January 12, 2012 | By ਸਿੱਖ ਸਿਆਸਤ ਬਿਊਰੋ
ਲੁਧਿਆਣਾ (12 ਜਨਵਰੀ, 2012): ਧਰਤੀ ਉਤੇ ਵਸਦੇ ਵੱਖ ਵੱਖ ਸੱਭਿਆਚਾਰ ਤੇ ਕੌਮਾਂ ਦਾ ਜਨਮ ਸਿੱਧ ਅਧਿਕਾਰ ਹੈ ਕਿ ਉਹ ਇਕ ਖੁਦਮੁਖਤਿਆਰ ਖਿੱਤੇ ਵਿਚ ਵਸਣ ਤੇ ਆਪਣੇ ਸੱਭਿਆਚਾਰ ਦਾ ਵਿਕਾਸ ਕਰ ਸਕਣ। ਇਨ੍ਹਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਕੌਟਿਸ਼ ਨੈਸ਼ਨਲ ਪਾਰਟੀ ਦੇ ਆਗੂ ਅਲੈਕਸ ਸੈਲਮੰਡ ਵਲੋਂ ਸਕਾਟਿਸ਼ ਲੋਕਾਂ ਲਈ ਖੁਦਮੁਖਤਿਆਰ ਖਿੱਤੇ ਲਈ ਆਵਾਜ਼ ਬੁਲੰਦ ਕਰਨ ਦੀ ਹਮਾਇਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ 1849 ਵਿਚ ਅੰਗਰੇਜ਼ਾਂ ਵਲੋਂ ਸਿੱਖ ਰਾਜ ਨੂੰ ਆਪਣੀ ਕਪਟ-ਨੀਤੀਆਂ ਮੁਤਾਬਕ ਆਪਣੇ ਅਧੀਨ ਕਰ ਲਿਆ ਸੀ ਅਤੇ 1947 ਵਿਚ ਜਦੋਂ ਉਹ ਭਾਰਤੀ ਉਪ ਮਹਾਂਦੀਪ ਨੂੰ ਛੱਡਕੇ ਜਾਣ ਲੱਗੇ ਤਾਂ ਸਿੱਖ ਕੌਮ ਦੀ ਕਮਜ਼ੋਰ ਲੀਡਰਸ਼ਿਪ ਹੋਣ ਕਾਰਨ ਸਿੱਖ ਆਪਣਾ ਘਰ ਵਾਪਸ ਨਾ ਲੈ ਸਕੇ ਪਰ ਸਿੱਖਾਂ ਵਿਚ ਅਜੇ ਤਕ ਰਾਜ ਕਰੇਗਾ ਖਾਲਸਾ ਦੇ ਸੰਕਲਪ ਦੀ ਪੂਰਤੀ ਕਰਨ ਦਾ ਮਾਨਸਿਕ ਚਾਅ ਹੈ ਅਤੇ ਸਿੱਖਾਂ ਨੇ ਹਮੇਸ਼ਾ ਹੀ ਉਨ੍ਹਾਂ ਸੰਘਰਸ਼ਸ਼ੀਲ ਧਿਰਾਂ ਦੀ ਹਮਾਇਤ ਕੀਤੀ ਹੈ ਜੋ ਆਪਣੀ ਕੌਮ ਦੀ ਆਜ਼ਾਦੀ ਲਈ ਵੱਖ ਵੱਖ ਰੂਪਾਂ-ਵੇਸਾਂ ਵਿਚ ਸੰਘਰਸ਼ ਕਰਦੇ ਹਨ, ਜਿਨ੍ਹਾਂ ਵਿਚ ਕਸ਼ਮੀਰੀ, ਤਮਿਲ, ਉੱਤਰ-ਪੂਰਬੀ ਲੋਕ ਸ਼ਾਮਿਲ ਹਨ ਅਤੇ ਇਨ੍ਹਾਂ ਤੋਂ ਇਲਾਵਾ ਦੁਨੀਆਂ ਭਰ ਵਿਚ ਆਪਣੀ ਸੱਭਿਆਚਾਰਾਂ ਦੀ ਹੋਂਦ ਹਸਤੀ ਬਚਾਉਣ ਤੇ ਉਸਦਾ ਵਿਕਾਸ ਕਰਨ ਲਈ ਜੂਝ ਰਹੀ ਹਰ ਕੌਮ ਦੇ ਮੋਢੇ ਨਾਲ ਮੋਢਾ ਲਾ ਕੇ ਸਿੱਖ ਖੜ੍ਹੇ ਹਨ।
ਉਨ੍ਹਾਂ ਕਿਹਾ ਕਿ ਵੱਖ ਵੱਖ ਮੁਲਕਾਂ ਵਿਚ ਵਸਦੀਆਂ ਕੌਮਾਂ ਨੂੰ ਖੁਦਮੁਖਤਿਆਰ ਖਿੱਤੇ ਦੇ ਕੇ ਕਿਸੇ ਮੁਲਕ ਦਾ ਕੋਈ ਨੁਕਸਾਨ ਨਹੀਂ ਹੋਵੇਗਾ, ਸਗੋਂ ਆਪਣੇ ਆਪਣੇ ਖਿੱਤਿਆਂ ਵਿਚ ਵਸਦੀਆਂ ਕੌਮਾਂ ਜਿੱਥੇ ਆਪਣਾ ਵਿਕਾਸ ਕਰਨਗੀਆਂ ਉਥੇ ਸਾਰੀ ਧਰਤੀ ਇਕ ਉਸ ਪਿੰਡ ਦੇ ਰੂਪ ਵਿਚ ਵਿਕਾਸ ਕਰੇਗੀ ਜਿਸ ਵਿਚ ਵਸਦੇ ਸਾਰੇ ਪਰਿਵਾਰ ਸਮੁੱਚੇ ਪਿੰਡ ਦੀ ਭਲਾਈ ਲਈ ਚੱਲਦੇ ਹਨ।
Related Topics: Akali Dal Panch Pardhani, Jaspal Singh Manjhpur (Advocate)