ਗਿਆਨੀ ਗੁਰਬਚਨ ਸਿੰਘ

ਸਿੱਖ ਖਬਰਾਂ

ਜੋਧਪੁਰ ਵਿੱਚ ਹੋਈ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਅਗਨ ਭੇਟ ਦੀ ਘਟਨਾਂ ਲਈ ਜਾਂਚ ਰਿਪੋਰਟ ਤੋਂ ਨਹੀਂ ਸੰਤੁਸ਼ਟ ਹਨ ਅਕਾਲ ਤਖਤ ਸਾਹਿਬ ਦੇ ਜੱਥੇਦਾਰ

By ਸਿੱਖ ਸਿਆਸਤ ਬਿਊਰੋ

December 17, 2014

ਅੰਮਿ੍ਤਸਰ (16 ਦਸੰਬਰ, 2014): ਤਰਨ ਤਾਰਨ ਨੇੜਲੇ ਪਿੰਡ ਜੋਧਪੁਰ ਵਿਖੇ ਵਾਪਰੀ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨਭੇਟ ਦੀਆਂ ਘਟਨਾਂ ਦੀ ਪੁਲਿਸ ਦੀ ਦੋ ਮੈਂਬਰੀ ਵਿਸ਼ੇਸ਼ ਟੀਮ ਵੱਲੋਂ ਕੀਤੀ ਜਾਂਚ ਨੂੰ ਪੰਥਕ ਜੱਥੇਬੰਦੀਆਂ ਵੱਲੋਂ ਜਿੱਥੇ ਪੂਰਨ ਰੂਪ ਵਿੱਚ ਰੱਦ ਕੀਤਾ ਜਾ ਰਿਹਾ ਹੈ, ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੀ ਜਾਂਚ ਟੀਮ ਦੀ ਰਿਪੋਰਟ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਉਨ੍ਹਾਂ ਇਸ ਜਾਂਚ ਨੂੰ ਅਧੂਰੀ ਕਰਾਰ ਦਿੰਦਿਆਂ ਫੜੇ ਗਏ ਦੋਸ਼ੀਆਂ ਗਏ ਦੋਸ਼ੀਆਂ ਨੂੰ ਛੱਡਣ ਜਾਂ ਡੇਰੇ ਨੂੰ ਲੱਗੇ ਜੰਦਰੇ ਖੋਲ੍ਹਣ ਵਿਰੁੱਧ ਚੇਤਾਵਨੀ ਦਿੱਤੀ।

ਉਪ ਮੁੱਖ ਮੰਤਰੀ ਦੇ ਆਦੇਸ਼ਾਂ ‘ਤੇ ਬਣੀ ਵਿਸ਼ੇਸ਼ ਜਾਂਚ ਟੀਮ ਵੱਲੋਂ ਘਟਨਾ ਨੂੰ ਬਿਜਲੀ ਦਾ ਸ਼ਾਰਟ ਸਰਕਟ ਦੱਸਣ ਦੇ ਮਾਮਲੇ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅਧੂਰੀ ਜਾਂਚ ਕਰਾਰ ਦੇਂਦਿਆਂ ਚੇਤਾਵਨੀ ਦਿੱਤੀ ਕਿ ਜਾਂਚ ਮੁਕੰਮਲ ਹੋਣ ਤੱਕ ਫੜੇ ਗਏ ਦੋਸ਼ੀਆਂ ਨੂੰ ਛੱਡਣ ਜਾਂ ਡੇਰੇ ਨੂੰ ਲੱਗੇ ਜੰਦਰੇ ਖੋਲ੍ਹਣ ਜਿਹੀ ਕੋਈ ਪਹਿਲ ਨਾ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਖੁਦ ਘਟਨਾ ‘ਚ ਮਨੁੱਖੀ ਸ਼ਮੂਲੀਅਤ ਦੀ ਪੁਸ਼ਟੀ ਕਰ ਚੁਕੇ ਹਨ। ਬਿਨ੍ਹਾਂ ਤੱਥਾਂ ਤੋਂ ਕੋਈ ਫ਼ੈਸਲਾ ਲੈਣ ਦੀ ਕਾਹਲੀ ਕਰਨਾ ਸਰਕਾਰ ਲਈ ਵਾਜਬ ਨਹੀਂ ਹੋਵੇਗਾ ।

ਉਨ੍ਹਾਂ ਕਿਹਾ ਕਿ ਘਟਨਾ ਵੇਲੇ ਪਿੰਡ ਦੀ ਸੰਗਤ ਨੇ ਪ੍ਰਤੱਖ ਰੂਪ ‘ਚ ਮਨੁੱਖੀ ਸ਼ਮੂਲੀਅਤ ਹੋਣ ਦਾ ਪ੍ਰਗਟਾਵਾ ਕੀਤਾ ਸੀ ਤੇ ਅਗਨ ਭੇਟ ਹੋਏ ਸਰੂਪ ਤੋਂ ਇਲਾਵਾ ਬਾਕੀ ਵਸਤਰਾਂ ਨੂੰ ਵੀ ਚੰਡੀਗੜ੍ਹ ਫਰੈਂਸਿਕ ਜਾਂਚ ਲਈ ਭੇਜਿਆ ਹੈ, ਜਿਸ ਦੀ ਰਿਪੋਰਟ ਆਉਣੀ ਬਾਕੀ ਹੈ ।

ਇਸ ਦੌਰਾਨ ਗਰਮ ਖਿਆਲੀ ਪੰਥਕ ਧੜੇ ਸਮਝੇ ਜਾਂਦੇ ਦਮਦਮੀ ਟਕਸਾਲ ਅਜਨਾਲਾ ਵੱਲੋਂ ਸਹਿਯੋਗੀ ਜਥੇਬੰਦੀਆਂ ਸਮੇਤ ਕੀਤੀ ਪੱਤਰਕਾਰ ਮਿਲਣੀ ਦੌਰਾਨ ਭਾਈ ਅਮਰੀਕ ਸਿੰਘ ਅਜਨਾਲਾ ਨੇ ਜਾਂਚ ਰਿਪੋਰਟ ਨੂੰ ਡੇਰਾਵਾਦ ਦੀ ਹਮਾਇਤ ‘ਚ ਸਰਕਾਰੀ ਸਾਜਿਸ਼ ਕਰਾਰ ਦੇਂਦਿਆਂ ਨਕਾਰ ਦਿੱਤਾ ਹੈ ।

 ਉਨ੍ਹਾਂ ਦੱਸਿਆ ਕਿ ਜਾਂਚ ਟੀਮ ਵੱਲੋਂ ਦਰਸਾਏ ਜਾ ਰਹੇ ਹਲਾਤ ਅਸਲੀਅਤ ਤੋਂ ਕੋਹਾਂ ਦੂਰ ਹਨ, ਜਦ ਕਿ ਘਟਨਾ ਵੇਲੇ ਹੀ ਸਪੱਸ਼ਟ ਹੋ ਗਿਆ ਸੀ ਕਿ ਪਾਵਨ ਸਰੂਪ ਅਗਨ ਭੇਟ ਕਰਨ ਦੀ ਘਟਨਾ ਜਾਣ ਬੁੱਝ ਕੇ ਕੀਤੀ ਗਈ ਹੈ।

ਘਟਨਾ ਵਾਲੇ ਦਿਨ ਸਵੇਰ ਤੋਂ ਸ਼ਾਮ ਤੱਕ ਬਿਜਲੀ ਨਹੀਂ ਆਈ, ਤਾਂ ਫਿਰ ਦੁਪਹਿਰ ਵੇਲੇ ਅਜਿਹੀ ਘਟਨਾ ਕਿਵੇਂ ਵਾਪਰ ਗਈ ਙ ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਕਿਸੇ ਸਾਜ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: