ਅੰਮ੍ਰਿਤਸਰ: ਦਲ ਖਾਲਸਾ ਵਲੋਂ 6 ਜੂਨ ਨੂੰ ਦਰਬਾਰ ਸਾਹਿਬ ਹਮਲੇ ਦੇ ਰੋਸ ਅਤੇ ਰੋਹ ਵਜੋਂ, ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਲੁੱਟੇ ਵੱਡਮੁੱਲੇ ਖਜ਼ਾਨੇ ਵਿਰੁੱਧ ਅਤੇ ਫੌਜੀ ਹਮਲੇ ਦੌਰਾਨ ਮਾਰੇ ਗਏ ਨਿਰਦੋਸ਼ੇ ਲੋਕਾਂ ਦੇ ਕਤਲੇਆਮ ਦੀ ਅੰਤਰਰਾਸ਼ਟਰੀ ਸੰਸਥਾ ਵਲੋਂ ਜਾਂਚ ਦੀ ਮੰਗ ਨੂੰ ਲੈ ਕੇ ਅੰਮ੍ਰਿਤਸਰ ਬੰਦ ਦਾ ਸੱਦਾ ਦਿਤਾ ਗਿਆ ਹੈ।
ਇਸੇ ਤਰਾਂ ਪਾਰਟੀ ਨੇ ਫੈਸਲਾ ਕੀਤਾ ਕਿ 5 ਜੂਨ ਦੀ ਸ਼ਾਮ ਨੂੰ ਘੱਲੂਘਾਰਾ ਯਾਦਗਾਰੀ ਮਾਰਚ ਕੱਢਿਆ ਜਾਵੇਗਾ ਜੋ ਗੁਰਦੁਆਰਾ ਪਾਤਸ਼ਾਹੀ ਛੇਂਵੀ ਰਣਜੀਤ ਐਵੀਨਿਉ ਤੋਂ ਆਰੰਭ ਹੋ ਕੇ ਪ੍ਰਮੁੱਖ ਬਜ਼ਾਰਾਂ ਵਿੱਚੋਂ ਦੀ ਲੰਘਦਾ ਹੋਇਆ ਦਰਬਾਰ ਸਾਹਿਬ ਪੁੰਹਚੇਗਾ।
ਪਾਰਟੀ ਦਫਤਰ ਵਿਖੇ ਪ੍ਰੈਸ ਨਾਲ ਗਲਬਾਤ ਕਰਦਿਆਂ ਕੰਵਰਪਾਲ ਸਿੰਘ ਨੇ ਕਿਹਾ ਕਿ 34 ਵਰੇ ਬੀਤਣ ਤੋਂ ਬਾਅਦ ਵੀ ਭਾਰਤ ਵਲੋਂ ਕੀਤੇ ਗਏ ਫੌਜੀ ਹਮਲੇ ਦੀ ਪੀੜ ਸਜੱਰੀ ਹੈ ਅਤੇ ਕੌਮ ਵਲੋਂ ਆਰੰਭਿਆ ਆਜ਼ਾਦੀ ਸੰਘਰਸ਼ ਜਾਰੀ ਹੈ।
ਘੱਲੂਘਾਰੇ ਨਾਲ ਸਬੰਧਤਿ ਪ੍ਰਰੋਗਰਾਮ ਦਾ ਫੈਸਲਾ ਪਾਰਟੀ ਦੀ ਮਿਟੰਗ ਵਿੱਚ ਕੀਤਾ ਗਿਆ ਜਿਸ ਵਿੱਚ ਪ੍ਰਧਾਨ ਹਰਪਾਲ ਸਿੰਘ ਚੀਮਾ, ਸਤਿਨਾਮ ਸਿੰਘ ਪਾਉਂਟਾ ਸਾਹਿਬ, ਬਲਦੇਵ ਸਿੰਘ ਸਿਰਸਾ, ਜਸਵੀਰ ਸਿੰਘ ਖੰਡੂਰ, ਅਮਰੀਕ ਸਿੰਘ ਈਸੜੂ, ਪਰਮਜੀਤ ਸਿੰਘ ਟਾਂਡਾ, ਰਣਬੀਰ ਸਿੰਘ ਅਤੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਹਾਜ਼ਿਰ ਸਨ।
ਉਹਨਾਂ ਕਿਹਾ ਕਿ ਇਹ ਮਾਰਚ ਮੋਟਰ-ਸਾਈਕਲਾਂ ਅਤੇ ਖੁਲੀਆਂ ਗੱਡੀਆਂ ਉਤੇ ਕੀਤਾ ਜਾਵੇਗਾ।
ਉਹਨਾਂ ਸ਼ਹਿਰ ਦੇ ਮੁਸਲਿਮ, ਹਿੰਦੂ ਅਤੇ ਈਸਾਈ ਭਾਈਚਾਰੇ ਤੋਂ ਬੰਦ ਲਈ ਸਹਿਯੋਗ ਮੰਗਦਿਆ ਕਿਹਾ ਕਿ ਉਹ ਇੱਕ ਦਿਨ ਲਈ ਆਪਣੇ ਕਾਰੋਬਾਰ ਬੰਦ ਰੱਖਕੇ ਉਸ ਪੀੜ ਨਾਲ ਸਾਂਝ ਪਾਉਣ ਜਿਸ ਵਿੱਚੋਂ ਦੀ ਸਿੱਖ ਪੰਥ ਪਿਛਲੇ 34 ਵਰਿਆਂ ਤੋਂ ਲੰਘ ਰਿਹਾ ਹੈ। ਉਹਨਾਂ ਸਪਸ਼ਟ ਕੀਤਾ ਕਿ ਉਸ ਦਿਨ ਕਾਰੋਬਾਰੀ ਅਦਾਰੇ, ਪੈਟਰੋਲ ਪੰਪ, ਵਿਦਿਅਕ ਅਦਾਰੇ, ਸਿਨੇਮਾ ਹਾਲ, ਬੈਂਕ ਅਦਿਕ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸੜਕੀ ਜਾਂ ਰੇਲ ਆਵਾਜਾਈ ਨਹੀ ਰੋਕੀ ਜਾਵੇਗੀ ਤੇ ਦਵਾਈਆਂ ਦੀਆਂ ਦੁਕਾਨਾਂ ਨੂੰ ਬੰਦ ਤੋਂ ਛੋਟ ਰਹੇਗੀਂ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰ ਧਰਮ ਅਤੇ ਹਰ ਵਗਗ ਨਾਲ ਸਬੰਧਤਿ ਨਾਗਰਿਕ 2014 ਤੋਂ ਬੰਦ ਦੇ ਸੱਦੇ ਦਾ ਸਮਰਥਨ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਹਰ ਸਾਲ ਵਾਂਗ ਇਸ ਵਾਰ ਵੀ ਬੰਦ ਸ਼ਾਂਤੀਪੂਰਨ ਹੋਵੇਗਾ।
ਜਥੇਬੰਦੀ ਦੇ ਆਗੂਆਂ ਨੇ ਮਰਯਾਦਾ ਦੇ ਨਾਂ ਹੇਠ ਪੰਥਕ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਵਿਚਾਲੇ ਚਲ ਰਹੇ ਤਣਾਅ ਅਤੇ ਖਾਨਾਜੰਗੀ ਨੂੰ ਮੰਦਭਾਗਾ ਦਸਦਿਆਂ ਕੌਮ ਨੂੰ ਜੂਨ 84 ਦੇ ਸ਼ਹੀਦਾਂ ਦੇ ਮਕਸਦ ਅਤੇ ਨਿਸ਼ਾਨੇ ਪ੍ਰਤੀ ਮੁੜ ਵਚਨਬੱਧ ਅਤੇ ਸਮਰਪਤਿ ਹੋਣ ਦਾ ਸੱਦਾ ਦਿੱਤਾ।