ਖਾਸ ਖਬਰਾਂ

ਰਾਜ ਹੀਣ ਹੋਈਆਂ ਕੌਮਾਂ ਦੀ ਵਿਰਾਸਤ ਕਿਵੇਂ ਮਿਟ ਜਾਂਦੀ ਹੈ ਇਸਦੀ ਤਾਜਾ ਮਿਸਾਲ ਬਣੀ ਮਹਾਂਰਾਜਾ ਰਣਜੀਤ ਸਿੰਘ ਦੀ ਹਵੇਲੀ

By ਸਿੱਖ ਸਿਆਸਤ ਬਿਊਰੋ

January 10, 2012

ਅੰਮ੍ਰਿਤਸਰ (10 ਜਨਵਰੀ, 2012): ਰਾਜ ਹੀਣ ਹੋ ਗਈਆਂ ਕੌਮਾਂ ਦੀ ਵਿਰਾਸਤ ਕਿਵੇਂ ਖਤਮ ਹੋ ਜਾਂਦੀ ਹੈ, ਜਾਂ ਖਤਮ ਕਰ ਦਿੱਤੀ ਜਾਂਦੀ ਹੈ, ਇਸ ਦੀ ਪ੍ਰਤੱਖ ਮਿਸਾਲ ਸਿੱਖ ਰਾਜ ਦੇ ਉੱਸਰੀਏ ਮਹਾਂਰਾਜਾ ਰਣਜੀਤ ਸਿੰਘ ਨਾਲ ਸੰਬੰਧਤ ਇਤਿਹਾਸਕ ਸਥਾਨਾਂ ਦੀ ਹੋ ਰਹੀ ਤਬਾਹੀ ਤੋਂ ਦੇਖੀ ਜਾ ਸਕਦੀ ਹੈ। ਭਾਰਤ ਦੇ ਪੰਜਾਬ ਵਿਚ ਰੋਪੜ ਨੇੜੇ ਜਿਸ ਜਗ੍ਹਾ ਸਤਲੁਜ ਦਰਿਆ ਦੇ ਪਾਣੀ ਨੂੰ ਬੰਨ੍ਹ ਮਾਰਿਆ ਗਿਆ ਹੈ ਓਥੇ ਮਹਾਂਰਾਜਾ ਰਣਜੀਤ ਸਿੰਘ ਵੱਲੋਂ ਅੰਗਰੇਜਾਂ ਨਾਲ ਸੰਧੀ ਕੀਤੀ ਗਈ ਸੀ, ਪਰ ਉਸ ਯਾਦਗਾਰ ਨੂੰ ਸਵਰਾਜ ਅਦਾਰੇ ਦਾ ਕਾਰਖਾਨਾ ਨਿਗਲ ਚੁੱਕਾ ਹੈ।

ਅੱਜ ਅਜਿਹੀ ਦੀ ਇਕ ਹੋਰ ਇਤਿਹਾਸਕ ਵਿਰਾਸਤ ਦੇ ਖਾਤਮੇ ਦੀ ਖਬਰ ਪਾਕਿਸਤਾਨ ਦੇ ਸ਼ਹਿਰ ਗੁੱਜਰਾਂਵਾਲਾ ਤੋਂ ਆਈ ਹੈ। ਕੁਝ ਅਖਬਾਰਾਂ ਨੇ ਇਹ ਖਬਰ ਪ੍ਰਮੁੱਖਤਾ ਨਾਲ ਨਸ਼ਰ ਕੀਤੀ ਹੈ ਕਿ ਪਾਕਿਸਤਾਨ ਦੇ ਗੁਜ਼ਰਾਂਵਾਲਾ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ ਵਿਚ ਅਜੋਕੇ ਬਜ਼ਾਰ ਲਈ ਵੱਡੀਆਂ ਇਮਾਰਤਾਂ ਉਸਾਰਣ ਲਈ ਅੱਜ ਸਵੇਰੇ 11:30 ਵਜੇ ਪੂਰੇ ਯੋਜਨਾਬਧ ਢੰਗ ਨਾਲ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਢਾਹ ਦਿੱਤੀ ਗਈ।

ਅਖਬਾਰੀ ਖਬਰਾਂ ਅਨੁਸਾਰ ਇਹ ਖ਼ੁਲਾਸਾ ਅੱਜ ਦੁਪਿਹਰ ਸਥਾਨਕ ਰਾਮਬਾਗ਼ ਵਿਚ ਇਤਿਹਾਸਕਾਰ ਅਤੇ ਖੋਜ਼ਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਪੱਤਰਕਾਰਾਂ ਸਾਹਮਣੇ ਕੀਤਾ। ਸ਼੍ਰੀ ਕੋਛੜ ਨੇ ਦੱਸਿਆ ਕਿ ਅੱਜ ਸਵੇਰੇ ਉਪਰੋਕਤ ਹਵੇਲੀ ਦੇ ਨਾਲ ਲਗਦੇ ਘਰ ‘ਚ ਰਹਿ ਰਹੇ ਉਹਨਾਂ ਦੇ ਮਿੱਤਰ ਮੁਹੰਮਦ ਕਾਸਿਮ ਰਫ਼ੀਕ ਪੁੱਤਰ ਚੌਧਰੀ ਰਫ਼ੀਕ ‘ਅੰਮ੍ਰਿਤਸਰੀ’ ਨੇ ਆਪਣੇ ਨਿੱਜੀ ਫੋਨ ਤੋਂ ਸ਼੍ਰੀ ਕੋਛੜ ਨੂੰ ਉਹਨਾਂ ਦੇ ਮੋਬਾਇਲ ‘ਤੇ ਦੱਸਿਆ ਕਿ ਸਵੇਰੇ 11:30 ਵਜੇ ਭਾਰੀ ਗਿਣਤੀ ਵਿਚ ਮਜ਼ਦੂਰ ਅਤੇ ਹਥਿਆਰਬੰਦ ਬਦਮਾਸ਼ ਗੁਜ਼ਰਾਂਵਾਲਾ ਦੀ ਉਪਰੋਕਤ ਵਿਰਾਸਤੀ ਹਵੇਲੀ ਨੂੰ ਕਮਰਸ਼ੀਅਲ ਪਲਾਜ਼ਾ ਬਣਾਉਣ ਦੀ ਨੀਅਤ ਨਾਲ ਗਿਰਾਉਣ ਲਈ ਪਹੁੰਚ ਗਏ। ਜਦੋਂ ਇਲਾਕੇ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਹਨਾਂ ਨੂੰ ਪਰਿਵਾਰ ਸਹਿਤ ਜਾਣੋ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਦੁਪਹਿਰ ਦੋ ਵਜੇ ਤੱਕ ਕਾਸਿਮ ਦੁਆਰਾ ਸ਼੍ਰੀ ਕੋਛੜ ਨੂੰ ਲਗਾਤਾਰ ਸੱਤ ਫੋਨ ਕੀਤੇ ਗਏ, ਜਿਸ ਦੇ ਚਲਦਿਆਂ ਉਹ ਅਤੇ ਇਲਾਕੇ ਦੇ ਲੋਕ ਉਹਨਾਂ ਨੂੰ ਮਿੰਟ-ਮਿੰਟ ਦੀ ਜਾਣਕਾਰੀ ਦਿੰਦੇ ਰਹੇ ਅਤੇ ਇਧਰ ਸ਼੍ਰੀ ਕੋਛੜ ਭਾਰਤ ਦੇ ਨੇਤਾਵਾਂ ਨੂੰ ਫੋਨ ਕਰਕੇ ਇਸ ਵਿਰਾਸਤੀ ਇਮਾਰਤ ਨੂੰ ਬਚਾਉਣ ਲਈ ਗੁਹਾਰ ਲਗਾਉਂਦੇ ਰਹੇ। ਸ਼੍ਰੀ ਕੋਛੜ ਦੇ ਅਨੁਸਾਰ ਕਰੀਬ ਤਿੰਨ ਵਜੇ ਤੱਕ ਹਵੇਲੀ ਦੀ ਉਪਰੀ ਮੰਜ਼ਿਲ ਦੀਆਂ ਜ਼ਿਆਦਾਤਰ ਛੱਤਾਂ ਡੇਗ ਦਿੱਤੀਆਂ ਗਈਆਂ ਸਨ।

ਖਬਰ ਹੈ ਕਿ ਹਵੇਲੀ ‘ਤੇ ਕਬਜ਼ਾ ਕਰਨ ਆਏ ਲੋਕਾਂ ਦਾ ਦਾਵਾ ਹੈ ਕਿ ਉਹਨਾਂ ਨੇ ਇਹ ਹਵੇਲੀ ਖ਼ਰੀਦ ਲਈ ਹੈ, ਜਦੋਂ ਕਿ ਇਸ ਇਮਾਰਤ ਨੂੰ ਪਾਕਿਸਤਾਨ ਦੇ ਪੁਰਾਤੱਤਵ ਵਿਭਾਗ ਨੇ ਸੁਰਖਿਅਤ ਇਮਾਰਤ ਐਲਾਨਿਆ ਸੀ। ਸ਼੍ਰੀ ਕੋਛੜ ਦੇ ਅਨੁਸਾਰ ਸਿੱਖ ਭਵਨ ਕਲਾਂ ਦਾ ਅਦਭੁੱਤ ਨਮੂਨਾ ਇਸ ਹਵੇਲੀ ਨੂੰ ਡੇਗਣ ਦਾ ਕੰਮ ਪੂਰੇ ਵਿਓਂਤਬੱਧ ਢੰਗ ਨਾਲ ਨੇਪਰੇ ਚਾੜਿਆ ਗਿਆ ਹੈ ਅਤੇ ਕਬਜ਼ਾਧਾਰੀਆਂ ਨੇ ਅੱਜ ਗੁਜ਼ਰਾਂਵਾਲਾ ਵਿਚ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਦੇ ਵਿਰੁੱਧ ਪਹਿਲਾਂ ਤੋਂ ਚੱਲ ਰਹੀ ਮੁਕੰਮਲ ਹੜਤਾਲ ਦਾ ਫ਼ਾਇਦਾ ਉਠਾਉਂਦੇ ਹੋਏ ਆਪਣੀ ਯੋਜਨਾ ਨੂੰ ਨੇਪਰੇ ਚਾੜਿਆ ਹੈ। ਉਧਰ ਮੁਹੰਮਦ ਕਾਸਿਮ ਅਤੇ ਹੋਰਨਾਂ ਇਲਾਕਾ ਨਿਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਵਿਰਾਸਤੀ ਇਮਾਰਤ ‘ਤੇ ਕਬਜ਼ਾ ਪਾਕਿਸਤਾਨ ਮੁਸਲਿਮ ਲੀਗ ਦੇ ਐਮ਼ਐਨ਼ਏ਼ ਇੰਜ਼ੀਨੀਅਰ ਖ਼ੁਰਮ ਦਸਤਾਗ਼ੀਰ ਦੁਆਰਾ ਕੀਤਾ ਗਿਆ ਹੈ।

ਆਪਣੀ ਗੁਜ਼ਰਾਂਵਾਲਾ ਯਾਤਰਾ ਦੇ ਦੌਰਾਨ ਪੂਰੇ ਦੋ ਦਿਨ ਲਈ ਉਪਰੋਕਤ ਹਵੇਲੀ ‘ਚ ਰਹਿ ਚੁਕੇ ਸ਼੍ਰੀ ਕੋਛੜ ਨੇ ਦੱਸਿਆ ਕਿ ਗੁਜ਼ਰਾਂਵਾਲਾ ਦੀ ਪੁਰਾਣੀ ਸਬਜ਼ੀ ਮੰਡੀ ਵਿਚ ਮੌਜੂਦ ਇਸ ਹਵੇਲੀ ਦੇ ਅੰਦਰ ਉਪਰੀ ਮੰਜ਼ਿਲ ‘ਚ ਖੱਬੇ ਹੱਥ ਇਕ ਕਮਰੇ ਦੇ ਬਾਹਰ ਅੱਜ ਵੀ ਇਕ ਪੱਥਰ ਦੀ ਸਿਲ੍ਹ ਲੱਗੀ ਹੋਈ ਹੈ, ਜਿਸ ਦੇ ਬਾਹਰ ਅੰਗਰੇਜ਼ੀ ਅਤੇ ਉਰਦੂ ਵਿਚ ”ਮਹਾਰਾਜਾ ਰਣਜੀਤ ਸਿੰਘ-ਜਨਮ 2 ਨਵੰਬਰ 1780” ਲਿਖਿਆ ਹੋਇਆ ਹੈ। ਇਹ ਸਿਲ੍ਹ ਸੰਨ 1891 ਵਿਚ ਗੁਜ਼ਰਾਂਵਾਲਾ ਦੇ ਡਿਪਟੀ ਕਮਿਸ਼ਨਰ ਮਿ. ਜੇ. ਉਬਸਟਨ ਨੇ ਮਹਾਰਾਜਾ ਦੇ ਰਿਸ਼ਤੇਦਾਰਾਂ ਦੀ ਨਿਸ਼ਾਨਦੇਹੀ ‘ਤੇ ਲਗਵਾਈ ਸੀ।

ਦੇਸ਼ ਪੰਜਾਬ ਦੀ ਵੰਡ ਤੋਂ ਬਾਅਦ ਕਈ ਸਾਲਾਂ ਤੱਕ ਇਸ ਦੀ ਹੇਠਲੀ ਮੰਜ਼ਿਲ ‘ਚ ਪੁਲਿਸ ਥਾਣਾ ਕਾਇਮ ਰਿਹਾ, ਜਿਸ ਨੂੰ ਪੰਜ-ਛੇ ਸਾਲ ਪਹਿਲਾਂ ਇਥੋਂ ਹਟਾ ਕੇ ਇਸ ਨੂੰ ਪਾਕਿਸਤਾਨ ਦੇ ਪੁਰਾਤੱਤਵ ਵਿਭਾਗ ਨੇ ਆਪਣੇ ਕਬਜ਼ੇ ਵਿਚ ਲੈ ਲਿਆ, ਪਰ ਵਿਭਾਗ ਦੁਆਰਾ ਹਵੇਲੀ ‘ਚ ਕੋਈ ਦਿਲਚਸਪੀ ਨਾ ਵਿਖਾਏ ਜਾਣ ਕਰਕੇ ਇਹ ਹਵੇਲੀ ਨਸ਼ੇੜੀਆਂ ਅਤੇ ਜੁਆਰੀਆਂ ਦਾ ਅੱਡਾ ਬਣ ਚੁਕੀ ਸੀ, ਜਿਸ ਨੂੰ ਭਾਰੀ ਜੱਦੋ-ਜਹਿਦ ਕਰਕੇ ਕਰੀਬ ਦੋ ਵਰ੍ਹੇ ਪਹਿਲਾਂ ਹੀ ਇਲਾਕੇ ਦੇ ਮੁਹੰਮਦ ਕਾਸਿਮ ਰਫ਼ੀਕ ਅਤੇ ਸਫ਼ੀਰ ਭੱਟ ਨੇ ਖਾਲੀ ਕਰਵਾਇਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: