ਗਿਆਨੀ ਹਰਪ੍ਰੀਤ ਸਿੰਘ

ਚੋਣਵੀਆਂ ਵੀਡੀਓ

ਗੁਰੂ ਸਾਹਿਬਾਨ ਦੀਆਂ ਮੂਰਤੀਆਂ ਬਣਾਉਣੀਆਂ ਤੇ ਰੱਖਣੀਆਂ ਮਨਮੱਤ: ਗਿਆਨੀ ਹਰਪ੍ਰੀਤ ਸਿੰਘ

By ਸਿੱਖ ਸਿਆਸਤ ਬਿਊਰੋ

May 06, 2019

ਅੰਮ੍ਰਿਤਸਰ: ਬੀਤੇ ਕੱਲ੍ਹ (5 ਮਈ, 2019) ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਏ ਗਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ‘ਪ੍ਰੈਸ ਨੋਟ’ ਜਾਰੀ ਕਰਦਿਆਂ ਕਿਹਾ ਕਿ 1984 ਦੇ ਸਿੱਖ ਨਸਲਕੁਸ਼ੀ ਦੇ ਦੋਸ਼ੀ ਜਿਨ੍ਹਾਂ ਨੂੰ ਪਿਛਲੇ ਸਮੇਂ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਹੈ ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ। ਇਸ ਸਬੰਧੀ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਆਪਸੀ ਰੰਜਸ਼ਾ ਨੂੰ ਛੱਡ ਕੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਸਰਕਾਰਾਂ ਤੇ ਦਬਾਅ ਬਣਾ ਕੇ ਦੋਸ਼ੀਆਂ ਨੂੰ ਸਜਾ ਦਿਵਾਈ ਜਾ ਸਕੇ।

ਵੱਖ-ਵੱਖ ਮਸਲਿਆਂ ਉੱਤੇ ਟਿੱਪਣੀਆਂ ਵਾਲੇ ਇਸ ਬਿਆਨ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗਹਿਰੀ ਸਾਜਿਸ਼ ਅਧੀਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਮੂਰਤੀਆਂ ਬਣਾਈਆ ਜਾ ਰਹੀਆ ਹਨ ਜੋ ਕਿ ਬਿਲਕੁਲ ਸਿੱਖ ਮਰਿਯਾਦਾ ਦੀ ਉਲੰਘਨਾ ਹੈ। ਗੁਰੂ ਸਾਹਿਬ ਜੀ ਦੀਆਂ ਚੀਨੀ ਮਿੱਟੀ, ਧਾਂਤ ਆਦਿ ਦੀਆਂ ਮੂਰਤੀਆਂ ਘਰਾਂ ਵਿਚ ਰੱਖਣੀਆਂ ਬਿਲਕੁਲ ਮਨਮੱਤ ਹੈ

⊕ ਇਹ ਲਿਖਤ ਜਰੂਰ ਪੜ੍ਹੋ – ਖਾਲਸਾ ਜੀ! ਬੁੱਤ ‘ਕੱਲੇ ਪੱਥਰਾਂ ਦੇ ਨਹੀਂ ਹੁੰਦੇ (ਲੇਖਕ – ਪ੍ਰਭਜੋਤ ਸਿੰਘ ਨਵਾਂਸ਼ਹਿਰ)

⊕ ਇਹ ਲਿਖਤ ਵੀ ਜਰੂਰ ਪੜ੍ਹੋ – ਸਿੱਖੀ ਦੇ ਸਨਮੁਖ ਬੁੱਤ ਪੂਜਾ ਦੇ ਰਾਹ ਅਤੇ ਰੂਪ (ਲੇਖਕ: ਸੇਵਕ ਸਿੰਘ)

ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਪਿਛਲੇ ਦਿਨੀਂ ਨਿਸ਼ਾਨ ਸਿੰਘ (ਸੂਬਾ ਪ੍ਰਧਾਨ ਜਨ ਨਾਇਕ ਜਨਤਾ ਪਾਰਟੀ ਹਰਿਆਣਾ ਅਤੇ ਸਾਬਕਾ ਐਮ.ਐਲ.ਏ) ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਇੱਕ ਬਲਾਤਕਾਰੀ ਸਾਧ ਰਾਮ ਰਹੀਮ ਨਾਲ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ। ਆਪਣੀ ਗਲਤੀ ਮੰਨਦਿਆਂ ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਲਿਖਤੀ ਮੁਆਫੀਨਾਮਾ ਭੇਜਿਆ ਸੀ ਅਤੇ ਅੱਜ ਉਸਨੇ ਨਿੱਜੀ ਰੂਪ ਵਿਚ ਪੇਸ਼ ਹੋ ਕੇ ਮੁਆਫੀ ਵੀ ਮੰਗੀ ਹੈ।

ਬਿਆਨ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਕੁਝ ਨਾ ਸਮਝ ਲੋਕ ਸਿੱਖਾਂ ਦੇ ਪਾਵਨ ਅਸਥਾਨਾਂ ਤੇ ਜਾ ਕੇ ਟਿਕ-ਟਾਕ ਐਪ ਰਾਹੀਂ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਤੇ ਪਾਉਂਦੇ ਹਨ ਜੋ ਕਿ ਬਹੁਤ ਹੀ ਨਿੰਦਣਯੋਗ ਹਰਕਤ ਹੈ। ਉਨ੍ਹਾਂ ਨੇ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਕਾਰਵਾਈ ਕਰਨ ਵਾਲੇ ਤੇ ਸਖਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਇਹ ਵੀ ਆਇਆ ਹੈ ਕਿ ਭਾਰਤੀ ਸੁਰੱਖਿਆ ਦਸਤੇ ਵਿਚ ਭਰਤੀ ਹੋਣ ਲਈ ਜੋ ਇਲਾਕੇ ਦੇ ਹਿਸਾਬ ਨਾਲ ਕੱਦ ਵਿਚ ਛੋਟ ਦਿੱਤੀ ਗਈ ਹੈ ਉਸ ਸਬੰਧੀ ਹੁਸ਼ਿਆਰਪੁਰ ਮੁਕੇਰੀਆਂ ਦੇ ਲਾਗੇ ਪਹਾੜੀ ਖੇਤਰ ਵਾਲੇ ਸਿੱਖ ਬੱਚਿਆਂ ਨੂੰ ਇਹ ਇਹ ਤਸਦੀਕ-ਪੱਤਰ (ਸਰਟੀਫਿਕੇਟ) ਨਹੀਂ ਦਿੱਤਾ ਜਾਂਦਾ।ਕੇਸ ਨਾ ਹੋਣ ਜਾਂ ਸਿਰਫ ਬੱਚੀਆਂ ਦਾ ਤਸਦੀਕ-ਪੱਤਰ ਬਣ ਜਾਂਦਾ ਹੈ।ਜਿਹੜਾ ਤਸਦੀਕ-ਪੱਤਰ ਦਿੱਤਾ ਜਾਂਦਾ ਹੈ ਉਹ ਪਹਿਲਾਂ ਡੋਗਰਾ ਤਸਦੀਕ-ਪੱਤਰ ਹੁੰਦਾ ਸੀ ਪਰ ਹੁਣ ਇਸ ਨੂੰ ਬਦਲ ਕੇ ਹਿੰਦੂ ਡੋਗਰਾ ਤਸਦੀਕ-ਪੱਤਰ ਕਰ ਦਿੱਤਾ ਗਿਆ ਹੈ ਜੋ ਕੇ ਬਹੁਤ ਹੀ ਨਿਦਣਯੋਗ ਹੈ। ਉਨਹਾਂ ਕਿਹਾ ਕਿ: “ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਪਹਾੜੀ ਅਤੇ ਨੀਮ ਪਹਾੜੀ ਇਲਾਕੇ ਵਿਚ ਰਹਿਣ ਵਾਲੇ ਸਿੱਖਾਂ ਨੂੰ ਵੀ ਇਹ ਸਰਟੀਫਿਕੇਟ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣੀਆ ਚਾਹੀਦੀਆਂ ਹਨ”।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: