ਵਿਦੇਸ਼

ਵਿਦੇਸ਼ਾਂ ਵਿੱਚੋਂ ਵੀ ਪੀਟੀਸੀ ਵੱਲੋਂ ਗੁਰਬਾਣੀ ਅਤੇ ਹੁਕਮਨਾਮਾ ਸਾਹਿਬ ਨੂੰ ਆਪਣੀ “ਦਿਮਾਗੀ ਜਗੀਰ” ਕਹਿ ਕੇ ਘੋਰ ਬੇਅਦਬੀ ਕਰਨ ਵਿਰੁੱਧ ਆਵਾਜ ਉੱਠਣੀ ਸ਼ੁਰੂ ਹੋਈ। ਵੇਖਣਾ ਹੈ ਕਿ ਸ਼੍ਰੋ.ਗੁ.ਪ੍ਰ.ਕ. ਕਿੰਨਾ ਚਿਰ ਦੜ ਵੱਟ ਕੇ ਸਾਰੇਗੀ

By ਸਿੱਖ ਸਿਆਸਤ ਬਿਊਰੋ

January 12, 2020

ਬਰਤਾਨੀਆਂ: ਕੁਝ ਵਪਾਰੀ ਕਿਸਮ ਦੇ ਲੋਕ ਜੋ ਕਿ ਸਿੱਖ ਕੌਮ ਦੀ ਸਿਆਸਤ ਤੇ ਵੀ ਕਾਬਜ ਹੋਏ ਹੋਏ ਹਨ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੋਂ ਪਰਸਾਰਤ ਹੁੰਦੀ ਗੁਰੂ ਸਾਹਿਬ ਦੀ ਬਾਣੀ ਦਾ ਜੋ ਵਪਾਰੀਕਰਨ ਕੀਤਾ ਜਾ ਰਿਹਾ ਹੈ ਉਹ ਨਾ ਕੇਵਲ ਮੰਦਭਾਗਾ ਹੈ ਬਲਕਿ ਦੁਖਦਾਈ ਵੀ ਹੈ। ਇਨ੍ਹਾਂ ਵਿਚਾਰਾਂ ਪ੍ਰਗਟਾਵਾ ਪੰਚ ਪ੍ਰਧਾਨੀ ਯੂ.ਕੇ ਅਤੇ ਸਿੱਖ ਐਜੂਕੇਸ਼ਨਲ ਕੋਂਸਲ ਵੱਲੋਂ ਕੀਤਾ ਗਿਆ ਹੈ। ਦੋਵਾਂ ਜੱਥੇਬੰਦੀਆਂ ਵੱਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਵਿਚ ਆਖਿਆ ਗਿਆ ਹੈ ਕਿ  ਕੁਝ ਲਾਲਚੀ ਲੋਕ, ਗੁਰੂ ਸਾਹਿਬ ਵੱਲੋਂ ਬਖਸੀ ਸੱਤਾ ਦੀ ਦੁਰਵਰਤੋਂ ਕਰਦੇ ਕਰਦੇ ਏਨੇ ਨੀਵੇਂ ਡਿੱਗ ਪਏ ਹਨ ਕਿ ਹੁਣ ਉਹ ਸਿੱਖ ਸੰਸਥਾਵਾਂ ਤੇ ਕਾਬਜ ਹੋਣ ਤੋਂ ਬਾਅਦ ਦਸ ਗੁਰੂ ਸਾਹਿਬਾਨ ਦੀ ਗੁਰਬਾਣੀ ਤੇ ਵੀ ਆਪਣਾਂ ਕਬਜਾ ਬਣਾ ਕੇ ਬੈਠ ਗਏ ਹਨ।

ਸਿੱਖਾਂ ਦੇ ਪਾਵਨ ਅਸਥਾਨ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਤੋਂ ਪਰਸਾਰਤ ਹੁੰਦੇ ਸ਼ਬਦ ਕੀਰਤਨ ਅਤੇ ਹੁਕਮਨਾਮੇ ਨੂੰ ਵੀ ਇਨ੍ਹਾਂ ਵਪਾਰੀਆਂ ਨੇ ਆਪਣੇ ਨਾਅ ਕਰਵਾਉਣ ਦੀ ਕੋਝੀ ਕਾਰਵਾਈ ਕਰ ਮਾਰੀ। ਦੋ ਦਹਾਕਿਆਂ ਤੋਂ ਸਿੱਖ ਕੌਮ ਨੂੰ ਲਗਾਤਾਰ ਧੋਖਾ ਦਿੰਦੇ ਆ ਰਹੇ ਵਪਾਰੀ ਕਿਸਮ ਦੇ ਲੋਕਾਂ ਨੇ ਹੁਣ ਸ਼੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਤੇ ਆਪਣੇ ਕਥਿਤ ਕਾਪੀਰਾਈਟ ਦਾ ਦਾਅਵਾ ਕਰ ਦਿੱਤਾ ਹੈ ਅਤੇ ਜਿਹੜੀਆਂ ਸਿੱਖ ਸੰਸਥਾਵਾਂ ਉਸ ਪਾਵਨ ਹੁਕਮਨਾਮੇ ਨੂੰ ਕਿਸੇ ਹੋਰ ਮਾਧਿਅਮ ਰਾਹੀਂ ਸਰਵਣ ਕਰਦੀਆਂ ਉਨ੍ਹਾਂ ਸਾਰੇ ਇੰਟਰਨੈਟ ਅਦਾਰਿਆਂ ਨੂੰ ਮਾਨਹਾਨੀ ਦੇ ਨੋਟਿਸ ਭੇਜ ਦਿੱਤੇ ਗਏ ਹਨ।

ਪੰਚ ਪਰਧਾਨੀ ਯੂ.ਕੇ ਅਤੇ ਸਿੱਖ ਐਜੂਕੇਸ਼ਨਲ ਕੌਂਸਲ ਸਮਝਦੀ ਹੈ ਕਿ ਸੱਤਾ ਦੇ ਵਪਾਰੀਕਰਨ ਦਾ ਰੁਝਾਨ ਹੁਣ ਧਰਮ ਅਤੇ ਗੁਰਬਾਣੀ ਦੇ ਵਪਾਰੀਕਰਨ ਤੱਕ ਪਹੁੰਚ ਗਿਆ ਹੈ ਜੋ ਕਾਫੀ ਮੰਦਭਾਗਾ ਹੈ। ਜਿਹੜੇ ਸੱਜਣ ਇੱਕ ਨਿੱਜੀ ਪੰਜਾਬੀ ਚੈਨਲ ਚਲਾ ਰਹੇ ਹਨ ਉਹ ਪੰਜਾਬ ਅਤੇ ਸਿੱਖ ਪੰਥ ਵਿਚ ਕਾਫੀ ਮਹੱਤਵਪੂਰਨ ਥਾਂ ਰੱਖਦੇ ਹਨ ਇਸ ਲਈ ਇਨ੍ਹਾਂ ਸੱਜਣਾਂ ਨੂੰ ਚਾਹੀਦਾ ਹੈ ਕਿ, ਪੰਜਾਬ ਦੇ ਸਾਰੇ ਕੁਦਰਤੀ ਸਰੋਤਾਂ ਦਾ ਵਪਾਰੀਕਰਨ ਕਰਦੇ ਕਰਦੇ ਹੁਣ ਉਹ ਗੁਰਬਾਣੀ ਦਾ ਵਪਾਰੀਕਰਨ ਨਾ ਕਰਨ ਤਾਂ ਕਿ ਇਤਿਹਾਸ ਵਿੱਚ ਉਨ੍ਹਾਂ ਦਾ ਨਾਅ ਕਿਤੇ ਕਾਲੇ ਅੱਖਰਾਂ ਵਿਚ ਨਾ ਲਿਖਿਆ ਜਾਵੇ।

ਗੁਰਬਾਣੀ ਦਾ ਸੰਦੇਸ਼ ਸਾਰੀ ਖਲਕਤ ਲਈ  ਸਾਂਝਾ ਹੈ ਇਸ ਤੇ ਕਿਸੇ ਵਪਾਰੀ ਦੀ ਇਜਾਰੇਦਾਰੀ ਨਹੀਂ ਹੋ ਸਕਦੀ ਅਤੇ ਨਾ ਹੀ ਗੁਰਬਾਣੀ ਦਾ ਕਾਪੀਰਾਈਟ ਹੋ ਸਕਦਾ ਹੈ।  ਇਸ ਬਿਆਨ ਰਾਹੀਂ  ਅਸੀਂ ਸੰਬੰਧਤ ਧਿਰਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਗਿਰੇਬਾਨ ਵਿੱਚ ਝਾਤੀ ਮਾਰਕੇ, ਇਸ ਧਰਮਹੀਣ ਕਦਮ ਨੂੰ ਪਿਛਾਂਹ ਮੋੜ ਲੈੜ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: