April 13, 2011 | By ਸਿੱਖ ਸਿਆਸਤ ਬਿਊਰੋ
ਨਾਭਾ ਜੇਲ੍ਹ ਵਿਚ ਕੈਦ ਭਾਈ ਲਾਲ ਸਿੰਘ ਤੇ ਭਾਈ ਮੇਜਰ ਸਿੰਘ ਉਮਰ ਕੈਦ ਦੀ ਬਣਦੀ ਕਾਨੂੰਨੀ ਮਿਆਦ ਤੋਂ ਵੱਧ ਸਜ਼ਾ ਭੁਗਤ ਚੁੱਕੇ ਹਨ ਪਰ ਸੰਬੰਧਤ ਸਰਕਾਰਾਂ ਸਿਆਸੀ ਕਾਰਨਾਂ ਕਰਕੇ ਉਨ੍ਹਾਂ ਦੀ ਰਿਹਾਈ ਨਹੀਂ ਕਰ ਰਹੀਆਂ…
ਫ਼ਤਿਹਗੜ੍ਹ ਸਾਹਿਬ (12 ਅਪ੍ਰੈਲ, 2011): ਅੱਜ ਨਾਭਾ ਜੇਲ੍ਹ ਵਿੱਚ ਨਜ਼ਰਬੰਦ ਸਿੱਖ ਨੌਜਵਾਨਾਂ ਨੂੰ ਮਿਲਣ ਪਿੱਛੋਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਗ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਵਿਸਾਖੀ ਦੇ ਦਿਹਾੜੇ ਮੌਕੇ ਪੰਜਾਬ ਸਰਕਾਰ ਵਲੋਂ ਕੈਦੀਆਂ ਦੀ ਸ਼ਜ਼ਾ ਵਿਚ ਦਿੱਤੀ ਗਈ ਛੋਟ ਦਾ ਲਾਭ ਹੋਰਨਾਂ ਕੈਦੀਆਂ ਦੇ ਨਾਲ-ਨਾਲ ਸ਼ੰਗੀਨ ਦੋਸ਼ਾਂ ਅਧੀਨ ਕੈਦੀਆਂ ਨੂੰ ਵੀ ਮਿਲ ਜਾਵੇਗਾ ਪਰ ਕੌਮ ਲਈ ਕੁਰਬਾਨੀਆਂ ਕਰਨ ਵਾਲੇ ਕੈਦੀਆ ਨੂੰ ਇਸਤੋਂ ਵਿਰਵੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਖਾਲਸਾ ਸਥਾਪਨਾ ਦਿਵਸ ਮੌਕੇ ਦਿੱਤੀ ਗਈ ਇਸ ਛੋਟ ਦਾ ਦਾ ਲਾਭ ਅਸਲ ਖਾਲਸਿਆਂ ਨੂੰ ਤਾਂ ਮਿਲ ਹੀ ਨਹੀਂ ਸਕੇਗਾ।
ਉਕਤ ਆਗੂਆਂ ਨੇ ਕਿਹਾ ਕਿ ਅਪਣੇ ਲੋਕਾਂ, ਸਮਾਜ ਤੇ ਕੌਮ ਦੀ ਬਿਹਤਰੀ ਲਈ ਯੋਗਦਾਨ ਪਾਉਣ ਵਾਲੇ ਅਨੇਕਾ ਹੀ ਸਿੱਖ ਵੱਖ-ਵੱਖ ਜੇਲ੍ਹਾਂ ਵਿਚ ਬੰਦ ਹਨ। ਇਸ ਤੋਂ ਪਹਿਲਾਂ ਵੀ ਜਦੋਂ ਵੀ ਕਦੇ ਕੈਦੀਆਂ ਨੂੰ ਸਜ਼ਾਵਾਂ ਵਿੱਚ ਛੋਟ ਦਾ ਐਲਾਨ ਕੀਤਾ ਗਿਆ ਤਾਂ ਹਮੇਸਾਂ ਹੀ ਸਿੱਖ ਕੌਮ ਲਈ ਕੁਰਬਾਨੀਆਂ ਕਰਨ ਵਾਲੇ ਕੈਦੀਆਂ ਨੂੰ ਅਜਿਹੀਆਂ ਛੋਟਾਂ ਤੋਂ ਬਾਹਰ ਹੀ ਰੱਖਿਆ ਗਿਆ। ਵੱਖ-ਵੱਖ ਸਮਿਆਂ ਤੇ ਇਨ੍ਹਾਂ ਕੈਦੀਆਂ ਨੇ ਅਪਣੇ ਤੌਰ ’ਤੇ ਪੈਸੇ ਖ਼ਰਚ ਕਰਕੇ ਅਦਾਲਤਾਂ ਰਾਹੀਂ ਤਾਂ ਇਨ੍ਹਾਂ ਛੋਟਾਂ ਦਾ ਲਾਭ ਲੈਣ ਦੀ ਕੋਸ਼ਿਸ਼ ਕੀਤੀ ਹੈ ਪਰ ਪੰਜਾਬ ਤੇ ਕੇਂਦਰ ਦੀ ਹਰ ਸਰਕਾਰ ਨੇ ਇਨ੍ਹਾਂ ਨੂੰ ਹਮੇਸਾਂ ਨਜ਼ਰ ਅੰਦਾਜ਼ ਹੀ ਕੀਤਾ ਹੈ ਜਦ ਕਿ ਸਮਾਜ ਲਈ ਅਤਿ ਖ਼ਤਰਨਾਕ ਮੁਜ਼ਰਿਮ ਜਿਨ੍ਹਾਂ ਵਿੱਚ ਕਾਤਲ, ਬਲਾਤਕਾਰੀ, ਡਕੈਤ, ਫਿਰੌਤੀਬਾਜ਼ ਆਦਿ ਵੀ ਸ਼ਾਮਿਲ ਹੁੰਦੇ ਹਨ, ਅਜਿਹੀਆਂ ਰਿਆਇਤਾਂ ਦਾ ਲਾਭ ਲੈ ਜਾਂਦੇ ਹਨ। ਉਕਤ ਆਗੂਆਂ ਨੇ ਮੰਗ ਕੀਤੀ ਕਿ ਖਾਲਸਾ ਸਾਜਨਾ ਦਿਵਸ ਮੌਕੇ ਦਿੱਤੀ ਜਾ ਰਹੀ ਇਸ ਰਿਆਇਤ ਦਾ ਲਾਭ ਬਿਨਾਂ ਕਿਸੇ ਭੇਦ-ਭਾਵ ਦੇ ਸਿੱਖ ਕੈਦੀਆਂ ਨੂੰ ਵੀ ਦਿੱਤਾ ਜਾਵੇ।
Related Topics: Akali Dal Panch Pardhani, Bhai Lal Singh Akalgarh, Sikhs in Jails