ਚੋਣਵੀਆਂ ਲਿਖਤਾਂ » ਲੇਖ

ਗੁਰੂ ਗੋਬਿੰਦ ਸਿੰਘ ਜੀ ਦੁਨਿਆਵੀ ਨਾਇਕ ਨਹੀਂ ਸਗੋਂ ਪੈਗੰਬਰ ਹਨ

December 15, 2023 | By

ਸਤਾਰਵੀਂ ਅਠਾਰ੍ਹਵੀਂ ਸਦੀ ਦੇ ਹਿੰਦੁਸਤਾਨ ਦੇ ਸ਼ਹਿਨਸ਼ਾਹ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫਰਨਾਮਾ ਪੜ੍ਹਣ ਤੋਂ ਬਾਅਦ ਸਿੱਧੇ ਅਸਿੱਧੇ ਤੌਰ ‘ਤੇ ਗੁਰੂ ਗੋਬਿੰਦ ਸਿੰਘ ਦੇ ਪੈਗੰਬਰੀ ਜ਼ਲਾਲ ਤੋਂ ਭੈਭੀਤ ਹੋ ਗਿਆ ਸੀ। ਇਸ ਕਰਕੇ ਹੀ ਉਸਨੇ ਗੁਰੂ ਸਾਹਿਬ ਨੂੰ ਮਿਲਣ ਦੀ ਖਾਹਿਸ਼ ਪ੍ਰਗਟ ਕੀਤੀ ਸੀ ਅਤੇ ਆਪਣੇ ਅਹਿਲਕਾਰਾਂ ਨੂੰ ਫੁਰਮਾਣ ਜਾਰੀ ਕੀਤੇ ਸਨ ਕਿ ਗੁਰੂ ਗੋਬਿੰਦ ਸਿੰਘ ਨੂੰ ਸਾਡੇ ਮਿਲਣ ਆਣ ਸਮੇਂ ਕਿਤੇ ਵੀ ਰੋਕਿਆ ਨਾ ਜਾਵੇ। ਗੁਰੂ ਗੋਬਿੰਦ ਸਿੰਘ ਜੀ ਅਜੇ ਰਸਤੇ ਵਿੱਚ ਹੀ ਸਨ ਕਿ ਅੰਰੰਗਜ਼ੇਬ ਦੀ ਮੌਤ ਹੋ ਗਈ ਅਤੇ ਇਤਿਹਾਸ ਗਵਾਹ ਹੈ ਕਿ ਉਸ ਨੇ ਮਰਨ ਤੋਂ ਪਹਿਲਾਂ ਸ਼ਿਕੱਸ਼ਤਨਾਮਾ ਵੀ ਲਿਖਿਆ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜਦੋਂ ਉਸ ਦੇ ਪੁੱਤਰਾਂ ਵਿਚਕਾਰ ਰਾਜ ਗੱਦੀ ਲਈ ਲੜਾਈ ਸ਼ੁਰੂ ਹੋਈ ਤਾਂ ਗੁਰੂ ਸਾਹਿਬ ਨੇ ਔਰੰਗਜ਼ੇਬ ਦੇ ਵਡੇ ਪੁੱਤਰ ਬਹਾਦਰਸ਼ਾਹ ਦੀ ਬੇਨਤੀ ਮੰਨ ਕੇ ਉਸ ਦੀ ਮਦਦ ਕੀਤੀ ਤੇ ਉਸ ਨੂੰ ਰਾਜ ਗੱਦੀ ‘ਤੇ ਬਹਾਲਿਆ, ਇਹ ਵੀ ਗੁਰੂ ਗੋਬਿੰਦ ਸਿੰਘ ਦਾ ਪੈਗੰਬਰੀ ਅਮਲ ਸੀ ਕਿਉਂਕਿ ਜਿਸ ਔਰੰਗਜ਼ੇਬ ਦੇ ਪੜਦਾਦੇ ਜਹਾਂਗੀਰ ਨੇ ਗੁਰੂ ਸਾਹਿਬ ਦੇ ਪੜਦਾਦੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ, ਅਤੇ ਜਿਸ ਔਰੰਗਜ਼ੇਬ ਨੇ ਗੁਰੂ ਸਾਹਿਬ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਵਾਇਆ ਅਤੇ ਜਿਸ ਔਰੰਗਜ਼ੇਬ ਨੇ ਗੁਰੂ ਸਾਹਿਬ ਦੇ 6 ਤੋਂ 8 ਸਾਲ ਦੇ ਸਾਹਿਬਜ਼ਾਦਿਆਂ ਨੂੰ ਬਿਨਾ ਕਿਸੇ ਕਾਰਣ ਇਸ ਕਰਕੇ ਸ਼ਹੀਦ ਕਰਵਾਇਆ ਕਿ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦੇ ਹਨ ਅਤੇ ਜਿਸ ਔਰੰਗਜ਼ੇਬ ਨੇ ਬੁਤ ਪੂਜ ਪਹਾੜੀਆਂ ਦੀ ਮਦਦ ਕਰਨ ਲਈ ਕੁਰਾਨ ਦੀਆਂ ਝੂਠੀਆਂ ਕਸਮਾਂ ਖਾ ਕੇ ਅਨੰਦਪੁਰ ਦਾ ਕਿਲ੍ਹਾ ਖਾਲੀ ਕਰਵਾਇਆ, ਕਸਮਾਂ ਤੋੜ ਕੇ ਦਸ ਲੱਖ ਫੌਜ ਦੀ ਮਦਦ ਨਾਲ ਚਮਕੌਰ ਦੀ ਗੜ੍ਹੀ ਵਿੱਚੋਂ ਗੁਰੂ ਸਾਹਿਬ ਨੂੰ ਜੀਂਊਂਦਾ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਸੀ।

ਜੇਕਰ ਗੁਰੂ ਗੋਬਿੰਦ ਸਿੰਘ ਜੀ ਪੈਗੰਬਰ ਨਾ ਹੁੰਦੇ ਤਾਂ ਉਹ ਔਰੰਗਜ਼ੇਬ ਦੇ ਪੁੱਤਰਾਂ ਦੀ ਆਪਸੀ ਲੜਾਈ ਦਾ ਫਾਇਦਾ ਉਠਾ ਕੇ ਆਪਣੇ ਪੜਦਾਦੇ, ਆਪਣੇ ਪਿਤਾ ਗੁਰੂ ਤੇਗ ਬਹਾਦਰ ਤੇ ਆਪਣੇ ਮਾਸੂਮ ਸਾਹਿਬਜ਼ਾਦਿਆਂ ਦਾ ਬਦਲਾ ਲੈ ਲੈਂਦੇ, ਗੁਰੂ ਜੀ ਪੈਗੰਬਰ ਹੋਣ ਕਰਕੇ ਉਨ੍ਹਾਂ ਨੇ ਐਸਾ ਨਹੀਂ ਕੀਤਾ ਸਗੋਂ ਔਰੰਗਜ਼ੇਬ ਦੇ ਜਿਸ ਪੁੱਤਰ (ਬਹਾਦਰਸ਼ਾਹ) ਦਾ ਹੱਕ ਬਣਦਾ ਸੀ ਉਸ ਨੂੰ ਰਾਜ ਗੱਦੀ ਉਤੇ ਬਹਾਉਣ ਲਈ ਸੈਨਿਕ ਮਦਦ ਕੀਤੀ। ਇਸ ਕਰਕੇ ਹੀ ਬਹਾਦਰਸ਼ਾਹ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੁਕਰਾਨਾ ਕਰਨ ਲਈ ਆਗਰੇ ਆਉਣ ਦੀ ਬੇਨਤੀ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਜੀ ਮੁਗਲੀਆ ਦਰਬਾਰ ਵਿੱਚ ਸ਼ਸਤਰਾਂ ਸਮੇਤ ਸ਼ਾਹੀ ਠਾਠ ਬਾਠ ਨਾਲ ਪਹੁੰਚੇ ਤਾਂ ਬਹਾਦਰ ਸ਼ਾਹ ਨੇ ਕਲਗੀਧਰ ਪਾਤਿਸ਼ਾਹ ਨੂੰ ਸੰਕੇਤਕ ਤੌਰ ’ਤੇ ਤਖਤ ਉਤੇ ਬਰਾਬਰ ਬਿਠਾ ਕੇ ਹਜ਼ਰਤ ਅਲੀ ਸਾਹਿਬ ਦਾ ਖੰਡਾ ਭੇਟ ਕਰ ਕੇ ਔਰੰਗਜ਼ੇਬ ਦੇ ਕੀਤੇ ਗੁਨਾਹਾਂ ਲਈ ਗੁਰੂ ਸਾਹਿਬ ਕੋਲੋਂ ਮਾਫੀ ਮੰਗ ਕੇ ਗੁਰੂ ਸਾਹਿਬ ਨੂੰ ਪੈਗੰਬਰ ਤਸਲੀਮ ਕਰ ਲਿਆ ਸੀ। ਬਹਾਦਰਸ਼ਾਹ ਵਲੋਂ ਗੁਰੂ ਸਾਹਿਬ ਨੂੰ ਭੇਟ ਕੀਤਾ ਹੋਇਆ ਹਜ਼ਰਤ ਅਲੀ ਸਾਹਿਬ ਦਾ ਖੰਡਾ ਤਖਤ ਸ੍ਰੀ ਕੇਸਗੜ੍ਹ ਸਾਹਿਬ ‘ਤੇ ਸਾਂਭਿਆ ਹੋਇਆ ਹੈ ਅਤੇ ਹਰ ਹੋਲੇ ਮੁਹੱਲੇ ‘ਤੇ ਉਸ ਦੇ ਦਰਸ਼ਨ ਕਰਵਾਏ ਜਾਂਦੇ ਹਨ।

ਇਤਿਹਾਸ ਵਿੱਚ ਬਹੁਤ ਸਾਰੇ ਮੁਸਲਮਾਨ ਪੀਰਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੈਗੰਬਰ ਮੰਨ ਕੇ ਹੀ ਉਨ੍ਹਾਂ ਨਾਲ ਮੇਲ ਮਿਲਾਪ ਰੱਖਿਆ ਇਨ੍ਹਾਂ ਪੀਰਾਂ ਵਿੱਚੋਂ ਪੀਰ ਬੁਧੂ ਸ਼ਾਹ ਦਾ ਨਾਮ ਉਘੜਵੇਂ ਰੂਪ ਵਿੱਚ ਸਾਹਮਣੇ ਆਉਂਦਾ ਹੈ। ਕੋਟਲਾ ਨਿਹੰਗ ਖਾਂ ਦਾ ਪਠਾਣ ਨਬੀ ਖਾਨ, ਗਨੀ ਖਾਨ, ਪੀਰ ਹਸਨ ਅਲੀ, ਕਾਜ਼ੀ ਪੀਰ ਮੁਹੰਮਦ, ਪੀਰ ਅਨਾਇਤ ਅਲੀ ਅਤੇ ਹੋਰ ਬਹੁਤ ਸਾਰੇ ਮੁਸਲਮਾਨਾਂ ਦਾ ਜ਼ਿਕਰ ਆਉਂਦਾ ਹੈ ਜਿਹੜੇ ਗੁਰੂ ਸਾਹਿਬ ਨੂੰ ਪੈਗੰਬਰਾਂ ਵਾਲਾ ਸਤਿਕਾਰ ਦਿੰਦੇ ਰਹੇ ਪਰ ਗੁਰੂ ਸਾਹਿਬ ਨੇ ਕਿਸੇ ਨੂੰ ਵੀ ਧਰਮ ਬਦਲੀ ਲਈ ਨਹੀਂ ਆਖਿਆ ਸਗੋਂ ਉਨ੍ਹਾਂ ਨੂੰ ਆਪਣੇ ਧਰਮ ਵਿੱਚ ਪਰਪੱਕ ਰਹਿਣ ਲਈ ਉਪਦੇਸ਼ ਦਿੱਤਾ ਅਸੀਂ ਇਥੇ ਦੋ ਮੁਗਲ ਜਰਨੈਲਾਂ ਦਾ ਜ਼ਿਕਰ ਜ਼ਰੂਰ ਕਰਾਂਗੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਵਿੱਚੋਂ ਪੈਗੰਬਰੀ ਪ੍ਰਕਾਸ਼ ਸ਼ਾਖਸ਼ਾਤ ਵੇਖਿਆ।

ਚਮਕੌਰ ਦੀ ਗੜ੍ਹੀ ਦੇ ਘੇਰੇ ਦੇ ਸਾਕੇ ਤੋਂ ਪਹਿਲਾਂ ਵੀ ਦਸਮ ਪਾਤਿਸ਼ਾਹ ਤੇ ਚਮਕੌਰ ਵਿਖੇ ਹਮਲਾ ਹੋਇਆ ਸੀ ਅਤੇ ਇਸ ਹਮਲੇ ਦਾ ਭਾਂਡਾ ਸੈਦ ਬੇਗ ਤੇ ਮੈਮੂ ਖਾਨ ਨੇ ਚੁਰਾਹੇ ਵਿੱਚ ਭੰਨ ਦਿੱਤਾ ਸੀ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਰੀ ਵਾਰਤਾ ਖੋਲ੍ਹ ਕੇ ਦੱਸੀ ਕਿ ਕਿਸ ਤਰ੍ਹਾਂ ਪਹਾੜੀ ਰਾਜਿਆਂ ਨੇ ਇਨ੍ਹਾਂ ਨੂੰ ਲਾਲਚ ਦੇ ਕੇ ਚਮਕੌਰ ਵਿੱਚ ਲੱਗੇ ਗੁਰੂ ਸਾਹਿਬ ਦੇ ਕੈਂਪ ‘ਤੇ ਧਾਵਾ ਬੁਲਵਾਇਆ ਸੀ। ਗੁਰੂ ਜੀ ਨੇ ਜਦੋਂ ਸੈਦ ਬੇਗ ਤੇ ਮੈਮੂ ਖਾਨ ਨੂੰ ਪੁਛਿਆ ਕਿ ਜਦੋਂ ਤੁਹਾਨੂੰ ਇਨ੍ਹਾਂ ਨੇ ਲਾਲਚ ਦੇ ਕੇ ਆਪਣੇ ਨਾਲ ਗੰਢ ਕੇ ਰਲਵਾਂ ਹਮਲਾ ਤੁਸਾਂ ਸਾਡੇ ੳੇਤੇ ਕੀਤਾ ਸੀ। ਓਦੋਂ ਤੁਸੀਂ ਉਨ੍ਹਾਂ ਦਾ ਸਾਥ ਕਿਉਂ ਨਹੀਂ ਛੱਡਿਆ? ਤਾਂ ਸੈਦ ਬੇਗ ਨੇ ਕਿਹਾ ਕਿ ਆਪ ਜੀ ਦੇ ਦਰਸ਼ਨ ਕਰਨ ਅਤੇ ਆਪ ਜੀ ਦੇ ਸਿੱਖਾਂ ਦਾ ਜਾਨ ਹੂਲ ਕੇ ਲੜੀ ਲੜਾਈ ਨੇ ਸਾਡੇ ਆਤਮਾ ਨੂੰ ਹਲੂਣ ਦਿੱਤਾ ਅਸੀਂ ਹੈਰਾਨ ਹੋ ਕੇ ਵਿਚਾਰ ਕੀਤਾ ਕਿ ਸਿੱਖਾਂ ਕੋਲ ਕੋਈ ਦੇਸ਼ ਨਹੀਂ ਤੇ ਨਾ ਹੀ ਇਨ੍ਹਾਂ ਨੇ ਕਿਸੇ ਦਾ ਦੇਸ਼ ਖੋਹਿਆ ਹੈ ਅਤੇ ਨਾ ਹੀ ਇਨ੍ਹਾਂ ਨੇ ਮੁਗਲ ਹਕੂਮਤ ਵਿਰੁਧ ਕੋਈ ਬਗਾਵਤ ਕੀਤੀ ਹੈ, ਇਹ ਤਾਂ ਗਰੀਬਾਂ ਮਜ਼ਲੂਮਾਂ, ਅਨਾਥਾਂ ਦੇ ਸਾਥੀ ਹਨ ਤਾਂ ਫਿਰ ਅਸੀਂ ਇਨ੍ਹਾਂ ਨਾਲ ਕਿਉਂ ਲੜਦੇ ਹਾਂ। ਸੱਚ ਜਾਣੋ ਪੀਰ ਜੀ ਜਦੋਂ ਅਸੀਂ ਅੰਦਰੋਂ ਅੰਦਰੀ ਪ੍ਰੇਸ਼ਾਨ ਹੋ ਕੇ ਆਪ ਜੀ ਦੇ ਦਰਸ਼ਨ ਕੀਤੇ ਤਾਂ ਸਾਨੂੰ ਤੁਹਾਡੇ ਵਿੱਚੋਂ ਪੈਗੰਬਰੀ ਪ੍ਰਕਾਸ਼ ਨਜ਼ਰ ਆਇਆ। ਇਸ ਤੋਂ ਬਾਅਦ ਸੈਦ ਬੇਗ ਤੇ ਮੈਮੂ ਖਾਨ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿੱਚ ਸ਼ਾਮਲ ਹੋ ਗਏ ਸਨ ਤੇ ਚਮਕੌਰੋਂ ਗੁਰੂ ਜੀ ਦੇ ਨਾਲ ਹੀ ਅਨੰਦਪੁਰ ਆ ਗਏ ਸਨ ਅਤੇ ਉਨ੍ਹਾਂ ਨੇ ਹਮੇਸ਼ਾਂ ਲਈ ਸ਼ਾਹੀ ਫੌਜ ਦਾ ਤਿਆਗ ਕਰ ਦਿੱਤਾ ਸੀ।

ਦੂਸਰਾ ਜਰਨੈਲ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਸੈਦ ਖਾਨ ਸ਼ਾਹੀ ਹੁਕਮ ਮਿਲਣ ਤੋਂ ਬਾਅਦ ਦਿੱਲੀ ਤੋਂ ਆਪਣੇ ਜੰਗੀ ਸਾਜੋ ਸਮਾਨ ਜੰਗੀ ਹਥਿਆਰਾਂ ਤੋਪਾਂ, ਤਲਵਾਰਾਂ, ਨੇਜੇ ਤੰਬੂ, ਕਨਾਤਾਂ, ਸ਼ਮਿਆਨੇ ਗੱਡਿਆਂ ਤੇ ਲਦਵਾ ਕੇ ਅਨੰਦ ਪੁਰ ਤੇ ਚੜ੍ਹਾਈ ਕਰਨ ਲਈ ਤੁਰਿਆ ਫੌਜ ਦੀ ਹਾਜਰੀ ਲਗਵਾਈ ਗਈ ਜੋ ਪੂਰੀ ਦਸ ਹਜਾਰ ਸੀ। ਅਨੰਦਪੁਰ ਨੂੰ ਵਹੀਰਾਂ ਤੁਰ ਪਈਆਂ, ਰਸਤੇ ਵਿੱਚ ਸੋਨੀਪਤ, ਪਾਨੀਪਤ, ਕਰਨਾਲ, ਤਰਾਵੜੀ, ਹੁੰਦੇ ਹੋਏ ਕੁਰਕਸ਼ੇਤਰ ਪੜਾ ਕੀਤਾ।

“ਸਭ ਪਤਸ਼ਹਿ ਸੈਨ ਕਾ, ਸੈਦ ਖਾਂ ਸਰਦਾਰ॥ ਭੇਜਿਓ ਥਾ ਬਾਦਸ਼ਾਹ ਨੇ ਜੋ ਕਰ ਵਡ ਮੁਖਤਾਰ॥ (ਪੰਥ ਪ੍ਰਕਾਸ਼) ਇਥੇ ਆ ਕੇ ਸੈਦ ਖਾਂ ਦੀ ਸਲਾਹ ਬਣੀ ਕਿ ਮੈਂ ਜੰਗ ਵਿੱਚ ਜਾਣ ਤੋਂ ਪਹਿਲਾਂ ਆਪਣੀ ਭੈਣ ਨਸੀਰਾਂ ਨੂੰ ਸੰਢੋਰੇ ਜਾ ਕੇ ਮਿਲ ਆਵਾਂ ਇਸ ਦੀ ਭੈਣ ਨਸੀਰਾਂ ਪੀਰ ਬੁੱਧੂ ਸ਼ਾਹ ਨੂੰ ਵਿਆਹੀ ਹੋਈ ਸੀ। ਸੈਦ ਖਾਂ ਜਦੋਂ ਆਪਣੀ ਭੈਣ ਨਸੀਰਾਂ ਕੋਲ ਪਹੁੰਚਿਆ ਤਾਂ ਨਸੀਰਾਂ ਨੇ ਪੰਜਾਬ ਆਉਣ ਦਾ ਕਾਰਣ ਪੁਛਣ ਤੇ ਸੈਦ ਖਾਂ ਨੇ ਦੱਸਿਆ ਕਿ ਮੈਨੂੰ ਦਿੱਲੀ ਦਰਬਾਰ ਵਲੋਂ ਹੁਕਮ ਹੋਇਆ ਹੈ ਕਿ (ਗੁਰੂ) ਗੋਬਿੰਦ ਸਿੰਘ ਅੱਵਲ ਤਾ ਜਿੰਦਾ ਫੜ ਕੇ ਲਿਆਓ ਨਹੀਂ ਤਾਂ ਕਤਲ ਕਰ ਦਿਓ। ਭੈਣ ਨਸੀਰਾਂ ਨੇ ਸੈਦ ਖਾਂ ਨੂੰ ਆਖਿਆ ਕਿ ਵੇਖੀਂ ਕਿਤੇ ਇਹ ਗੁਨਾਹ ਨਾ ਕਰੀਂ। ਗੁਰੂ ਗੋਬਿੰਦ ਸਿੰਘ ਤਾਂ ਗਰੀਬਾਂ ਦੇ ਸਹਾਇਕ ਅਤੇ ਮਾੜਿਆਂ ਦੀ ਪਨਾਹ ਅਤੇ ਸਰਬ ਸਾਂਝੇ ਪੈਗੰਬਰ ਹਨ। ਨਸੀਰਾਂ ਨੇ ਆਖਿਆ ਕਿ ਸੌ ਹੱਥ ਰੱਸਾ ਤੇ ਸਿਰੇ ਤੇ ਗੰਢ, ਮੈਂਨੂੰ ਤਾਂ ਗੁਰੂ ਗੋਬਿੰਦ ਸਿੰਘ ਵਿੱਚੋਂ ਮੁਹੰਮਦ ਸਾਹਿਬ ਦੇ ਦਰਸ਼ਨ ਹੁੰਦੇ ਹਨ। ਉਸ ਵੇਲੇ ਤਾਂ ਆਪਣੀ ਭੈਣ ਦੇ ਮੂੰਹੋਂ ਇਹ ਲਫਜ ਸੁਣ ਕੇ ਸੈਦ ਖਾਂ ਹੱਕਾ ਬੱਕਾ ਰਹਿ ਗਿਆ ਸੀ। ਪਰ ਜਦੋਂ ਸੈਦ ਖਾਂ ਦਾ ਮੈਦਾਨੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਨਾਲ ਆਹਮਣਾ ਸਾਹਮਣਾ ਹੋਇਆ ਤਾਂ ਸੈਦ ਖਾਂ ਗੁਰੂ ਗੋਬਿੰਦ ਸਿੰਘ ਦਾ ਪੈਗੰਬਰੀ ਜਲਾਲ ਵੇਖ ਕੇ ਲੜਨ ਜੋਗਾ ਨਹੀਂ ਸੀ ਰਿਹਾ ਸਗੋਂ ਹਥਿਆਰ ਭੁੰਜੇ ਰੱਖ ਕੇ ਗੁਰੂ ਦੇ ਚਰਨੀਂ ਢਹਿ ਪਿਆ ਸੀ। ਗਰੂ ਸਾਹਿਬ ਨੇ ਸੈਦ ਖਾਂ ਨੂੰ ਬਾਹਵਾਂ ਤੋਂ ਫੜ ਕੇ ਉਤਾਂਹ ਚੁੱਕ ਕੇ ਆਪਣੇ ਗਲੇ ਨਾਲ ਲਾ ਲਿਆ ਤੇ ਆਖਿਆ ਕਹੋ ਬਿਸਮਿਲਾ ਤੇ ਪੜ੍ਹ ਕਲਮਾ। ਇਤਿਹਾਸ ਦੱਸਦਾ ਹੈ ਕਿ ਸੈਦ ਖਾਂ ਗੁਰੂ ਜੀ ਤੋਂ ਉਪਦੇਸ਼ ਲੈ ਕੇ ਵਾਪਿਸ ਘਰ ਨਹੀਂ ਸੀ ਗਿਆ ਸਗੋਂ ਸਾਰੀ ਉਮਰ ਅੱਲਾ ਦੀ ਬੰਦਗੀ ਕਰਦਾ ਰਿਹਾ ਤੇ ਲੋਕ ਉਸ ਨੂੰ ਸੈਦਾ ਫਕੀਰ ਕਰ ਕੇ ਜਾਨਣ ਲੱਗੇ।

ਦਸਵੇ ਨਾਨਕ ਗੁਰੂ ਗੋਬਿੰਦ ਸਿੰਘ ਦੇ ਪੈਗੰਬਰ ਹੋਣ ਦੇ ਇਤਿਹਾਸਕ ਹਵਾਲੇ ਇਸ ਕਰ ਕੇ ਦੇਣੇ ਪਏ ਕਿ ਆਰ ਐਸ ਐਸ ਤੇ ਰਾਸ਼ਟਰੀ ਸਿੱਖ ਸੰਗਤ ਗੁਰੂ ਗੋਬਿੰਦ ਸਿੰਘ ਜੀ ਨੂੰ ਪੈਗੰਬਰ ਮੰਨਣ ਤੋਂ ਇਨਕਾਰੀ ਹੈ। 8 ਜੂਨ ਦੀ ਅੰਗ੍ਰੇਜ਼ੀ ਟ੍ਰੀਬਿਊਨ ਵਿੱਚ ਆਰ ਐਸ ਐਸ ਵਾਲਿਆਂ ਨੇ ਐਲਾਨ ਕੀਤਾ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਦੁਨਿਆਵੀ ਰੋਲ ਮਾਡਲ ਮੰਨਦੇ ਹਨ ਅਤੇ ਜਨਵਰੀ 2017 ਨੂੰ ਤਖਤ ਪਟਨਾ ਸਾਹਿਬ ਵਿਖੇ ਰਾਸ਼ਰਟੀਆ ਸਿੱਖ ਸੰਗਤ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ 350 ਵਾਂ ਪ੍ਰਕਾਸ਼ ਦਿਵਸ ਮਨਾਉਣਗੇ। “ਆਰ ਐਸ ਐਸ ਇਸ ਤਰਕ ਉਤੇ ਜ਼ੋਰ ਦਿੰਦੀ ਆ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਰਾਸ਼ਟਰੀ ਨਾਇਕ ਹਨ ਜਿਨ੍ਹਾਂ ਨੂੰ ਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਵਰਗੇ ਹਿੰਦੂ ਨਾਇਕਾਂ ਦੇ ਬਰਾਬਰ ਰੱਖਿਆ ਜਾ ਸਕਦਾ ਹੈ। ਆਰ ਐਸ ਐਸ ਵਾਲੇ ਆਪਣੀਆਂ ਸ਼ਾਖਾਵਾਂ ਤੇ ਕਾਨਫਰੰਸਾਂ ਵਿੱਚ ਹਿੰਦੂ ਨਾਇਕਾਂ ਦੀਆਂ ਤਸਵੀਰਾਂ ਨਾਲ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਵੀ ਲਾਉਂਦੇ ਹਨ।” ਆਰ ਐਸ ਐਸ ਵਾਲੇ ਇਹ ਵੀ ਪ੍ਰਚਾਰ ਕਰ ਰਹੇ ਹਨ ਕਿ ਗੁਰੂ ਗੋਬਿੰਦ ਸਿੰਘ ਦੁਰਗਾ ਦੇ ਪੁਜਾਰੀ ਸਨ ਤੇ ਉਹ ਗੁਰੂ ਨਾਨਕ ਸਾਹਿਬ ਦੇ ਮਾਰਗ ਤੋਂ ਦੂਰ ਚਲੇ ਗਏ ਸਨ। ਆਰ ਐਸ ਐਸ ਦੀਆਂ ਨੀਤੀਆਂ ਬਾਰੇ ਜੋ ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰ ਲੈਣਾ ਚਾਹੁੰਦੀਆਂ ਹਨ ਅਤੇ ਗੁਰੂ ਸਾਹਿਬਾਨ ਨੂੰ ਹਿੰਦੂ ਸਿੱਧ ਕਰਨ ਲਈ ਵਰਤੀਆਂ ਜਾ ਰਹੀਆਂ ਹਨ। ਉਨ੍ਹਾਂ ਸਾਜਿਸ਼ੀ ਨੀਤੀਆਂ ਬਾਰੇ ਪੁਸਤਕ ‘ਤੀਜੇ ਘਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਵਿੱਚ ਸ. ਅਜਮੇਰ ਸਿੰਘ ਜੀ ਲਿਖਦੇ ਹਨ ਕਿ ‘ਨਿਝਾਵਨ ਨੇ ਆਪਣੀ ਕਿਤਾਬ ਦੀ ਭੂਮਿਕਾ ਵਿੱਚ ਇਥੋਂ ਤੱਕ ਲਿਖ ਮਾਰਿਆ ਸੀ ਕਿ, ‘ਹੋਰ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਸਿੱਖਾਂ ਦੇ ਸਾਢੇ ਨੌਂ ਗੁਰੂ ਹਿੰਦੂ ਸਨ ਤੇ ਅਖੀਰਲਾ ਅੱਧਾ ਗੁਰੂ ਹੀ ਹਿੰਦੂ ਨਹੀਂ ਸੀ, ਉਥੇ ਮੇਰਾ ਮੱਤ ਇਸ ਨਾਲੋਂ ਥੋੜਾ ਵੱਖਰਾ ਹੈ, ਮੇਰੇ ਵਿਚਾਰ ਅਨੁਸਾਰ ਅਖੀਰਲਾ ਅੱਧਾ ਗੁਰੂ ਹੀ ਵਾਹਦ ਅਜੇਹਾ ਗੁਰੂ ਸੀ ਜਿਹੜਾ ਪੂਰਾ ਦਾ ਪੂਰਾ ਹਿੰਦੂ ਸੀ।’ ਇਸ ਕਰਕੇ ਸਿੱਖ ਪ੍ਰਚਾਰਕਾਂ, ਕਥਾਵਾਚਕਾਂ, ਰਾਗੀਆਂ, ਢਾਡੀਆਂ ਅਤੇ ਕਵੀਸ਼ਰੀ ਜਥਿਆਂ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ ਤਾਂ ਕਿ ਸਿੱਖ ਧਰਮ ਦਾ ਭਗਵਾ ਕਰਨ, ਕਰਨ ਵਾਲੀ ਆਰ ਐਸ ਐਸ ਤੇ ਕਰਿਡ ਵਰਗੀਆਂ ਸੰਸਥਾਵਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇ।

ਆਰ ਐਸ ਐਸ ਵਾਲਿਆਂ ਦਾ ਇਹ ਤਰਕ ਕਿ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇ ਮਾਰਗ ਤੋਂ ਦੂਰ ਚਲੇ ਗਏ ਸਨ ਬਹੁਤ ਹੀ ਬੇਤੁਕਾ ਹੈ। ਗੁਰੂ ਗ੍ਰੰਥ ਸਾਹਿਬ ਜੀ ਇਸ ਗੱਲ ‘ਤੇ ਮੋਹਰ ਲਾਉਂਦੇ ਹਨ ਕਿ ਗੁਰੂ ਨਾਨਕ ਹੀ ਗੁਰੂ ਗੋਬਿੰਦ ਸਿੰਘ ਹਨ, “ਜੋਤਿ ਓਹਾ ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ ॥” ਗੁਰੂ ਨਾਨਕ ਦੀ ਜੋਤਿ ਹੀ ਦਸਾਂ ਜਾਮਿਆਂ ਵਿੱਚ ਵਰਤੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦੂਜੇ, ਤੀਜੇ, ਚੌਥੇ, ਪੰਜਵੇ, ਤੇ ਨੌਵੇ ਗੁਰੂ ਦੀ ਬਾਣੀ ਵਿੱਚ ਹਰੇਕ ਸ਼ਬਦ ਦੇ ਅੰਤ ਵਿੱਚ ‘ਨਾਨਕ’ ਸ਼ਬਦ ਦੀ ਹੀ ਵਰਤੋਂ ਹੋਈ ਹੈ। ਇਸ ਤੋਂ ਬਿਨਾ ਸਮਕਾਲੀ ਮੁਗਲ ਪ੍ਰਸ਼ਾਸਨ ਬਾਰੇ ਵਿਲੀਅਮ ਇਰਬਨ ਦੀ ਉਘੀ ਰਚਨਾਂ ‘ਲੇਟਰ ਮੁਗਲਜ਼’ ਵਿੱਚ ਵੀ ਲੇਖਕ ਨੇ ਦਸਵੇਂ ਪਾਤਿਸ਼ਾਹ ਲਈ ਗੁਰੂ ਗੋਬਿੰਦ ਨਾਨਕ ਦੀ ਵਰਤੋਂ ਕੀਤੀ ਹੈ, ਇਸ ਤੋਂ ਇਲਾਵਾ ਗੁਰੂ ਗੰ੍ਰਥ ਸਾਹਿਬ ਵਿੱਚ ਦਰਜ, ਭੱਟਾਂ ਦੇ ਸਵੱਈਏ ਇਸ ਨੂੰ ਹੋਰ ਵੀ ਸਪੱਸ਼ਟ ਕਰ ਦਿੰਦੇ ਹਨ ਕਿ ਗੁਰੂ ਨਾਨਕ ਦੀ ਜੋਤਿ ਹੀ ਦਸਾਂ ਜਾਮਿਆਂ ਵਿੱਚ ਵਰਤਦੀ ਹੈ ਅਤੇ ਜਦੋਂ ਦਸਵੇਂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੇ 1708 ਈ. ਨੂੰ ਧੁਰ ਕੀ ਬਾਣੀ ਨੂੰ ਗੁਰਗੱਦੀ ਤੇ ਸੁਭਾਇਮਾਨ ਕਰ ਕੇ ਆਤਮਾ ਗੰ੍ਰਥ ਵਿੱਚ, ਸਰੀਰ ਪੰਥ ਵਿੱਚ ਵਿਦਮਾਨ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਦਸਾਂ ਪਾਤਿਸ਼ਾਹੀਆਂ ਦੀ ਜੋਤਿ ਹਨ, ਇਸ ਕਰਕੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਨੂੰ ਅਲੱਗ ਅਲੱਗ ਨਹੀਂ ਕੀਤਾ ਜਾ ਸਕਦਾ।

ਦਰਅਸਲ ਅੱਜ ਜਦੋਂ ਆਰ ਐਸ ਐਸ ਤੇ ਭਾਜਪਾ ਵਾਲੇ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ ਤੇ ਇਨ੍ਹਾਂ ਦੇ ਰਾਹ ਵਿੱਚ ਸਭ ਤੋਂ ਵਡਾ ਅੜਿਕਾ ਸਿੱਖਾਂ ਦੇ ‘ਗੁਰੂ ਗ੍ਰੰਥ, ਗੁਰੂ ਪੰਥ’ ਦੇ ਸਿੱਖੀ ਸਿਧਾਂਤ ਦਾ ਹੈ। ਦੂਸਰਾ ਆਰ ਐਸ ਐਸ ਨੂੰ ਹਿੰਦੂਆਂ ਦੇ ਇਤਿਹਾਸ ਵਿੱਚੋਂ ਹਿੰਦੂ ਰਾਸ਼ਟਰ ਲਈ ਕੋਈ ਰੋਲ ਮਾਡਲ ਨਹੀਂ ਲੱਭ ਰਿਹਾ। ਸਿੱਖ ਰਾਸ਼ਟਰ ਦੇ ਲਈ ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਰੋਲ ਮਾਡਲ ਹਨ ਪਰ ਹਿੰਦੂ ਰਾਸ਼ਟਰ ਲਈ ਰੋਲ ਮਾਡਲ ਕਿਥੋਂ ਲਿਆਉਣ? ਕਿਉਂਕਿ ਇਨ੍ਹਾਂ ਦਾ ਅੱਠਾਂ ਸਦੀਆਂ ਦਾ ਇਤਿਹਾਸ ਅੱਤ ਨਿਮੋਸ਼ੀ ਭਰਿਆ ਹੈ। ਕਿਉਂਕਿ ਇਨ੍ਹਾਂ ਨੇ ਸਦੀਆਂ ਤੱਕ ਧੌਣਾਂ ਨੀਵੀਆਂ ਕਰ ਕੇ ਮੁਗਲਾਂ ਤੇ ਦੁਰਾਨੀਆਂ ਦੀ ਗੁਲਾਮੀ ਝਲੀ ਹੋਈ ਹੈ, ਉਸ ਗੁਲਾਮੀ ਦੇ ਦਾਗ ਧੌਣ ਲਈ ਆਰ ਐਸ ਐਸ ਤੇ ਭਾਜਪਾ ਵਾਲੇ ਘਟ ਗਿਣਤੀਆਂ ਤੇ ਜ਼ੁਲਮ ਕਰ ਕੇ ੳਨ੍ਹਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ ਚਾਹੁੰਦੇ ਹਨ ਤੇ ਸਿੱਖ ਗੁਰੂ ਸਾਹਿਬਾਨ ਨੂੰ ਹਿੰਦੂ ਸਿੱਧ ਕਰਕੇ ਖਾਲਸਾ ਪੰਥ (ਸਿੱਖ ਕੌਮ) ਦੀ ਵੱਖਰੀ ਪਹਿਚਾਣ ਨੂੰ ਖੱਤਮ ਕਰਨਾ ਚਾਹੁੰਦੇ ਹਨ ਅਤੇ ਸਿੱਖਾਂ ਦੀ ਮਾਨਸਿਕਤਾ ਵਿੱਚੋਂ “ਰਾਜ ਕਰੇਗਾ ਖਾਲਸਾ” ਦਾ ਸੰਕਲਪ ਕੱਢਣਾ ਚਾਹੁੰਦੇ ਹਨ। ਇਸ ਕਰਕੇ ਹੀ ਆਰ ਐਸ ਐਸ ਨੇ ਸਾਜਿਸ਼ੀ ਢੰਗ ਨਾਲ ਰਾਸ਼ਟਰੀ ਸਿੱਖ ਸੰਗਤ ਰਾਹੀਂ, ਸਾਮ, ਦਾਮ, ਦੰਡ, ਭੇਦ ਦੀ ਚਾਣਕੀਆ ਨੀਤੀ ਅਨੁਸਾਰ ਜੰਤਕ ਤੌਰ ‘ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਤਮਕ ਤੌਰ ‘ਤੇ ‘ਚਿੰਨ’ ਮੰਨ ਲਿਆ ਹੈ (ਗੁਰੂ ਸਾਹਿਬ ਦੀ ਕਿਸੇ ਕਲਪਨਿਕ ਤਸਵੀਰ ਜਾਂ ਮੂਰਤੀ) ਜੋ ੳਨ੍ਹਾਂ ਦੀ ਸ਼ਖਸੀਅਤ ਦਾ ਪ੍ਰਗਟਾਵਾ ਕਰਦੀ ਹੋਵੇ ਨੂੰ ਪ੍ਰਵਾਣ ਕਰ ਲਿਆ ਹੈ। ਜੋ ਸਿੱਖ ਕੌਮ ਦੀ ਵੱਖਰੀ ਪਛਾਣ ਖਤਮ ਕਰਨ ਵਾਸਤੇ ਸਿੱਖ ਧਰਮ ਦੇ ਗੁਰੂ ਗ੍ਰੰਥ, ਗੁਰੂ ਪੰਥ ਦੇ ਸਿੱਖੀ ਸਿਧਾਂਤ ਉਤੇ ਬਹੁਤ ਵੱਡਾ ਬੌਧਿਕ ਹਮਲਾ ਹੈ। ਦੇਸ਼ ਵਿਦੇਸਾਂ ਵਿੱਚ ਫੈਲੇ ਹੋਏ ਖਾਲਸਾ ਪੰਥ ਨੂੰ ਸਚੇਤ ਰੂਪ ਵਿਚ ਇਸ ਬੌਧਿਕ ਹਮਲੇ ਦਾ ਵਿਰੋਧ ਕਰਨਾ ਚਾਹੀਦਾ ਹੈ।

ਭੁੱਲਾਂ-ਚੁੱਕਾਂ ਦੀ ਖਿਮਾਂ।

ਗੁਰੂ ਪੰਥ ਦਾ ਦਾਸ

ਮਹਿੰਦਰ ਸਿੰਘ ਖਹਿਰਾ

ਲੇਖਕ ਨਾਲ +44-798-992-7477 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

*ਉਕਤ ਲਿਖਤ ਪਹਿਲਾ 3 ਜੁਲਾਈ 2016 ਨੂੰ ਛਾਪੀ ਗਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,