ਸਿੱਖ ਖਬਰਾਂ

ਸ਼ਹੀਦੀ ਯਾਦਗਾਰ ਦਾ ਮਸਲਾ ਮੁੜ ਭਖਿਆ; ਪੰਥਕ ਜਥੇਬੰਦੀਆਂ ਦਾ ਇਕੱਠ 27 ਨੂੰ

By ਸਿੱਖ ਸਿਆਸਤ ਬਿਊਰੋ

May 21, 2011

ਅੰਮ੍ਰਿਤਸਰ (21 ਮਈ, 2011): ਸਾਕਾ ਨੀਲਾ ਤਾਰਾ ਦੀ 27ਵੀਂ ਵਰ੍ਹੇਗੰਢ ਮੌਕੇ ਜੂਨ 1984 ਦੇ ਘੱਲੂਘਾਰੇ ਦੀ ਸ਼ਹੀਦੀ ਯਾਦਗਾਰ ਦਾ ਮੁੱਦਾ ਭਖਦਾ ਨਜ਼ਰ ਆ ਰਿਹਾ ਹੈ। ਇਸ ਵਾਰ ਸਿੱਖ ਜਥੇਬੰਦੀਆਂ ਨੇ ਅਕਾਲੀਆਂ ਉਤੇ ਇਲਜ਼ਾਮ ਲਾਇਆ ਹੈ ਕਿ ਉਹ ਸ਼ਹੀਦੀ ਯਾਦਗਾਰ ਬਾਰੇ ਦੜ ਵੱਟੀ ਬੈਠੇ ਹਨ ਕਿਉਂਕਿ ਉਨ੍ਹਾਂ ਨੂੰ ਭਾਰਤੀ ਆਗੂਆਂ ਦਾ ਖੌਫ ਸਤਾ ਰਿਹਾ ਹੈ ਜਿੰਨਾਂ ਨੇ ਦਰਬਾਰ ਸਾਹਿਬ ਉਤੇ 27 ਵਰ੍ਹੇ ਪਹਿਲਾਂ ਫੌਜਾਂ ਚਾੜ੍ਹਨ ਦਾ ਹੁਕਮ ਦਿੱਤਾ ਸੀ।

ਸ਼ਹੀਦੀ ਯਾਦਗਾਰ ਦੇ ਮੁੱਦੇ ਤੇ ਸ਼੍ਰੋਮਣੀ ਕਮੇਟੀ ਦੇ ਢਿੱਲੇ ਰਵੱਈਏ ਤੋਂ ਅੱਕ ਕੇ ਦਲ ਖਾਲਸਾ ਦੇ ਕੌਮੀ ਆਗੂ ਸਤਨਾਮ ਸਿੰਘ ਪਾਉਂਟਾ ਸਾਹਿਬ ਪਿਛਲੇ ਸਾਲ ਸ਼੍ਰੋਮਣੀ ਕਮੇਟੀ ਦੇ ਦਫਤਰ 72 ਘੰਟੇ ਭੁੱਖ ਹੜਤਾਲ ਤੇ ਵੀ ਬੈਠੇ ਸਨ। ਸ਼੍ਰੋਮਣੀ ਕਮੇਟੀ ਨੂੰ ਉਸਦੇ 20 ਫਰਵਰੀ 2002 ਨੂੰ ਪਾਸ ਕੀਤੇ ਮਤੇ ਨੂੰ ਲਾਗੂ ਕਰਨ ਬਾਰੇ ਯਾਦ ਕਰਵਾਉਣ ਲਈ ਜਥੇਬੰਦੀ ਵਲੋਂ ਅੱਜ ਜਨਤਕ ਮੁਹਿੰਮ ਵਿੱਢੀ ਗਈ ਹੈ। ਸ਼੍ਰੋਮਣੀ ਕਮੇਟੀ ਨੇ ਫਰਵਰੀ 2002 ਤੇ ਫਿਰ ਜੂਨ 2005 ਵਿਚ ਸ਼ਹੀਦੀ ਯਾਦਗਾਰ ਬਣਾਉਣ ਲਈ ਪਹਿਲਕਦਮੀ ਕੀਤੀ ਸੀ ਪਰ ਦੋਵੇਂ ਮੌਕਿਆਂ ਤੇ ਸ਼ਾਇਦ ਦਿੱਲੀ ਤੋਂ ਪਾਏ ਦਬਾਅ ਕਰਕੇ ਪਿੱਛੇ ਹਟਣਾ ਪਿਆ।

ਇਸ ਸਾਲ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਸ਼ਹੀਦਾਂ ਦੀ ਯਾਦਗਾਰ ਬਣਵਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ। ਦਲ ਦੇ ਆਗੂਆਂ ਨੇ ਯਾਦਗਾਰ ਬਣਵਾਉਣ ਲਈ ਇਕ ਯਾਦ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ ਸੌਂਪਿਆ ਹੈ ਤੇ ਸ਼੍ਰੋਮਣੀ ਕਮੇਟੀ ਨੂੰ 27 ਮਈ, 2011 ਤੱਕ ਯਾਦਗਾਰ ਬਣਾਉਣ ਬਾਰੇ ਠੋਸ ਯਤਨ ਸ਼ੁਰੂ ਕਰਨ ਲਈ ਸਮਾਂ ਦਿੱਤਾ ਹੈ। ਦਲ ਦੇ ਆਗੂਆਂ ਅਨੁਸਾਰ ਅਜਿਹਾ ਨਾ ਹੋਣ ਦੀ ਸੂਰਤ ਵਿਚ ਉਹ ਪੰਥਕ ਜਥੇਬੰਦੀਆਂ ਨਾਲ ਰਲ ਕੇ ਸੰਘਰਸ਼ ਵਿੱਡਣਗੇ।

ਸ਼੍ਰੋਮਣੀ ਕਮੇਟੀ ਉਤੇ ਪ੍ਰਭਾਵ ਪਾਉਣ ਲਈ ਦਲ ਖਾਲਸਾ ਦੇ ਯੂਥ ਬ੍ਰਿਗੇਡ ਨੇ ਅੱਜ ਸਰਬਜੀਤ ਸਿੰਘ ਘੁਮਾਣ ਤੇ ਰਣਬੀਰ ਸਿੰਘ ਹੁਸ਼ਿਆਰਪੁਰ ਦੀ ਅਗਵਾਈ ਵਿਚ “ਇਸ਼ਤਿਹਾਰੀ ਜੰਗ” ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ “ਸਿੱਖ ਯੂਥ ਆਫ ਪੰਜਾਬ” ਜਥੇਬੰਦੀ ਦੇ ਮੈਂਬਰ ਗੁਰਪ੍ਰੀਤ ਸਿੰਘ ਮਾਨ ਅਤੇ ਨੋਬਲਜੀਤ ਸਿੰਘ ਦੀ ਅਗਵਾਈ ਵਿੱਚ ਸ਼ਾਮਿਲ ਸਨ।

ਜਥੇਬੰਦੀ ਨੇ ਅੱਜ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ, ਅੰਮ੍ਰਿਤਸਰ ਸ਼ਹਿਰ ਦੇ ਹਾਲ ਗੇਟ ਤੇ ਹੋਰ ਮੁੱਖ ਬਜ਼ਾਰਾਂ ਵਿਚ ਹਜਾਰਾਂ ਦੀ ਗਿਣਤੀ ਵਿਚ ਇਸ਼ਤਿਹਾਰ ਤੇ ਪਰਚੇ ਵੰਡਕੇ ਸ਼ਰੋਮਣੀ ਕਮੇਟੀ ਲਈ ਮੁਸੀਬਤ ਖੜ੍ਹੀ ਕਰ ਦਿੱਤੀ। ਇਹਨਾਂ ਇਸ਼ਤਿਹਾਰਾਂ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਕੋਲੋਂ ਕਈ ਸਵਾਲ ਪੁਛੇ ਗਏ ਹਨ।

ਦਲ ਖਾਲਸਾ ਨੇ ਪੁੱਛਿਆ ਹੈ ਕਿ ਜਥੇਦਾਰ ਅਵਤਾਰ ਸਿੰਘ ਦੱਸਣ ਕਿ ਸ਼ਹੀਦੀ ਯਾਦਗਾਰ ਬਣਾਉਣ ਤੋਂ ਉਨ੍ਹਾਂ ਨੂੰ ਕੌਣ ਰੋਕ ਰਿਹਾ ਹੈ? ਕੀ ਉਨ੍ਹਾਂ ਨੂੰ ਹਿੰਦੋਸਤਾਨ ਹਕੂਮਤ ਦਾ ਡਰ ਖਾ ਰਿਹਾ ਹੈ।

ਦਲ ਖਾਲਸਾ ਨੇ ਸਿੱਖ ਕੌਮ ਨੂੰ ਉਨ੍ਹਾਂ ਕਾਰਨਾਂ ਦਾ ਅਧਿਐਨ ਕਰਨ ਲਈ ਕਿਹਾ ਹੈ ਜਿਸ ਕਰਕੇ ਸ਼੍ਰੋਮਣੀ ਕਮੇਟੀ ਗੰਭੀਰ ਮੁੱਦਿਆਂ ਤੋਂ ਟਾਲ਼ੇ ਵੱਟ ਰਹੀ ਹੈ। ਇਹ ਵੀ ਕਿਹਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਆਪਣੀ ਸਥਿਤੀ ਸ਼ਹੀਦੀ ਯਾਦਗਾਰ ਦੇ ਮੁੱਦੇ ਤੇ ਹਾਸੋਹੀਣੀ ਕਿਉਂ ਬਣਾ ਲਈ ਹੈ।

ਇਸ਼ਤਿਹਾਰਾਂ ਵਿਚ ਸ਼੍ਰੋਮਣੀ ਕਮੇਟੀ ਤੇ ਜਥੇਦਾਰਾਂ ਵਲੋ ਧਾਰਨ ਕੀਤੀ ਗਈ ਖੜੋਤ ਦੀ ਵੀ ਆਲੋਚਨਾ ਕੀਤੀ ਗਈ ਹੈ। ਦਲ ਖਾਲਸਾ ਨੇ ਪੁਛਿਆ,“ਸਿੱਖ ਸ਼ਹੀਦਾਂ ਨੂੰ ਬਣਦਾ ਮਾਣ-ਸਨਮਾਨ ਦੇਣ ਵਿਚ ਧਾਰਮਿਕ ਲੀਡਰਸ਼ਿਪ ਕਿਉਂ ਢਿੱਲ ਵਰਤ ਰਹੀ ਹੈ।

ਵਿਸ਼ੇਸ਼ ਗੱਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਸੁੱਤੀ ਹੋਈ ਜ਼ਮੀਰ ਨੂੰ ਝੰਜੋੜਣ ਲਈ “ਕੀ ਕੀਤਾ ਜਾਵੇ” ਇਸ ਸਬੰਧੀ ਦਲ ਖਾਲਸਾ ਨੇ 27 ਮਈ ਤੱਕ ਸਿੱਖ ਸੰਗਤਾਂ ਨੂੰ ਸੁਝਾਅ ਦੇਣ ਲਈ ਬੇਨਤੀ ਕੀਤੀ ਹੈ। ਇਸ਼ਤਿਹਾਰ ਵਿਚ ਹੁਣ ਤੱਕ ਜਥੇਬੰਦੀ ਵਲੋਂ ਦਿੱਤੇ ਗਏ ਯਾਦ-ਪੱਤਰਾਂ, ਕੱਢੇ ਗਏ ਮਾਰਚਾਂ, ਧਰਨਿਆਂ ਤੇ ਭੁੱਖ-ਹੜਤਾਲਾਂ ਦੇ ਵੇਰਵੇ ਦੇਕੇ ਸਿੱਖ ਸਮਾਜ ਤੋਂ ਪੁੱਛਿਆ ਗਿਆ ਹੈ ਕਿ “ਹੁਣ ਹੋਰ ਕੀ ਕੀਤਾ ਜਾਵੇ”।

ਕੰਵਰਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਸਿੱਖ ਕੌਮ ਵਿਚ ਜਾਗਰਤੀ ਪੈਦਾ ਕਰਨ ਲਈ ਇਸ਼ਤਿਹਾਰ ਸਾਰੇ ਗੁਰਧਾਮਾਂ ਦੇ ਬਾਹਰ ਲਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਅਗਲੀ ਰਣਨੀਤੀ ਉਲੀਕਣ ਲਈ ਹਮ-ਖਿਆਲੀ ਪਾਰਟੀਆਂ ਦੀ ਮੀਟਿੰਗ 27 ਮਈ ਨੂੰ ਅੰਮ੍ਰਿਤਸਰ ਵਿਖੇ ਹੋਵੇਗੀ। ਉਨ੍ਹਾਂ ਕਿਹਾ ਕਿ ਮੀਟਿੰਗ ਦਾ ਇਹ ਫੈਸਲਾ ਬੀਤੇ ਦਿਨੀ ਦਲ ਖਾਲਸਾ ਦਫਤਰ ਵਿਚ ਪੰਥਕ ਸੇਵਾ ਲਹਿਰ ਦੇ ਚੇਅਰਮੈਨ ਬਾਬਾ ਬਲਜੀਤ ਸਿੰਘ ਦਾਦੂਵਾਲ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਸ. ਹਰਪਾਲ ਸਿੰਘ ਚੀਮਾ, ਖਾਲਸਾ ਐਕਸ਼ਨ ਕਮੇਟੀ ਦੇ ਚੇਅਰਮੈਨ ਭਾਈ ਮੋਹਕਮ ਸਿੰਘ ਤੇ ਦਲ ਖਾਲਸਾ ਪ੍ਰਧਾਨ ਸ. ਹਰਚਰਨਜੀਤ ਸਿੰਘ ਧਾਮੀ ਦੀ ਹੋਈ ਮੀਟਿੰਗ ਵਿਚ ਲਿਆ ਗਿਆ ਹੈ।

ਉਨਾਂ ਕਿਹਾ ਕਿ ਸਮੂਹ ਪੰਥਕ ਧਿਰਾਂ ਨੂੰ ਇਸ ਮੁੱਦੇ ਉਤੇ ਇਕਮੱਤ ਕਰਨ ਰਾਜਸੀ ਜਥੇਬੰਦੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਨੌਜਵਾਨ ਜਥੇਬੰਦੀਆਂ, ਅਖੰਡ ਕੀਰਤਨੀ ਜਥਾ ਅਤੇ ਦਮਦਮੀ ਟਕਸਾਲ ਨੂੰ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਸੱਦਾ ਭੇਜਿਆ ਜਾਵੇਗਾ। ਉਹਨਾਂ ਸਪਸ਼ਟ ਕੀਤਾ ਕਿ ਅੰਤਿਮ ਫੈਸਲਾ 27 ਮਈ ਦੀ ਮੀਟਿੰਗ ਵਿੱਚ ਸਾਰਿਆਂ ਦੀ ਰਾਏ ਨਾਲ ਲਿਆ ਜਾਵੇਗਾ। ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਬਲਦੇਵ ਸਿੰਘ ਗ੍ਰੰਥਗੜ, ਗੁਰਦੀਪ ਸਿੰਘ ਕਾਲਕਟ, ਬਲਜੀਤ ਸਿੰਘ, ਤਰਜਿੰਦਰ ਸਿੰਘ, ਸਰਵਕਾਰ ਸਿੰਘ, ਪਰਮਜੀਤ ਸਿੰਘ ਆਦਿ ਸ਼ਾਮਿਲ ਸਨ।

ਪੰਥਕ ਸੇਵਾ ਲਹਿਰ ਦੇ ਚੇਅਰਮੈਨ ਬਾਬਾ ਬਲਜੀਤ ਸਿੰਘ ਦਾਦੂਵਾਲ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਸ. ਹਰਪਾਲ ਸਿੰਘ ਚੀਮਾ, ਖਾਲਸਾ ਐਕਸ਼ਨ ਕਮੇਟੀ ਦੇ ਚੇਅਰਮੈਨ ਭਾਈ ਮੋਹਕਮ ਸਿੰਘ ਤੇ ਦਲ ਖਾਲਸਾ ਪ੍ਰਧਾਨ ਸ. ਹਰਚਰਨਜੀਤ ਸਿੰਘ ਧਾਮੀ ਨੇ ਇੱਕ ਸਾਂਝਾ ਬਿਆਨ ਜ਼ਾਰੀ ਕਰਕੇ ਜੂਨ 1984 ਦੇ ਘੱਲੂਘਾਰੇ ਦੀ ਸ਼ਹੀਦੀ ਯਾਦਗਾਰ ਦੇ ਮੁੱਦੇ ਉਤੇ ਪੰਥ ਅੰਦਰ ਇੱਕ ਰਾਏ ਪੈਦਾ ਕਰਨ ਦੇ ਮੰਤਵ ਨਾਲ 27 ਮਈ ਨੂੰ ਅੰਮਿਤਸਰ ਵਿਖੇ ਮੀਟਿੰਗ ਸੱਦ ਲਈ ਹੈ।

ਪ੍ਰੈਸ ਦਾ ਨਾਂ ਜਾਰੀ ਬਿਆਨ ਵਿੱਚ ਕੰਵਰਪਾਲ ਸਿੰਘ ਨੇ ਦਸਿਆ ਕਿ ਸਿੱਖ ਸ਼ਹੀਦਾਂ ਨੂੰ ਬਣਦਾ ਮਾਣ-ਸਨਮਾਨ ਦੇਣ ਵਿਚ ਧਾਰਮਿਕ ਲੀਡਰਸ਼ਿਪ ਢਿੱਲ ਵਰਤ ਰਹੀ ਹੈ। ਉਹਨਾਂ ਫੈਡਰੇਸ਼ਨ ਗਰੇਵਾਲ, ਮਹਿਤਾ ਅਤੇ ਸੰਤ ਸਮਾਜ ਵਲੋਂ ਇਸ ਸਬੰਧ ਵਿੱਚ ਅਵਾਜ਼ ਬੁਲੰਦ ਕਰਨ ਦਾ ਸੁਆਗਤ ਕਰਦਿਆਂ ਕਿਹਾ ਕਿ ਇਹ ਮੁੱਦਾ ਸਮੁਚੀ ਕੌਮ ਦਾ ਸਾਂਝਾ ਹੈ। ਉਹਨਾਂ ਕਿਹਾ ਕਿ ਸਮਾ ਆਪਸੀ ਵਖਰੇਵਿਆਂ ਵਿੱਚ ਉਲਝਣ ਦਾ ਨਹੀ ਹੈ ਸਗੋਂ ਕੌਮੀ ਮਸਲਿਆਂ ਨੂੰ ਹੱਲ ਕਰਨ ਦਾ ਹੈ।

ਦਲ ਖਾਲਸਾ ਨੇ ਅਕਾਲੀਆਂ ਉਤੇ ਇਲਜ਼ਾਮ ਲਾਇਆ ਹੈ ਕਿ ਉਹ ਸ਼ਹੀਦੀ ਯਾਦਗਾਰ ਬਾਰੇ ਦੜ ਵੱਟੀ ਬੈਠੇ ਹਨ ਕਿਉਂਕਿ ਉਨ੍ਹਾਂ ਨੂੰ ਭਾਰਤੀ ਆਗੂਆਂ ਦਾ ਖੌਫ ਸਤਾ ਰਿਹਾ ਹੈ ਜਿੰਨਾਂ ਨੇ ਦਰਬਾਰ ਸਾਹਿਬ ਉਤੇ 27 ਵਰ੍ਹੇ ਪਹਿਲਾਂ ਫੌਜਾਂ ਚਾੜ੍ਹਨ ਦਾ ਹੁਕਮ ਦਿੱਤਾ ਸੀ।

ਵਰਨਣਯੋਗ ਹੈ ਕਿ ਸ਼ਹੀਦੀ ਯਾਦਗਾਰ ਦੇ ਮੁੱਦੇ ਤੇ ਸ਼੍ਰੋਮਣੀ ਕਮੇਟੀ ਦੇ ਢਿੱਲੇ ਰਵੱਈਏ ਤੋਂ ਅੱਕ ਕੇ ਦਲ ਖਾਲਸਾ ਦੇ ਵਰਕਰ ਪਿਛਲੇ ਸਾਲ ਸ਼੍ਰੋਮਣੀ ਕਮੇਟੀ ਦੇ ਦਫਤਰ 72 ਘੰਟੇ ਭੁੱਖ ਹੜਤਾਲ ਤੇ ਵੀ ਬੈਠੇ ਸਨ। ਉਨ੍ਹਾਂ ਸਪਸ਼ਟ ਕੀਤਾ ਕਿ ਅੰਤਿਮ ਫੈਸਲਾ 27 ਮਈ ਨੂੰ ਹਮ-ਖਿਆਲੀ ਪਾਰਟੀਆਂ ਦੀ ਹੋਣ ਵਾਲੀ ਮੀਟਿੰਗ ਵਿੱਚ ਲਿਆ ਜਾਵੇਗਾ।

ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਲੋਂ ਪੋਸਟਰ ਪਾੜ੍ਹਨ ਦੀ ਘਟਨਾ ਦੀ ਨਿੰਦਾ ਕਰਦਿਆਂ ਉਹਨਾਂ ਕਿਹਾ ਕਿ ਇਹ ਜਥੇਦਾਰ ਮੱਕੜ ਦੇ ਬੁਖਲਾਹਟ ਦੀ ਨਿਸ਼ਾਨੀ ਹੈ। ਉਹਨਾਂ ਕਿਹਾ ਕਿ ਸ਼ਹੀਦਾਂ ਦੇ ਇਸ਼ਤਿਹਾਰ ਪਾੜ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੇ ਨੀਵੇ ਦਰਜੇ ਦੀ ਮਾਨਸਿਕਤਾ ਦਾ ਸਬੂਤ ਦਿੱਤਾ ਹੈ। ਉਹਨਾਂ ਸ. ਮੱਕੜ ਨੂੰ ਕਿਹਾ ਕਿ ਉਹ ਅਸਲ ਮੁੱਦੇ ਤੋਂ ਭੱਜਣ ਦੀ ਥਾਂ ਪੰਥ ਨੂੰ ਦੱਸਣ ਕਿ ਕਦੋਂ ਬਣੇਗੀ ਸ਼ਹੀਦੀ ਯਾਦਗਾਰ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: