ਆਮ ਖਬਰਾਂ

ਸਕੂਲੀ ਬੱਚਿਆਂ ਨੂੰ ਸਾਫ ਪਾਣੀ ਦੀ ਸਹੂਲਤ ਲਈ ਮਦਦ ਭੇਜੀ

By ਐਡਵੋਕੇਟ ਜਸਪਾਲ ਸਿੰਘ ਮੰਝਪੁਰ

March 26, 2011

ਫਾਜ਼ਿਲਕਾ (26 ਮਾਰਚ, 2011): ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ ਨੇ ਫਜ਼ਿਲਕਾ ਦੇ ਦੋਨਾ ਨਾਨਕਾ ਪਿੰਡ ਦੇ ਸਕੂਲ ਵਿਚ ਪੀਣ ਵਾਲੇ ਪਾਣੀ ਦੀ ਲੋੜ ਪੂਰੀ ਕਰਦਿਆਂ ੫੦੦੦੦/- ਰੁਪਏ ਦੀ ਸੇਵਾ ਭੇਜੀ। ਇਹ ਸੇਵਾ ਉਹਨਾਂ ਨੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ(ਨਜ਼ਰਬੰਦ ਕੇਂਦਰੀ ਜੇਲ਼੍ਹ,ਅੰਮ੍ਰਿਤਸਰ) ਦੀ ਅਗਵਾਈ ਵਿਚ ਭੇਜੀ।

ਇਸ ਰਾਸ਼ੀ ਬੀਤੇ ਦਿਨੀਂ ਲੋਕ ਲਹਿਰ ਫਾਊਡੇਸ਼ਨ ਦੇ ਭਗਵੰਤ ਮਾਨ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਯੂਥ ਆਗੂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਪਿੰਡ ਦੇ ਮੋਹਤਬਾਰਾਂ ਨੂੰ ਸੌਂਪੀ।

ਇਸ ਮੌਕੇ ਭਗਵੰਤ ਮਾਨ ਨੇ ਦੱਸਿਆ ਕਿ ਉਹ ਚੌਥੀ ਵਾਰ ਇਸ ਪਿੰਡ ਵਿਚ ਆਏ ਹਨ ਅਤੇ ਅੱਜ ਉਹਨਾਂ ਨੂੰ ਬੜੀ ਖੁਸ਼ੀ ਹੈ ਕਿ ਪੰਜਾਬ ਤੋਂ ਦੂਰ ਬੈਠੇ ਸਾਡੇ ਭਰਾਵਾਂ ਨੇ ਸਾਡੀ ਪੰਜਾਬੀਆਂ ਦੀ ਬਾਂਹ ਫੜੀ ਹੈ ਜਦ ਕਿ ਇਸਦੇ ਉਲਟ ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਪਾਣੀਆਂ ਤੋਂ ਦੂਰ ਕਰਕੇ ਨਸ਼ਿਆਂ ਵਿਚ ਡੋਬਿਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਐਨੀਆਂ ਕੋਸ਼ਿਸ਼ਾ ਦੇ ਬਾਵਜੂਦ ਸਰਹੱਦੀ ਖੇਤਰ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਬਸ ਇਹੀ ਕੀਤਾ ਜਾ ਰਿਹਾ ਹੈ ਕਿ ਪਿੰਡਾਂ ਵਿਚ ਇਹ ਚੇਤਾਵਨੀ ਲਿਖ ਕੇ ਲਾਈ ਜਾ ਰਹੀ ਹੈ ਕਿ ਇਹਨਾਂ ਪਿੰਡਾਂ ਦੇ ਹੈਂਡ-ਪੰਪਾਂ ਦਾ ਪਣੀ ਪੀਣ ਯੋਗ ਨਹੀਂ ਹੈ ਇਸ ਲਈ ਇਹ ਨਾ ਵਰਤਿਆ ਜਾਵੇ।

ਇਸ ਮੌਕੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਸਤਲੁਜ ਦਰਿਆ ਵਿਚ ਉਦਯੋਗਾਂ ਦੁਆਰਾ ਸੁੱਟੇ ਜਾਂਦੇ ਰਸਾਇਣ ਪਦਾਰਥਾਂ ਕਾਰਨ ਪੰਜਾਬ ਦੇ ਇਹਨਾਂ ਇਲਾਕਿਆਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਪਰ ਸਰਕਾਰਾਂ ਇਹਨਾਂ ਉਦਯੋਗਪਤੀਆਂ ਕੋਲੋਂ ਪਾਰਟੀ ਫੰਡ ਲੈਂਦੀਆਂ ਹਨ ਇਸ ਲਈ ਇਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕਰਦੀਆਂ।

ਆਗੂਆਂ ਨੇ ਲੋਕਾਂ ਨੂੰ ਮੌਜੂਦਾ ਭ੍ਰਿਸ਼ਟ ਪ੍ਰਬੰਧ ਉਖਾੜ ਸੁੱਟਣ ਦੀ ਅਪੀਲ ਕੀਤੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ਼ ਹੈੱਡਮਾਸਟਰ ਲਵਜੀਤ ਸਿੰਘ, ਜਗਤਾਰ ਜੱਗੀ ਆਦਿ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: