ਖਾਸ ਲੇਖੇ/ਰਿਪੋਰਟਾਂ

ਮੌਸਮੀ ਤਬਦੀਲੀ ਦਾ ਕਣਕ ਬਾਜ਼ਾਰ ਉੱਤੇ ਅਸਰ

By ਸਿੱਖ ਸਿਆਸਤ ਬਿਊਰੋ

February 09, 2023

ਪਿਛਲੇ ਦਿਨੀਂ ਆਟੇ ਦੇ ਭਾਅ ਬਹੁਤ ਤੇਜੀ ਨਾਲ ਵਧੇ ਸਨ। ਸ਼ਹਿਰਾਂ ਵਿਚ ਔਸਤ ਕਣਕ ਦਾ ਭਾਅ 33 ਰੁਪਏ ਪ੍ਰਤੀ ਕਿੱਲੋ ਅਤੇ ਆਟੇ ਦਾ ਭਾਅ 38 ਰੁਪਏ ਪ੍ਰਤੀ ਕਿੱਲੋ ਹੋ ਗਿਆ ਸੀ। ਆਟੇ ਦਾ ਭਾਅ ਪਿਛਲੇ ਦਸ ਸਾਲਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ। ਸਰਕਾਰ ਨੇ ਕੇਂਦਰੀ ਭੰਡਾਰ ਵਿਚੋਂ 30 ਲੱਖ ਟਨ ਕਣਕ ਬਜ਼ਾਰ ਵਿਚ ਲਿਆਉਣ ਦਾ ਫ਼ੈਸਲਾ ਕੀਤਾ ਤਾਂ ਕਿ ਆਟੇ ਅਤੇ ਕਣਕ ਦੇ ਵਧਦੇ ਭਾਅ ਨੂੰ ਕਾਬੂ ਕੀਤਾ ਜਾ ਸਕੇ।

ਦਿੱਲੀ ਵਰਗੇ ਵੱਡੇ ਸ਼ਹਿਰਾਂ ਵਿਚ ਕਣਕ ਦੀ ਕਿੱਲਤ ਹੋਣ ਕਰਕੇ ਛੋਟੀਆਂ ਚੱਕੀਆਂ ਬੰਦ ਹੋਣ ਦੀ ਕਗਾਰ ‘ਤੇ ਹਨ ਅਤੇ ਦਰਮਿਆਨੀਆਂ ਚੱਕੀਆਂ 50 ਤੋਂ 70 % ‘ਤੇ ਹੀ ਚੱਲ ਰਹੀਆਂ ਹਨ। ਦਰਮਿਆਨੀਆਂ ਚੱਕੀਆਂ ਵਾਲਿਆਂ ਨੂੰ ਵੀ ਏਹੀ ਡਰ ਹੈ ਕਿ ਕਿਤੇ ਉਨ੍ਹਾਂ ਦਾ ਕੰਮ ਬੰਦ ਨਾ ਹੋ ਜਾਵੇ ਕਿਉਂਕਿ ਕਾਰਪੋਰੇਟ, ਜਿਵੇ ਕਿ ਆਈ. ਟੀ. ਸੀ. ਅਤੇ ਅਡਾਨੀ, ਕਾਫ਼ੀ ਕਣਕ ਭੰਡਾਰ ਕਰਦੇ ਹਨ ਜਿਸ ਕਰਕੇ ਚੱਕੀਆਂ ਵਾਲਿਆਂ ਨੂੰ ਕਣਕ ਮੁਹੱਈਆ ਨਹੀਂ ਹੁੰਦੀ। ਫੂਡ ਕਾਰਪੋਰੇਸ਼ਨ ਆਫ ਇੰਡੀਆ ਤੋਂ ਬਾਅਦ ਦੂਜੇ ਨੰਬਰ ‘ਤੇ ਸਭ ਤੋਂ ਜ਼ਿਆਦਾ ਕਣਕ ਇਕੱਠੀ ਕਰਨ ਵਾਲੀ ਕੰਪਨੀ ਆਈ. ਟੀ. ਸੀ. ਹੈ।

ਭਾਰਤ, ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਅਧੀਨ, 80 ਕਰੋੜ ਲੋਕਾਂ ਨੂੰ ਅਨਾਜ ਮੁਹੱਈਆ ਕਰਵਾਉਂਦਾ ਹੈ। ਜੇਕਰ ਕਿਸੇ ਵੀ ਕਾਰਨ ਕਰਕੇ ਕਣਕ ਦੇ, ਆਟੇ ਦੇ ਭਾਅ ਵਧਦੇ ਹਨ ਤਾਂ ਇਸ ਦਾ ਸਿੱਧਾ-ਸਿੱਧਾ ਅਸਰ ਭਾਰਤ ਦੀ ਭੋਜਨ ਸੁਰੱਖਿਆ ਉੱਤੇ ਪੈਂਦਾ ਹੈ।

ਭਾਰਤ ਸਰਕਾਰ ਨੇ ਮੁਫ਼ਤ ਰਾਸ਼ਨ ਸਕੀਮ ਅਧੀਨ ਅਪ੍ਰੈਲ 2020 ਲੈ ਕੇ ਦਸੰਬਰ 2022 ਤੱਕ 3.43 ਲੱਖ ਕਰੋੜ ਖਰਚ ਕੀਤਾ ਹੈ ਅਤੇ 10 ਕਰੋੜ ਟਨ ਮੁਫ਼ਤ ਅਨਾਜ ਵੰਡਿਆ ਹੈ ਜਿਸ ਵਿਚ ਪੰਜ ਕਿਲੋ ਅਨਾਜ ਪ੍ਰਤੀ ਵਿਅਕਤੀ 80 ਕਰੋੜ ਲੋਕਾਂ ਨੂੰ ਦਿੱਤਾ ਗਿਆ। ਕਿਸੇ ਵੀ ਦੇਸ਼ ਵਾਸਤੇ ਇੰਨੀ ਵੱਡੀ ਤਦਾਦ ਵਿਚ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣਾ ਇਕ ਬੜੀ ਵੱਡੀ ਜ਼ਿੰਮੇਵਾਰੀ ਹੈ ਅਤੇ ਜੇਕਰ ਕਿਸੇ ਕਾਰਨ ਕਰਕੇ ਅਨਾਜ ਦੀ ਪੈਦਾਵਾਰ ਵਿਚ ਕਮੀ ਆਉਂਦੀ ਹੈ ਤਾਂ ਇੰਨੇ ਲੋਕਾਂ ਨੂੰ ਅਨਾਜ ਦੇਣਾ ਬਹੁਤ ਔਖਾ ਹੋ ਜਾਂਦਾ ਹੈ।

ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਮਾਰਚ 2022 ਵਿੱਚ ਪਈ ਗਰਮੀ ਦੇ ਕਾਰਨ ਪੰਜਾਬ ਦੀ 29% ਕਣਕ ਮੰਡੀਆਂ ਵਿੱਚ ਘੱਟ ਪਹੁੰਚੀ ਸੀ। 2022 ਵਿੱਚ ਪੰਜਾਬ ਸਰਕਾਰ ਦਾ ਟੀਚਾ 132 ਲੱਖ ਟਨ ਦਾ ਸੀ ਪਰ ਮੰਡੀਆਂ ਵਿੱਚ ਕਣਕ 93.63 ਲੱਖ ਟਨ ਹੀ ਪਹੁੰਚੀ ਜੋ ਕਿ ਪਿਛਲੇ 15 ਸਾਲ ਵਿੱਚ ਸਭ ਤੋਂ ਘੱਟ ਹੈ।

ਆਂਕੜੇ ਪੰਜਾਬ ਦੀ ਕੁੱਲ ਕਣਕ ਦੀ ਪੈਦਾਵਾਰ 2022 ਵਿਚ 148 ਲੱਖ ਟਨ ਸੀ ਅਤੇ 2021 ਵਿੱਚ 170 ਲੱਖ ਟਨ ਸੀ। ਭਾਰਤ ਦੇ ਕੇਂਦਰੀ ਭੰਡਾਰ ਵਿਚ 2022 ਵਿਚ ਕਣਕ ਦਾ ਕੁਲ ਭੰਡਾਰ 187 ਲੱਖ ਟਨ ਸੀ ਅਤੇ 2021 ਵਿਚ 323 ਲੱਖ ਟਨ ਸੀ। ਭਾਰਤ ਦੀ ਕੁੱਲ ਕਣਕ ਦੀ ਪੈਦਾਵਾਰ 2022 ਵਿਚ 1068 ਲੱਖ ਟਨ ਸੀ ਅਤੇ 2021 ਵਿਚ 1095 ਲੱਖ ਟਨ ਸੀ। ਸਾਲ 2022 ਵਿੱਚ ਭਾਰਤ ਨੇ ਕੇਂਦਰੀ ਭੰਡਾਰ ਵਿੱਚ 187 ਲੱਖ ਟਨ ਕਣਕ ਇਕੱਠੀ ਕੀਤੀ ਜਿਸ ਵਿੱਚੋਂ ਪੰਜਾਬ ਦੀ ਕਣਕ 96 ਲੱਖ ਟਨ ਹੈ ਜੋ ਕਿ ਕੁੱਲ ਕੇਂਦਰੀ ਭੰਡਾਰ ਦਾ 51% ਸੀ। ਭਾਰਤ ਨੂੰ ਹਰ ਸਾਲ ਜਨਤਕ ਵੰਡ ਪ੍ਰਣਾਲੀ (ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ) ਲਈ 260 ਲੱਖ ਟਨ ਕਣਕ ਦੀ ਲੋੜ ਪੈਂਦੀ ਹੈ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਲਈ 180 ਲੱਖ ਟਨ ਕਣਕ ਦੀ ਲੋੜ ਹੁੰਦੀ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਜੇਕਰ ਇਸ ਸਾਲ ਪਿਛਲੇ ਸਾਲ ਵਾਂਗੂੰ ਮਾਰਚ ਮਹੀਨੇ ਗਰਮੀ ਪੈਂਦੀ ਹੈ ਤਾਂ ਭਾਰਤ ਨੂੰ ਕਣਕ ਦਰਾਮਦ(ਇੰਪੋਰਟ) ਕਰਨੀ ਪੈ ਸਕਦੀ ਹੈ। ਯੂਕਰੇਨ ਅਤੇ ਰੂਸ ਦੀ ਚੱਲ ਰਹੀ ਜੰਗ ਕਰਕੇ ਅੰਤਰਰਾਸ਼ਟਰੀ ਕਣਕ ਦੇ ਭਾਅ ਭਾਰਤ ਨਾਲੋਂ ਜ਼ਿਆਦਾ ਚਲ ਰਹੇ ਹਨ। ਇਸ ਕਰਕੇ ਕੋਈ ਸਸਤਾ ਸੌਦਾ ਨਹੀਂ ਹੈ। ਆਲਮੀ ਤਪਸ਼ ਅਤੇ ਬਦਲ ਰਹੇ ਮੌਸਮੀ ਚੱਕਰ ਪੂਰੇ ਵਿਸ਼ਵ ਦੀ ਭੋਜਨ ਸੁਰੱਖਿਆ ਉੱਤੇ ਡੂੰਘਾ ਪ੍ਰਭਾਵ ਪਾ ਰਹੇ ਹਨ। ਇਸ ਸੰਬੰਧੀ ਭਾਰਤ ਸਰਕਾਰ ਨੂੰ ਵੀ ਭੋਜਨ ਸੁਰੱਖਿਆ ਵਾਸਤੇ ਕੁਝ ਕਦਮ ਯਕੀਨਨ ਲੈਣੇ ਪੈਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: