December 10, 2009 | By ਸਿੱਖ ਸਿਆਸਤ ਬਿਊਰੋ
ਜਲੰਧਰ (3 ਦਿਸੰਬਰ, 2009): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜਾਰੀ ਤੋਂ ਨਿਰਾਸ਼ ਦਲ ਖ਼ਾਲਸਾ ਅਤੇ ਹੋਰਨਾਂ ਪੰਥਕ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੀ ਕਾਇਆ ਕਲਪ ਕਰਨ ਦਾ ਸੱਦਾ ਦਿੱਤਾ ਹੈ।ਪੰਥਕ ਜਥੇਬੰਦੀਆਂ ਦੇ ਪ੍ਰਤੀਨਿਧ ਇਕੱਠ ਵਿਚ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਦਲ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਦੀ ਸਮੁੱਚੀ ਕਾਰਗੁਜਾਰੀ ਦਾ ਬਹੁ-ਪੱਖੀ ਲੇਖਾ-ਜੋਖਾ ਕਰਦਿਆਂ 8 ਸਫਿਆਂ ਦੀ ਰਿਪੋਰਟ ਜਾਰੀ ਕੀਤੀ।
ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਵੱਲੋਂ ਪੰਥਕ ਇਜਲਾਸ ਦੌਰਾਨ ਪੜੀ ਗਈ ਗਈ ਰਿਪੋਰਟ ਵਿਚ ਸਪੱਸ਼ਟ ਰੂਪ ਵਿਚ ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ ਧਾਰਮਿਕ ਖੇਤਰ ਵਿਚ ਨਾਕਾਮ ਰਹੀ ਹੈ ਅਤੇ ਨਤੀਜੇ ਵਜੋਂ ਡੇਰਾਵਾਦ ਦਾ ਫੈਲਾਅ ਹੋਇਆ ਹੈ।ਉਹਨਾਂ ਕਿਹਾ ਕਿ ਸ਼੍ਰ੍ਰੋਮਣੀ ਕਮੇਟੀ ਨੂੰ ਸਿੱਖਾਂ ਦੀ ਪਾਰਲੀਮੈਂਟ ਕਿਹਾ ਜਾਂਦਾ ਹੈ, ਪਰ ਕਮੇਟੀ ਨੇ ਕਦੇ ਵੀ ਪਾਰਲੀਮੈਂਟ ਦੀ ਤਰਾਂ ਕੰਮ ਨਹੀਂ ਕੀਤਾ।ਉਹਨਾਂ ਕਿਹਾ ਕਿ ਸਾਲ ਵਿਚ ਸਿਰਫ ਦੋ ਵਾਰ ਹੀ ਜਨਰਲ ਹਾਊਸ ਦਾ ਇਜਲਾਸ ਸੱਦਿਆ ਜਾਂਦਾ ਹੈ ਅਤੇ ਦੋਹਾਂ ਇਜਲਾਸਾਂ ਵਿਚ ਪਹਿਲਾਂ ਹੀ ਪਾਸ ਕੀਤੇ ਮਤਿਆਂ ‘ਤੇ ਹੱਥ ਖੜ੍ਹੇ ਕਰਵਾਉਣ ਤੋਂ ਬਿਨਾਂ ਕੋਈ ਵੀ ਉਸਾਰੂ ਬਹਿਸ ਜਾਂ ਵਿਚਾਰ-ਵਟਾਂਦਰਾ ਨਹੀਂ ਕੀਤਾ ਜਾਂਦਾ।
ਸ਼੍ਰੋਮਣੀ ਕਮੇਟੀ ਦੀ ਕਾਰਗੁਜਾਰੀ ਉਤੇ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਆਮ ਚੋਣਾਂ ਦਾ ਦੇਰੀ ਨਾਲ ਹੋਣਾ, ਕਿਸੇ ਨਵੇਂ ਉਸਾਰੂ ਬਦਲਾਅ ਬਾਰੇ ਅਮਲ ਨਾ ਕਰਨਾ ਅਤੇ ਵਧੇਰੇ ਮੈਂਬਰਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਚੁਣੇ ਜਾਣ ਨੂੰ ਰਾਜਸੀ ਅਖਾੜੇ ਵਿਚ ਉਤਰਨ ਲਈ ਯੋਗ ਮਾਧਿਅਮ ਮੰਨਣਾ ਆਦਿ ਸ਼੍ਰੋਮਣੀ ਕਮੇਟੀ ਦੇ ਨਿਘਾਰ ਦੇ ਮੁੱਖ ਕਾਰਨ ਹਨ।
ਉਹਨਾਂ ਰਿਪੋਰਟ ਪੜਦਿਆਂ ਕਿਹਾ ਕਿ ਇਕ ਸਮਾਂ ਸੀ ਜਦੋ ਸ਼੍ਰੋਮਣੀ ਕਮੇਟੀ, ਅਕਾਲੀ ਦਲ ਨੂੰ ਦਿਸ਼ਾ-ਨਿਰਦੇਸ਼ ਦਿੰਦੀ ਸੀ ਪਰ ਸਮੇ ਦੇ ਨਾਲ ਸਮੁਚੀ ਸਥਿਤੀ ਨੇ ਪੁੱਠਾ ਗੇੜਾ ਲੈ ਲਿਆ ਹੈ ਅਤੇ ਹੁਣ ਸ਼੍ਰੋਮਣੀ ਕਮੇਟੀ ਨੂੰ ਅਕਾਲੀ ਦਲ ਤੋਂ ਦਿਸ਼ਾ-ਨਿਰਦੇਸ਼ ਮਿਲਦੇ ਹਨ।ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅੰਦਰ ਦ੍ਰਿੜਤਾ ਅਤੇ ਇੱਛਾ-ਸ਼ਕਤੀ ਦੀ ਕਮੀ ਦੱਸਦਿਆਂ ਉਹਨਾਂ ਕਿਹਾ ਕਿ ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਦਰਬਾਰ ਸਾਹਿਬ ਕੰਪਲੈਕਸ ਅੰਦਰ ਬਣਾਉਣ ਦਾ ਮਤਾ 7 ਸਾਲ ਬਾਅਦ ਵੀ ਹਵਾ ਵਿਚ ਲਟਕ ਰਿਹਾ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸ. ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਕਮੀਆਂ-ਪੇਸ਼ੀਆਂ ਨੂੰ ਦੂਰ ਕਰਨ ਲਈ ਕਮੇਟੀ ਦੇ ਪ੍ਰਬੰਧਕੀ ਢਾਂਚੇ ਨੂੰ ਬਦਲਣ ਦੀ ਲੋੜ ਹੈ।ਸ. ਧਾਮੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਉਤੇ ਬਾਦਲ ਪਰਿਵਾਰ ਦਾ ਏਕਾਧਿਕਾਰ ਹੈ।ਪੰਜਾਬ ਮੁਖ ਮੰਤਰੀ ਅਤੇ ਡਿਪਟੀ ਮੁਖ ਮੰਤਰੀ ਉਤੇ ਵਰ੍ਹਦਿਆਂ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਬਾਦਲੀਕਰਣ ਖ਼ਾਲਸਾ ਪੰਥ ਲਈ ਹਾਨੀਕਾਰਕ ਸਿੱਧ ਹੋਇਆ ਹੈ।
ਸ਼੍ਰੋਮਣੀ ਕਮੇਟੀ ਨੂੰ ਹੋਰ ਨੁਕਸਾਨ ਅਤੇ ਨਿਘਾਰ ਤੋਂ ਬਚਾਉਣ ਲਈ ਪਾਰਟੀ ਪ੍ਰਧਾਨ ਨੇ ਸੁਝਾਅ ਦਿੱਤਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਸਰਵ-ਪ੍ਰਥਮ ਵਫਾਦਾਰੀ ਧੜੇ ਨਾਲੋਂ ਧਰਮ ਨਾਲ ਵੱਧ ਹੋਣੀ ਚਾਹੀਦੀ ਹੈ। ਇਜਲਾਸ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਡਾ ਮਨਜਿੰਦਰ ਸਿੰਘ ਨੇ ਮਤੇ ਪੜੇ ਜਿਸ ਨੂੰ ਹਾਜ਼ਿਰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ।
ਖ਼ਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਇਹ ਕੌਮ ਲਈ ਅਤਿ ਦੁਖਦਾਇਕ ਗੱਲ ਹੈ ਕਿ ਸਿੱਖੀ ਦੀ ਮੁੱਖਧਾਰਾ ਨੂੰ ਤਿਆਗ ਚੁੱਕੀ ਅਤੇ ਧਰਮ-ਨਿਰਪੱਖ ਭਾਰਤੀ ਮੁੱਖਧਾਰਾ ਨੂੰ ਅਪਣਾ ਚੁੱਕੀ ਰਾਜਨੀਤਕ ਲੀਡਰਸ਼ਿਪ ਨੇ ਸਾਰੀਆਂ ਧਾਰਮਿਕ ਸਿੱਖ ਸੰਸਥਾਂਵਾਂ ਅਤੇ ਧਾਰਮਿਕ ਲੀਡਰਸ਼ਿਪ ਨੂੰ ਆਪਣੇ ਅਧੀਨ ਕਾਬੂ ਕਰ ਰੱਖਿਆ ਹੈ।ਉਹਨਾਂ ਕਿਹਾ ਕਿ ਅਕਾਲੀ ਆਗੂ ਗੁਰਦੁਆਰੇ ਦਾ ਸਰਮਾਇਆ ਅਤੇ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਸਟੇਜ ਦੀ ਵਰਤੋਂ ਆਪਣੇ ਨਿੱਜੀ ਹਿੱਤਾਂ ਲਈ ਕਰਦੇ ਹਨ ਅਤੇ ਅਕਸਰ ਇਹ ਆਗੂ ਪੰਥਕ ਹਿੱਤਾਂ ਨੂੰ ਕੁਰਬਾਨ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ।
ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਕਨਵੀਨਰ ਭਾਈ ਰਾਜਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਗੁਰੂਡੰਮ ਅਤੇ ਡੇਰਾਵਾਦ ਦਾ ਫੈਲਾਅ ਸਿੱਖੀ ਸਿਧਾਂਤਾਂ ਲਈ ਗੰਭੀਰ ਚੁਣੌਤੀ ਬਣ ਚੁੱਕਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇਹਧਾਰੀ ਸਾਧਾਂ ਦੇ ਉਭਾਰ ਨੂੰ ਠੱਲ ਪਾਉਣ ਵਿਚ ਪੂਰੀ ਤਰਾਂ ਨਾਕਾਮ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂ ਸ. ਹਰਪਾਲ ਸਿੰਘ ਚੀਮਾ ਨੇ ਪ੍ਰਕਾਸ਼ ਸਿੰਘ ਬਾਦਲ ਵੱਲੋ ਸ਼੍ਰੋਮਣੀ ਕਮੇਟੀ ਨੂੰ ਆਪਣੀ ਜੱਦੀ ਜਾਗੀਰ ਬਣਾਉਣ ਅਤੇ ਇਸਦੀ ਮਹਤੱਤਾ ਅਤੇ ਭੂਮਿਕਾ ਨੂੰ ਖੋਰਾ ਲਾਉਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਉਹਨਾਂ ਇਸ ਮਾਰੂ ਰੁਝਾਨ ਨੂੰ ਠੱਲ ਪਾਉਣ ਲਈ ਸਮੂਹ ਹਮ-ਖਿਆਲੀ ਜਥੇਬੰਦੀਆਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ।
ਦਲ ਖ਼ਾਲਸਾ ਦੇ ਸੀਨੀਅਰ ਆਗੂ ਸਤਨਾਮ ਸਿੰਘ ਪਾਉਂਟਾ ਸਾਹਿਬ ਨੇ ਬੋਲਦਿਆਂ ਕਿਹਾ ਕਿ ਦੇਹਧਾਰੀਆਂ ਵੱਲੋਂ ਸ਼ਬਦ-ਗੁਰੂ ਦੇ ਹੋ ਰਹੇ ਘੋਰ ਅਪਮਾਨ ਨੂੰ ਰੋਕਣ ਅਤੇ ਡੇਰਾਵਾਦ ਦੇ ਵੱਧ ਰਹੇ ਪ੍ਰਭਾਵ ਨਾਲ ਨਜਿੱਠਣ ਵਿਚ ਨਾਕਾਮਯਾਬ ਰਹਿਣ ਕਾਰਨ ਸ਼੍ਰੋਮਣੀ ਕਮੇਟੀ ਦੇ ਦਾਮਨ ਉਤੇ ਧੱਬਾ ਲੱਗਾ ਹੈ।
ਪੰਥਕ ਇਜਲਾਸ ਵਿਚ ਹੋਰਨਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਜਗਜੀਤ ਸਿੰਘ ਗਾਬਾ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਰਣਬੀਰ ਸਿੰਘ, ਜਨਰਲ ਸਕੱਤਰ ਪ੍ਰਭਜੋਤ ਸਿੰਘ, ਸਿੱਖ ਸਟੂਡੇਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਪਰਮਜੀਤ ਸਿੰਘ ਗਾਜੀ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਦਲ ਖ਼ਾਲਸਾ ਦੇ ਸਰਬਜੀਤ ਸਿੰਘ ਘੁਮਾਣ, ਬਲਦੇਵ ਸਿੰਘ ਗ੍ਰੰਥਗੜ, ਬਲਜੀਤ ਸਿੰਘ, ਹਰਨੇਕ ਸਿੰਘ ਭੁਲਰ, ਗੁਰਦੀਪ ਸਿੰਘ ਕਾਲਕਟ, ਮਾਸਟਰ ਕੁਲਵੰਤ ਸਿੰਘ, ਸੁਖਦੇਵ ਸਿੰਘ ਆਦਿ ਵੀ ਹਾਜ਼ਰ ਸਨ।
ਦਲ ਖ਼ਾਲਸਾ ਵੱਲੋਂ 3 ਦਸੰਬਰ 2009 ਨੂੰ ਸੱਦੇ ਗਏ
ਪੰਥਕ ਇਜਲਾਸ ਵਿੱਚ ਹੇਠ ਲਿਖੇ ਮਤੇ ਪਾਸ ਕੀਤੇ ਗਏ :-
ਅੱਜ ਦਾ ਇਹ ਇਕੱਠ ਮਹਿਸੂਸ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਨਿਜ਼ਾਮ ਅੰਦਰ ਇਨਕਲਾਬੀ ਤਬਦੀਲੀ ਲਿਆਉਣ ਦੀ ਲੋੜ ਹੈ। ਕਿਉਂਕਿ ਸਾਡੇ ਬਜ਼ੁਰਗ਼ਾਂ ਵੱਲੋਂ ਗੁਰਧਾਮਾਂ ਦਾ ਸੁਚਾਰੂ ਪ੍ਰਬੰਧ ਚਲਾਉਣ ਲਈ ਰੀਝਾਂ ਅਤੇ ਕੁਰਬਾਨੀਆਂ ਨਾਲ ਸਿਰਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਹਾਊਸ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਰਹੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਵਫ਼ਾਦਾਰੀ ਦਾ ਆਪਣੇ ਧਾਰਮਿਕ ਫਰਜ਼ਾਂ ਨਾਲੋਂ ਆਪਣੇ ਸਿਆਸੀ ਧੜਿਆਂ ਨਾਲ ਵੱਧ ਹੋਣਾ ਹੈ।
ਅੱਜ ਦਾ ਇਹ ਇਜਲਾਸ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲੇ ਗੁਰਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਾਉਣ ਲਈ ਸਰਗਰਮ ਭੂਮਿਕਾ ਨਿਭਾਉਣ ਦਾ ਫੈਸਲਾ ਕਰਦਾ ਹੈ। ਆਉਣ ਵਾਲੀਆਂ ਚੋਣਾਂ ਮੌਕੇ ਉਹਨਾਂ ਗੁਰਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਨ ਲਈ ਸਾਥ ਅਤੇ ਸਹਿਯੋਗ ਦਿੱਤਾ ਜਾਵੇਗਾ ਜਿਨਾਂ ਨੂੰ ਧੜੇ ਨਾਲੋਂ ਧਰਮ ਪਿਆਰਾ ਹੋਵੇਗਾ ਅਤੇ ਜਿਨਾਂ ਦਾ ਨਿਸ਼ਾਨਾ ਸਿੱਖੀ ਦੀ ਚੜ੍ਹਦੀ ਕਲਾ ਅਤੇ ਖ਼ਾਲਸਾ ਜੀ ਦੇ ਬੋਲਬਾਲੇ ਹੋਣਗੇ।
ਅੱਜ ਦਾ ਇਹ ਇਕੱਠ ਐਲਾਨ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਬਣਨ ਲਈ ਯੋਗਤਾ ਅਤੇ ਮਾਪਦੰਡ ਨਿਸ਼ਚਿਤ ਕਰਨ ਲਈ ਲੋਕ ਰਾਇ ਬਣਾਏਗਾ ਕਿਉਂਕਿ ਅਕਾਲੀ ਦਲ ਬਾਦਲ ਨੇ ਆਪਣੀ ਭਾਈਵਾਲ ਜਮਾਤ ਦੇ ਪ੍ਰਭਾਵ ਹੇਠ ਸਿੱਖ ਸਿਧਾਂਤਾਂ, ਕਦਰਾਂ-ਕੀਮਤਾਂ ਅਤੇ ਰਹੁ-ਰੀਤਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ।
ਅੱਜ ਦਾ ਇਹ ਇਜਲਾਸ ਪੰਜਾਬ ਸਰਕਾਰ ਨੂੰ ਸਖਤ ਤਾੜਨਾ ਕਰਦਾ ਹੈ ਕਿ ਉਹ ਭਾਜਪਾ ਦੇ ਦਬਾਅ ਥੱਲੇ ਸਿੱਖ ਵਿਰੋਧੀ ਦਿਵਯ ਜਯੋਤੀ ਜਾਗਰਣ ਸੰਸਥਾਨ ਨੂੰ ਲੁਧਿਆਣਾ ਵਿਖੇ 2 ਰੋਜ਼ਾ ਜਨਤਕ ਸਮਾਗਮ ਕਰਨ ਦੀ ਇਜਾਜਤ ਦੇ ਕੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਨਾ ਕਰੇ।
ਇਹ ਇੱਕਠ ਮਹਿਸੂਸ ਕਰਦਾ ਹੈ ਕਿ ਦੇਹਧਾਰੀਆਂ ਵੱਲੋਂ ਸ਼ਬਦ-ਗੁਰੂ ਦੇ ਹੋ ਰਹੇ ਘੋਰ ਅਪਮਾਨ ਨੂੰ ਰੋਕਣ ਅਤੇ ਡੇਰਾਵਾਦ ਦੇ ਵੱਧ ਰਹੇ ਪ੍ਰਭਾਵ ਨਾਲ ਨਜਿੱਠਣ ਵਿਚ ਨਾਕਾਮਯਾਬ ਰਹਿਣ ਕਾਰਨ ਸ਼੍ਰੋਮਣੀ ਕਮੇਟੀ ਦੇ ਦਾਮਨ ਉਤੇ ਧੱਬਾ ਲੱਗਾ ਹੈ।
ਅੱਜ ਦਾ ਇਹ ਇਕੱਠ ਮੰਨਦਾ ਹੈ ਕਿ ਆਸ਼ੂਤੋਸ਼ ਦਾ ਢਕਵੰਜ ਨਰਕਧਾਰੀਆਂ (ਨਕਲੀ ਨਿਰੰਕਾਰੀ) ਵਾਂਗ ਸਿੱਖੀ ਨੂੰ ਕਮਜ਼ੋਰ ਕਰਨ ਦੀ ਕੋਝੀ ਸਾਜਿਸ਼ ਹੈ, ਇਸ ਲਈ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਇਸ ਕੂੜ ਦੀ ਦੁਕਾਨ ਨੂੰ ਵਧਣ ਤੋਂ ਰੋਕਣ ਲਈ ਆਪਣੀ ਜ਼ਿਮੇਵਾਰੀ ਨਿਭਾਉਣ ਦੀ ਅਪੀਲ ਕਰਦਾ ਹੈ।
Related Topics: Akali Dal Panch Pardhani, Dal Khalsa International, Shiromani Gurdwara Parbandhak Committee (SGPC), Sikh Students Federation