December 5, 2009 | By ਸਿੱਖ ਸਿਆਸਤ ਬਿਊਰੋ
ਲੁਧਿਆਣਾ (5 ਦਸੰਬਰ, 2009): ਮੀਡੀਆ ਦੇ ਕਈ ਹੱਸਿਆਂ ਵੱਲੋਂ ਨਸ਼ਰ ਕੀਤੀਆਂ ਖਬਰਾਂ ਦੇ ਅਧਾਰ ਉੱਤੇ ਇਹ ਜਾਣਕਾਰੀ ਮਿਲੀ ਹੈ ਕਿ ਪਾਖੰਡੀ ਸਾਧ ਆਸ਼ੂਤੋਸ਼ ਦੇ ਸਮਾਗਮ ਦਾ ਵਿਰੋਧ ਕਰ ਰਹੇ ਸਿੱਖਾਂ ਵਿੱਚੋਂ ਇੱਕ ਸਿੰਘ ਨੂੰ ਪੁਲਿਸ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਹੈ ਤੇ ਬਾਦਲ ਸਾਹਿਬ ਨੇ ਇੱਕ ਵਾਰ ਫਿਰ ਸਿੱਖਾਂ ਨੂੰ ਸਰਕਾਰੀ ਤਾਕਤ ਵਰਤ ਕੇ ਮਾਰਨ ਅਤੇ ਸਿੱਖ ਵਿਰੋਧੀ ਤਾਕਤਾਂ ਦਾ ਸਮਰਥਨ ਕਰਨ ਦਾ ਨਾਮਣਾ ਖੱਟ ਲਿਆ ਹੈ। ਡੇਰਾਦਾਰ ਆਸ਼ੂਤੋਸ਼ ਸਿੱਖ ਗੁਰੂ ਸਾਹਿਬਾਨ ਸਬੰਧੀ ਮੰਦਪ੍ਰਚਾਰ ਕਰਨ ਦਾ ਦੋਸ਼ੀ ਹੈ ਅਤੇ ਸਿੱਖ ਉਸ ਦੇ ਸਮਾਗਮਾਂ ਦਾ ਵਿਰੋਧ ਕਰ ਰਹੇ ਹਨ। ਪਿਛਲੀ ਪੰਜਾਬ ਸਰਕਾਰ ਨੇ ਉਸ ਦੇ ਸਮਾਗਮਾਂ ਉੱਤੇ ਪਾਬੰਦੀ ਲਗਾਈ ਸੀ ਪਰ ਹੁਣ ਇਨ੍ਹਾਂ ਸਮਾਗਮਾਂ ਨੂੰ ਬਾਦਲ ਸਰਕਾਰ ਦੀ ਭਾਈਵਾਲ ਭਾਜਪਾ ਦਾ ਪੂਰਾ ਸਮਰਥਨ ਹਾਸਿਲ ਹੈ। ਇਸ ਕਾਰਨ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਕਹਿਣ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਵੀ ਬੇਨਤੀ ਕਰਨ ਦੇ ਬਾਵਜੂਦ ਬਾਦਲ ਸਰਕਾਰ ਨੇ ਆਸ਼ੂਤੋਸ਼ ਦੇ ਸਮਾਗਮ ਨਹੀਂ ਰੋਕੇ ਅਤੇ ਅੱਜ ਦੀ ਘਟਨਾ ਵਾਪਰਨ ਦਿੱਤੀ ਜਿਸ ਵਿੱਚ ਇੱਕ ਮੌਤ ਅਤੇ ਕੁਲ 15 ਹੋਰ ਵਿਅਕਤੀ ਦੇ ਜਖਮੀ ਹੋਣ ਦੀ ਖਬਰ ਹੈ। ਜ਼ਖਮੀਆ ਵਿੱਚੋਂ ਕੁਝ ਕੁਝ ਪੁਲਿਸ ਵਾਲੇ ਵੀ ਦੱਸੇ ਜਾਂਦੇ ਹਨ।
ਖਬਰਾਂ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਿੱਖ ਵੱਡੀ ਗਿਣਤੀ ਵਿੱਚ ਆਸ਼ੂਤੋਸ਼ ਦਾ ਕੂੜਪ੍ਰਚਾਰ ਰੋਕਣ ਜਾ ਰਹੇ ਸਨ ਜਿਨ੍ਹਾਂ ਨੂੰ ਪੁਲਿਸ ਦੇ ਤਕਰੀਹਨ ਇੱਕ ਕਿਲੋਮੀਟਰ ਪਿੱਛੇ ਹੀ ਰੋਕ ਲਿਆ।ਸਿੱਖ ਸਮਾਗਮ ਰੋਕਣ ਲਈ ਬਜਿਦ ਸਨ ਤੇ ਪੁਲਿਸ ਨੇ ਇਸੇ ਦੌਰਾਨ ਗੋਲੀ ਚਲਾ ਦਿੱਤੀ, ਜਿਸ ਕਾਰਨ ਹੋਈ ਤਕਰਾਰ ਵਿੱਚ ਹੀ ਇੱਕ ਸਿੰਘ ਸ਼ਹੀਦ ਹੋ ਗਿਆ। ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਕਿ ਇਸ ਘਟਨਾ ਤੋਂ ਬਾਅਦ ਆਸ਼ੂਤੋਸ਼ ਦਾ ਸਮਾਗਮ ਜਾਰੀ ਰਿਹਾ ਜਾਂ ਬੰਦ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਇਸ ਡੇਰੇਦਾਰ ਦੇ ਸਮਾਗਮ ਅਜੇ ਕੱਲ ਵੀ ਚੱਲਣ ਦੀ ਯੋਜਨਾ ਸੀ ਤੇ ਜੇਕਰ ਇਹ ਨਾ ਰੋਕੇ ਗਏ ਤਾਂ ਹੋਰ ਵਧੇਰੇ ਨੁਕਸਾਨ ਹੋ ਸਕਦਾ ਹੈ।
Related Topics: Anti-Sikh Deras, Sikh organisations