ਪੰਜਾਬੀ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦੇ ਇਨ੍ਹਾਂ ਦੇ ਲੇਖ ਪੜ੍ਹਨ ਕਰਕੇ ਮੈਂ ਇਨ੍ਹਾਂ ਦੇ ਨਾਮ ਤੋਂ ਪਹਿਲਾਂ ਹੀ ਵਾਕਫ਼ ਸਾਂ। ਸ. ਜਗਜੀਤ ਸਿੰਘ ਦੀ ਦਿਲੀ ਖਾਹਸ਼ ਤੇ ਚਿੰਤਾ ਬਾਰੇ ਇਹ ਵੀ ਪੂਰੇ ਸਹਿਮਤ ਸਨ। ਖਾੜਕੂ ਸਿੱਖ ਸੰਘਰਸ਼ ਨੂੰ ਕਲਮਬੱਧ ਕਰਨ ਲਈ ਭਾਵੇਂ ਸ. ਅਜਮੇਰ ਸਿੰਘ ਪਹਿਲੋਂ ਹੀ ਤਕੜੀ ਬੌਧਿਕ ਰੁਚੀ ਰਖਦੇ ਸਨ। ਪਰ ਮੇਰੇ ਤੇ ਕਰਨਲ ਭਗਤ ਸਿੰਘ ਦੇ ਕਹਿਣ ’ਤੇ ਉਨ੍ਹਾਂ ਆਪਣੇ ਕੁਝ ਹੋਰਨਾਂ ਬੁੱਧੀਮਾਨ ਸਾਥੀਆਂ ਨਾਲ ਰਲ ਕੇ ਇਸ ਕੰਮ ਦਾ ਪੂਰਾ ਜਿੰਮਾ ਓੜ ਲਿਆ।

‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ’ ਮੁੱਖ ਤੌਰ ’ਤੇ ਸੰਨ 1982 ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਲਾਏ ਧਰਮਯੁੱਧ ਮੋਰਚੇ, ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜਾਬ ਵਿਚ ਹੋਰ ਬਹੁਤ ਸਾਰੇ ਗੁਰਦਵਾਰਿਆਂ ਉਤੇ ਭਾਰਤ ਸਰਕਾਰ ਵੱਲੋਂ ਕੀਤੇ ਗਏ ਫੌਜੀ ਹਮਲੇ, ਇਸ ਤੋਂ ਬਾਅਦ ‘ਅਪਰੇਸ਼ਨ ਵੁੱਡਰੋਜ਼’ ਦੌਰਾਨ ਸਿੱਖ ਕੌਮ ਉਤੇ ਢਾਹੇ ਗਏ ਨਾਦਰਸ਼ਾਹੀ ਜ਼ੁਲਮ ਅਤੇ ਇੰਦਰਾ ਗਾਂਧੀ ਦੇ ਕਤਲ ਮਗਰੋਂ ਨਵੰਬਰ 1984 ਵਿਚ ਦਿੱਲੀ ਤੇ ਭਾਰਤ ਦੇ ਹੋਰ ਸ਼ਹਿਰਾਂ ਵਿਚ ਸਿੱਖਾਂ ਦੇ ਵਹਿਸ਼ੀ ਕਤਲੇਆਮ ਬਾਅਦ ਉਭਰੀ ਸਿੱਖ ਖਾੜਕੂ ਲਹਿਰ ਬਾਰੇ ਦੋ ਹਿੱਸਿਆਂ ਵਿਚ ਲਿਖਿਆ ਜਾ ਰਿਹਾ ਵਿਸਲੇਸ਼ਣੀ ਦਸਤਾਵੇਜ਼ ਹੈ। ਪਹਿਲੇ ਹਿੱਸੇ ਵਿਚ, ਸੰਨ 1849 ਵਿਚ ਪੰਜਾਬ ਉਤੇ ਅੰਗਰੇਜ਼ਾਂ ਦੇ ਕਬਜ਼ੇ ਤੋਂ ਲੈ ਕੇ ਅੱਡ ਅੱਡ ਰੂਪਾਂ ਵਿਚ ਛਿੜੀ ਸਿੱਖ ਸਰਗਰਮੀ ਅਤੇ ਉਸ ਤੋਂ ਉਪਜੀ ਗੁਰਦਵਾਰਾ ਸੁਧਾਰ ਲਹਿਰ ਤੋਂ ਲੈ ਕੇ ਜੂਨ 1984 ਤੱਕ ਦੀ ਸਿੱਖ ਜਦੋਜਹਿਦ ਤੇ ਰਾਜਨੀਤੀ ਨੂੰ ਨਵੇਂ ਸਿਰੇ ਤੋਂ ਸਮਝਣ, ਘੋਖਣ ਤੇ ਲਿਖਣ ਦਾ ਯਤਨ ਕੀਤਾ ਗਿਆ ਹੈ। ਖਾੜਕੂ ਸਿੱਖ ਲਹਿਰ ਦੇ ਪਿਛੋਕੜ ਤੇ ਬੁਨਿਆਦੀ ਕਾਰਨਾਂ ਨੂੰ ਸਮਝਣ ਲਈ ਅਜਿਹਾ ਕਰਨਾ ਲਾਜ਼ਮੀ ਸੀ। ਤਾਂ ਹੀ ਇਸ ਲਿਖਤ ਦੇ ਦੂਜੇ ਹਿੱਸੇ ਵਿੱਚ ਖਾੜਕੂ ਸਿੱਖ ਸੰਘਰਸ਼ ਦੀਆ ਖੂਬੀਆਂ ਤੇ ਖਾਮੀਆਂ ਨੂੰ ਸਹੀ ਸੰਦਰਭ ਵਿਚ ਰੱਖ ਕੇ ਪੇਸ਼ ਕੀਤਾ ਜਾ ਸਕੇਗਾ।

ਮੇਰਾ ਆਪਣਾ ਇਸ ਲਿਖਤ ਵਿਚ ਹਿੱਸਾ ਕੁਝ ਲੁੜੀਂਦੀਆਂ ਕਿਤਾਬਾਂ ਲੈ ਕੇ ਦੇਣ ਅਤੇ ਖਰੜੇ ਨੂੰ ਪੜ੍ਹ ਕੇ ਆਪਣੇ ਵਿਚਾਰ ਤੇ ਸੁਝਾਅ ਦੇਣ ਤੱਕ ਸੀਮਤ ਹੈ। ਹਾਂ ਸ. ਜਗਜੀਤ ਸਿੰਘ ਵੱਲੋਂ ਸੌਂਪੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਮੇਰੇ ਵੱਲੋਂ ਦਿੱਤੀ ਨੈਤਿਕ ਹੱਲਾਸ਼ੇਰੀ ਦਾ ਵੀ ਸ਼ਾਇਦ ਇਸ ਲਿਖਤ ਨੂੰ ਨੇਪਰੇ ਚਾੜ੍ਹਨ ਵਿਚ ਕੋਈ ਯੋਗਦਾਨ ਬਣਦਾ ਹੋਵੇ।

ਮੇਰੀ ਸਮਝ ਵਿਚ ਇਹ ਦਸਤਾਵੇਜ਼ ਕਰੜੀ ਮਿਹਨਤ ਤੇ ਪੂਰੀ ਇਮਾਨਦਾਰੀ ਦੇ ਨਾਲ ਨਾਲ ਕਿਸੇ ਵੀ ਕਿਸਮ ਦੇ ਜਜ਼ਬਾਤੀ ਉਲਾਰਪੁਣੇ ਤੇ ਧੜੇਬੰਦਕ ਝੁਕਾਅ ਤੋਂ ਲਾਂਭੇ ਰਹਿ ਕੇ ਲਿਖਿਆ ਗਿਆ ਹੈ। ਸਿੰਘ ਸਭਾ ਲਹਿਰ ਤੋਂ ਲੈ ਕੇ ਜੂਨ 1984 ਤੱਕ, ਸਿੱਖ ਜਦੋਜਹਿਦ ਦੇ ਅੱਡ ਅੱਡ ਦੌਰਾਂ ਦੌਰਾਨ ਅੱਡ ਅੱਡ ਸਿੱਖ ਹਸਤੀਆਂ ਦੇ ਕਰਮ (ਰੋਲ) ਨੂੰ ਬਿਨਾਂ ਕਿਸੇ ਲੱਗ-ਲਗਾਅ ਦੇ ਦੇਖਣ ਤੇ ਅੰਗਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਦਸਤਾਵੇਜ਼ ਆਪਣੇ ਆਪ ਵਿਚ ਸਿੱਖ ਸੰਘਰਸ਼ਾਂ ਦਾ ਇਤਿਹਾਸ ਵੀ ਹੈ। ਪਰ ਇਹ ਕਿਸੇ ਉਲਾਰ ਤੇ ਸੌੜੇ ਨਜ਼ਰੀਏ ਤੋਂ ਲਿਖਿਆ ਇਤਿਹਾਸ ਨਹੀਂ ਸਗੋਂ ਸਾਰੇ ਇਤਿਹਾਸਕ ਕਰਮ ਨੂੰ ਇਕ ਖਾਸ ਸੰਦਰਭ ਵਿਚ ਰੱਖ ਕੇ ਸਮਝਣ ਦਾ ਨਿਵੇਕਲਾ ਯਤਨ ਵੀ ਹੈ। ਕਰੜੀ ਬੌਧਿਕ ਘਾਲਣਾ ਨਾਲ ਨੇਪਰੇ ਚਾੜ੍ਹੀ ਜਾ ਰਹੀ ਇਸ ਲਿਖਤ ਨੂੰ ਪੰਜਾਬੀ ਪਾਠਕਾਂ, ਖ਼ਾਸ ਕਰਕੇ ਸਿੱਖ ਜਗਤ ਸਾਹਮਣੇ ਪੇਸ਼ ਕਰਦਿਆਂ ਮੈਂ ਜਿਥੇ ਬੜਾ ਮਾਣ ਮਹਿਸੂਸ ਕਰ ਰਿਹਾ ਹਾਂ, ਉਥੇ ਸ. ਜਗਜੀਤ ਸਿੰਘ ਨਾਲ ਕੀਤੇ ਵਾਅਦੇ ਨੂੰ ਪੂਰਾ ਹੁੰਦਾ ਵੇਖ ਭਾਰੀ ਤਸੱਲੀ ਵੀ ਹੋ ਰਹੀ ਹੈ।


ਨਰਿੰਦਰ ਸਿੰਘ
20 ਨਵੰਬਰ, 2002 ਮੇਜਰ ਜਨਰਲ (ਸੇਵਾ ਮੁਕਤ)
124, 28-ਏ, ਚੰਡੀਗੜ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,