ਸਿੱਖ ਖਬਰਾਂ

6 ਜੂਨ ਨੂੰ ਪੰਥਕ ਜਥੇਬੰਦੀਆਂ ਵੱਲੋਂ ਸ਼ਹੀਦ ਗੈਲਰੀ ਖੋਲ੍ਹਣ ਦਾ ਫੈਸਲਾ; ਪ੍ਰੋ. ਭੁੱਲਰ ਦੀ ਅਰਜ਼ੀ ਰੱਦ ਕਰਨ ਉੱਤੇ ਸਖਤ ਪ੍ਰਤੀਕਿਰੀਆ

By ਐਡਵੋਕੇਟ ਜਸਪਾਲ ਸਿੰਘ ਮੰਝਪੁਰ

May 27, 2011

ਜਲੰਧਰ (27 ਮਈ, 2011): ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਸਥਿਤ ਸ਼ਹੀਦੀ ਗੈਲਰੀ ਖੋਲ੍ਹਣ ਦੇ ਮਸਲੇ ਨੂੰ ਵਿਚਾਰਨ ਲਈ ਪੰਥਕ ਸੇਵਾ ਲਹਿਰ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ), ਦਲ ਖਾਲਸਾ ਅਤੇ ਖਾਲਸਾ ਐਕਸ਼ਨ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 6 ਜੂਨ ਤੱਕ ਸ਼ਹੀਦੀ ਗੈਲਰੀ ਖੋਲ੍ਹਣ ਅਤੇ ਸ਼ਹੀਦੀ ਯਾਦਗਾਰ ਬਣਾਉਣ ਸੰਬੰਧੀ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਅਜਿਹਾ ਨਹੀਂ ਕਰਦੀ ਤਾਂ 6 ਜੂਨ ਨੂੰ ਪੰਥਕ ਜਥੇਬੰਦੀਆਂ ਵੱਲੋਂ ਸਿੱਖ ਸੰਗਤਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਸ਼ਹੀਦੀ ਗੈਲਰੀ ਖੋਲ੍ਹੀ ਜਾਵੇਗੀ। ਇਸ ਬਾਰੇ ਐਲਾਨ ਕਰਦਿਆਂ ਬਾਬਾ ਬਲਜੀਤ ਸਿੰਘ ਦਾਦੂਵਾਲ, ਭਾਈ ਹਰਪਾਲ ਸਿੰਘ ਚੀਮਾ, ਸ੍ਰ. ਕੰਵਰਪਾਲ ਸਿੰਘ ਅਤੇ ਭਾਈ ਮੋਹਕਮ ਸਿੰਘ ਨੇ ਜਾਣਕਾਰੀ ਦਿੱਤੀ ਕਿ 6 ਜੂਨ ਵਾਲੇ ਦਿਨ ਸ਼ਹੀਦੀ ਗੈਲਰੀ ਖੋਲ੍ਹਣ ਦਾ ਫੈਸਲਾ ਗੁਰਦੁਆਰਾ ਨੌਵੀਂ ਪਾਤਿਸ਼ਾਹੀ, ਸ਼੍ਰੀ ਗੁਰੂ ਤੇਗ ਬਹਾਦਰ ਨਗਰ, ਜਲੰਧਰ ਵਿਖੇ ਹੋਈ ਇਕੱਤਰਤਾ ਵਿਚ ਸਮੂਹ ਪੰਥਕ ਧਿਰਾਂ ਅਤੇ ਹਾਜ਼ਰ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਂਝੀ ਰਾਏ ਮੁਤਾਬਕ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ੋਮਣੀ ਕਮੇਟੀ 6 ਜੂਨ ਤੱਕ ਸ਼ਹੀਦੀ ਯਾਦਗਾਰ ਦਾ ਨੀਹ ਪੱਥਰ ਰੱਖ ਕੇ ਇਸ ਦੀ ਉਸਾਰੀ ਲਈ ਠੋਸ ਕਦਮ ਨਹੀਂ ਚੁੱਕਦੀ ਤਾਂ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਣ ਵਾਲੇ ਪੰਥਕ ਇਕੱਠ ਵਿਚ ਸ਼ਹੀਦੀ ਯਾਦਗਾਰ ਬਣਾਉਣ ਦੀ ਤਰੀਕ ਦਾ ਐਲਾਨ ਕੀਤਾ ਜਾਵੇਗਾ।

ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਪਾਟਿਲ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਸੰਬੰਧੀ ਪਾਈ ਪੁਨਰਵਿਚਾਰ ਅਰਜ਼ੀ ਰੱਦ ਕੀਤੇ ਜਾਣ ਉੱਤੇ ਸਿੱਖ ਜਥੇਬੰਦੀਆਂ ਨੇ ਕਰੜਾ ਪ੍ਰਤੀਕਰਮ ਜ਼ਾਹਰ ਕੀਤਾ ਹੈ। ਜਥੇਬੰਦੀਆਂ ਨੇ ਇਸ ਫੈਸਲੇ ਨੂੰ ਕੇਂਦਰ ਦੀ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਤੀਕ ਮੰਨਦਿਆਂ ਇਸ ਤੋਂ ਉਪਜੇ ਹਾਲਾਤਾਂ ਦੇ ਮੱਦੇਨਜ਼ਰ ਇੱਕ ਤਾਲਮੇਲ ਕਮੇਟੀ ਕਾਇਮ ਕਰਕੇ 30 ਮਈ ਨੂੰ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਲੁਧਿਆਣਾ ਸਥਿਤ ਦਫਤਰ ਵਿਖੇ ਸਮੂਹ ਸਿੱਖ ਜਥੇਬੰਦੀਆਂ, ਸਿਆਸੀ ਦਲਾਂ ਤੇ ਸਮਾਜਕ/ਧਾਰਮਕ ਜਥੇਬੰਦੀਆਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਹੈ। ਆਗੂਆਂ ਨੇ ਜਾਣਕਾਰੀ ਦਿੱਤੀ ਹੈ ਇਸ ਦਿਨ ਅਗਲੀ ਠੋਸ ਰਣਨੀਤੀ ਉਲੀਕੀ ਜਾਵੇਗੀ।

ਅੱਜ ਦੀ ਇਸ ਇਕੱਤਰਤਾ ਵਿਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਗਾਜ਼ੀ, ਸ਼੍ਰੋਮਣੀ ਪੰਥਕ ਕੌਂਸਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਦੇ ਸ੍ਰ. ਮਨਿੰਦਰ ਸਿੰਘ ਧੁੰਨਾ, ਸ਼੍ਰੋਮਣੀ ਖਾਲਸਾ ਪੰਚਾਇਤ ਦੇ ਭਾਈ ਰਾਜਿੰਦਰ ਸਿੰਘ, ਦਲ ਖਾਲਸਾ ਦੇ ਸ੍ਰ. ਸਤਨਾਮ ਸਿੰਘ ਪਾਉਂਟਾ ਸਾਹਿਬ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸ੍ਰ. ਕਰਨੈਲ ਸਿੰਘ ਪੀਰਮੁਹੰਮਦ, ਸ੍ਰ. ਮਨਧੀਰ ਸਿੰਘ (ਯੂਥ ਦਲ, ਪੰਚ ਪ੍ਰਧਾਨੀ), ਪ੍ਰਿ. ਪਰਮਿੰਦਰ ਸਿੰਘ ਲੁਧਿਆਣਾ, ਬਾਬਾ ਅਜੀਤ ਸਿੰਘ ਲੋਹਗੜ੍ਹ, ਬੀਬੀ ਪ੍ਰੀਤਮ ਕੌਰ ਸੁਪਤਨੀ ਸ਼ਹੀਦ ਭਾਈ ਰਸ਼ਪਾਲ ਸਿੰਘ ਪੀ. ਏ., ਸਿੱਖ ਯੂਥ ਫੈਡਰੇਸ਼ਨ ਡਿੰਡਰਾਂਵਾਲੇ ਦੇ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਖਾਲਸਾ ਹਿਊਮਨ ਰਾਈਟਸ ਫਰੰਟ ਦੇ ਐਡਵੋਕੇਟ ਸ੍ਰ. ਬਲਬੀਰ ਸਿੰਘ ਚੀਮਾ ਨੇ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਉੱਤੇ ਹੋਰਨਾਂ ਤੋਂ ਇਲਾਵਾ ਭਾਈ ਕੁਲਬੀਰ ਸਿੰਘ ਬੜਾਪਿੰਡ, ਭਾਈ ਜਸਪਾਲ ਸਿੰਘ ਮੰਝਪੁਰ, ਚਰਨਜੀਤ ਸਿੰਘ ਸੁੱਜੋਂ, ਮਨਧੀਰ ਸਿੰਘ, ਸੇਵਕ ਸਿੰਘ, ਸਰਬਜੀਤ ਸਿੰਘ ਸੋਹਲ, ਡਾ. ਮਨਜਿੰਦਰ ਸਿੰਘ ਜੰਡੀ, ਰਘਬੀਰ ਸਿੰਘ ਗੀਗਨੋਵਾਨ, ਨੋਬਲਜੀਤ ਸਿੰਘ ਬੁੱਲੋਵਾਲ, ਸਰਬਜੀਤ ਸਿੰਘ ਘੁਮਾਣ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: